ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

  ਅਲਵਿਦਾ ! ਵਿਦਵਾਨ ਸਾਹਿਤਕਾਰ ਦਲੀਪ ਸਿੰਘ ਵਾਸਨ

ਭੋਗ ਤੇ ਵਿਸ਼ੇਸ਼ 2 ਮਈ 2026

       ਪੰਜਾਬੀ ਬੋਲੀ ਦੇ ਮੁੱਦਈ, ਸਾਹਿਤਕਾਰ, ਪ੍ਰਸਿੱਧ ਸਮਾਜ ਸੇਵਕ, ਕਾਲਮ ਨਵੀਸ ਤੇ ਕਾਨੂੰਨਦਾਨ ਦਲੀਪ ਸਿੰਘ ਵਾਸਨ 89 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗੂੜ੍ਹ ਗਿਆਨ ਰੱਖਣ ਵਾਲਾ ਬਹੁ-ਪੱਖੀ, ਬਹੁ-ਮੰਤਵੀ, ਬਹੁ-ਵਿਧਾਵੀ ਅਤੇ ਸਰਬਕਲਾ ਸੰਪੂਰਨ ਵਿਦਵਾਨ ਲੇਖਕ ਤੇ ਇਨਸਾਨ ਸੀ । ਉਸ ਦੀਆਂ ਰਚਨਾਵਾਂ ਸੱਚਾਈ ਅਤੇ ਸਾਰਥਿਕਤਾ ਦਾ ਪ੍ਰਮਾਣ ਹਨ। ਦਲੀਪ ਸਿੰਘ ਵਾਸਨ ਪਿਛਲੇ  60 ਸਾਲ ਤੋਂ ਪੰਜਾਬੀ ਮਾਂ ਬੋਲੀ ਦੀ ਨਿਸ਼ਕਾਮ ਸੇਵਾ ਕਰਦੇ ਆ ਰਹੇ ਸਨ। ਉਸਨੇ ਆਪਣਾ ਸਾਹਿਤਕ ਸਫਰ 1957 ਵਿੱਚ ਪਹਿਲੀ ਕਹਾਣੀ ‘ਮੱਕੀ ਦੀ ਰੋਟੀ’ ਨਾਲ ਸ਼ੁਰੂ ਕੀਤਾ ਸੀ, ਜਿਹੜੀ ਪ੍ਰੀਤਲੜੀ ਰਸਾਲੇ ਵਿੱਚ ਪ੍ਰਕਾਸ਼ਤ ਹੋਈ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਤੱਕ ਉਹ ਕਲਮ ਅਜ਼ਮਾਈ ਕਰਦੇ ਰਹੇ। ਦਲੀਪ ਸਿੰਘ ਵਾਸਨ ਨੇ ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਮਿਆਰੀ ਮਾਨਵ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਲਿਖੀਆਂ ਸਨ।  ਉਸਦੇ ਸਮਾਜਿਕ ਵਿਸ਼ਿਆਂ ‘ਤੇ ਲਿਖੇ ਦੋ ਨਾਵਲ  ‘ਸੋਢੀਆਂ ਦਾ ਫਾਰਮ’ 1978 ਅਤੇ ‘ਹੜਤਾਲ’ 1982  ਸਾਹਿਤਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਰਹੇ ਸਨ। ਮੁੱਖ ਤੌਰ ‘ਤੇ ਉਹ ਵਾਰਤਕ ਲੇਖਕ ਤੇ ਕਾਲਮ ਨਵੀਸ ਸਨ। ਦਲੀਪ ਸਿੰਘ ਵਾਸਨ ਦੀਆਂ ਬਹੁਤੀਆਂ ਪੁਸਤਕਾਂ ਜ਼ਿੰਦਗੀ ਜਿਓਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੰਦੀਆਂ ਹਨ। ਉਸਦੀ ਆਪਣੀ ਜ਼ਿੰਦਗੀ ਅੱਤ ਦੀ ਕਠਨ ਤੇ ਜਦੋਜਹਿਦ ਵਾਲੀ ਰਹੀ ਸੀ, ਇਸ ਕਰਕੇ ਉਹ ਆਪਣੀ ਹਰ ਰਚਨਾ ਵਿੱਚ ਸਮਾਜ ਨੂੰ ਬਿਹਤਰੀਨ ਜ਼ਿੰਦਗੀ ਜਿਓਣ ਦੇ ਨੁਕਤਿਆਂ ਬਾਰੇ ਵਧੀਆ ਢੰਗ ਨਾਲ ਬਿਰਤਾਂਤ ਸਿਰਜਦੇ ਸਨ।  