ਕਨੇਡਾ ਦੇ ਮੌਜੂਦਾ ਹਾਲਾਤਾਂ ਤੇ ਪੰਛੀ ਝਾਤ


ਕਨੇਡਾ ਆਉਣ ਦੇ ਚਾਹਵਾਨ ਵਿਦਿਆਰਥੀ ਜ਼ਰਾ ਰੁਕ ਕੇ ਸੋਚ ਵਿਚਾਰ ਕੇ ਪਹਿਲਾਂ ਗਏ ਵਿਦਿਆਰਥੀਆਂ ਨਾਲ ਰਾਬਤਾ ਬਣਾ ਕੇ ਗੱਲਬਾਤ ਕਰਨ ਤੇ ਕਨੇਡਾ ਸਰਕਾਰ ਦੇ ਮੌਜੂਦਾ ਫ਼ੈਸਲਿਆਂ ਨੂੰ ਚੰਗੀ ਤਰਾਂ ਸਮਝਣ ਤੋਂ ਬਾਅਦ ਹੀ ਮਹਿੰਗੀਆਂ ਫ਼ੀਸਾਂ ਭਰਨ ਤੇ ਇੰਮੀਗਰੇਸਨ ਏਜੰਟਾਂ ਦੇ ਢਹੇ ਚੜਨ ਤੋਂ ਬਚ ਸਕਦੇ ਹੋ ।ਕਨੇਡਾ ਇੰਮੀਗਰੇਸਨ ਨੇ ਭਵਿੱਖ ਵਿੱਚ ਬਹੁਤ ਜ਼ਿਆਦਾ ਸਖ਼ਤੀ ਨਾਲ ਵੀਜ਼ੇ ਦੇਣੇ ਹਨ ਤੇ ਬਾਰਵੀਂ ਪਾਸ ਵਿਦਿਆਰਥੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਇਥੇ ਆਕੇ ਗਾਲਣ ਦੀ ਬਜਾਏ ਇੰਡੀਆ ਵਿੱਚ ਹੀ ਗਰੇਜੂਏਸਨ ਕਰਨ ਤੇ ਉਸਤੋਂ ਬਾਅਦ ਹੀ ਕੋਈ ਸਟੈਪ ਲੈਣ ਤਾਂ ਚੰਗੇ ਰਹਿਣਗੇ।
ਕਨੇਡਾ ਸਰਕਾਰ ਵੱਡੀ ਪੱਧਰ ਉੱਤੇ ਵਿਦਿਆਰਥੀਆਂ ਨੂੰ ਵਾਪਸ ਭੇਜਣ ਲਈ ਤਿਆਰੀਆਂ ਕਰ ਰਹੀ ਹੈ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਹਨ ।ਵਰਕ ਪਰਮਿਟ ਖ਼ਤਮ ਹੋਣ ਵਾਲੀ ਵੱਡੀ ਗਿਣਤੀ ਇੱਧਰ ਉਧਰ ਹੱਥ ਪੱਲੇ ਮਾਰ ਰਹੀ ਹੈ ਪਰੰਤੂ ਕਿਸੇ ਦੇ ਹੱਥ ਵੱਸ ਕੁੱਝ ਨਹੀਂ ਹੈ ਸਿਵਾਏ ਠੱਗੇ ਜਾਣ ਤੋਂ । ਐਲ ਐਮ ਆਈ ਵੀ ਹਾਈ ਵੇਜਜ਼ ਵਾਲੀ ਲੈਣੀ ਪੈਂਦੀ ਹੈ ਜੋ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਕਿਉਂਕਿ 35 ਡਾਲਰ ਪਰੱਤੀ ਘੰਟੇ ਦੇ ਹਿਸਾਬ ਨਾਲ ਵਰਕਰ ਨੂੰ ਦੇਣੇ ਹਰ ਇੰਪਲਾਇਰ ਦੇ ਵੀ ਵੱਸ ਦੀ ਗੱਲ ਨਹੀਂ ਹੈ ਤੇ ਨਾ ਹੀ ਵਿਦਿਆਰਥੀ ਇਨ੍ਹਾਂ ਟੈਕਸ ਭਰ ਸਕਦੇ ਹਨ । ਸੋ ਜਿਨ੍ਹਾਂ ਨੇ ਫੈਸਲਾ ਕਰ ਹੀ ਲਿਆ ਹੈ ਕਿ ਇੰਡੀਆ ਵਾਪਿਸ ਨਹੀਂ ਜਾਣਾ ਤਾਂ ਉਹ ਮੁਫ਼ਤ ਵਿੱਚ ਸ਼ੀਰੀ ਰਲਣ ਵਾਲੀ ਗੱਲ ਹੀ ਹੈ ਕਿਉਂਕਿ ਖਰਚੇ ਪੱਠੇ ਕੱਡ ਕੇ ਪੈਸੇ ਬਚਦੇ ਨਹੀਂ ਹਨ ਜਾਂ ਬਹੁਤ ਘੱਟ ਬਚਦੇ ਤਾਂ ਫਿਰ ਇੰਡੀਆ ਤੋਂ ਹੀ ਮੰਗਵਾਉਣੇ ਪੈ ਸਕਦੇ ਹਨ ।ਸੰਸਾਰ ਪੱਧਰ ਤੇ ਸਾਮਰਾਜੀ ਅਰਥਚਾਰਾ ਅਜਿਹੀ ਡੂੰਘੀ ਖਾਈ ਵਿੱਚ ਡਿੱਗ ਚੁੱਕਾ ਹੈ ਜਿਸ ਵਿੱਚੋਂ ਨਿੱਕਲਣ ਲਈ ਸਾਮਰਾਜੀ ਮੁਲਕਾਂ ਵਿੱਚ ਆਰਥਿਕ ਜੰਗ ਛਿੜ ਚੁੱਕੀ ਹੈ ਤੇ ਸੰਸਾਰ ਪੱਧਰ ਤੇ ਮੰਦੀ ਆਉਣ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ ਕੰਮਾਂ ਕਾਰਾਂ ਦਾ ਹਾਲ ਚੰਗਾ ਨਹੀਂ ਰਿਹਾ ਤੇ ਬਹੁਤ ਸਾਰੇ ਬਿਜਨਸ ਵਿਕਣ ਲਈ ਲੱਗੇ ਹੋਏ ਹਨ ।ਸਾਰੇ ਬਿਜਨਸ ਮੈਨ ਤੇ ਵਿਊਪਾਰੀ ਅਮਰੀਕਾ ,ਕਨੇਡਾ ਤੇ ਯੂਰਪੀ ਮੁਲਕਾਂ ਦੇ ਸੰਬੰਧਾਂ ਵੱਲ ਨਜ਼ਰ ਟਿਕਾਈ ਬੈਠੇ ਹਨ ਕਿ ਕਦੋਂ ਕੋਈ ਚੰਗੀ ਹਵਾ ਦਾ ਬੁੱਲਾ ਆਵੇ ਤੇ ਕਾਰੋਬਾਰ ਖੁੱਲ੍ਹ ਕੇ ਚੱਲ ਸਕਣ।ਅੱਜ ਕੱਲ੍ਹ ਕਨੇਡਾ ਵਿੱਚ ਬਹੁਤ ਸਾਰੇ ਲੋਕਾਂ ਕੋਲ ਕੰਮ ਨਹੀਂ ਹੈ ਤੇ ਕੰਮ ਤੋਂ ਬਿਨਾਂ ਇਥੇ ਗੁਜ਼ਾਰਾ ਕਰਨਾ ਮੁਸ਼ਕਿਲ ਹੈ। ਬਹੁਤ ਸਾਰੇ ਵਿਦਿਆਰਥੀ ਗੁਰਦੁਆਰਿਆਂ ਦਾ ਓਟ ਆਸਰਾ ਲੈਕੇ ਉਥੇ ਹੀ ਖਾਣਾ ਖਾਂਦੇ ਹਨ ਤੇ ਕਈ ਗੁਰੂ ਘਰ ਵਿਦਿਆਰਥੀਆਂ ਨੂੰ ਆਟੇ ਆਦਿ ਦੀਆਂ ਥੈਲੀਆਂ ਤੇ ਹੋਰ ਰਾਸ਼ਨ ਵੰਡਦੇ ਰਹਿੰਦੇ ਹਨ।ਸਖ਼ਤ ਮਿਹਨਤਾਂ ਕਰ ਕੇ ਕਾਮਯਾਬ ਹੋਏ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਫੋਨ ਕਾਲਾਂ ਰਾਹੀਂ ਧਮਕੀਆਂ ਮਿਲਣੀਆਂ ਆਮ ਵਰਤਾਰਾ ਬਣ ਚੁੱਕਿਆ ਹੈ ।