ਖ਼ਬਰ ਪੰਜਾਬ ਤੋਂ ਆਈ ਐ ਬਈ

ਯੁੱਧ ਨਸ਼ਿਆਂ ਵਿਰੁੱਧ : ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦਾ ਪ੍ਰਸ਼ਾਦ 

ਮੋਹਨ ਸ਼ਰਮਾ

ਪੰਜਾਬ ਦੀਆਂ ਬਰੂਹਾਂ ਤੇ ਇਸ ਵੇਲੇ ਆਫਤਾਂ ਦੇ ਢੇਰ ਹਨ। ਹੜ੍ਹਾਂ ਦੀ ਤਬਾਹੀ ਨੇ ਪੰਜਾਬੀਆਂ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੱਤੀ ਹੈ। ਦੇਸ਼ ਵਿਦੇਸ਼ ਵਿੱਚ ਬੈਠੇ ਪੰਜਾਬੀ, ਗੁਆਂਢੀ ਪ੍ਰਾਂਤਾਂ ਦੇ ਸੁਹਿਰਦ ਲੋਕ ਅਤੇ ਹੋਰ ਬਹੁਤ ਸਾਰੇ ਪਰਉਪਕਾਰੀ ਹੱਥ ਸੰਕਟ ਵਿੱਚ ਘਿਰੇ ਪੰਜਾਬੀਆਂ ਦੀ ਮੱਦਦ ਲਈ ਬਹੁੜੇ ਹਨ ‌। ਅਤੀਤ ਗਵਾਹ ਹੈ ਕਿ ਕੁਦਰਤ ਦੀ ਮਾਰ ਦਾ ਪੰਜਾਬੀਆਂ ਨੇ ਡੱਟ ਕੇ ਮੁਕਾਬਲਾ ਵੀ ਕੀਤਾ ਹੈ ਅਤੇ ਸੰਕਟ ਦੀ ਘੜੀ ਵਿੱਚੋਂ ਨਿਕਲ ਕੇ ਆਪਣੇ ਪੈਰਾਂ ਤੇ ਖੜੇ ਹੋਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।

ਕੁਦਰਤ ਦੀ ਕਰੋਪੀ ਦੇ ਨਾਲ ਨਾਲ ਪੰਜਾਬੀ ਹੋਰ ਬਹੁਤ ਸਾਰੀਆਂ ਬਹੁਪੱਖੀ ਅਤੇ ਬਹੁਪਰਤੀ ਸਮੱਸਿਆਵਾਂ ਵਿੱਚ ਘਿਰੇ ਹੋਏ ਹਨ। ਕਰਜ਼ੇ ਹੇਠ ਦੱਬੀ ਕਿਰਸਾਨੀ, ਕਾਰਪੋਰੇਸਟ ਘਰਾਣਿਆਂ ਵੱਲੋਂ ਕਿਰਸਾਨਾਂ ਦੀਆਂ ਜ਼ਮੀਨਾਂ ਤੇ ਬਾਜ਼ ਅੱਖ ਅਤੇ ਉਹਨਾਂ ਨੂੰ ਸਿਆਸੀ ਸਰਪ੍ਰਸਤੀ, ਬੇਕਾਰ ਡਿਗਰੀ ਵੰਡਦੇ ਅਖੌਤੀ ਵਿਦਿਅਕ ਅਦਾਰੇ, ਰੇਤ ਮਾਫੀਆ, ਡਰੱਗ ਮਾਫੀਆ, ਕੇਬਲ ਮਾਫੀਆ, ਰੁਜ਼ਗਾਰ ਮਾਫੀਆ, ਮਾਈਨਿੰਗ ਮਾਫੀਆ ਦੇ ਨਾਲ ਨਾਲ ਘਰ ਘਰ ਮੌਤ ਦਾ ਫਰਮਾਨ ਵੰਡਣ ਵਾਲੇ ਨਸ਼ੇ ਦੇ ਵਿਉਪਾਰੀਆਂ ਨੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਨਸ਼ਿਆਂ ਕਾਰਨ ਫਸਲਾਂ ਤੇ ਹੀ ਨਹੀਂ ਸਗੋਂ ਨਸਲਾਂ ਤੇ ਵੀ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਦੁਖਾਂਤਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਆਰਥਿਕ, ਸਰੀਰਕ, ਮਾਨਸਿਕ ਅਤੇ ਬੌਧਿਕ ਤੌਰ ਤੇ ਖੋਖਲੇ ਕਰਨ ਵਾਲੇ ਸਮਾਜ ਦੋਖੀ਼ ਪੰਜਾਬ ਵਿੱਚ ਰਹਿ ਕੇ ਹੀ ਨਸ਼ਿਆਂ ਰਾਹੀਂ ਜਵਾਨੀ ਦਾ ਘਾਣ ਕਰਕੇ ਸਿਵਿਆਂ ਦੀ ਭੀੜ ਵਿੱਚ ਨਿਰੰਤਰ ਵਾਧਾ ਕਰ ਰਹੇ ਹਨ। ਪਿਛਲੇ ਦਿਨੀ ਐਨ.ਸੀ.ਬੀ.(ਨਾਰਕੋਟਿਕਸ ਕੰਟਰੋਲ ਬਿਉਰੋ) ਦੀ ਰਿਪੋਰਟ ਸਾਨੂੰ ਸਭ ਨੂੰ ਝੰਜੋੜਨ ਵਾਲੀ ਹੈ। ਰਿਪੋਰਟ ਅਨੁਸਾਰ ਆਬਾਦੀ ਪੱਖ ਤੋਂ ਭਾਰਤ ਦੀ ਕੁੱਲ ਆਬਾਦੀ ਦਾ 2.3 ਪ੍ਰਤੀਸ਼ਤ ਆਬਾਦੀ ਪੰਜਾਬ ਦੀ ਹੈ, ਪਰ ਨਸ਼ੇ ਕਾਰਨ ਓਵਰਡੋਜ ਨਾਲ ਮਰਨ ਵਾਲਿਆਂ ਦੀ ਗਿਣਤੀ 21% ਹੈ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। 

ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਕੁਝ ਸਮਾਂ ਪਹਿਲਾਂ ਪ੍ਰਗਟਾਵਾ ਕੀਤਾ ਸੀ ਕਿ ਅੰਦਾਜਨ 9.70 ਲੱਖ ਨਸ਼ਈ ਸਿਹਤ ਵਿਭਾਗ ਵੱਲੋਂ ਖੋਲੇ ਓਟ ਸੈਂਟਰਾਂ ਰਾਹੀਂ ਇਲਾਜ ਕਰਵਾ ਰਹੇ ਹਨ। ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਐਲਾਨ ਉਪਰੰਤ ਪੁਲਿਸ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਤਸ਼ਕਰਾਂ ਦੀ ਗ੍ਰਿਫਤਾਰੀ ਅਤੇ ਨਸ਼ਿਆਂ ਦੀ ਰੋਕਥਾਮ ਦੇ ਨਾਲ ਨਾਲ ਨਸ਼ੱਈਆਂ ਦਾ ਇਲਾਜ ਕਰਵਾਉਣ ਲਈ ਯਤਨ ਕੀਤੇ ਗਏ। ਇਸ ਵੇਲੇ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਰਾਹੀਂ ਜੋ ਨਸ਼ਈ ਮਰੀਜ਼ ਇਲਾਜ ਕਰਵਾ ਰਹੇ ਹਨ ਉਹਨਾਂ ਦੀ ਗਿਣਤੀ ਅੰਦਾਜਨ 10.65 ਲੱਖ ਹੈ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ 706 ਓਟ ਕਲੀਨਿਕਾਂ ਤੋਂ ਬਿਨਾਂ 177 ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰ ਵੀ ਇਸ ਮੰਤਵ ਲਈ ਖੋਲ੍ਹੇ ਹੋਏ ਹਨ। ਵਰਨਣਯੋਗ ਹੈ ਕਿ 177 ਪ੍ਰਾਈਵੇਟ ਨਸ਼ਾ ਛੁਡਾਉ ਕੇਂਦਰਾਂ ਵਿੱਚ 117 ਨਸ਼ਾ ਛੁਡਾਉ ਕੇਂਦਰ 10 ਵਿਅਕਤੀਆਂ ਨੇ ਨਿੱਜੀ ਤੌਰ ਤੇ ਖੋਲੇ ਹੋਏ ਹਨ। ਸਰਕਾਰੀ 706 ਓਟ ਕਲੀਨਿਕਾਂ ਵਿੱਚ ਨਸ਼ਾ ਛੁਡਾਉਣ ਵਾਲੀ ਗੋਲੀ, ਜੋ ਜੀਭ ਤੇ ਰੱਖਣ ਵਾਲੀ ਗੋਲੀ ਦੇ ਤੌਰ ਤੇ ਜਾਣੀ ਜਾਂਦੀ ਹੈ, ਮੁਫ਼ਤ ਦਿੱਤੀ ਜਾਂਦੀ ਹੈ, ਜਦੋਂ ਕਿ ਪ੍ਰਾਈਵੇਟ ਕੇਂਦਰਾਂ ਵਿੱਚ ਇਹ ਗੋਲੀ ਦਾ ਮੁੱਲ ਨਿਰਧਾਰਤ ਕੀਤਾ ਗਿਆ ਹੈ। ਸਰਕਾਰੀ ਰਿਕਾਰਡ ਅਨੁਸਾਰ ਪਿਛਲੇ ਸੱਤ ਸਾਲਾਂ ਵਿੱਚ 9 ਲੱਖ ਤੋਂ ਜ਼ਿਆਦਾ ਨਸ਼ੱਈ ਮਰੀਜ਼ ਓਟ ਕਲੀਨਿਕਾਂ ਵਿੱਚ ਦਵਾਈ ਲੈਣ ਲਈ ਪਹੁੰਚੇ। ਇਹਨਾਂ ਵਿੱਚੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਸਿਰਫ 4154 ਹੈ, ਜਦੋਂ ਕਿ ਇਸ ਗੋਲੀ ਨਾਲ ਪ੍ਰਾਈਵੇਟ ਸੈਂਟਰਾਂ ਵਿੱਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 244 ਹੈ। ਬੁਪਰੀਨੋਰਫਿਨ ਨਾਂ ਦੀ ਇਹ ਗੋਲੀ ਤੇ ਹਰ ਸਾਲ ਸਿਹਤ ਵਿਭਾਗ ਦਾ 102 ਕਰੋੜ ਰੁਪਏ ਖਰਚ ਆਉਂਦਾ ਹੈ। ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਈ ਮਰੀਜ਼ ਦੀ ਤੋੜ ਨੂੰ ਅਸਥਾਈ ਤੌਰ ਤੇ ਘੱਟ ਕਰਨ ਲਈ ਤਾਂ ਇਹ ਗੋਲੀ ਠੀਕ ਹੈ, ਪਰ ਇਸ ਗੋਲੀ ਦੀ ਵਰਤੋਂ ਨਾਲ ਠੀਕ ਹੋਏ ਮਰੀਜ਼ਾਂ ਦੀ ਗਿਣਤੀ ਆਟੇ ਵਿੱਚ ਲੂਣ ਵਾਂਗ ਹੈ। ਪਿਛਲੇ ਸਾਢੇ ਪੰਜ ਸਾਲਾਂ ਵਿੱਚ ਨਸ਼ਾ ਛੁਡਾਉ ਕੇਂਦਰਾਂ ਵਿੱਚ 127 ਕਰੋੜ ਗੋਲੀਆਂ ਦੀ ਖਪਤ ਹੋਈ, ਜਿਸ ਉੱਪਰ 5 ਕਰੋੜ 61 ਲੱਖ ਰੁਪਏ ਖਰਚ ਹੋਏ। ਨਸ਼ਾ ਮੁਕਤ ਕਰਨ ਲਈ ਨਿਯੁਕਤ ਮਨੋਵਿਗਿਆਨਿਕ ਡਾਕਟਰਾਂ ਅਤੇ ਦੂਜੇ ਮੈਡੀਕਲ ਸਟਾਫ ਦੀਆਂ ਤਨਖਾਹਾਂ ਅਤੇ ਹੋਰ ਫੁਟਕਲ ਖਰਚੇ ਇਸ ਤੋਂ ਵੱਖ ਹਨ। 

