ਅੰਦਰੋਂ ਬਾਹਰੋਂ ਖਰਾ ਇਨਸਾਨ-ਬੀ ਢਿੱਲੋਂ

ਬੀ ਢਿੱਲੋਂ ,ਸੀਨੀਅਰ ਅਦਾਕਾਰ



ਅੰਦਰੋਂ ਬਾਹਰੋਂ ਖਰਾ ਇਨਸਾਨ
ਉਸ ਦਾ ਨਾਮ ਬਲਜਿੰਦਰ ਢਿੱਲੋਂ ਹੈ ਪਰ ਸਾਰੇ ਉਸ ਨੂੰ ਬੌਬੀ ਭਾਅ ਜੀ ਕਹਿੰਦੇ ਨੇ….ਉਸ ਨੂੰ ਦੇਖ ਕੇ,ਉਸ ਦੀਆਂ ਗੱਲਾਂ ਸੁਣ ਕੇ,ਉਸ ਦੀਆਂ ਨਿੱਕੀਆਂ ਨਿੱਕੀਆਂ ਸ਼ਰਾਰਤਾਂ ਦੇਖ ਸੁਣ ਕੇ ਮਹਿਸੂਸ ਹੁੰਦੈ ਕਿ ਉਹ ਬੌਬੀ ਹੀ ਹੈ..ਇਕ ਦਿਨ ਸਵੇਰੇ 10 ਵਜੇ ਰਿਹਰਸਲ ਸੀ,ਉਹ ਰਿਹਰਸਲ ਹਾਲ ਦੇ ਸਾਹਮਣੇ ਪਹੁੰਚ ਕੇ ਗੱਡੀ ‘ਚ ਬੈਠਾ ਫੋਨ ਤੋਂ ਗਰੁੱਪ ‘ਚ ਸੰਦੇਸ਼ ਭੇਜ ਦੇਵੇਗਾ,”ਅੱਜ ਰਿਹਰਸਲ ਸ਼ਾਮ ਨੂੰ ਸਾਢੇ ਛੇ ਵਜੇ ਐ ਨਾ?”…ਮੈਂ ਪ੍ਰੇਸ਼ਾਨ ਹੋ ਜਾਂਦਾ ਹਾਂ,ਕਮਲ ਨਾਲ ਗੱਲ ਕਰਦਾ ਹਾਂ,ਉਹ ਬੌਬੀ ਭਾਅ ਨੂੰ ਫੋਨ ਲਾ ਲੈਂਦੀ ਐ…ਤੇ ਬੌਬੀ ਹੱਸਦਾ ਹੋਇਆ ਅੰਦਰ ਆ ਵੜਦਾ ਹੈ…ਚਿਹਰੇ ‘ਤੇ ਮੁਸਕਰਾਹਟ…ਉਹਦੇ ਵੀ,ਮੇਰੇ ਵੀ!…ਏਦਾਂ ਦੀਆਂ ਇੱਲਤਾਂ ਮੈਨੂੰ ਚੰਗੀਆਂ ਲੱਗਦੀਆਂ!
ਬੌਬੀ ਢਿੱਲੋਂ ਸੀਨੀਅਰ ਅਦਾਕਾਰ ਐ,ਪਰ ਉਹ ਏਨੇ ਪਿਆਰ ਨਾਲ ਗੱਲ ਸੁਣਦੈ ਤੇ ਏਨੇ ਸਤਿਕਾਰ ਨਾਲ ਮੰਨਦੈ ਕਿ ਆਪਣੇ ਆਪ ਮੂੰਹੋਂ ਨਿਕਲਦਾ ਐ,”ਬੌਬੀ ਭਾਅ ਜੀ ਲਵ ਯੂ!”…ਜਦ ਪਹਿਲੇ ਸਾਲ ਉਸ ਨੇ “ਤੇਰੀ ਕਹਾਣੀ ਮੇਰੀ ਕਹਾਣੀ “ਵਿੱਚ ਕਿਰਦਾਰ ਨਿਭਾਇਆ ਤਾਂ ਰਿਹਰਸਲ ਦੌਰਾਨ ਮੈਂ ਮਹਿਸੂਸ ਕੀਤਾ ਕਿ ਉਹ ਸਾਰੇ ਸੰਵਾਦ ਇੱਕੋ ਤਰ੍ਹਾਂ ਬੋਲ ਰਹੇ ਨੇ…ਆਰਾਮ ਨਾਲ ਗੱਲ ਕੀਤੀ,ਸ਼ਬਦਾਂ ਤੇ ਵਾਕਾਂ ਦੇ ਅਰਥ ਮੁਤਾਬਿਕ ਬੋਲਣ ਵਾਲੇ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ…ਉਹ ਤੁਰ ਪਿਆ…ਇੱਕ ਦਿਨ ਮੈਂ ਕੁਝ ਸੰਵਾਦ ਬੋਲ ਕੇ ਦਿਖਾਏ,ਉਸ ਜੱਫੀ ਪਾ ਲਈ…ਉਹ ਜੱਫੀ ਅੱਜ ਤੱਕ ਸਲਾਮਤ ਐ!
