ਖ਼ਬਰ ਪੰਜਾਬ ਤੋਂ ਆਈ ਐ ਬਈ

ਇੱਥੇ ਵਗਦੀ ਏ ਤੱਤੜੀ ਹਵਾ …………..

                    ਮੈਂ ਉਹਦੇ ਕੋਲ ਫਰੂਟ ਲੈਣ ਚਲਾ ਗਿਆ। ਚਿਹਰੇ ’ਤੇ ਅਜੀਬ ਜਿਹੀ ਰੌਣਕ ਸੀ ਪਰ ਉਸ ਰੌਣਕ ਦੇ ਪਿੱਛੇ ਡੂੰਘੀ ਉਦਾਸੀ ਵੀ ਝਲਕ ਰਹੀ ਸੀ। ਜਿਵੇਂ ਉਹਦੀ ਖੁਸ਼ੀ ਵਿੱਚ ਵੀ ਕੋਈ ਦਰਦ ਵੱਸਦਾ ਹੋਵੇ ਅਤੇ ਉਦਾਸੀ ਵਿੱਚ ਵੀ ਕੋਈ ਅਣਕਹੀ ਆਸ ਬਚੀ ਹੋਈ ਹੋਵੇ। ਉਹਦਾ ਫਰੂਟਾਂ ਦਾ ਕੰਮ ਕਦੇ ਬਹੁਤ ਵਧੀਆ ਚੱਲਦਾ ਸੀ। ਦੋਵੇਂ ਪੁੱਤਰ ਉਹਦੇ ਨਾਲ ਹੀ ਕੰਮ ਕਰਦੇ ਸਨ। ਇੱਕ ਪੁੱਤਰ ਫਰੂਟ ਵੇਚਣ ਵਿੱਚ ਹੱਥ ਵਟਾਉਂਦਾ ਤੇ ਦੂਜਾ ਉਸੇ ਦੁਕਾਨ ’ਤੇ ਜੂਸ ਵੇਚਦਾ ਸੀ। ਗਾਹਕਾਂ ਦੀ ਚੰਗੀ ਰੌਣਕ ਲੱਗੀ ਰਹਿੰਦੀ। ਘਰ ਦਾ ਗੁਜ਼ਾਰਾ ਵੀ ਚੰਗਾ ਚੱਲ ਰਿਹਾ ਸੀ ਤੇ ਦੁਕਾਨ ਵੀ। ਪਰ ਅੱਜ ਜਦੋਂ ਮੈਂ ਦੁਕਾਨ ’ਤੇ ਗਿਆ ਤਾਂ ਜੂਸ ਵਾਲਾ ਕੰਮ ਬੰਦ ਸੀ ਅਤੇ ਫਰੂਟਾਂ ਦੀ ਦੁਕਾਨ ’ਤੇ ਉਹ ਇਕੱਲਾ ਹੀ ਬੈਠਾ ਸੀ। ਮੈਂ ਪੁੱਛਿਆ, “ਬੱਚੇ ਕਿੱਥੇ ਨੇ?” ਉਸ ਨੇ ਧੁਰ ਅੰਦਰੋਂ ਨਿਕਲੀ ਆਵਾਜ਼ ਵਿੱਚ ਕਿਹਾ, “ਇੱਕ ਬੇਟਾ ਆਰਮੀ ਵਿੱਚ ਭੇਜ ਦਿੱਤਾ ਤੇ ਦੂਜਾ ਕਿਸੇ ਅਰਬ ਦੇਸ਼ ਵਿੱਚ।” ਮੈਂ ਹੈਰਾਨ ਹੋ ਕੇ ਪੁੱਛਿਆ, “ਇੱਥੇ ਤਾਂ ਤੇਰਾ ਕੰਮ ਇੰਨਾ ਵਧੀਆ ਚੱਲਦਾ ਸੀ। ਬੱਚਿਆਂ ਨੂੰ ਬਾਹਰ ਭੇਜਣ ਦੀ ਕੀ ਲੋੜ ਪੈ ਗਈ?”
                    