ਜ਼ਿਲਾ ਪੱਧਰ ਤੇ ਬਣੇ ਨਸ਼ਾ ਛੁਡਾਉ ਕੇਂਦਰਾਂ ਵਿੱਚ ਨਸ਼ੱਈਆਂ ਦਾ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਪ੍ਰਾਪਤ ਕਰਨ ਲਈ ਸਵੇਰ ਤੋਂ ਹੀ ਮੇਲਾ ਲੱਗ ਜਾਂਦਾ ਹੈ। ਸਿਧਾਂਤਕ ਤੌਰ ਤੇ ਪਹਿਲਾਂ ਨਸ਼ੱਈ ਮਰੀਜ਼ਾਂ ਦੀ ਕੌਂਸਲਿੰਗ ਕਰਕੇ ਉਸਨੂੰ ਮੁੱਖਧਾਰਾ ਵਿੱਚ ਲਿਆਉਣ ਦੀ ਪ੍ਰੇਰਨਾ ਦੇਣੀ, ਦਵਾਈ ਦੀ ਮਾਤਰਾ ਹੌਲੀ ਹੌਲੀ ਘੱਟ ਕਰਨੀ ਅਤੇ ਨਾਲ ਹੀ ਪਰਿਵਾਰਕ ਮੈਂਬਰਾਂ ਦੀ ਕੌਂਸਲਿੰਗ ਅਤਿਅੰਤ ਜਰੂਰੀ ਹੈ। ਪਰ ਐਨੇ ਇਕੱਠ ਵਿੱਚ ਇਕੱਲੇ ਇਕੱਲੇ ਦੀ ਕਾਊਂਸਲਿੰਗ ਕਰਨੀ ਸੰਭਵ ਨਹੀਂ। ਬੱਸ, ਮਰੀਜ਼ ਦੀ ਰਜਿਸਟਰੇਸ਼ਨ ਕਰਨ ਉਪਰੰਤ ਉਸ ਨੂੰ ਨੇੜੇ ਦੇ ਓਟ ਸੈਂਟਰ ਵਿੱਚ ਜੀਭ ਤੇ ਰੱਖਣ ਵਾਲੀ ਗੋਲੀ ਲੈਣ ਲਈ ਭੇਜ ਦਿੱਤਾ ਜਾਂਦਾ ਹੈ। ਜ਼ਿਲਾ ਪੱਧਰ ਤੇ ਰਜਿਸਟਰੇਸ਼ਨ ਉਪਰੰਤ ਉਸ ਨੂੰ ਓਟ ਸੈਂਟਰਾਂ ਰਾਹੀਂ 14 ਦਿਨਾਂ ਲਈ ਇਹ ਗੋਲੀਆਂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ।