“ਐਲ ਐਮ ਆਈ ਏ “ ਨਾਟਕ ਵਿੱਚ ਬੌਬੀ ਦਾ ਕਮਾਲ ਦੇਖਣ ਨੂੰ ਮਿਲਿਆ…ਏਸ ਵਾਰ ਉਹਨਾਂ ਨੂੰ ਸਭ ਤੋਂ ਔਖੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ…ਉਹਨੇ ਹੱਸ ਕਬੂਲਿਆ…ਉਹ ਸਹਿਜੇ ਸਹਿਜੇ ਕਿਰਦਾਰ ਨੂੰ ਫੜਦਾ ਐ,ਪਰ ਇੱਕ ਵਾਰ ਪਕੜ ‘ਚ ਆ ਗਿਆ,ਫੇਰ ਛੱਡਦਾ ਨਹੀਂ…ਇਹ ਕਿਰਦਾਰ ਕੁਝ ਦਿਨ ਪਹਿਲਾਂ ਪਕੜ ‘ਚ ਆ ਗਿਆ ਸੀ..ਇੱਕ ਦੋ ਦਿਨ ਮੈਂ ਬੌਬੀ ਨੂੰ ਕੁਝ ਵੀ ਨਾ ਕਿਹਾ…ਢਿੱਲੋਂ ਸਾਹਿਬ ਦੀ ਸ਼ਰਾਰਤ ਫਿਰ ਜਾਗੀ..ਕਮਲ ਨੂੰ ਕਹਿੰਦੇ,”ਵੀਰ ਜੀ ਮੈਨੂੰ ਰੋਕ ਕੇ ਕੋਈ ਡਾਇਲਾਗ ਠੀਕ ਕਰਨ ਲਈ ਨਹੀਂ ਕਹਿ ਰਹੇ…ਜਾਂ ਤਾਂ ਮੈਂ ਬਹੁਤ ਵਧੀਆ ਕਰ ਰਿਹਾ ਹਾਂ…ਜਾਂ ਵੀਰ ਜੀ ਨੂੰ ਲਗਦਾ ਹੋਊ ਕਿ ਇਹ ਐਨਾ ਕੁ ਹੀ ਵਧੀਆ ਕਰ ਸਕਦਾ ਆ
!”…ਮੈਨੂੰ ਇਹ ਸ਼ਰਾਰਤ ਵੀ ਪਸੰਦ ਆਈ !..27 ਸਤੰਬਰ ਨੂੰ ਪ੍ਰੌਗਰੈਸਿਵ ਕਲਾ ਮੰਚ ਦੀ ਪੇਸ਼ਕਾਰੀ ਦੌਰਾਨ ਬੌਬੀ ਦਾ ਕਮਾਲ ਦੇਖਣ ਲਈ ਤਿਆਰ ਹੋ ਨਾ!
ਬੌਬੀ ਭਾਅ ਜੀ,ਤੁਸੀਂ ਏਦਾਂ ਦੇ ਹੀ ਰਿਹੋ…ਤੁਸੀਂ ਮੇਰੇ ਨੇੜੇ ਹੁੰਦੇ ਓ ਤਾਂ ਹਵਾ ‘ਚ ਸਾਹ ਸੌਖਾ ਆਉਣ ਲਗਦੈ…ਤੁਹਾਡੀ ਹਾਜ਼ਰੀ ਨਸਾਂ ਦਾ ਤਣਾਅ ਢਿੱਲਾ ਕਰਦੀ ਐ…ਤੁਹਾਡੀ ਹਾਜ਼ਰੀ ਮੁਹੱਬਤ ਸਿਰਜਦੀ ਐ…ਉਂਝ ਮੈਂ ਜਾਣਦਾ ਹਾਂ ਕਿ ਤੁਸੀਂ ਬਹੁਤ ਸੰਵੇਦਨਸ਼ੀਲ ਹੋ…ਅਤਿ ਜਜ਼ਬਾਤੀ ਵੀ ਓ…ਲਿਖਦੇ ਵੀ ਹੋ…ਗਾ ਵੀ ਲੈਂਦੇ ਹੋ…ਆਲੇ ਦੁਆਲੇ ਬਾਰੇ ਫਿਕਰਮੰਦੀ ਪਾਲਦੇ ਓ..ਗਹਿਰੀ ਪਿਆਰੀ ਸੋਚ ਦੇ ਮਾਲਕ ਓ…ਤੁਸੀ ਸਾਡੇ ਬੌਬੀ ਓ..ਮੇਰੇ ਪਿਆਰੇ ਬੌਬੀ..ਜੱਫੀ ‘ਚੋਂ ਕਦੇ ਬਾਹਰ ਜਾਣ ਦੀ ਸੋਚਿਓ ਵੀ ਨਾ…ਮੈਂ ਖਿੱਚ ਕੇ ਹਿੱਕ ਨਾਲ ਲਾ ਲਵਾਂਗਾ ਆਪਣੇ ਬੌਬੀ ਭਾਅ ਜੀ ਨੂੰ…ਲਵ ਯੂ ਬੌਬੀ ਭਾਅ!
ਤੁਹਾਡਾ ਛੋਟਾ ਭਰਾ (ਇਹ ਮੇਰੀ ਸ਼ਰਾਰਤ ਹੈ )
ਸਾਹਿਬ ਸਿੰਘ




