ਏਹਿ ਹਮਾਰਾ ਜੀਵਣਾ

ਲਾਹਣਤ-ਪੱਤਰ ਲੈਣ ਦਾ ਪਾਤਰ ਮੈਂ ਵੀ ?


         ਪੰਜਾਬ ਵਿੱਚ ਨਸ਼ਿਆਂ ਦੇ ਪ੍ਰਕੋਪ ਦਾ ਵਿਰੋਧ ਕਰਦਿਆਂ ਆਪਣੀ ਜਾਨ ਦੀ ਆਹੂਤੀ ਦੇ ਗਏ ਨੌਜਵਾਨ ਪ੍ਰਮਿੰਦਰ ਸਿੰਘ(ਝੋਟੇ)ਦੇ ਕਤਲ ਤੋਂ ਬਾਅਦ ਕੁੱਝ ਸਿਆਸੀ ਪਾਰਟੀਆਂ ਦੇ ਕਾਰਕੁੰਨ ਸੱਤਾਧਾਰੀ ਪਾਰਟੀ ਦੇ ਵਿਧਾਨਕਾਰਾਂ ਨੂੰ ‘ਲਾਹਣਤ ਪੱਤਰ’ ਫੜਾਉਣ ਲਈ ਗਏ!ਕਈ ਥਾਈਂ ਵਿਧਾਨਕਾਰਾਂ ਦੀ ਗੈਰਮੌਜੂਦਗੀ ਕਾਰਨ ਉਨ੍ਹਾਂ ਦੇ ਘਰਾਂ ਮੋਹਰੇ ਅਜਿਹੇ ਪੱਤਰ ਚਿਪਕਾਏ ਜਾਣ ਦੀਆਂ ਖਬਰਾਂ ਆਈਆਂ।ਇਹ ਪੱਤਰ ਦੇਣ ਜਾਂਦੇ ਸੱਜਣਾ ਦਾ ਸੱਤਾਧਾਰੀ ਵਿਧਾਨਕਾਰਾਂ ‘ਤੇ ਗਿਲਾ ਹੈ ਕਿ ਉਨ੍ਹਾਂ ਦੀ ਸਰਕਾਰ ਨੇ ਵੀ ਪਹਿਲੀਆਂ ਹਕੂਮਤਾਂ ਵਾਂਗ ਨਸ਼ਾਖੋਰੀ ਰੋਕਣ ਦਾ ਵਾਅਦਾ ਪੂਰਾ ਨਹੀਂ ਕੀਤਾ।

       ਇਹ ਖਬਰਾਂ ਪੜ੍ਹ ਸੁਣਕੇ ਮੈਂ ਮਨਮੰਥਨ ਕਰਦਿਆਂ ਸੋਚਿਆ ਕਿ ਜਿਸ ਪੰਜਾਬ ਨੂੰ ਭਾਈ ਗੁਰਦਾਸ ਜੀ ਨੇ ‘ਪੰਜਾਬੈ ਗੁਰ ਦੀ ਵਡਿਆਈ’ ਆਖ ਸਨਮਾਨਿਆਂ ਅਤੇ ਪ੍ਰੋਫੈਸਰ ਪੂਰਨ ਸਿੰਘ ਨੇ ‘ਪੰਜਾਬ ਜੀਂਦਾ ਗੁਰਾਂ ਦੇ ਨਾਂ’ ਆਖਿਆ,ਐ ਮੇਰੇ ਮਨਾਂ ਤੂੰ ਵੀ ਉਸ ਪੰਜਾਬ ਵਿੱਚ,ਸਿੰਘ ਸਭੀਏ ਬਾਪ ਦੇ ਘਰ ਜਨਮ ਲੈਕੇ ਲਗਭਗ ਚਾਰ ਦਹਾਕੇ ਗੁਰਮਤਿ ਦਾ ਪ੍ਰਚਾਰ ਕਰਦਾ ਰਿਹਾਂ। ਇਸ ਦੌਰਾਨ ਸੱਤ ਅੱਠ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਹੁੰਦਿਆਂ ਓਸ ਪੰਥ ਪ੍ਰਵਾਣਤ ਰਹਿਤ ਮਰਿਆਦਾ ਦਾ ਲਿਖ ਕੇ ਜਾਂ ਬੋਲ ਕੇ ਪ੍ਰਚਾਰ ਕਰਿਆ ਜਿਸ ਵਿੱਚ ‘ਗੁਰਮਤਿ ਦੀ ਰਹਿਣੀ’ ਦੇ ਸਿਰਲੇਖ ਹੇਠ ਨਸ਼ਿਆਂ ਬਾਰੇ ਸਪਸ਼ਟ ਲਿਖਿਆ ਹੋਇਆ ਹੈ-
(ਙ) ਸਿੱਖ ਭੰਗ,ਅਫੀਮ,ਸ਼ਰਾਬ,ਤਮਾਕੂ ਆਦਿ ਨਸ਼ੇ ਨਾ ਵਰਤੇ।ਅਮਲ ਪ੍ਰਸ਼ਾਦੇ ਦਾ ਹੀ ਰੱਖੇ।


