ਜਿੱਤਾਂਗੇ ਜਰੂਰ ਜਾਰੀ ਜੰਗ ਰੱਖਿਓ

ਕੈਲਗਰੀ ਵਿਖੇ ਨਾਟਕ ਮੇਲੇ ਮੌਕੇ ਜੁੜੀ ਇਕੱਤਰਤਾ ਵੱਲੋਂ ਮਤੇ ਪਾਸ ਕੀਤੇ ਗਏ

ਕੈਲਗਰੀ ਵਿਖੇ ਯਾਦਗਾਰੀ
ਨਾਟਕ ਅਤੇ ਪੁਸਤਕ ਮੇਲੇ ਮੌਕੇ
ਜੁੜੀ ਇਕੱਤਰਤਾ ਵੱਲੋਂ ਪਾਸ ਮਤੇ

ਗੁਰਸ਼ਰਨ ਭਾਅ ਜੀ ਦੇ ਵਿਛੋੜੇ, ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਦੀ ਪੂਰਵ ਸੰਧਿਆ ਅਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ( 1925-2025) ਮੌਕੇ ਕੈਲਗਰੀ ਵਿਖੇ ਹੋ ਰਹੇ ਸਾਲਾਨਾ ਸਭਿਆਚਾਰਕ ਯਾਦਗਾਰੀ ਉਤਸ਼ਵ ਮੌਕੇ ਨਿਮਨ ਲਿਖਤ ਮਤੇ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਪਾਸ ਕੀਤੇ ਗਏ।