ਇਨ੍ਹਾਂ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇ ਕਈ ਨਾਕਾਰਾਤਮਿਕ ਪਹਿਲੂ ਵੀ ਸਾਹਮਣੇ ਆਏ ਹਨ। 2019 ਵਿੱਚ ਡਰੱਗ ਫਲਾਈੰਗ ਸਕੁਐਡ ਦੀ ਮੁਖੀ ਨੇਹਾ ਸ਼ੋਰੀ ਨੇ ਪੰਜਾਬ ਦੇ ਵੱਖ-ਵੱਖ ਨਸ਼ਾ ਛੁਡਾਉ ਕੇਂਦਰਾਂ ਵਿੱਚ ਪੰਜ ਕਰੋੜ ਗੋਲੀਆਂ ਦਾ ਘਪਲਾ ਫੜਿਆ ਸੀ। ਨੇਹਾ ਸ਼ੋਰੀ ਨੂੰ ਘਪਲਾ ਫੜਨ ਤੋਂ ਇੱਕ ਮਹੀਨੇ ਬਾਅਦ ਹੀ ਉਸਦੇ ਦਫ਼ਤਰ ਵਿੱਚ ਕਤਲ ਕਰ ਦਿੱਤਾ ਸੀ। ਘਪਲੇ ਵਾਲੀ ਫ਼ਾਈਲ, ਫਾਈਲਾਂ ਦੇ ਢੇਰ ਵਿੱਚ ਦੱਬੀ ਗਈ।