ਉਸ ਨੇ ਇੱਕ ਲੰਮਾ ਹਉਕਾ ਲਿਆ। ਫਿਰ ਬੋਲਿਆ, “ਹਰ ਰੋਜ਼ ਸਵੇਰੇ ਛੇ ਵਜੇ ਤੋਂ ਸ਼ਾਮ ਦੇ ਅੱਠ ਵਜੇ ਤੱਕ ਇਸੇ ਚੌਂਕ ਵਿੱਚ ਖੜ੍ਹਾ ਰਹਿੰਦਾ ਹਾਂ। ਜੋ ਕੁਝ ਇਹ ਅੱਖਾਂ ਹਰ ਰੋਜ਼ ਦੇਖਦੀਆਂ ਨੇ, ਉਹ ਧੁਰ ਅੰਦਰ ਤੱਕ ਰੂਹ ਕੰਬਾ ਦਿੰਦੀਆਂ ਨੇ। ਆਂਦਰਾਂ ਪਾੜ ਦੇਣ ਵਾਲਾ ਮੰਜ਼ਰ ਹੁੰਦਾ ਹੈ। ਨਾ ਦਿਨ ਚੈਨ ਨਾਲ ਲੰਘਦਾ ਹੈ ਤੇ ਨਾ ਰਾਤ ਨੂੰ ਨੀਂਦ ਆਉਂਦੀ ਹੈ। ਡਰ ਲੱਗਿਆ ਰਹਿੰਦਾ ਹੈ ਕਿ ਚਿੱਟੇ ਦੀ ਚੱਲੀ ਹਨੇਰੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਦੋਵੇਂ ਬੱਚਿਆਂ ਨੂੰ ਹੂੰਝ ਕੇ ਲੈ ਜਾਵੇ।” ਉਸ ਦੀਆਂ ਅੱਖਾਂ ਵਿੱਚ ਆਪਣੇ ਪੁੱਤਰਾਂ ਦਾ ਭਵਿੱਖ ਹੀ ਨਹੀਂ, ਸਗੋਂ ਪੂਰੀ ਪੀੜ੍ਹੀ ਦਾ ਡਰ ਤੈਰ ਰਿਹਾ ਸੀ। ਗਲੀ ਵਿੱਚ ਹਰ ਵੇਲੇ ਡਰ ਬਣਿਆ ਰਹਿੰਦਾ ਹੈ ।  ਉਹ ਬੋਲਿਆ, “ਕੋਈ ਜਵਾਕਾਂ ਨੂੰ ਭੈੜੇ ਨਸ਼ੇ ਦੀ ਲੱਤ ਨਾ ਲਾ ਦੇਵੇ। ਵਗ ਰਹੀ ਏ ਤੱਤੜੀ ਤੇ ਕਲਹਿਣੀ ਹਵਾ। ਬਹੁਤ ਡਰ ਲੱਗਦਾ ਏ ਇਸ ਹਵਾ ਤੋਂ।”
                 