  • ਅੱਜ ਦਾ ਸਮਾਗਮ ਕੌਮਾਂਤਰੀ ਮੰਚ ਤੇ ਸਭ ਤੋਂ ਸਿਖ਼ਰ ਤੇ ਮਘੇ ਭਖੇ ਫ਼ਲਸਤੀਨ ਦੇ ਹੱਕੀ ਸੰਗਰਾਮ ਦੇ ਹੱਕ ‘ਚ ਆਵਾਜ਼ ਬੁਲੰਦ ਕਰਦਾ ਹੈ। ਅਮਰੀਕੀ ਸਾਮਰਾਜੀਆਂ ਤੋਂ ਥਾਪੜਾ ਲੈ ਕੇ ਫ਼ਲਸਤੀਨੀਆਂ ਦੀ ਨਸਲਕੁਸ਼ੀ ਤੇ ਉਤਾਰੂ ਇਜ਼ਰਾਈਲ ਵੱਲੋਂ ਗਾਜ਼ਾ ਤੇ ਮੁਕੰਮਲ ਕਬਜ਼ਾ ਕਰਨਾ ਤੁਰੰਤ ਬੰਦ ਕੀਤਾ ਜਾਏ। ਦੁਨੀਆਂ ਦੇ ਸਾਰੇ ਕਾਇਦੇ ਕਨੂੰਨ ਘੱਟੇ ਰੋਲ਼ ਕੇ, ਲੋਕਾਂ ਨੂੰ ਭੁੱਖੇ,ਤਿਹਾਏ ਮਾਰ ਕੇ ਆਪਣੇ ਹੀ ਦੇਸ਼ ਤੋਂ ਦੇਸ਼ ਨਿਕਾਲਾ ਦੇਣ ਲਈ ਵਹਿਸ਼ੀ ਜ਼ਬਰ ਦੇ ਝੱਖੜ ਝੁਲਾ ਕੇ ਆਪਣਾ ਕਬਜ਼ਾ ਜਮਾਉਣ ਵਾਲੇ ਅਮਰੀਕੀ ਇਜ਼ਰਾਈਲੀ ਧੌਸ ਦਾ ਅੱਜ ਦਾ ਇਕੱਠ ਵਿਰੋਧ ਕਰਦਾ ਹੈ।
  • ਸਾਮਰਾਜੀ ਕਾਰਪੋਰੇਟ ਘਰਾਣਿਆਂ ਵੱਲੋਂ ਆਪਣੇ ਸੰਕਟ ਨੂੰ ਟਾਲਣ ਅਤੇ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਾਸੇ ਕਰਨ ਲਈ ਪ੍ਰਵਾਸੀ ਮੁੱਦੇ ਨੂੰ ਹਥਿਆਰ ਵਜੋਂ ਵਰਤੇ ਜਾਣ ਕੌਮਾਂਤਰੀ ਭਾਈਚਾਰੇ ਵਿੱਚ ਨਫ਼ਰਤ,ਦੰਗੇ ਫ਼ਸਾਦ ਭੜਕਾਉਣ ਦੇ ਮਨਸਿਆਂ ਦੀ ਪੂਰਤੀ ਤੋਂ ਚੌਕੰਨੇ ਰਹਿਣ ਦੀ ਜ਼ੋਰਦਾਰ ਅਪੀਲ ਕਰਦਾ ਹੈ ਅੱਜ ਦਾ ਇਕੱਠ।
  • ਸਾਡੇ ਮੁਲਕ ਦੇ ਕੌਮੀ ਮੰਚ ਤੇ ਸਭ ਤੋਂ ਵੱਧ ਧਿਆਨ ਖਿੱਚਦੇ ਮੁੱਦੇ ਆਦਿਵਾਸੀਆਂ ਦਾ ਕਤਲੇਆਮ ਅਤੇ ਕਮਿਊਨਿਸਟ ਇਨਕਲਾਬੀਆਂ ਮਾਓਵਾਦੀਆਂ ਦੇ 31 ਮਾਰਚ 2026 ਤੱਕ ਮੁਕੰਮਲ ਸਫਾਏ ਦੇ ਹਕੂਮਤ ਵੱਲੋਂ ਕੀਤੇ ਫਾਸ਼ੀ ਫੁਰਮਾਨਾਂ ਨੂੰ ਸੰਵਿਧਾਨ ਅਤੇ ਜਮਹੂਰੀ ਹੱਕਾਂ ਦਾ ਨੰਗਾ ਚਿੱਟਾ ਘਾਣ ਸਮਝਦਾ ਹੋਇਆ ਅੱਜ ਦਾ ਇਕੱਠ ਅਜੇਹੇ ਫਾਸ਼ੀ ਹੱਲੇ ਬੰਦ ਕਰਨ ਦੀ ਮੰਗ ਕਰਦਾ ਹੈ।
  • ਹੜ੍ਹ ਅਤੇ ਜ਼ੋਰਦਾਰ ਮੀਂਹ ਦੇ ਭੰਨੇ ਪੰਜਾਬ ਵਾਸੀਆਂ ਨਾਲ਼ ਗਹਿਰੀ ਹਮਦਰਦੀ ਦਾ ਇਜ਼ਹਾਰ ਕਰਦਾ ਹੋਇਆ ਅੱਜ ਦਾ ਸਮਾਗਮ ਪੀੜਤ ਲੋਕਾਂ ਦੀ ਹਰ ਸੰਭਵ ਮੱਦਦ ਕਰਨ ਦਾ ਵਿਸ਼ਵਾਸ ਦੁਆਉਂਦਾ ਹੈ।
  • ਇਹ ਸਮਾਗਮ ਕੇਂਦਰ ਅਤੇ ਪੰਜਾਬ ਹਕੂਮਤ ਕੋਲੋਂ ਪੀੜਤ ਪਰਿਵਾਰਾਂ ਲਈ ਢੁਕਵੇਂ ਮੁਆਵਜ਼ੇ ਅਤੇ ਹਰ ਸੰਭਵ ਸਹਾਇਤਾ ਕਰਨ ਦੀ ਮੰਗ ਕਰਦਾ ਹੈ ।
  • ਹੁਸ਼ਿਆਰਪੁਰ ਵਿਖੇ ਬੱਚੇ ਨਾਲ਼ ਵਾਪਰੀ ਦਰਿੰਦਗੀ ਭਰੀ ਘਟਨਾ ਤੇ ਦੁੱਖ਼ ਦਾ ਪ੍ਰਗਟਾਵਾ ਕਰਦਿਆਂ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰਦਾ ਅੱਜ ਦਾ ਇਕੱਠ ਇਹ ਵੀ ਸਮਝਦਾ ਹੈ ਕਿ ਕਿਸੇ ਵੀ ਜ਼ੁਰਮ ਦੀ ਸਜ਼ਾ ਲਈ ਕਿਸੇ ਸਮੁੱਚੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਸਰਾਸਰ ਗਲਤ ਹੈ ਅਤੇ ਇਸਦੇ ਨਤੀਜੇ ਬਹੁਤ ਹੀ ਖ਼ਤਰਨਾਕ ਸਾਬਤ ਹੋਣਗੇ।