ਇੱਕ ਵਿਅਕਤੀ ਵੱਲੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਨਸ਼ਾ ਖਤਮ ਕਰਨ ਦੇ ਨਾਅਰੇ ਨਾਲ ਇਨ੍ਹਾਂ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਨੂੰ ਬਲੈਕ ਵਿੱਚ ਵੇਚ ਕੇ ਮੋਟੀ ਕਮਾਈ ਕੀਤੀ ਗਈ। ਡਰੱਗ ਇੰਸਪੈਕਟਰ ਦੀ ਮਿਲੀ ਭੁਗਤ ਨਾਲ ਨਸ਼ਈ ਮਰੀਜ਼ਾਂ ਦੀ ਗਲਤ ਰਜਿਸਟਰੇਸ਼ਨ ਕਰਕੇ ਇਹਨਾਂ ਗੋਲੀਆਂ ਨੂੰ ਥੋਕ ਵਿਚ ਵੇਚਿਆ ਗਿਆ। ਵਿਜੀਲੈਂਸ ਦੀ ਪੜਤਾਲ ਉਪਰੰਤ 22 ਸੈਂਟਰ ਸੀਲ ਕਰ ਦਿੱਤੇ ਹਨ। ਉਸ ਦੀ ਇਸ ਕਾਲੇ ਧੰਦੇ ਦੀ ਕਮਾਈ ਨਾਲ ਇਕੱਠੇ ਕੀਤੇ 21 ਕਰੋੜ ਵੀ ਈ.ਡੀ. ਵੱਲੋਂ ਜ਼ਬਤ ਕਰ ਲਏ ਗਏ ਹਨ ਅਤੇ ਸੈਂਟਰਾਂ ਦਾ ਮਾਲਕ ਜੇਲ੍ਹ ਵਿੱਚ ਹੈ। ਓਟ ਕਲੀਨਿਕਾਂ ਵਿੱਚ ਮਰੀਜ਼ਾਂ ਨੂੰ ਮੁਫ਼ਤ ਦੇਣ ਵਾਲੀ ਇਹ ਗੋਲੀ ਕਈ ਮੈਡੀਕਲ ਸਟੋਰਾਂ ਤੇ ਰੇਡ ਕਰਨ ਉਪਰੰਤ ਬਰਾਮਦ ਕੀਤੀਆਂ ਗਈਆਂ। ਇੱਥੇ ਹੀ ਬੱਸ ਨਹੀਂ, ਕਈ ਵਿਅਕਤੀ ਨਸ਼ੱਈ ਮਰੀਜ਼ ਬਣ ਕੇ ਗੋਲੀਆਂ ਦੇ ਪੱਤੇ ਪ੍ਰਾਪਤ ਕਰਨ ਉਪਰੰਤ ਬਲੈਕ ਵਿੱਚ ਵੇਚਦੇ ਵੀ ਫੜੇ ਗਏ ਹਨ। ਪੰਜਾਬ ਦੇ ਕਈ ਓਟ ਸੈਂਟਰਾਂ ਵਿੱਚ ਇਨ੍ਹਾਂ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਦੇ ਕਾਲੇ ਧੰਦੇ ਸਾਹਮਣੇ ਆਏ ਹਨ।


ਪੰਜਾਬ ਦੇ ਇੱਕ ਓਟ ਸੈਂਟਰ ਤੇ ਗੋਲੀਆਂ ਪ੍ਰਾਪਤ ਕਰਨ ਉਪਰੰਤ ਬਲੈਕ ਵਿੱਚ ਵੇਚਦਾ ਹੋਇਆ ਇੱਕ ਵਿਅਕਤੀ।

