ਓਹ ਵੇਲ਼ਾ ਯਾਦ ਕਰ

ਜੋ ਕਦੇ ਸ਼ੇਰੇ-ਪੰਜਾਬ ਹੋਇਆ ਕਰਦੇ ਸੀ, ਹੁਣ ਹਾਜ਼ਰ-ਜਨਾਬ ਹੋ ਰਹੇ ਹਾਂ–

ਜੋ ਕਦੇ ਸ਼ੇਰੇ-ਪੰਜਾਬ ਹੋਇਆ ਕਰਦੇ ਸੀ, ਹੁਣ ਹਾਜ਼ਰ-ਜਨਾਬ ਹੋ ਰਹੇ ਹਾਂ—

                                  ਓਹ ਵੇਲ਼ਾ ਯਾਦ ਕਰ          ਡਾ. ਬਲਵਿੰਦਰ ਕੌਰ ਬਰਾੜ

ਭੀੜ ਦਾ ਹਿੱਸਾ ਹੀ ਬਣ ਕੇ ਰਹਿ ਗਿਆ ਆਖ਼ਰ ਨੂੰ ਮੈਂ,

ਹੁਣ ਮੇਰੇ ਸਿਰ ਵਾਸਤੇ ਕੋਈ ਰਾਖਵਾਂ ਪੱਥਰ ਨਹੀਂ।

ਦਫ਼ਤਰਾਂ ਜਿਹੇ ਬਣ ਗਏ ਨੇ ਘਰ ਅਸਾਡੇ ਦੋਸਤੋ,

ਘਰਾਂ ਵਰਗੇ ਅਜੇ ਵੀ ਬਣ ਸਕੇ ਦਫ਼ਤਰ ਨਹੀਂ।  (ਅਮਰਜੀਤ ਢਿੱਲੋਂ)

