ਪੰਜਾਬ ਦੀ ਗੇੜੀ–

ਪੰਜਾਬ ਦੀ ਗੇੜੀ
ਲਓ ਜੀ ਅਕਤੂਬਰ ਆ ਗਿਆ ਹੈ ਤੇ ਹੁਣ ਬਹੁਤ ਸਾਰੇ ਬਜ਼ੁਰਗਾਂ ਨੇ ਜਹਾਜ ਭਰ ਭਰ ਕੇ ਇੰਡੀਆ ਨੂੰ ਚਲੇ ਜਾਣਾ ਹੈ ਹੁਣ ਤੋਂ ਲੈ ਕੇ ਮਾਰਚ ਅਪ੍ਰੈਲ ਤੱਕ ਇੰਡੀਆ ਰੌਣਕਾਂ ਹੀ ਰੌਣਕਾਂ ਰਹਿਣਗੀਆਂ ਕਿਉਂਕਿ ਗਲੀਆਂ, ਵੇਹੜੇ,ਮਹੱਲੇ, ਸ਼ਹਿਰ ਸੜਕਾਂ ਸਭ ਸਾਡੇ ਲੋਕਾਂ ਨੇ ਜਾ ਕੇ ਭਰ ਲੈਣੀਆਂ ਹਨ। ਸਭ ਨੇ ਇੰਡੀਆ ਅਲੱਗ ਅਲੱਗ ਕਾਰਨਾਂ ਕਰਕੇ ਜਾਣਾ ਹੈ। ਕਈ ਮੇਲੇ ਗੇਲੇ ਲਈ ਜਾਂਦੇ ਹਨ ਕਈ ਕਿਸੇ ਮਜਬੂਰੀ ਤਹਿਤ ਅਤੇ ਕਈ ਸ਼ੁਗਲ ਮੇਲੇ ਲਈ।
ਬਜ਼ੁਰਗ ਸਾਡੇ ਇਸ ਕਰਕੇ ਛੇ ਮਹੀਨਿਆਂ ਲਈ ਇੱਥੋਂ ਚਲੇ ਜਾਂਦੇ ਹਨ ਕਿਉਂਕਿ ਸਾਡੇ ਇੱਥੇ ਬਹੁਤ ਜਿਆਦਾ ਠੰਡ ਪੈਂਦੀ ਹੈ ਅਤੇ ਜ਼ਿਆਦਾਤਰ ਬਜ਼ੁਰਗਾਂ ਨੂੰ ਘਰਾਂ ਦੇ ਅੰਦਰ ਹੀ ਬੰਦ ਰਹਿਣਾ ਪੈਂਦਾ ਹੈ। ਬਿਨਾਂ ਲੋੜ ਤੋਂ ਬਾਰੇ ਨਿਕਲਣ ਦਾ ਗੁਰੇਜ਼ ਕੀਤਾ ਜਾਂਦਾ ਹੈ ਕਿਉਂਕਿ ਬਰਫ ਦੀ ਤਿਲਕਣ ਕਰਕੇ ਡਿੱਗਣ ਦਾ ਡਰ ਰਹਿੰਦਾ ਹੈ। ਇਸ ਕਰਕੇ ਬਜ਼ੁਰਗ ਇੰਡੀਆ ਜਾ ਕੇ ਇੱਕ ਪੰਥ ਦੋ ਕਾਜ ਕਰ ਲੈਂਦੇ ਹਨ। ਨਾਲੇ ਤਾਂ ਸ਼ੁਗਲ ਮੇਲਾ ਹੋ ਜਾਂਦਾ ਹੈ ਆਪਣਿਆਂ ਨੂੰ ਮਿਲਿਆ ਜਾਂਦਾ ਹੈ ਅਤੇ ਨਾਲੇ ਉਧਰ ਸੈਰ ਵਗੈਰਾ ਦਾ ਵੀ ਉਹਨਾਂ ਦਾ ਵਧੀਆ ਸਰ ਜਾਂਦਾ ਹੈ।