ਅਸਲ ਵਿੱਚ ਉਹ ਨੌਜਵਾਨ ਪੀੜ੍ਹੀ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨ ਦਾ  ਉਪਰਾਲਾ ਕਰਦੇ ਰਹਿੰਦੇ ਸਨ।  ਉਹ ਜਿਹੋ ਜਹੇ ਬਾਹਰੋਂ ਸਨ, ਉਹੋ ਜਹੇ ਹੀ ਅੰਦਰੋਂ ਸਨ। ਕੋਈ ਮੁਲੰਮਾ ਨਹੀਂ। ਸਾਦਾ ਅਤੇ ਸਰਲ ਜੀਵਨ ਬਤੀਤ ਕਰਦੇ ਸਨ। ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਹੀਂ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਉਹ ਜਿਤਨੇ ਵੱਡੇ ਇਨਸਾਨ ਅਤੇ ਵਿਦਵਾਨ ਸਨ, ਉਤਨੀ ਹੀ ਸਰਲ ਭਾਸ਼ਾ ਅਤੇ ਸ਼ੈਲੀ ਵਿਚ ਜੀਵਨ ਦੀ ਵਿਚਾਰਧਾਰਾ ਨੂੰ ਅਜਿਹੇ ਢੰਗ ਨਾਲ ਲਿਖਦੇ ਸਨ ਕਿ ਉਨ੍ਹਾਂ ਦੇ ਹਰ ਸ਼ਬਦ ਨੂੰ ਪਾਠਕ ਪੱਲੇ ਬੰਨ੍ਹਣ ਦਾ ਪ੍ਰਣ ਕਰ ਲੈਂਦਾ ਸੀ। ਉਸ ਦੀਆਂ ਰਚਨਾਵਾਂ ਦੇ ਛੋਟੇ-ਛੋਟੇ ਸ਼ਬਦ ਤੇ ਨਿੱਕੇ-ਨਿੱਕੇ ਵਾਕ ਪਾਠਕ ਦੇ ਮਨ ਮਸਤਕ ‘ਤੇ ਮੀਂਹ ਦੀਆਂ ਕਣੀਆਂ ਦੀ ਫੁਹਾਰ ਦੀ ਤਰ੍ਹਾਂ ਠੰਡਕ ਪੈਦਾ ਕਰਕੇ ਸਕੂਨ ਦਿੰਦੇ ਸਨ। ਵੈਸੇ ਤਾਂ ਉਨ੍ਹਾਂ ਨੇ ਪੰਜਾਬੀ ਅਤੇ ਅੰਗਰੇਜ਼ੀ ਵਿਚ 50 ਤੋਂ ਵੱਧ ਪੁਸਤਕਾਂ ਲਿਖੀਆਂ ਸਨ, ਪ੍ਰੰਤੂ ਉਸਨੇ ਕਦੇ ਵੀ ਆਪਣੇ ਆਪ ਨੂੰ ਲੇਖਕ ਨਹੀਂ ਕਿਹਾ ਸੀ, ਸਗੋਂ ਆਪਣੇ ਆਪ ਨੂੰ ਪੰਜਾਬੀ ਮਾਂ ਬੋਲੀ ਦਾ ਸੇਵਾਦਾਰ ਹੀ ਕਹਿੰਦਾ ਰਿਹਾ। ਉਸ ਦੀਆਂ ਕੁਝ ਪੁਸਤਕਾਂ ‘ਸੋਢੀਆਂ ਦਾ ਫਾਰਮ’, ‘ਹੜਤਾਲ’, ‘ਜੀਵਨ ਇੱਕ ਸਚਾਈ’, ‘ਆਤਮ ਵਿਸ਼ਵਾਸ਼’, ‘ਆਪਣੀ ਕਿਸਮਤ’, ‘ਭਾਰਤ ਮੇਰੀ ਨਜ਼ਰ ਵਿੱਚ’, ‘ਫਰਿਆਦੀ ਫਰਿਆਦ ਕਰੇ’, ‘ਕੜਵੇ ਗੁਲਾਬ ਜਾਮੁਨ’, ‘ਕੁੱਜੇ ਵਿੱਚ ਸਮੁੰਦਰ’, ‘ਗ਼ਮ  ਨਾ ਕਰ ਮੁਸਕਰਾ’, ‘ਕਲਯੁਗ ਅੰਦਰ ਨਾਨਕਾ’, ‘ਕਿਣਕਾ ਕਿਣਕਾ ਪਰਬਤ’, ‘ਵਿਚਾਰਾਂਜ਼ਲੀ’ ਅਤੇ ਅੰਗਰੇਜ਼ੀ ਦੀਆਂ  ‘ਬੇਸਿਕ ਪ੍ਰਾਬਲਮਜ਼ ਆਫ਼ ਲਾਈਫ’, ‘ਐਜ਼ ਆਈ ਥਿੰਕ ਇਟ’, ‘ਕਨਸਰਨ ਆਫ ਯੂਥ’, ‘ਗਰੇਟ ਪੀਪਲ’, ‘ਮੇਕ ਦਾ ਕੰਟਰੀ’, ‘ਇੰਟਰੋਸਪੈਕਸ਼ਨ’, ‘ਲਾਸਟ ਲੈਟਰ’, ‘ਲੈਟ ਅਸ ਰਿਡਿਊਸ ਟੈਨਸ਼ਨ’ ਅਤੇ ‘ਸੈਲਫ਼ ਸਟਾਰਟ ਟੀਚਿੰਗ ’ਹਨ। ਉਸਦਾ ਪਹਿਲਾ ਨਾਵਲ ‘ਸੋਢੀਆਂ ਦਾ ਫਾਰਮ’ ਸਿੰਘ ਬ੍ਰਦਰਜ਼ ਅੰਮਿ੍ਰਤਸਰ ਨੇ ਪ੍ਰਕਾਸ਼ਤ ਕੀਤਾ ਸੀ। ਇਸ ਤੋਂ ਇਲਾਵਾ ਉਸਦੇ ਦੋ ਕਾਲਮ ‘ਤੁਹਾਡੀਆਂ ਸਮੱਸਿਆਵਾਂ ਦਾ ਹੱਲ’ ਅਤੇ ‘ਬੱਚਿਆਂ ਲਈ ਕਾਨੂੰਨੀ ਸੇਵਾਵਾਂ’ ਅਖ਼ਬਾਰਾਂ ਵਿੱਚ ਲਗਾਤਾਰ ਲੰਬਾ ਸਮਾਂ ਪ੍ਰਕਾਸ਼ਤ ਹੁੰਦੇ ਰਹੇ ਹਨ। ਉਹ ਆਪਣੀ ਹਰ ਰਚਨਾਂ ਵਿੱਚ ਜ਼ਿੰਦਗੀ ਦੀਆਂ ਅਟੱਲ ਸਚਾਈਆਂ ‘ਤੇ ਅਧਾਰਤ ਜਾਣਕਾਰੀ ਦਿੰਦਾ ਸੀ। ਸਰਸਰੀ ਤੌਰ ਤੇ ਪਾਠਕ ਨੂੰ ਉਸ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤੀਆਂ ਪਸੰਦ ਨਾ ਆਉਣ, ਪ੍ਰੰਤੂ ਜੇਕਰ ਉਹ ਉਨ੍ਹਾਂ ਤੇ ਅਮਲ ਕਰਨਗੇ ਤਾਂ ਸਫਲਤਾ ਉਨ੍ਹਾਂ ਦੇ ਪੈਰ ਚੁੰਮੇਗੀ, ਭਾਵ ਉਸ ਦੀਆਂ ਸਾਹਿਤਕ ਬੂੰਦਾਂ ਜ਼ਿੰਦਗੀ ਜਿਓਣ ਦੇ ਨੁਕਤੇ ਦੱਸਦੀਆਂ ਸਨ।  ਦਲੀਪ ਸਿੰਘ ਵਾਸਨ ਕਹਿੰਦੇ ਸਨ ਕਿ ਇਨਸਾਨ ਝੂਠ ਨੂੰ ਹੀ ਜੀਵਨ ਦਾ ਆਧਾਰ ਬਣਾਉਂਦਾ ਹੈ, ਜਿਸ ਕਰਕੇ ਉਸਨੂੰ ਪੈਰ-ਪੈਰ ‘ਤੇ ਝੂਠ ਦਾ ਸਹਾਰਾ ਲੈਣਾ ਪੈਂਦਾ ਹੈ। ਇੱਕ-ਨਾ-ਇੱਕ ਦਿਨ ਝੂਠ ਦਾ ਮਹਿਲ ਢਹਿ-ਢੇਰੀ ਹੋ ਜਾਂਦਾ ਹੈ। ਕੋਈ ਵੀ ਇਨਸਾਨ ਪੂਰਾ ਸੱਚ ਨਹੀਂ ਬੋਲਦਾ। ਜਿਹੜੇ ਸੱਚ ਬੋਲਣ ਦੀ ਨਸੀਹਤ ਦੇ ਰਹੇ ਹੁੰਦੇ ਹਨ, ਉਹ ਵੀ ਝੂਠ ਬੋਲ ਰਹੇ ਹੁੰਦੇ ਹਨ। ਇਹ ਠੀਕ ਹੈ ਕਿ ਝੂਠ ਮੁਸੀਬਤਾਂ ਖੜ੍ਹੀਆਂ ਕਰਦਾ ਹੈ, ਕਿਉਂਕਿ ਇਕ ਝੂਠ ਨੂੰ ਛੁਪਾਉਣ ਲਈ ਅਨੇਕ ਝੂਠ ਬੋਲਣੇ ਪੈਂਦੇ ਹਨ। ਉਸ ਦੀਆਂ ਰਚਨਾਵਾਂ ਸੱਚ ‘ਤੇ ਪਹਿਰਾ ਦੇਣ ਦੀ ਤਾਕੀਦ ਕਰਦੀਆਂ ਸਨ। ਦਲੀਪ ਸਿੰਘ ਵਾਸਨ ਫਾਈਵ-ਇਨ-ਵਨ ਸੀ। ਉਹ ਸਾਹਿਤਕਾਰ, ਕਾਲਮ ਨਵੀਸ, ਰੋਜ਼ਗਾਰ ਅਧਿਕਾਰੀ, ਕਾਨੂੰਨਦਾਨ, ਸਮਾਜ ਸੇਵਕ ਅਤੇ ਦੋਸਤਾਂ ਦਾ ਦੋਸਤ ਸੀ।