        ਇਸ ਤੋਂ ਇਲਾਵਾ ਮੇਰੇ ਮਨ ਵਿੱਚ ਰਹਿ ਰਹਿ ਕੇ ਸਵਾਲ ਉੱਠ ਰਿਹਾ ਹੈ ਕਿ ਜਿਸ ਖਿੱਤੇ ਵਿੱਚ ਸਤਿਗੁਰਾਂ ਦੀ ਬਾਣੀ ਦੇ ਇਹ ਸ਼ਬਦ ਪਿੰਡ-ਪਿੰਡ ਸ਼ਹਿਰ-ਸ਼ਹਿਰ ਸਦੀਆਂ ਤੋਂ ਗੂੰਜਦੇ ਆ ਰਹੇ ਹਨ-
‘ਬਾਬਾ ਹੋਰੁ ਖਾਣਾ ਖੁਸੀ ਖੁਆਰ।।ਜਿਤੁ ਖਾਧੇ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥’
੧।।(ਸਿਰੀ ਰਾਗ ਮਹਲਾ ੧ ਅੰਗ-੧੭)
‘ਪਾਨ ਸੁਪਾਰੀ ਖਾਤੀਆਂ ਮੁਖਿ ਬੀੜੀਆਂ ਲਾਈਆ।।(ਅੰਗ-੭੨੬)
   ਅੱਜ ਗੁਰੂ ਸਾਹਿਬਾਨ ਦਾ ਵਰੋਸਾਇਆ ਉਹ ਖਿੱਤਾ ਮਾਰੂ ਨਸ਼ਿਆਂ ਦੇ ਕੋਹੜ ਵਿੱਚ ਗ੍ਰਸਿਆ ਪਿਆ ਹੈ।ਤਕਰੀਬਨ ਸਾਰੇ ਪੰਜਾਬ ਵਾਸੀ ਆਪ ਨੂੰ ਗੁਰੂ ਸਾਹਿਬਾਨ ਦੇ ਸ਼ਰਧਾਲੂ ਮੰਨਦੇ ਹਨ।ਆਪਣੇ ਹਰ ਤਰਾਂ ਦੇ ਪ੍ਰਵਾਰਕ ਕਾਰ-ਵਿਹਾਰ ਕਰਦਿਆਂ ਘਰ ਵਿੱਚ ਯਥਾਸ਼ਕਤਿ ਗੁਰਬਾਣੀ ਦਾ ਪਾਠ ਕਰਾਉਂਦੇ ਹਨ।ਕੀ ਉਦੋਂ ਉਪਰੋਕਤ ਤੁਕਾਂ ਉਨ੍ਹਾਂ ਦੇ ਸਿਰ ਉੱਤੋਂ ਉੱਤੋਂ ਹੀ ਲੰਘ ਜਾਂਦੀਆਂ ਹੋਣਗੀਆਂ ?ਇਸ ਬਾਣੀ ਦੇ ਪਾਠ-ਪਠਨ ਅਤੇ ਕਥਾ-ਕੀਰਤਨ ਦੇ ਹੁੰਦਿਆਂ ਸੁੰਦਿਆਂ ‘ਤਨ ਵੀ ਪੀੜੇ’ ਜਾ ਰਹੇ ਹਨ ਅਤੇ ‘ਵਿਕਾਰਾਂ ਦਾ ਦਰਿਆ’ ਵੀ ਵਗ ਰਿਹਾ ਹੈ।ਇਨ੍ਹਾਂ ਹਾਲਾਤਾਂ ਬਾਰੇ ਸੋਚੀਏ ਜ਼ਰਾ ਕਿ ਸਾਡੇ ਉੱਤੇ ਉਹ ਤੁਕ ਨਹੀਂ ਢੁਕਦੀ-
‘ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿੱਖਾ ਮਹਿ ਚੂਕ॥ਅੰਧੇ ਏਕ ਨ ਲਾਗਈ ਜਿਉਂ ਬਾਂਸ ਬਜਾਈਐ ਫੂਕ॥'(ਅੰਗ ੧੩੭੨)


