ਦਿੱਲੀ ਦੀਆਂ ਫਿਜ਼ਾਵਾਂ ਵਿੱਚ–

ਦਿੱਲੀ ਦੀਆਂ ਫਿਜ਼ਾਵਾਂ ਵਿੱਚ ਇਹ ਕੈਸੀ ਗਹਿਰ ਚੜ੍ਹੀ
ਗੁਰੂ ਸਮੇਤ ਸਿੱਖਾਂ ਨੂੰ ਜਾਲਮ ਫ਼ੌਜੀ ਜਾਣ ਫੜੀ
ਆਲ੍ਹਣਿਆਂ ਵਿੱਚ ਦੁਬਕੇ ਪੰਛੀ ਸਹਿਮੇ ਡਰੇ ਹੋਏ
ਧੌਣ ਨਾ ਚੁੱਕਣ ਜ਼ੁਲਮ ਸਹਿਣ ਇਹ ਲੋਕੀਂ ਮਰੇ ਹੋਏ

ਮਰਦ ਕੌਮ ਦੇ ਮਰਦ ਚਾਰ ਪਰਾਹੁਣੇ ਦਿੱਲੀ ਦੇ
ਟੱਲੀ ਬੰਨ੍ਹਣ ਚੱਲੇ ਗਲ਼ ਵਿੱਚ ਖੂਨਣ ਬਿੱਲੀ ਦੇ
ਮਤੀ ਦਾਸ ਦੇ ਸਿਰ ਤੇ ਚਲਦਾ ਤਿੱਖਾ ਆਰਾ ਏ
ਭਾਣੇ ਵਿੱਚ ਅਡੋਲ ਖੜਾ ਗੁਰਸਿੱਖ ਨਿਆਰਾ ਏ
ਸਤੀ ਦਾਸ ਨੂੰ ਰੂੰਅ ਦੇ ਵਿੱਚ ਲਪੇਟ ਜਲਾ ਦਿੱਤਾ
ਬਾਣੀ ਵਿੱਚ ਅਭੇਦ ਸਿੱਖ ਨੇ ਤਖ਼ਤ ਹਿਲਾ ਦਿੱਤਾ
ਉੱਬਲ਼ਦੇ ਦੇਗੇ ਵਿੱਚ ਦਿਆਲਾ ਬਾਣੀ ਪੜ੍ਹਦਾ ਹੈ
ਦੇਖ ਸ਼ਾਤੀ ਔਰੰਗੇ ਦਾ ਸੀਨਾਂ ਸੜਦਾ ਹੈ
ਕਾਜ਼ੀ ਸੋਚੇ ਜ਼ੁਲਮ ਦੇਖ ਕੇ ਬਾਬਾ ਡਰਜੇ ਗਾ
ਉਹ ਕੀ ਜਾਣੇ ਸਤਿਗੁਰ ਸਭ ਕੁਝ ਸਹਿਜੇ ਜਰਜੇ ਗਾ
ਪਿੰਜਰੇ ਵਾਲੀਆਂ ਨੋਕਾਂ ਗੁਰੂ ਦਾ ਪਿੰਡਾ ਚੀਰਦੀਆਂ
ਇੱਕ ਤਾਰ ਲਿਵ ਤੋੜ ਨਾਂ ਸੱਕਣ ਜੱਗ ਦੇ ਪੀਰ ਦੀਆਂ
ਚੱਲੀ ਗੁਰੂ ਦੇ ਸੀਸ ਉੱਤੇ ਗਲ਼ ਜੇਂ ਤਲਵਾਰੇ ਨੀਂ
ਚੌਂਕ ਚਾਂਦਨੀ ਭਿੱਜਿਆ ਚੱਲੇ ਚੱਲੇ ਖੂਨ ਫੁਹਾਰੇ ਨੀਂ
ਸੂਰਜ ਰੋਇਆ ਕਾਲ਼ੀ ਬੋਲ਼ੀ ਚੱਲੀ ਹਨ੍ਹੇਰੀ ਏ
ਰੁੜ ਜਾਣੀ ਔਰੰਗਿਆ ਹੁਣੇ ਹਕੂਮਤ ਤੇਰੀ ਏ
ਭਾਈ ਜੈਤੇ ਸਤਿਗੁਰ ਜੀ ਦਾ ਸੀਸ ਉਠਾ ਲਿਆ ਹੈ
ਆਪਣੇ ਬਾਪ ਦਾ ਸਿਰ ਕੱਟ ਕੇ ਉਸ ਨਾਲ਼ ਵਟਾ ਲਿਆ ਹੈ
ਦੁਨੀਆ ਕਰਦੀ ਯਾਦ ਰਹੂ “ਚੌਹਾਨ” ਸ਼ਹਾਦਤ ਨੂੰ
ਲੱਖੀ ਸ਼ਾਹ ਤੇ ਜੈਤੇ ਦੀ ਇਸ ਅਜਬ ਇਬਾਦਤ ਨੂੰ
ਲਿਖਤ: ਭੋਲਾ ਸਿੰਘ ਚੌਹਾਨ 403 708 2901