ਪਿਆਰਾ ਸਿੰਘ ਗੁਰਨੇ ਕਲਾਂ

  ਉਸ ਦੀ ਗੱਲ ਨੇ ਮੇਰੀ ਉਤਸੁਕਤਾ ਹੋਰ ਵਧਾ ਦਿੱਤੀ। ਮੈਂ ਪੁੱਛ ਲਿਆ, “ਤੁਸੀਂ ਚੌਂਕ ਵਿੱਚ ਅਜਿਹਾ ਕੀ ਦੇਖਦੇ ਹੋ?” ਉਸ ਨੇ ਜੋ ਦੱਸਿਆ, ਉਹ ਗੱਲ ਕੰਨਾਂ ਰਾਹੀਂ ਅੰਦਰ ਨਹੀਂ ਗਈ, ਸਿੱਧੀ ਦਿਲ ਨੂੰ ਪਾੜ ਗਈ। ਕਹਿਣ ਲੱਗਾ , “ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਆਇਆ। ਭੈਣ ਦੀ ਉਮਰ ਬਹੁਤ ਛੋਟੀ ਸੀ। ਇੱਕ ਕਾਰ ਵਾਲੇ ਮੁੰਡੇ ਤੋਂ ਕੁਝ ਪੈਸੇ ਲਏ ਤੇ ਉਸਨੂੰ ਕਾਰ ਵਿੱਚ ਚੜ੍ਹਾ ਦਿੱਤਾ।” ਇੱਕ ਪਲ ਲਈ ਉਹ ਚੁੱਪ ਹੋ ਗਿਆ। ਇਹ ਕਿਹੋ ਜਿਹਾ ਸਮਾਂ ਆ ਗਿਆ ਹੈ? ਜਿਨ੍ਹਾਂ ਰਿਸ਼ਤਿਆਂ ਨੂੰ ਅਸੀਂ ਪਵਿੱਤਰਤਾ ਦੀਆਂ ਮਿਸਾਲਾਂ ਮੰਨਦੇ ਆਏ ਹਾਂ , ਉਹੀ ਰਿਸ਼ਤੇ ਜਦੋਂ  ਨਸ਼ੇ ਦੇ ਭਾਰ ਹੇਠ ਦੱਬ ਜਾਣ ਤਾਂ ਸਮਾਜ ਦੀ ਰੂਹ ਕਿੱਥੇ ਬਚਦੀ ਹੈ? ਰੱਖੜੀ ਦਾ ਧਾਗਾ ਸਿਰਫ਼ ਇੱਕ ਧਾਗਾ ਨਹੀਂ ਹੁੰਦਾ। ਇਸ ਵਿੱਚ ਭਰਾ ਵੱਲੋਂ ਭੈਣ ਦੀ ਰੱਖਿਆ ਦਾ ਵਾਅਦਾ ਬੱਝਿਆ ਹੁੰਦਾ ਹੈ। ਪਰ ਜਦੋਂ ਉਹੀ ਰੱਖਿਆ ਕਰਨ ਵਾਲੇ ਹੱਥ ਨਸ਼ੇ ਦੀ ਲੱਤ ਪੂਰੀ ਕਰਨ  ਲਈ ਰਿਸ਼ਤਿਆਂ ਦੀਆਂ ਤੰਦਾਂ ਲੀਰੋ-ਲੀਰ ਕਰਨ ਲੱਗ ਪੈਣ ਤਾਂ ਇਹ ਸਿਰਫ਼ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ ਰਹਿੰਦੀ , ਇਹ ਪੂਰੇ ਸਮਾਜ ਲਈ ਚੇਤਾਵਨੀ ਬਣ ਜਾਂਦੀ ਹੈ।ਉਹ ਅੱਗੇ ਬੋਲਿਆ, “ਨਸ਼ੇ ਦੀ ਭਲ਼ ਪੂਰੀ ਕਰਨ ਲਈ ਇੱਕ ਪਤੀ ਆਪਣੀ ਪਤਨੀ ਨੂੰ ਕਿਸੇ ਪਰਾਏ ਮਰਦ ਕੋਲ ਦੋ ਘੰਟਿਆਂ ਲਈ ਖੁਦ ਛੱਡ ਕੇ ਜਾਂਦਾ ਹੈ।”
                    

ਉਸ ਦੇ ਸ਼ਬਦਾਂ ਵਿੱਚ ਗੁੱਸਾ ਨਹੀਂ ਸੀ। ਸਿਰਫ਼ ਇੱਕ ਡੂੰਘੀ ਹਾਰ ਸੀ , ਇੱਕ ਅਜਿਹੇ ਸਮਾਜ ਅੱਗੇ ਹਾਰ, ਜਿੱਥੇ ਨਸ਼ਾ ਮਨੁੱਖ ਤੋਂ ਉਸ ਦੀ ਸੋਚ, ਉਸ ਦਾ ਸਵੈਮਾਣ, ਉਸ ਦੇ ਰਿਸ਼ਤੇ ਅਤੇ ਆਖ਼ਰਕਾਰ ਉਸ ਦੀ ਜ਼ਿੰਦਗੀ ਤੱਕ ਖੋਹ ਰਿਹਾ ਹੈ।
ਇਸ ਤੱਤੜੀ ਹਵਾ ਦੇ ਵਹਿਣ ਵਿੱਚ ਮਾਵਾਂ-ਭੈਣਾਂ ਦੀਆਂ ਬਾਲੀਆਂ ਖੋਹਣ ਲਈ ਕੰਨਾਂ ਤੱਕ ਪਾੜ ਦਿੱਤੇ ਜਾਂਦੇ ਹਨ। ਝਟਕੇ ਮਾਰ ਕੇ ਔਰਤਾਂ ਨੂੰ ਗਲੀਆਂ ਵਿੱਚ ਘੜੀਸਿਆ ਜਾਂਦਾ ਹੈ। ਔਰਤ ਪੂਰੀ ਤਰ੍ਹਾਂ ਸਹਿਮ ਵਿੱਚ ਹੈ। ਘਰ ਦੀ ਚਾਰਦੀਵਾਰੀ, ਗਲੀ ਦਾ ਮੋੜ, ਬਾਜ਼ਾਰ ਦਾ ਚੌਂਕ , ਕਿਤੇ ਵੀ ਉਸਨੂੰ ਪੂਰਾ ਸੁਰੱਖਿਅਤ ਹੋਣ ਦਾ ਅਹਿਸਾਸ ਨਹੀਂ।