ਪਰ ਮੇਰੀ ਬਜ਼ੁਰਗਾਂ ਨੂੰ ਇਸ ਵਾਰ ਬੇਨਤੀ ਹੈ ਕਿ ਇਸ ਵਾਰੀ ਕਿਰਪਾ ਕਰਕੇ ਕੱਲਾ ਖੋਇਆ, ਪੰਜੀਰੀ, ਪਿੰਨੀਆਂ, ਚੁੱਲੇ ਦਾ ਸਾਗ ਜਾਂ ਫਿਰ ਘਲਾੜੀਆਂ ਦਾ ਗੁੜ ਖਾ ਕੇ ਹੀ ਨਾ ਮੁੜ ਆਉਣਾ ਬਲਕਿ ਆਪਣੀ ਇਸ ਟਾਈਮ ਨੂੰ ਸਾਰਥਕ ਤਰੀਕੇ ਦੇ ਨਾਲ ਵਰਤਨ ਦੀ ਕੋਸ਼ਿਸ਼ ਵੀ ਕਰਨਾ।
ਜੀ ਹਾਂ ਅੱਜ ਥੋੜੀ ਜਿਹੀ ਕੌੜੀ ਪਰ ਸੱਚੀ ਗੱਲ ਕਹਿਣ ਲੱਗੀ ਹਾਂ।
ਹੁਣ ਸਾਡੀਆਂ ਵੀ ਇੰਨੀਆਂ ਕੁ ਉਮਰਾਂ ਹੋ ਗਈਆਂ ਹਨ ਕਿ ਅਸੀਂ ਵੀ ਜਦੋਂ ਇਕੱਠੇ ਹੋ ਕੇ ਬੈਠਦੇ ਹਾਂ ਤਾਂ ਇਦਾਂ ਦੀਆਂ ਗੱਲਾਂ ਸੁਭਾਵਿਕ ਹੀ ਚੱਲ ਪੈਂਦੀਆਂ ਹਨ….. ਇਹ ਗੱਲ ਹੈ ਕਿ ਇੰਡੀਆ ਪਈ ਜਮੀਨ ਜਾਂ ਘਰ ਦਾ ਕੀ ਕੀਤਾ ਜਾਵੇ।
ਇੱਕ ਦੋ ਕੁੜੀਆਂ ਨੂੰ ਤਾਂ ਇਦਾਂ ਦੀਆਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ ਕਿ ਜਿਨਾਂ ਦੇ ਘਰਾਂ ਦੇ ਵਿੱਚ ਬਜ਼ੁਰਗਾਂ ਦੀ ਮੌਤ ਹੋ ਗਈ ਹੈ ਤੇ ਪਿੱਛੇ ਧੀਆਂ ਪੁੱਤਰਾਂ ਨੂੰ ਹੁਣ ਜਮੀਨ ਦੀ ਤਕਸੀਮ ਵਾਸਤੇ ਖੁਆਰ ਹੋਣਾ ਪੈ ਰਿਹਾ ਹੈ। ਕਈ ਬਜ਼ੁਰਗ ਜਾਣ ਬੁੱਝ ਕੇ ਮਚਲੇ ਬਣੇ ਰਹਿੰਦੇ ਹਨ ਕਿ ਹੋ ਸਕਦਾ ਹੈ ਇਹ ਮੁੱਦੇ ਕਦੇ ਆਪਣੇ ਆਪ ਹੀ ਸੁਲਝ ਜਾਣਗੇ। ਮੈਂ ਵੀ ਉਹਨੂੰ ਬੜੀ ਹੈਰਾਨੀ ਦੇ ਨਾਲ ਪੁੱਛਿਆ ਕਿ ਤੁਹਾਡੇ ਬਜ਼ੁਰਗ ਤਾਂ ਹਰ ਸਾਲ ਇੰਡੀਆ ਜਾਂਦੇ ਸੀ ਤਾਂ ਕੀ ਕਦੇ ਉਹਨਾਂ ਨੇ ਇਸ ਕੰਮ ਬਾਰੇ ਕਦੇ ਸੋਚਿਆ ਨਹੀਂ? ਉਹ ਕਹਿੰਦੀ ਕਿ ਘਰ ਦੇ ਵਿੱਚ ਕਦੇ ਕੋਈ ਇਹੋ ਜਿਹੀ ਗੱਲ ਹੋਈ ਹੀ ਨਹੀਂ ਸੀ ਤੇ ਸਾਨੂੰ ਲੱਗਦਾ ਸੀਗਾ ਕਿ ਡੈਡੀ ਪੜ੍ਹੇ ਲਿਖੇ ਹਨ ਤੇ ਉਹ ਇਨਾ ਮੁਲਕਾਂ ਦੀਆਂ ਮਜਬੂਰੀਆਂ ਸਮਝਦੇ ਹਨ ਤੇ ਹੋ ਸਕਦਾ ਹੈ ਉਹ ਸਾਰਾ ਕੰਮ ਆਪ ਹੀ ਨਿਬੇੜ ਆਉਣਗੇ ਪਰ ਸਾਨੂੰ ਉਹਨਾਂ ਦੀ ਮੌਤ ਤੋਂ ਬਾਅਦ ਇਸ ਚੀਜ਼ ਦਾ ਬਹੁਤ ਝਟਕਾ ਲੱਗਿਆ ਹੈ ਕਿ ਉਹ ਹਰ ਸਾਲ ਇੰਡੀਆ ਜਾਂਦੇ ਸੀ ਪਰ ਖਾ ਪੀ ਕੇ ਮੁੜ ਆਉਂਦੇ ਸਨ। ਇਧਰ ਚੰਗੀਆਂ ਜਾਬਾਂ ਹੋਣ ਦੇ ਕਾਰਨ ਜਿਆਦਾ ਲੰਬੀ ਛੁੱਟੀ ਨਹੀਂ ਮਿਲ ਸਕਦੀ ਸੀ ਇਸ ਕਰਕੇ ਹਸਬੈਂਡ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਇੰਡੀਆ ਤੋਂ ਹੱਥ ਖੜੇ ਕਰਕੇ ਵਾਪਸ ਆ ਗਏ ਹਨ। ਹੁਣ ਉੱਥੇ ਉਸ ਜਮੀਨ ਦਾ ਕੀ ਬਣੇਗਾ ਇਹ ਰੱਬ ਹੀ ਜਾਣਦਾ ਹੈ।

ਮੈਂ ਕਿਸੇ ਦੀ ਕੀ ਗੱਲ ਕਰਦੀ ਹਾਂ ਸਾਡੇ ਖੁਦ ਦੇ ਨਾ ਘਰ ਦੀ ਵੰਡ ਹੋਈ ਹੈ ਤੇ ਨਾ ਹੀ ਜ਼ਮੀਨ ਦੀ ਵੰਡ ਹੋਈ ਹੈ ਤੇ ਸਾਡੇ 12-3 ਜਣਿਆਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਇਕੱਠਾ ਇੱਕ ਸਮੇਂ ਤੇ ਇੰਡੀਆ ਨਹੀਂ ਜਾਂਦਾ।
ਮੈਂ ਦੱਸ ਦੇਵਾਂ ਕਿ ਜਿਹੜੀਆਂ ਜਮੀਨਾਂ ਜਾਂ ਘਰ ਤੁਹਾਡੇ ਹੁੰਦੇ ਹੋਏ ਜਾਂ ਤੁਹਾਡੇ ਭੈਣ ਭਾਈਆਂ ਦੇ ਹੁੰਦੇ ਹੋਏ ਤਕਸੀਮ ਨਹੀਂ ਹੋ ਸਕੇ ਉਹ ਤੁਹਾਡੇ ਬੱਚਿਆਂ ਦੇ ਰਾਹੀਂ ਤਾਂ ਬਿਲਕੁਲ ਵੀ ਨਹੀਂ ਹੋਣਗੇ।