ਦਲੀਪ ਸਿੰਘ ਵਾਸਨ

     ਦਲੀਪ ਸਿੰਘ ਵਾਸਨ ਨੂੰ ਮੈਂ ਉਦੋਂ ਤੋਂ ਜਾਨਣ ਲੱਗਿਆ ਜਦੋਂ 1969 ਵਿੱਚ ਮੈਂ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿੱਚੋਂ ਜੂਨੀਅਰ ਬੇਸਿਕ ਟ੍ਰੇਨਿੰਗ ਕਰਨ ਤੋਂ ਬਾਅਦ ਨੌਕਰੀ ਲੈਣ ਲਈ ਰੋਜ਼ਗਾਰ ਦਫਤਰ ਵਿੱਚ ਆਪਣਾ ਨਾਮ ਦਰਜ ਕਰਵਾਉਣ ਗਿਆ ਸੀ। ਪਹਿਲੀ ਮੁਲਾਕਾਤ ਵਿੱਚ ਹੀ ਪਤਾ ਲੱਗ ਗਿਆ ਸੀ ਕਿ ਉਹ ਇੱਕ ਬੜਾ ਹੀ ਸੁਹਿਰਦ ਇਨਸਾਨ ਸੀ। ਉਸਤੋਂ ਬਾਅਦ ਜਦੋਂ ਅਸੀਂ ਦੋਸਤ ਰਲ ਮਿਲਕੇ  ਪੰਜਾਬੀ ਦਾ ਮਾਸਕ ਰਸਾਲਾ ‘ਵਹਿਣ’ 1973 ਵਿੱਚ ਪਟਿਆਲਾ ਤੋਂ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ ਤਾਂ ਦਲੀਪ  ਸਿੰਘ ਵਾਸਨ ਨਾਲ ਸਾਹਿਤਕ ਪ੍ਰਵਿਰਤੀ ਕਰਕੇ ਤਾਲਮੇਲ ਦੋਸਤੀ ਵਿੱਚ ਬਦਲ ਗਿਆ। ਫਿਰ ਮੈਂ ਪੰਜ ਸਾਲ ਚੰਡੀਗੜ੍ਹ ਰਿਹਾ ਤੇ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਅਤੇ ਬਾਅਦ ਵਿੱਚ ਸੰਪਾਦਕ ਹੋਣ ਸਮੇਂ ਵੀ ਸਾਡਾ ਸਾਹਿਤਕ ਪਿਆਰ ਪੂਰ ਚੜ੍ਹਦਾ ਰਿਹਾ।  ਫਿਰ 1979 ਵਿੱਚ ਜਦੋਂ ਮੈਂ ਲੋਕ ਸੰਪਰਕ ਵਿਭਾਗ ਪਟਿਆਲਾ ਵਿੱਚ ਸਹਾਇਕ ਲੋਕ ਸੰਪਰਕ ਅਧਿਕਾਰੀ ਨਿਯੁਕਤ ਹੋਇਆ ਤਾਂ ਉਸ ਨੂੰ ਬਾਕਾਇਦਾ ਮਿਲਣ ਗਿਲਣ ਦਾ ਮੌਕਾ ਮਿਲਦਾ ਰਿਹਾ, ਕਿਉਂਕਿ ਉਹ ਵੀ ਉਸ ਸਮੇਂ ਪਟਿਆਲਾ ਵਿਖੇ ਰੋਜ਼ਗਾਰ ਅਧਿਕਾਰੀ ਲੱਗਿਆ ਹੋਇਆ ਸੀ। 1984 ਵਿੱਚ ਦਿੱਲੀ ਅਤੇ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਹੋਏ ਕਤਲੇਆਮ ਤੋਂ ਪ੍ਰਭਾਵਤ ਪਰਿਵਾਰਾਂ ਨੂੰ ਰੋਜ਼ਗਾਰ ਦੇਣ  ਸਮੇਂ ਦਲੀਪ ਸਿੰਘ ਵਾਸਨ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਰਿਹਾ ਸੀ, ਕਿਉਂਕਿ ਉਹ ਰੋਜ਼ਗਾਰ ਦੇਣ ਵਾਲੀ ਪਟਿਆਲਾ ਜਿਲ੍ਹਾ ਪੱਧਰ ਦੀ ਕਮੇਟੀ ਦਾ ਮੈਂਬਰ ਸੀ। ਦਲੀਪ ਸਿੰਘ ਵਾਸਨ ਨੇ ਰੋਜ਼ਗਾਰ ਵਿਭਾਗ ਵਿੱਚ 33 ਸਾਲ ਨੌਕਰੀ ਕਰਨ ਤੋਂ ਬਾਅਦ 1988 ਵਿੱਚ ਸਵੈ ਇੱਛਾ ਨਾਲ ਸੇਵਾ ਮੁਕਤੀ ਲੈ ਕੇ ਜਿਲ੍ਹਾ ਕਚਹਿਰੀਆਂ ਵਿੱਚ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ 32 ਸਾਲ 2022 ਤੱਕ ਵਕਾਲਤ ਕਰਦੇ ਰਹੇ। ਉਹ ਗ਼ਰੀਬ ਲੋਕਾਂ ਦੀ ਮੁਫ਼ਤ ਵਕਾਲਤ ਕਰਦੇ ਸਨ, ਕਿਉਂਕਿ ਉਸਨੇ ਖੁਦ ਗ਼ਰੀਬੀ ਨੇੜਿਉਂ ਵੇਖੀ ਸੀ। ਉਹ ਗ਼ਰੀਬ ਲੋਕਾਂ ਦੀਆਂ ਮਜ਼ਬੂਰੀਆਂ ਨੂੰ ਮਹਿਸੂਸ ਕਰਦੇ ਸਨ। ਉਹ ਪਟਿਆਲਾ ਦੀਆਂ ਸਾਹਿਤਕ ਸੰਸਥਾਵਾਂ ਨਾਲ ਜੁੜੇ ਹੋਏ ਸਨ। ਪੰਜਾਬੀ ਸਾਹਿਤ ਸਭਾ ਅਤੇ ਤਿ੍ਰਵੈਣੀ ਪ੍ਰੀਸ਼ਦ ਦੇ ਉਹ ਮੈਂਬਰ ਤੇ ਕਾਨੂੰਨੀ ਸਲਾਹਕਾਰ ਵੀ ਸਨ। ਉਸਨੂੰ ਬਹੁਤ ਸਾਰੀਆਂ ਸਮਾਜਿਕ, ਸਾਹਿਤਕ ਅਤੇ ਸਭਿਆਚਾਰਕ ਸੰਸਥਾਵਾਂ ਨੇ ਸਨਮਾਨਿਤ ਕੀਤਾ ਸੀ, ਜਿਨ੍ਹਾਂ ਵਿੱਚ ਸਾਹਿਤ ਸਭਾ ਪਟਿਆਲਾ ਅਤੇ ਬਾਰ ਕੌਂਸਲ ਪਟਿਆਲਾ ਵਰਣਨਯੋਗ ਹਨ।

    ਦਲੀਪ ਸਿੰਘ ਵਾਸਨ ਦਾ ਜਨਮ ਬਰਤਾਨਵੀ ਭਾਰਤ ਦੇ ਹਜ਼ਾਰਾ/ਮੁਲਤਾਨ ਜਿਲ੍ਹੇ ਦੇ ਪਿੰਡ  ਬੋਦਲਾ ਵਿੱਚ 4 ਮਈ 1937 ਨੂੰ ਪਿਤਾ ਹਰਿ ਸਿੰਘ ਪਟਵਾਰੀ ਦੇ ਘਰ ਮਾਤਾ  ਨਾਨਕੀ ਦੇਵੀ ਦੀ ਕੁੱਖੋਂ ਹੋਇਆ ਸੀ। ਦੇਸ਼ ਦੀ ਵੰਡ ਸਮੇਂ ਦਲੀਪ ਸਿੰਘ ਵਾਸਨ ਆਪਣੇ ਪਰਿਵਾਰ ਤੋਂ ਵਿਛੜ ਗਿਆ ਸੀ। ਧੱਕੇ-ਧੌਲੇ ਖਾਂਦਾ ਪਹਿਲਾਂ ਉਹ ਸੰਗਰੂਰ, ਸਮਾਣਾ ਤੇ ਅਖ਼ੀਰ ਪਟਿਆਲਾ ਪਹੁੰਚ ਗਿਆ। ਉਸਦੀ ਜ਼ਿੰਦਗੀ ਦਾ ਇਮਤਿਹਾਨ ਉਦੋਂ ਹੀ ਸ਼ੁਰੂ ਹੋ ਗਿਆ, ਜਦੋਂ ਉਸਨੂੰ ਰੋਜ਼ੀ ਰੋਟੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ। ਸਭ ਤੋਂ ਪਹਿਲਾਂ ਬਾਗ ਵਿੱਚ  ਪੰਛੀਆਂ ਨੂੰ ਉਡਾਉਣ ਲਈ ਨੌਕਰੀ ਤੇ ਫਿਰ ਚਾਹ ਦੀ ਦੁਕਾਨ ‘ਤੇ ਕੰਮ ਕਰਨਾ ਪਿਆ। ਚਾਹ ਦੀ ਦੁਕਾਨ ‘ਤੇ ਕੰਮ ਕਰਨਾ ਉਸ ਲਈ ਵਰਦਾਨ ਸਾਬਤ  ਹੋਇਆ, ਕਿਉਂਕਿ ਜਦੋਂ ਉਹ ਸਕੂਲ ਵਿੱਚ ਚਾਹ ਦੇਣ ਜਾਂਦਾ ਸੀ ਤਾਂ ਸਕੂਲ ਦੇ ਅਧਿਆਪਕ ਖ਼ੁਸ਼ੀ ਰਾਮ ਨੇ ਉਸ ਦੀ ਪੜ੍ਹਨ ਦੀ ਉਤਸੁਕਤਾ ਦੀ ਪਛਾਣ ਕਰਦਿਆਂ ਉਸਨੂੰ ਪੜ੍ਹਨ ਲਈ ਉਤਸ਼ਾਹਤ ਕੀਤਾ।  ਉਸਨੇ ਦਸਵੀਂ ਫਸਟ ਡਵੀਜਨ ਵਿੱਚ ਪਾਸ ਕੀਤੀ। ਪਟਿਆਲਾ ਆ ਕੇ ਉਸਨੇ ਪਿ੍ਰੰਸੀਪਲ ਮੋਹਨ ਸੰਘ ਪ੍ਰੇਮ ਦੇ ਗਿਆਨੀ ਕਾਲਜ ਵਿੱਚੋਂ ਗਿਆਨੀ, ਜੇ ਬੀ ਟੀ, ਬੀ ਏ, ਬੀ ਐਡ ਅਤੇ ਕਾਨੂੰਨ ਦੀ ਤੱਕ ਦੀ ਪੜ੍ਹਾਈ ਪ੍ਰਾਈਵੇਟਲੀ ਪਾਸ ਕੀਤੀ। ਇਸ ਸਮੇਂ ਦੌਰਾਨ ਉਸਨੇ ਪ੍ਰਾਈਵੇਟ ਟਾਈਪਿਸਟ ਅਤੇ ਕੁਝ ਸਮਾਂ ਅਧਿਆਪਕ ਦੀ ਨੌਕਰੀ ਕੀਤੀ।  