ਇਹ ਕਿਹੜੀ ਹਵਾ ਵਗ ਪਈ ਹੈ?
ਇਹ ਉਹ ਪੰਜਾਬ ਤਾਂ ਨਹੀਂ, ਜਿਸ ਦੀ ਧਰਤੀ ਨੇ ਦੁਨੀਆ ਨੂੰ ਹਿੰਮਤ, ਮਿਹਨਤ, ਸਾਂਝ, ਭਾਈਚਾਰੇ ਅਤੇ ਕੁਰਬਾਨੀ ਦੇ ਅਰਥ ਸਿਖਾਏ ਸਨ। ਜਰਖੇਜ਼ ਧਰਤੀ ਨੂੰ ਜਿਵੇਂ ਬਹੁਤ ਭੈੜੀ ਨਜ਼ਰ ਲੱਗ ਗਈ ਹੈ। ਬੁਰੀਆਂ ਬਲਾਵਾਂ ਨੇ ਇਸ ਧਰਤੀ ਨੂੰ ਜਕੜ ਲਿਆ ਹੈ। ਖੇਤਾਂ ਵਿੱਚ ਫ਼ਸਲਾਂ ਉੱਗ ਰਹੀਆਂ ਹਨ ਪਰ ਸਮਾਜ ਦੀ ਰੂਹ ਵਿੱਚ ਡਰ, ਨਸ਼ਾ, ਬੇਬਸੀ ਅਤੇ ਬੇਵਿਸ਼ਵਾਸੀ ਦੀ ਫ਼ਸਲ ਉੱਗਦੀ ਜਾਪਦੀ ਹੈ। ਅੱਜ ਲੋੜ ਸਿਰਫ਼ ਇਹ ਸੋਚਣ ਦੀ ਨਹੀਂ ਕਿ ਸਾਡੇ ਬੱਚੇ ਕਿੱਥੇ ਜਾਣ। ਲੋੜ ਇਹ ਸੋਚਣ ਦੀ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਸਮਾਜ ਛੱਡ ਕੇ ਜਾ ਰਹੇ ਹਾਂ।
ਬੱਚਿਆਂ ਨੂੰ ਵਿਦੇਸ਼ ਭੇਜਣਾ ਜਾਂ ਫ਼ੌਜ ਵਿੱਚ ਭੇਜਣਾ ਕਿਸੇ ਮਾਪੇ ਦਾ ਸੁਪਨਾ ਵੀ ਹੋ ਸਕਦਾ ਹੈ  ਪਰ ਜੇਕਰ ਉਨ੍ਹਾਂ ਨੂੰ ਆਪਣੇ ਹੀ ਪਿੰਡ, ਆਪਣੇ ਹੀ ਸ਼ਹਿਰ ਅਤੇ ਆਪਣੀ ਹੀ ਧਰਤੀ ’ਤੇ ਭਵਿੱਖ ਸੁਰੱਖਿਅਤ ਨਾ ਕਰ ਪਾਏ ਤਾਂ ਇਹ ਸਾਡੇ ਸਮਾਜ ਲਈ ਵੱਡਾ ਸਵਾਲ ਹੈ।
                     