ਕਾਰਾਂ ਚੋਰੀ ਕਰਨ ਵਾਲੇ ਬੜੀ ਨਿਡਰਤਾ ਨਾਲ ਕਾਰਾਂ ਚੋਰੀ ਕਰ ਕੇ ਫਰਾਰ ਹੋ ਜਾਂਦੇ ਹਨ।ਨਸ਼ੇ ਵੀ ਆਮ ਮਿਲ ਜਾਂਦੇ ਹਨ ਹਰੇਕ ਕਿਸੇ ਦੀ ਪਹੁੰਚ ਵਿੱਚ ਹਨ। ਕਨੇਡਾ ਦੇ ਸਹਿਰਾਂ ਸ਼ਰੀ ,ਬਰੈਂਪਟਨ ਤੇ ਕੈਲਗਰੀ ਵਿੱਚ ਅਕਸਰ ਗੋਲੀਬਾਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਕੁੱਲ ਮਿਲਾ ਕੇ ਇਸ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿੰਨੀ ਦੇਰ ਤੱਕ ਕਨੇਡਾ ਦੇ ਹਾਲਾਤ ਠੀਕ ਨਹੀਂ ਹੁੰਦੇ ਉਨ੍ਹੀਂ ਦੇਰ ਆਪਣੇ ਘਰਾਂ ਤੋਂ ਪੈਰ ਪੁੱਟਣੇ ਵਾਜਬ ਨਹੀਂ ਲੱਗਦੇ।ਵਿਦਿਆਰਥੀਆਂ ਲਈ ਤੇ ਆਮ ਲੋਕਾਂ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਵਰਨਾ ਇਥੇ ਆਕੇ ਪਛਤਾਵਾ ਹੀ ਪੱਲੇ ਪੈਣਾ ਹੈ । ਵਿਦਿਆਰਥੀ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਕਿ ਸਾਨੂੰ ਪੱਕੇ ਕੀਤਾ ਜਾਵੇ ਪਰੰਤੂ ਕਨੇਡਾ ਸਰਕਾਰ ਦਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਲੱਗਦਾ ਜਿਸ ਅਨੁਸਾਰ ਵਿਦਿਆਰਥੀ ਪੀ ਆਰ ਹੋ ਸਕਣ।ਵਿਦਿਆਰਥੀਆਂ ਨੂੰ ਸਰਕਾਰ ਦਾ ਕੋਈ ਵੀ ਨੁਮਾਇੰਦਾ ਭਾਵੇਂ ਉਹ ਪੰਜਾਬੀ ਕਮਿਊਨਿਟੀ ਨਾਲ ਸਬੰਧ ਰੱਖਦੇ ਹੋਵੇ ਬਾਂਹ ਫੜਾਉਣ ਨੂੰ ਤਿਆਰ ਨਹੀਂ ਹੈ । ਐਸੋਸੀਏਸ਼ਨ ਆਫ ਸੀਨੀਅਰਜ ਨੇ ਕੋਸ਼ਿਸ਼ਾਂ ਕੀਤੀਆਂ ਹਨ ਕਿ ਵਿਦਿਆਰਥੀਆਂ ਨੂੰ ਪੱਕੇ ਕੀਤਾ ਜਾਵੇ ਤੇ ਜਿੰਨੀ ਦੇਰ ਪੱਕੇ ਨਹੀਂ ਹੁੰਦੇ ਵਰਕ ਪਰਮਿਟਾਂ ਵਿੱਚ ਆਟੋਮੈਟਿਕ ਤੌਰ ਤੇ ਵਾਧਾ ਕੀਤਾ ਜਾਵੇ ਪਰੰਤੂ ਮੰਤਰੀਆਂ ਅਜੇ ਤੱਕ ਹਾਮੀ ਨਹੀਂ ਭਰੀ ।