ਕਈ ਬਜ਼ੁਰਗ ਜਾਣ ਬੁੱਝ ਕੇ ਵੀ ਸਮਾਂ ਰਹਿੰਦੇ ਬੱਚਿਆਂ ਨੂੰ ਕੁਛ ਨਹੀਂ ਦੇਣਾ ਚਾਹੁੰਦੇ। ਹਾਲਾਂਕਿ ਜੱਦੀ ਪੁਸ਼ਤੀ ਜਮੀਨ ਹੁੰਦੀ ਹੈ ਬਣਾਈ ਇਹ ਉਨਾਂ ਨੇ ਵੀ ਨਹੀਂ ਹੁੰਦੀ ਪਰ ਇੱਕ ਹਿੰਡ ਹੁੰਦੀ ਹੈ ਕਿ ਅਸੀਂ ਆਪਣੇ ਜਿਉਂਦੇ ਜੀ ਇਹ ਜਮੀਨ ਨਹੀਂ ਵੇਚਣੀ।
ਯਾਦ ਰੱਖਿਓ ਕਿ ਜਿਹੜੀ ਜਮੀਨ ਨੂੰ ਤੁਹਾਡੇ ਬਜ਼ੁਰਗ ਨਹੀਂ ਵੇਚ ਸਕੇ ਤੇ ਫਿਰ ਤੁਸੀਂ ਵੀ ਇਸੇ ਆਸ ਦੇ ਵਿੱਚ ਨਹੀਂ ਵੇਚੀ , ਉਸ ਜਮੀਨ ਨੂੰ ਤੁਹਾਡੇ ਬੱਚੇ ਵੀ ਵੇਚ ਨਹੀਂ ਸਕਣਗੇ ਤੇ ਇਹ ਤਾਂ ਭੁੱਲ ਹੀ ਜਾਓ ਕਿ ਤੁਹਾਡੇ ਪੋਤੇ ਪੋਤੀਆਂ ਜਾਂ ਦੋਹਤੇ ਕਦੇ ਪੰਜਾਬ ਸਿਰਫ ਇਸ ਜਮੀਨ ਦੇ ਟੁਕੜੇ ਕਰਕੇ ਆਉਣਗੇ।
ਜਿਹੜੇ ਬਜ਼ੁਰਗਾਂ ਨੂੰ ਲੱਗਦਾ ਹੈ ਕਿ ਹਾਂ ਬੱਚੇ ਇੰਡੀਆ ਜਾਣਗੇ ਜਾਂ ਸਾਡਾ ਕੋਈ ਚੰਗਾ ਰਿਸ਼ਤੇਦਾਰ ਜਾਂ ਜਾਣ ਪਹਿਚਾਣ ਵਾਲਾ ਹੈ ਜੋ ਇਹ ਕੰਮ ਕਰਾ ਦੇਵੇਗਾ ਉਹਨਾਂ ਬਾਰੇ ਮੈਂ ਕੁਝ ਨਹੀਂ ਕਹਿ ਸਕਦੀ ਪਰ ਜਿਹੜੇ ਬਜ਼ੁਰਗਾਂ ਨੂੰ ਸਾਫ ਸਾਫ ਇਹ ਚੀਜ਼ ਦਿਖ ਰਹੀ ਹੈ ਕਿ ਉੱਥੇ ਸਾਂਭਣ ਵਾਲਾ ਵੀ ਕੋਈ ਨਹੀਂ ਹੈ ਤੇ ਇਧਰੋਂ ਬੱਚੇ ਜਾਣ ਵਾਲੇ ਵੀ ਨਹੀਂ ਹਨ ਤਾਂ ਮੈਨੂੰ ਨਹੀਂ ਸਮਝ ਆ ਰਹੀ ਕਿ ਉਹ ਕਿਸ ਚਮਤਕਾਰ ਦੀ ਆਸ ਰੱਖ ਰਹੇ ਹਨ।
ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਜੇ ਦੋ ਛਿੱਲੜ ਅੱਜ ਦੀ ਘੜੀ ਦੇਣੇ ਹਨ ਤਾਂ ਦੇ ਦਿਓ ਕਿਉਂਕਿ ਅੱਜ ਉਹ ਦਿਨ ਰਾਤ ਇੱਕ ਕਰਕੇ ਇੱਥੇ ਆਪਣਾ ਖਰਚਾ ਚਲਾ ਰਹੇ ਹਨ ਤੇ ਤੁਹਾਡੀ ਲੱਖਾਂ ਕਰੋੜਾਂ ਦੀ ਜਮੀਨ ਜਾਂ ਘਰ ਉਹਨਾਂ ਦੇ ਕਿਸੇ ਕੰਮ ਨਹੀਂ ਹੈ ਤੇ ਕਦੇ ਆਏਗਾ ਵੀ ਨਹੀਂ।
ਮੈਨੂੰ ਪਤਾ ਹੈ ਕਿ ਇਸ ਲੇਖ ਦੇ ਰਾਹੀਂ ਮੈਨੂੰ ਕੁਝ ਵੀ ਹਾਂ ਪੱਖੀ ਜਵਾਬ ਨਹੀਂ ਆਏਗਾ….. ਮੈਨੂੰ ਬਹੁਤ ਨਕਾਰਾਤਮਕ ਕਮੈਂਟ ਵੀ ਝੱਲਣੇ ਪੈ ਸਕਦੇ ਹਨ। ਕਈਆਂ ਦੀਆਂ ਭਾਵਨਾਵਾਂ ਵੀ ਠੇਸ ਹੋਣਗੀਆਂ ਕਿ ਇੰਡੀਆ ਦੀ ਜਮੀਨ ਕਿਉਂ ਵੇਚਣੀ ਹੈ ਜਾਂ ਘਰ ਕਿਉਂ ਵੇਚਣਾ ਹੈ ਪਰ ਜੇ ਪ੍ਰੈਕਟੀਕਲ ਹੋ ਕੇ ਦੇਖੀਏ ਤਾਂ ਸੱਚਾਈ ਇਹੀ ਹੈ ਕਿ ਜਦ ਅਸੀਂ ਉਥੇ ਵਾਪਸ ਨਹੀਂ ਮੁੜਨਾ ਤਾਂ ਹੋਰ ਕੀਤਾ ਵੀ ਕੀ ਜਾ ਸਕਦਾ ਹੈ।
ਕਈ ਬਜ਼ੁਰਗ ਆਪਣੀ ਔਲਾਦ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ ਉਹ ਚਾਹੁੰਦੇ ਹਨ ਕਿ ਜਦੋਂ ਕਦੇ ਸਤਯੁਗ ਆਵੇਗਾ ਬੱਚੇ ਉਹਨਾਂ ਦੇ ਪੈਰੀ ਪੈਣਗੇ ਤੇ ਫਿਰ ਕਿਤੇ ਉਹ ਬੱਚਿਆਂ ਨੂੰ ਘਰ ਦੇ ਵਿੱਚੋਂ ਕੋਈ ਹਿੱਸਾ ਦੇਣਗੇ ਤਾਂ ਕਿ ਬੱਚੇ ਖੁਸ਼ੀ ਦੇ ਨਾਲ ਉਹਨਾਂ ਨੂੰ ਗੱਲ ਦੇ ਨਾਲ ਲਾ ਲੈਣ…..
