ਇਲਜ਼ਾਮ ” ਵੀ” ਰੱਬ ਵਰਗਾ ਯਾਰ ਵੈਰਨੇ ” ਵਾਂਗ ਮਕਬੂਲ ਹੋਵੇਗਾ -ਭੱਟੀ ਭੜੀ ਵਾਲਾ

31 ਸਾਲ ਪਹਿਲਾਂ ਰਿਲੀਜ਼ ਹੋਏ ਸੁਪਰ ਸਟਾਰ ਦੁਰਗਾ ਰੰਗੀਲਾ ਦੇ ਹਿੱਟ ਗੀਤ ਦਾ ਭਤੀਜੀ ਨਜ਼ਮਾਂ ਖਾਨ ਨੇ ‘ਇਲਜ਼ਾਮ’ ਨਾਲ ਦਿੱਤਾ ਜਵਾਬ
ਨਜ਼ਮਾਂ ਖਾਨ ਦਾ ਗੀਤ ” ਇਲਜ਼ਾਮ ” ਵੀ
” ਰੱਬ ਵਰਗਾ ਯਾਰ ਵੈਰਨੇ ” ਵਾਂਗ ਮਕਬੂਲ ਹੋਵੇਗਾ -ਭੱਟੀ ਭੜੀ ਵਾਲਾ
ਪੰਜਾਬੀ ਸੰਗੀਤ ਜਗਤ ਵਿੱਚ ਪਿਆਰ, ਸ਼ਿਕਾਇਤ ਅਤੇ ਜਜ਼ਬਾਤਾਂ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਵਾਲਾ ਗੀਤ ‘ਇਲਜ਼ਾਮ’ ਚਰਚਾ ਵਿੱਚ ਹੈ। ਸੁਪਰਸਟਾਰ ਦੁਰਗਾ ਰੰਗੀਲਾ ਦੇ ਸੁਪਰਹਿੱਟ ਗੀਤ ‘ਰੱਬ ਵਰਗਾ ਸੀ ਤੇਰਾ ਯਾਰ’ ਦੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਦੀ ਭਤੀਜੀ ਨਜ਼ਮਾ ਖ਼ਾਨ ਨੇ ਆਪਣੇ ਨਵੇਂ ਗੀਤ ‘ਇਲਜ਼ਾਮ’ ਰਾਹੀਂ ਜਜ਼ਬਾਤਾਂ ਦੀ ਇੱਕ ਵੱਖਰੀ ਪੇਸ਼ਕਾਰੀ ਕੀਤੀ ਹੈ। ‘ਲਿਖ-ਲਿਖ ਭੇਜਦੀ ਸੀ ਖ਼ੂਨ ਨਾਲ ਖ਼ਤ ਵੇ’ ਬੋਲਾਂ ਵਾਲਾ ਇਹ ਗੀਤ ਪਿਆਰ ਅਤੇ ਰਿਸ਼ਤਿਆਂ ਨਾਲ ਜੁੜੇ ਜਜ਼ਬਾਤਾਂ ਨੂੰ ਆਵਾਜ਼ ਦਿੰਦਾ ਹੈ।

ਚੰਡੀਗੜ੍ਹ ਦੇ ਸੈਕਟਰ-7 ਸਥਿਤ ‘ਢਾਬਾ-7’ ਰੈਸਟੋਰੈਂਟ ਵਿੱਚ ਇਸ ਗੀਤ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਵੱਲੋਂ ਰਸਮੀ ਤੌਰ ਤੇ ਰਿਲੀਜ਼ ਕੀਤਾ ਗਿਆ | ਇਸ ਮੌਕੇ ਤੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਦੋਂ ਮੈਨੂੰ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਸੀ ਤਾਂ ਸਭ ਤੋਂ ਪਹਿਲਾਂ ਪੰਜਾਬੀ ਸੱਭਿਆਚਾਰ, ਪੰਜਾਬੀ ਮਾਂ ਬੋਲੀ, ਪੰਜਾਬੀ ਗੀਤਾਂ ਅਤੇ ਫ਼ਿਲਮਾਂ ਨੂੰ ਪ੍ਰਫ਼ੁੱਲਤ ਕਰਨ ਲਈ ਇੱਕ ਵੱਡੀ ਫਿਲਮ ਸਿਟੀ ਬਣਾਉਣ ਦਾ ਐਲਾਨ ਕੀਤਾ ਸੀ ਜੋ ਕਿ ਸਮੇਂ ਦੀ ਘਾਟ ਕਾਰਨ ਅਧੂਰਾ ਰਹਿ ਗਿਆ ਜਿਸਨੂੰ ਹੁਣ ਸਾਡੀ ਸਰਕਾਰ ਦੇ ਆਉਣ ਤੇ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ | ਉਹਨਾਂ ਇਹ ਵੀ ਕਿਹਾ ਕਿ ਗੀਤ ਸੰਗੀਤ ਤੇ ਫ਼ਿਲਮਾਂ ਕਰਕੇ ਹੀ ਪੰਜਾਬੀ ਦੁਨੀਆਂ ਭਰ ਵਿੱਚ ਫੈਲੀ ਹੈ | ਇਸ ਗੀਤ ਬਾਰੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਗੀਤਕਾਰ ਤੇ ਪੇਸ਼ਕਾਰ ਭੱਟੀ ਭੜੀ ਵਾਲਾ ਨੇ ਦੱਸਿਆ ਕਿ ਇਸ ਗੀਤ ਨੂੰ ਨਜ਼ਮਾ ਖ਼ਾਨ ਨੇ ਆਪਣੀ ਆਵਾਜ਼ ਦਿੱਤੀ ਹੈ, ਜਦਕਿ ਇਸ ਦੇ ਬੋਲ ਭੱਟੀ ਭੜੀ ਵਾਲਾ ਨੇ ਲਿਖੇ ਹਨ। ਗੀਤ ਦਾ ਸੰਗੀਤ ਹਰਸ਼ ਰੰਗੀਲਾ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਬਹੁਤ ਖੂਬਸੂਰਤ ਫ਼ਿਲਮਾਂਕਣ ਨਿਰਦੇਸ਼ਕ ਬੌਬੀ ਬਾਜਵਾ ਨੇ ਕੀਤਾ ਹੈ।
ਗੀਤ ਦੀ ਸ਼ੂਟਿੰਗ ਹਿਮਾਚਲ ਪ੍ਰਦੇਸ਼ ਦੇ ਖ਼ੂਬਸੂਰਤ ਪਹਾੜੀ ਇਲਾਕੇ ਚੈਲ ਦੀਆਂ ਵਾਦੀਆਂ ਵਿੱਚ ਕੀਤੀ ਗਈ ਹੈ। ਕੁਦਰਤੀ ਨਜ਼ਾਰਿਆਂ ਦਰਮਿਆਨ ਫ਼ਿਲਮਾਏ ਗਏ ਵੀਡੀਓ ਰਾਹੀਂ ਗੀਤ ਦੀ ਕਹਾਣੀ ਅਤੇ ਜਜ਼ਬਾਤਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਪੰਜਾਬੀ ਸੰਗੀਤ ਪ੍ਰੇਮੀਆਂ ਵਿੱਚ ਦੁਰਗਾ ਰੰਗੀਲਾ ਦੇ ਗੀਤ ‘ਰੱਬ ਵਰਗਾ ਸੀ ਤੇਰਾ ਯਾਰ’ ਦੀ ਖ਼ਾਸ ਪਛਾਣ ਰਹੀ ਹੈ। ਹੁਣ ਉਸੇ ਸੰਗੀਤਕ ਸੰਦਰਭ ਨਾਲ ਜੁੜ ਕੇ ਨਜ਼ਮਾ ਖ਼ਾਨ ਦਾ ਨਵਾਂ ਗੀਤ ‘ਇਲਜ਼ਾਮ’ ਸਰੋਤਿਆਂ ਦੇ ਸਾਹਮਣੇ ਆਇਆ ਹੈ। ਦੋਵਾਂ ਗੀਤਾਂ ਦੇ ਬੋਲ ਭੱਟੀ ਭੜੀਵਾਲਾ ਵੱਲੋਂ ਲਿਖੇ ਜਾਣ ਕਾਰਨ ਇਨ੍ਹਾਂ ਵਿਚਕਾਰ ਇੱਕ ਖ਼ਾਸ ਸੰਗੀਤਕ ਸਬੰਧ ਵੀ ਬਣਦਾ ਹੈ। ਇਸ ਮੌਕੇ ਤੇ ਸੰਗੀਤਕ ਖੇਤਰ ਦੀਆਂ ਹੋਰ ਵੀ ਸਿਰਕੱਢ ਸਖਸ਼ੀਅਤਾਂ ਨੇ ਭਾਗ ਲਿਆ |