           ਨਸ਼ਿਆਂ ਦੀ ਦਲ ਦਲ ਵਿੱਚ ਗਰਕੀ ਹੋਈ ਨੌਜਵਾਨ ਪੀੜ੍ਹੀ ਤੋਂ ਚਿੰਤਾਤੁਰ ਮਾਪਿਆਂ ਦੇ ਤਰਲੇ ਹਾੜੇ ਪੜ੍ਹਦਿਆਂ ਸੁਣਦਿਆਂ,ਮੈਨੂੰ ਆਪਣਾ ਸਖਤ ਸੁਭਾਅ ਬਾਪ ਯਾਦ ਆ ਜਾਂਦਾ ਹੈ!ਬਚਪਨ ‘ਚ ਅਸੀਂ ਕੁਲਫ਼ੀਆਂ ਬਹੁਤ ਖਾਂਦੇ ਹੁੰਦੇ ਸਾਂ। ਫਿਰ ਸਾਡਾ ਗਲ਼ਾ ਖਰਾਬ ਹੋ ਜਾਣਾ ਤੇ ਕਈ ਕਈ ਦਿਨ ਖਾਣ ਪੀਣ ਦੀ ਬੜੀ ਮੁਸ਼ਕਲ ਬਣੀ ਰਹਿਣੀ।ਕੱਚੀ-ਪਿੱਲੀ ਬਰਫ ਦੀਆਂ ਕੁਲਫੀਆਂ ਖਾਣ ਤੋਂ ਅਸੀਂ ਫਿਰ ਵੀ ਨਾ ਹਟਦੇ!
          ਇਕ ਦਿਨ ਸਾਡੀ ਬੀਬੀ,ਭਾਈਆ ਜੀ ਨੂੰ ਖਿਝ ਕੇ ਕਹਿੰਦੀ ਕਿ ਰਾਮ ਆਸਰੇ (ਕੁਲਫੀਆਂ ਵੇਚਣ ਵਾਲ਼ਾ ਭਾਈ)ਨੂੰ ਝਿੜਕੋ ਕਿ ਉਹ ਸਾਡੇ ਘਰਾਂ ਵੱਲ੍ਹ ਨਾ ਆਇਆ ਕਰੇ!
    ਸਾਡਾ ਬਾਪ ਕਹਿੰਦਾ-
   “ਰਾਮ ਆਸਰਾ ਸ਼ਹਿਰੋਂ ਕੁਲਫ਼ੀਆਂ ਲਿਆ ਕੇ ਇਨ੍ਹਾਂ ਦੇ ਮੂੰਹ ‘ਚ ਪਾਉਂਦਾ ਹੁੰਦਾ ਐ ?
…….ਤੂੰ ਪੈਸੇ ਦੇਣੇ ਬੰਦ ਕਰ……ਨਾਲ਼ੇ ਜਦ ਕੁਲਫ਼ੀਆਂ ਮੰਗਣ ਤਾਂ ਮਾਰੀਂ ਚੁਪੇੜਾਂ ਇਨ੍ਹਾਂ ਦੇ ਬੂਥੇ ‘ਤੇ !
”
        ਸੋ ਭਿਆਨਕ ਨਸ਼ਿਆਂ ਦੀ ਹਰ ਥਾਂਹ ਆਸਾਨ ਉਪਲਭਦੀ ਰੋਕਣ ਤੋਂ ਅਸਮਰੱਥ ਰਹਿਣ ਵਾਲ਼ੇ ਸਰਕਾਰੀ ਮੰਤਰੀਆਂ ਸੰਤਰੀਆਂ ਲਈ ਵੰਡ ਹੋ ਰਹੇ ਲਾਹਣਤ ਪੱਤਰਾਂ ਬਾਰੇ ਸੋਚਦਿਆਂ ਮੈਂ ਇਹ ਵਿਚਾਰਿਆ ਹੈ।ਆਪਣੇ ਦੇਸ ਵਿੱਚ ਗੁਰਮਤਿ ਦਾ ਪ੍ਰਚਾਰ ਪਸਾਰ ਕਰਨਾਂ ਛੱਡ ਭਾਵੇਂ ਮੈਂ ਭਗੌੜਾ ਹੋ ਕੇ ਵਿਦੇਸ਼ ਆ ਗਿਆ ਹਾਂ ਪਰ ਪੁਰਖਿਆਂ ਦੀ ਧਰਤੀ ਦੇ ਦਰਦਨਾਕ ਹਾਲਾਤ ਬਣਨ ਪਿੱਛੇ ਮੇਰੀ ਵੀ ਥੋੜੀ ਬਹੁਤ ਜਿੰਮੇਵਾਰੀ ਬਣਦੀ ਹੈ! ਮੇਰੇ ਦਿਲ ਦੀ ਅਦਾਲਤ ਮੈਨੂੰ ਉਕਤ ਲਾਹਣਤ ਪੱਤਰ ਲੈਣ ਦਾ ਪਾਤਰ ਬਣਨ ਲਈ ਹੁਕਮ ਦੇ ਰਹੀ ਹੈ !
‘ਫੈਸਲਾ ਹੋਤਾ ਹੈ ਨੇਕੀ-ਓ-ਬਦੀ ਕਾ ਹਰ ਦਮ
ਦਿਲ ਕੋ ਇਸ ਜਿਸਮ ਮੇਂ ਛੋਟੀ ਸੀ ਅਦਾਲਤ ਸਮਝੋ!’

-ਸ਼ਾਦ
      ਤਰਲੋਚਨ ਸਿੰਘ ਦੁਪਾਲ ਪੁਰ
      001-408-905-5517
      [email protected]

Show More

Related Articles

Leave a Reply

Your email address will not be published. Required fields are marked *

Back to top button
Translate »