  ਸਾਨੂੰ ਉਸ ਤੱਤੜੀ ਹਵਾ ਦਾ ਰੁਖ ਬਦਲਣਾ ਪਵੇਗਾ। ਸਾਨੂੰ ਆਪਣੇ ਚੌਂਕਾਂ, ਗਲੀਆਂ ਅਤੇ ਪਿੰਡਾਂ ਨੂੰ ਮੁੜ ਅਜਿਹੀ ਥਾਂ ਬਣਾਉਣਾ ਪਵੇਗਾ ਜਿੱਥੇ ਮਾਪੇ ਆਪਣੇ ਬੱਚਿਆਂ ਨੂੰ ਬਿਨਾਂ ਡਰ ਦੇ ਤੁਰਦਾ ਦੇਖ ਸਕਣ। ਜਿੱਥੇ ਧੀਆਂ ਦੀ ਸੁਰੱਖਿਆ ਸਮਾਜਕ ਜ਼ਿੰਮੇਵਾਰੀ ਹੋਵੇ। ਜਿੱਥੇ ਨਸ਼ਾ ਜਵਾਨੀ ਦਾ ਰਾਹ ਨਾ ਬਣੇ ਅਤੇ ਕਿਸੇ ਰਿਸ਼ਤੇ ਨੂੰ ਵੇਚਣ ਲਈ ਮਜ਼ਬੂਰ ਨਾ ਹੋਵੇ ।
                ਸੁਰਜੀਤ ਪਾਤਰ ਦੀਆਂ ਸਤਰਾਂ ਹਨ :-
“ਪੌਣਾਂ ਕਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ।”

ਹੁਣ ਸੱਚਮੁੱਚ ਸਮਾਂ ਆ ਗਿਆ ਹੈ ਕਿ ਹਨੇਰੇ ਅੱਗੇ ਮੋਮਬੱਤੀਆਂ ਜਗਾਈਆਂ ਜਾਣ। ਧਰਤੀ ਤੋਂ ਖੁੱਸਿਆ ਉਸ ਦਾ ਅਹੁਦਾ , ਉਸ ਦੀ ਜਰਖੇਜ਼ੀ, ਉਸ ਦੀ ਪਵਿੱਤਰਤਾ, ਉਸ ਦੀ ਸਾਂਝ ਅਤੇ ਉਸ ਦੀ ਰੂਹ ਉਸਨੂੰ ਮੁੜ ਵਾਪਸ ਕਰਨ ਦਾ ਸਮਾਂ ਆ ਗਿਆ ਹੈ ਕਿਉਂਕਿ ਜੇ ਹਵਾ ਦਾ ਰੁਖ ਨਾ ਬਦਲਿਆ ਤਾਂ ਡਰ ਸਿਰਫ਼ ਇੱਕ ਫਰੂਟਾਂ ਵਾਲੇ ਬਾਪ ਦੀਆਂ ਅੱਖਾਂ ਵਿੱਚ ਨਹੀਂ ਸਗੋਂ ਇਹ ਡਰ ਹਰ ਘਰ ਦੀ ਦਹਿਲੀਜ਼ ’ਤੇ ਖੜ੍ਹਾ ਹੋਵੇਗਾ।
ਇੱਥੇ ਵਗਦੀ ਏ ਤੱਤੜੀ ਹਵਾ ਪਰ ਹਵਾ ਦਾ ਰੁਖ ਬਦਲਣਾ ਅਜੇ ਵੀ ਸਾਡੇ ਹੱਥ ਵਿੱਚ ਹੈ।

ਪਿਆਰਾ ਸਿੰਘ ਗੁਰਨੇ ਕਲਾਂ
ਪਿੰਡ ਤੇ ਡਾਕਖਾਨਾ – ਗੁਰਨੇ ਕਲਾਂ
ਤਹਿਸੀਲ – ਬੁਢਲਾਡਾ
ਜ਼ਿਲ੍ਹਾ – ਮਾਨਸਾ।  
ਮੋਬਾਇਲ – 9915621 188 

Show More

Related Articles

Leave a Reply

Your email address will not be published. Required fields are marked *

Back to top button
Translate »