ਅਖੀਰ ਵਿੱਚ ਮਾਪਿਆਂ ਨੂੰ ਇਹੀ ਕਿਹਾ ਜਾ ਸਕਦਾ ਹੈ ਕਿ ਆਪਣੇ ਕਾਲਜੇ ਦੇ ਟੁਕੜਿਆਂ ਨੂੰ ਖਾਸ ਤੌਰ ਤੇ ਧੀਆਂ ਦੀਆਂ ਜਿੰਦਗੀਆਂ ਨੂੰ ਬਚਾਉਣਾ ਹੈ ਤਾਂ ਆਪਣੇ ਕੋਲ ਰੱਖ ਕੇ ਘੱਟੋ-ਘੱਟ ਡਿਗਰੀ ਇੰਡੀਆ ਵਿੱਚ ਕਰਵਾਓ ਉਦੋਂ ਤੱਕ ਸਭ ਕੁੱਝ ਨਿੱਤਰ ਜਾਣਾ ਤੇ ਜਜਮਾਨ ਦੇ ਵਾਲ ਸਾਹਮਣੇ ਆਉਣਗੇ ਹੀ ਆਉਣਗੇ।ਪੰਜਾਬ ਤੇ ਇੰਡੀਆ ਦੇ ਚੰਗੇ ਪੜ੍ਹੇ ਲਿਖੇ ਨੌਜਵਾਨ ਚਾਹੇ ਉਹ ਬੀ ਟੈੱਕ ਨੇ,ਐਮ ਟੈੱਕ ਨੇ ਤੇ ਹੋਰ ਵਿਸ਼ਿਆਂ ਵਿੱਚ ਮਾਸਟਰਜ਼ ਕੀਤੀ ਹੋਈ ਇੱਥੇ ਆਕੇ ਜਿਆਦਾਤਰ ਟਰੱਕ,ਟਿੱਮ ਹੋਟਨਾਂ ਤੇ ਕੌਫ਼ੀ ਤੇ ਹੋਰ ਸਮਾਨ ਸਰਵ ਕਰਨਾ,ਰੈਸਟੋਰੈਂਟਾਂ ਤੇ ਖਾਣਾ ਸਰਵ ਕਰਨਾ,ਮਾਲਾਂ ਵਿੱਚ ਸਮਾਨ ਇੱਧਰ ਉੱਧਰ ਰੱਖਣਾ,ਗਰੌਸ਼ਰੀ ਸਟੋਰਾਂ ਤੇ ਸਬਜ਼ੀਆਂ ਛਾਂਟ ਕੇ ਰੱਖਣਾ ਆਦਿ ਕੰਮ ਹੀ ਕਰਦੇ ਹਨ ।ਇਹ ਸਭ ਕੁੱਝ ਕਰਨ ਦੇ ਬਾਵਜੂਦ ਵੀ ਬੇਸਮੈਂਟ ਦੇ ਕਿਰਾਏ,ਗਰੌਸ਼ਰੀ ,ਫੋਨ ਅਤੇ ਕਾਰਾਂ ਦੀ ਦੀਆਂ ਕਿਸ਼ਤਾਂ ਤੇ ਇੰਸੋਰਸ ਦੀ ਭਰਪਾਈ ਤੋਂ ਉਪਰੰਤ ਬਾਕੀ ਸਭ ਟੈਕਸਾਂ ਵਿੱਚ ਚਲਾ ਜਾਂਦਾ ਹੈ ।ਕੁੱਲ ਮਿਲਾ ਕੇ ਕਨੇਡਾ ਹੁਣ ਪਹਿਲਾਂ ਵਾਲਾ ਨਹੀਂ ਰਿਹਾ ਜਾਂ ਫਿਰ ਪੂਰੀ ਦੁਨੀਆਂ ਹੀ ਬਦਲ ਗਈ ਕਿਹਾ ਜਾ ਸਕਦਾ ਕਿਉਂਕਿ ਹੋਰਨਾਂ ਮੁਲਕਾਂ ਤੋਂ ਵੀ ਮਿਲਦੀਆਂ ਜੁਲਦੀਆਂ ਰਿਪੋਰਟਾਂ ਹੀ ਆ ਰਹੀਆਂ ਹਨ ।
ਵਲੋਂ-: ਗੁਰਮੀਤ ਸੁਖਪੁਰ
(9465915763)