ਥੋੜ੍ਹੀ ਦੇਰ ਬਾਅਦ ਉਸਦੀ ਯੋਗਤਾ ਦਾ ਮੁੱਲ ਪਿਆ,  ਜਿਸ ਕਰਕੇ ਰੋਜ਼ਗਾਰ ਦਫ਼ਤਰ ਵਿੱਚ ਕਲਰਕ ਦੀ ਸਰਕਾਰੀ ਨੌਕਰੀ ਮਿਲ ਗਈ। ਕਲਰਕ ਤੋਂ ਤਰੱਕੀ ਕਰਦਿਆਂ ਸਹਾਇਕ,  ਹੈਡ ਕਲਰਕ, ਸੁਪਰਇਨਟੈਂਡੈਂਟ, ਸਹਾਇਕ ਰੋਜ਼ਗਾਰ ਅਧਿਕਾਰੀ ਅਤੇ ਅਖ਼ੀਰ ਜਿਲ੍ਹਾ ਰੋਜ਼ਗਾਰ ਅਧਿਕਾਰੀ ਬਣਕੇ ਸੇਵਾ ਮੁਕਤ ਹੋਏ ਸਨ।  ਇਹ ਸਾਰੀਆਂ ਤਰੱਕੀਆਂ ਦਲੀਪ ਸਿੰਘ ਵਾਸਨ ਦੀ ਮਿਹਨਤ, ਵਫ਼ਾਦਾਰੀ ਅਤੇ ਬਿਹਤਰੀਨ ਕਾਰਗੁਜ਼ਾਰੀ ਕਰਕੇ ਸੰਭਵ ਹੋਈਆਂ। ਉਸਦਾ ਵਿਆਹ  ਮਨਮੋਹਨ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਲੜਕੇ ਮਹਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਲੜਕੀ ਨਿਰਮਲ ਜੋਤ ਕੌਰ ਹੈ। ਉਸਦੀ ਲੜਕੀ ਨਿਰਮਲ ਜੋਤ ਕੌਰ ਪ੍ਰੋ ਗੁਰਮੀਤ ਸਿੰਘ ਸਾਬਕਾ ਡਾਇਰੈਕਟਰ ਲੋਕ ਸੰਪਰਕ ਪੰਜਾਬੀ ਯੂਨੀਵਰਸਿਟੀ ਨੂੰ ਵਿਆਹੀ ਹੋਈ ਹੈ। ਦਲੀਪ ਸਿੰਘ ਵਾਸਨ 25 ਅਪ੍ਰੈਲ 2026 ਨੂੰ ਸਵਰਗਵਾਸ ਹੋ ਗਏ ਹਨ। ਉਨ੍ਹਾਂ ਦੀ ਅੰਤਮ ਅਰਦਾਸ,  ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਕੀਰਤਨ ਸਨਿਚਰਵਾਰ 2 ਮਈ 2026 ਨੂੰ ਗੁਰਦੁਆਰਾ ਸਿੰਘ ਸਭਾ ਸੇਵਾ ਸਿੰਘ ਠੀਕਰੀਵਾਲਾ ਨਗਰ ਪਟਿਆਲਾ ਵਿਖੇ ਦੁਪਹਿਰ 12 ਤੋਂ ਵਜੇ 1 ਤੱਕ ਹੋਵੇਗਾ।

ਉਜਾਗਰ ਸਿੰਘ ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

  ਮੋਬਾਈਲ-94178 13072

  [email protected]

Show More

Related Articles

Leave a Reply

Your email address will not be published. Required fields are marked *

Back to top button
Translate »