  • ਅੱਜ ਦਾ ਇਕੱਠ ਕੁੱਲ ਦੁਨੀਆਂ ਅੰਦਰ ਪ੍ਰਵਾਸ ਦੇ ਮੁੱਦੇ ਭੜਕਾਉਣ ਦੀ ਸੋਚੀ ਸਮਝੀ ਨੀਤੀ ਤੋਂ ਖ਼ਬਰਦਾਰ ਰਹਿਣ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਲਈ ਅਪੀਲ ਕਰਦਾ ਹੈ
  • ਧੱਕੇ ਨਾਲ਼ ਜ਼ਮੀਨਾਂ ਖੋਹਣ, ਪੰਚਾਇਤੀ ਜ਼ਮੀਨਾਂ ਦਾ ਭੋਗ ਪਾਉਣ ਦੀਆਂ ਨੀਤੀਆਂ ਬੰਦ ਕਰਨ ਦੀ ਮੰਗ ਕਰਦਾ ਹੈ।
  • ਬੇਜ਼ਮੀਨੇ ਲੋਕਾਂ ਵੱਲੋਂ ਜ਼ਮੀਨ ਦੇ ਹੱਕ ਦੀ ਕੀਤੀ ਜਾ ਰਹੀ ਮੰਗ ਦੀ ਹਮਾਇਤ ਕਰਦਾ ਹੈ।
  • ਅੱਜ ਦਾ ਸਮਾਗਮ ਮੁਲਕ ਅੰਦਰ ਬਿਨਾਂ ਮੁਕੱਦਮਾ ਚਲਾਏ ਇਨਕਲਾਬੀ ਕਾਰਕੁਨਾਂ ਨੂੰ ਵਰ੍ਹਿਆਂ ਤੋਂ ਜੇਲ੍ਹਾਂ ਅੰਦਰ ਤਾੜ ਕੇ ਰੱਖਣਾ ਬੰਦ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਕਰਦਾ ਹੈ
  • ਅੱਜ ਦਾ ਇਕੱਠ ਮੁਲਕ ਦੇ ਚੋਟੀ ਦੇ ਵਿਦਵਾਨਾਂ ਦੀਆਂ ਕਿਤਾਬਾਂ ਉਪਰ ਪਾਬੰਦੀਆਂ ਮੜ੍ਹਨ ਨੂੰ ਖ਼ਤਰਨਾਕ ਅਲਾਰਮ ਸਮਝਦੇ ਹੋਏ ਅਜੇਹੇ ਗੈਰ ਜਮਹੂਰੀ ਕਦਮ ਤੁਰੰਤ ਬੰਦ ਕਰਨ ਦੀ ਮੰਗ ਕਰਦਾ ਹੈ
  • ਅਸੀਂ ਸਭ ਮਿਲ਼ ਕੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੇ ਗਲ਼ ਗੂਠਾ ਦੇਣ ਦੇ ਗੈਰ ਜਮਹੂਰੀ ਕਦਮਾਂ ਦਾ ਵਿਰੋਧ ਕਰਦੇ ਹਾਂ।
  • ਅੱਜ ਦਾ ਇਕੱਠ ਹੱਕ, ਸੱਚ, ਇਨਸਾਫ਼ ਲਈ ਲੰਮੇ ਅਰਸੇ ਤੋਂ ਲੜਦੇ ਆ ਰਹੇ ਵਿਸ਼ੇਸ਼ ਕਰਕੇ ਕਿਸਾਨ ਆਗੂਆਂ ਅਤੇ ਕਾਰਕੁਨਾਂ ਨੂੰ ਹਮਲੇ ਦਾ ਚੋਣਵਾਂ ਨਿਸ਼ਾਨਾ ਬਣਾਏ ਜਾਣ ਲਈ ਪੰਜਾਬ ਅੰਦਰ ਖਿੱਚੀਆਂ ਜਾ ਰਹੀਆਂ ਤਿਆਰੀਆਂ ਬੰਦ ਕਰਨ ਦੀ ਮੰਗ ਕਰਦਾ ਹੈ। ਇਹ ਮਤੇ 27 ਸਤੰਬਰ 2025 ਨੂੰ ਕੈਲਗਰੀ (ਕਨੇਡਾ) ਪ੍ਰੋਗਰੈਸਿਵ ਕਲਾ ਮੰਚ, ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸ਼ਹੀਦ ਭਗਤ ਸਿੰਘ ਪੁਸਤਕ ਮੇਲੇ ਮੌਕੇ ਜੁੜੀ ਇਕੱਤਰਤਾ ਵੱਲੋਂ ਹੱਥ ਖੜ੍ਹੇ ਕਰ ਕੇ ਪਾਸ ਕੀਤੇ ਗਏ
Show More

Related Articles

Leave a Reply

Your email address will not be published. Required fields are marked *

Back to top button
Translate »