ਤੁਸੀਂ ਜਿੰਨਾ ਮਰਜ਼ੀ ਕਿਸੇ ਖੁਸ਼ਫਹਿਮੀ ਦੇ ਵਿੱਚ ਰਹਿ ਸਕਦੇ ਹੋ ਤੁਹਾਡੀ ਆਪੋ ਆਪਣੀ ਕਲਪਨਾ ਹੈ ਤੁਸੀਂ ਚੰਗੀਆਂ ਮਾੜੀਆਂ ਚੀਜ਼ਾਂ ਜੋ ਵੀ ਸੋਚ ਸਕਦੇ ਹੋ….. ਪਰ ਮੈਂ ਇਹੀ ਕਹਿਣਾ ਚਾਹਾਂਗੀ ਕਿ ਭਾਵੇਂ ਤੁਸੀਂ ਇੰਡੀਆ ਦੇ ਵਿੱਚ ਇਹ ਜਮੀਨ ਜਾਂ ਘਰ ਕਿਸੇ ਨੂੰ ਦਾਨ ਵੀ ਕਰਨਾ ਹੈ ਤਾਂ ਵੀ ਆਪਣੇ ਹੱਥਾਂ ਦੇ ਨਾਲ ਕਰ ਜਾਵੋ ਕਿਉਂਕਿ ਹੁਣ ਇਹ ਗੱਲਾਂ ਤੁਹਾਡੇ ਬੱਚਿਆਂ ਦੇ ਵੱਸ ਦੀਆਂ ਨਹੀਂ ਰਹੀਆਂ। ਦੋਵਾਂ ਦੇਸ਼ਾਂ ਦੇ ਕਾਨੂੰਨ ਲਗਾਤਾਰ ਬਦਲ ਰਹੇ ਹਨ। ਅਤੇ ਇਹਨਾਂ ਮੁਲਕਾਂ ਦੇ ਵਿੱਚ ਕੋਈ ਜਿੰਨਾ ਜਿਆਦੇ ਉੱਚ ਪੱਧਰਾ ਕੰਮ ਕਰਦਾ ਹੈ ਉਨੀ ਜਿਆਦੇ ਛੁੱਟੀ ਵੀ ਘੱਟ ਮਿਲਣ ਦੀ ਆਸ ਹੋ ਜਾਂਦੀ ਹੈ ਅਤੇ ਮੁੱਕਦੀ ਗੱਲ ਕਰਾਂ ਜਦੋਂ ਅਗਾਂਹ ਕਿਸੇ ਚੰਗੀ ਚੀਜ਼ ਦੀ ਆਸ ਨਾ ਹੋਵੇ ਤਾਂ ਜਾਣ ਨੂੰ ਜੀ ਵੀ ਨਹੀਂ ਕਰਦਾ।
ਅਸੀਂ ਅਕਸਰ ਹਾਸੇ ਖੇਡੇ ਵਾਲੀਆਂ ਜਾਂ ਬਹੁਤ ਹਲਕੀਆਂ ਫੁਲਕੀਆਂ ਲਿਖਤਾਂ ਲਿਖਦੇ ਰਹਿੰਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਇਹਨਾਂ ਚੀਜ਼ਾਂ ਦੇ ਉੱਪਰ ਵਿਚਾਰ ਕਰਨ ਦੀ ਲੋੜ ਹੈ ਕਿ ਕਿਉਂ ਬਜ਼ੁਰਗ ਆਪਣੇ ਬੱਚਿਆਂ ਦੀ ਔਖ ਨੂੰ ਨਹੀਂ ਸਮਝ ਰਹੇ। ਹਾਂ ਜਮੀਨ ਤੁਹਾਡੀ ਮਾਂ ਹੈ ਤੇ ਤੁਸੀਂ ਆਪਣੀ ਮਾਂ ਨੂੰ ਆਪਣੇ ਜਿਉਂਦੇ ਜੀ ਵੇਚਣਾ ਨਹੀਂ ਚਾਹੁੰਦੇ……. ਪਰ ਉਸ ਤੋਂ ਜਿਆਦਾ ਕੌੜੀ ਗੱਲ ਦੱਸਾਂ ਤਾਂ ਤੁਹਾਡੇ ਜਾਣ ਤੋਂ ਬਾਅਦ ਉਸ ਜਮੀਨ ਤੇ ਹੱਕ ਜਾਂ ਕਬਜ਼ਾ ਕਿਸ ਨੇ ਕਰ ਲੈਣਾ ਹੈ ਇਹ ਵੀ ਤੁਹਾਨੂੰ ਨਹੀਂ ਪਤਾ।
ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਕਚਹਿਰੀਆਂ ਦੇ ਵਿੱਚ ਰੁਲਣ ਤੋਂ ਬਚਾਓ।
ਪੁਨੀਤ ਕੌਰ ਗਿੱਲ ਕੈਲਗਰੀ