ਇਹਨਾਂ ਗੋਲੀਆਂ ਦੇ ਨਸ਼ੱਈ ਮਰੀਜ਼ਾਂ ਤੇ ਪੈ ਰਹੇ ਪ੍ਰਭਾਵਾਂ ਸਬੰਧੀ ਜਦੋਂ ਇੱਕ ਮਨੋਵਿਗਿਆਨਿਕ ਡਾਕਟਰ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਇਸ ਗੋਲੀ ਦੀ ਵਰਤੋਂ ਨਾਲ ਸਿਰ ਦਰਦ, ਉਲਟੀ, ਘਬਰਾਹਟ, ਕਬਜ਼, ਲੀਵਰ ਤੇ ਮਾਰੂ ਅਸਰ, ਸਾਹ ਦੀ ਦਿੱਕਤ ਵੀ ਆਉਂਦੀ ਹੈ ਅਤੇ ਕਈ ਨਸ਼ੱਈ ਮਰੀਜ਼ਾਂ ਨੇ ਇਹਨਾਂ ਗੋਲੀਆਂ ਦੀ ਵਰਤੋਂ ਉਪਰੰਤ ਨਾਮਰਦੀ ਦਾ ਪ੍ਰਗਟਾਵਾ ਵੀ ਕੀਤਾ ਹੈ। ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਨਸ਼ੱਈ ਮਰੀਜ਼ ਮੰਜੇ ਨਾਲ ਸਾਂਝ ਪਾ ਲੈਂਦਾ ਹੈ। ਇੱਕ ਸਰਵੇਖਣ ਅਨੁਸਾਰ 15-35 ਆਯੂ ਗੁੱਟ ਦੇ ਅੰਦਾਜਨ 23 ਲੱਖ ਨਸ਼ੱਈ ਪੰਜਾਬ ਵਿੱਚ ਵੱਖ-ਵੱਖ ਤਰ੍ਹਾਂ ਦਾ ਨਸ਼ਾ ਕਰ ਰਹੇ ਹਨ। 9.75 ਲੱਖ ਮਰੀਜ਼ ਤਾਂ ਇਨ੍ਹਾਂ ਜੀਭ ਤੇ ਰੱਖਣ ਵਾਲੀਆਂ ਗੋਲੀਆਂ ਨਾਲ ਆਪਣੀ ਤੋੜ ਨੂੰ ਅਸਥਾਈ ਤੌਰ ਤੇ ਘਟਾ ਰਹੇ ਹਨ। ਪਰ ਇਹ ਨਸ਼ਾ ਛੱਡਣ ਦਾ ਪੱਕਾ ਇਲਾਜ ਨਹੀਂ ਹੈ। ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਵਿੱਚ ਕਈ ਵਾਰ ਟੈਕਨੀਕਲ ਕਾਰਨਾਂ ਕਰਕੇ ਇਹ ਗੋਲੀਆਂ ਦੀ ਸਪਲਾਈ ਇਕ ਦੋ ਘੰਟੇ ਲਈ ਰੁਕਣ ਸਮੇਂ ਨਸ਼ੱਈ ਮਰੀਜ਼ ਤੋੜ ਨਾਲ ਤੜਪਦੇ ਵੇਖੇ ਗਏ ਹਨ। ਉਹਨਾਂ ਨੂੰ ਤੜਪਦਿਆਂ ਵੇਖ ਕੇ ਹੀ ਕਿਸੇ ਨੇ ਹਾਅ ਦਾ ਨਾਅਰਾ ਮਾਰਿਆ ਸੀ:

ਨਸ਼ਿਆਂ ਵਾਲੀ ਦੇ ਕੇ ਗੋਲੀ। ਵੇਖੋ ਕਿੰਜ ਜਵਾਨੀ ਰੋਲੀ।

ਅੰਦਾਜ਼ਨ 13 ਲੱਖ ਹੋਰ ਨਸ਼ੱਈ ਮਰੀਜ਼ ਨਸ਼ਾ ਪ੍ਰਾਪਤ ਕਰਨ ਲਈ ਜਿੱਥੇ ਮਾਪਿਆਂ ਦੇ ਗੱਲ ਗੂਠਾ ਦਿੰਦੇ ਹਨ, ਉੱਥੇ ਹੀ ਲੁੱਟ ਖੋਹ, ਝਪਟਮਾਰੀ ਅਤੇ ਹੋਰ ਕਈ ਤਰ੍ਹਾਂ ਦੇ ਸੰਗੀਨ ਜ਼ੁਰਮ ਵੀ ਕਰਦੇ ਹਨ। ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਇਹ ਗੰਭੀਰ ਟਿੱਪਣੀ ਸਾਡੇ ਸਾਰਿਆਂ ਲਈ ਇੱਕ ਚੇਤਾਵਨੀ ਹੈ, “ਨਸ਼ਿਆਂ ਦਾ ਸੰਕਟ ਹੁਣ ਸਿਰਫ ਵਿਅਕਤੀਗਤ ਆਦਤ ਤੱਕ ਸੀਮਤ ਨਹੀਂ ਰਿਹਾ। ਸਗੋਂ ਜਨਤਕ ਪ੍ਰਬੰਧ, ਰਾਸ਼ਟਰੀ ਸੁਰੱਖਿਆ ਅਤੇ ਕਾਨੂੰਨ ਲਈ ਖ਼ਤਰਾ ਵੀ ਬਣ ਗਿਆ ਹੈ।”

ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ।

ਮੋ-94171-48866

Show More

Related Articles

Leave a Reply

Your email address will not be published. Required fields are marked *

Back to top button
Translate »