ਪੰਜਾਬੀ ਸਮਾਜ ਨੇ ਇੱਕ ਉਹ ਦੌਰ ਵੀ ਵੇਖਿਆ ਹੈ ਜਦੋਂ ਉੱਤਮ ਖੇਤੀ ਮੱਧਮ ਵਪਾਰ ਅਤੇ ਨਖਿੱਧ ਚਾਕਰੀ ਕਿਹਾ ਜਾਂਦਾ ਸੀ। ਪੰਜਾਬ ਦਾ ਅਰਥਚਾਰਾ ਜ਼ਮੀਨ ਅਧਾਰਿਤ ਹੋਣ ਕਰ ਕੇ ਖੇਤੀ ਨੂੰ ਹੀ ਵਧੀਆ ਮੰਨਿਆਂ ਜਾਂਦਾ ਰਿਹਾ ਹੈ। ਕੁੜੀਆਂ ਵੀ ਬੋਲੀ ਪਾਉਂਦੀਆਂ ਸੀ – ਨੌਕਰ ਨੂੰ ਨਾ ਦੇਈਂ ਬਾਬਲਾ, ਹਾਲ਼ੀ ਪੁੱਤ ਬਥੇਰੇ। ਪਰ ਹੌਲ਼ੀ  ਹੌਲ਼ੀ ਇਨ੍ਹਾਂ ਸਭ ਬੋਲਾਂ ਦੇ ਅਸਲ ਅਰਥ ਆਪਣਾ ਪਾਸਾ ਪਰਤ ਗਏ ਲਗਦੇ ਹਨ। ਧਰਤ ਨੇੜੇ ਹੋ ਕੇ ਜਿਉਣਾ ਸਾਡੀ ਰੂਹ ਦਾ ਰੱਜ ਰਿਹਾ ਹੈ। ਸ਼ਹਿਰ ਜਾ ਕੇ ਜੇ ਘਰ ਲੈਣਾ ਹੋਵੇ ਤਾਂ ਉਪਰਲੀ ਮੰਜ਼ਿਲ ਦੀ ਧਰਤ ਵਾਲ਼ੀ ਥਾਂ ਹੀ ਲਈ ਜਾਂਦੀ ਸੀ। ਪੰਜਾਬੀਆਂ ਦੇ ਸਭ ਦੁੱਖ- ਸੁਖ, ਅਰਦਾਸਾਂ, ਸੁਪਨੇ ਫਸਲਾਂ ਖਿੜਨ ਨਾਲ਼ ਹੀ ਸਾਹ ਲੈਂਦੇ ਰਹੇ ਹਨ। ਧਰਤੀ ਨਾਲ਼ ਨਿਭਦਿਆਂ ਪੰਜਾਬੀਆਂ ਨੂੰ ਜੋ ਮਾਨਸਿਕ ਤ੍ਰਿਪਤੀ, ਸਕੂਨ ਜਾਂ ਮੇਰ ਕਰਨ ਜੋਗਾ ਨਿੱਘ ਜਾਂ ਅਪਣੱਤ ਪਲ਼ਦੀ ਸੀ, ਉਸ ਨਾਲ਼ ਹੀ ਕਾਲ਼ਜਾ ਠਾਰਨ ਜਿਹਾ ਸੰਬੰਧ ਰਿਹਾ ਹੈ। ਸਾਡੇ ਬਜ਼ੁਰਗਾਂ ਅਨੁਸਾਰ ਉਸ ਸਮੇਂ ਖੇਤੀ ਨਾਲ਼ ਨਿਭਣ ਵਾਲ਼ੇ ਸਾਡੇ ਵਰਤਾਵ ਹੀ ਹੁਣ ਵੱਖਰ ਗਏ ਹਨ। ਸਿਆਣਿਆਂ ਨੇ ਆਪਣੇ ਸੰਬੰਧਾਂ ਨੂੰ ਖੇਤੀ ਨਾਲ਼ ਨਿਭਦਿਆਂ ਕੁੱਝ ਖਾਸ ਨੁਕਤੇ ਨਿਤਾਰੇ ਸਨ, ਜਿਵੇਂ ਸਾਦਗੀ, ਸੰਜਮ, ਮਿਹਨਤ ਅਤੇ ਏਕਾ। ਇਹ ਅਜੇਹੇ ਨੁਕਤੇ ਹਨ ਜੋ ਆਪਣੀਆਂ ਅੰਦਰਲੀਆਂ ਪਰਤਾਂ ਤੱਕ ਅਰਥ ਰਖਦੇ ਹਨ। ਸਾਦਗੀ ਪਹਿਲਾ ਨੁਕਤਾ ਹੈ ਜੋ ਜੱਟ ਖੇਤੀ ਕਰਦਿਆਂ ਮਿੱਟੀ ਨਾਲ਼ ਮਿੱਟੀ ਹੁੰਦਾ ਸਾਦੇ ਲਿਬਾਸ ਵਿੱਚ ਹੀ ਨਿਰਬਾਹ ਕਰਦਾ ਸੀ। ਗੁਰੂ ਸਾਹਿਬ ਨੇ ਵੀ `ਰੱਖ ਗਰੀਬੀ ਵੇਸ` ਜਿਹਾ ਸਬਕ ਸਿਰਜਿਆ ਹੈ। ਪਹਿਨ-ਪੱਚਰ ਕੇ ਖੇਤੀ ਦਾ ਕੰਮ ਨਹੀਂ ਨਿਭਦਾ। ਆਪੋ ਆਪਣੇ ਕਿੱਤੇ ਅਨੁਸਾਰ ਹੀ ਪਹਿਰਾਵਾ ਨਿਭਦਾ ਰਿਹਾ ਹੈ। ਦੂਜਾ ਨੁਕਤਾ ਸੰਜਮ ਦਾ ਵੀ ਇਸੇ ਸਾਦਗੀ ਦਾ ਇੱਕ ਹਿੱਸਾ ਹੈ। ਫ਼ਜ਼ੂਲ ਖ਼ਰਚੀ ਕਰਨਾ ਜਾਂ ਵਿਤੋਂ ਬਾਹਰ ਹੋ ਕੇ ਖ਼ਰਚ ਕਰ ਲੈਣਾ ਉਸ ਨੂੰ ਗਵਾਰਾ ਨਹੀਂ ਹੈ। ਫਸਲ ਨੇ ਛੇ ਮਹੀਨਿਆਂ ਪਿੱਛੋਂ ਹੀ ਜੇਬ ਤੱਕ ਅਪੜਨਾ ਹੈ। ਇਉਂ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਸਿੱਖਣੇ ਪੈਂਦੇ ਹਨ। ਦੁਆਲ਼ੇ ਵਿੱਚਰਦੇ ਲੋਕਾਂ ਦੀ ਰੀਸ ਕਰ ਕੇ ਵਿਤੋਂ ਵੱਡੀ ਛਾਲ਼ ਮਾਰਨਾ ਉਸ ਦੀ ਸਮਰੱਥਾ ਤੋਂ ਬਾਹਰ ਹੁੰਦਾ ਹੈ। ਸਾਡੀਆਂ ਬਜ਼ੁਰਗ ਮਾਵਾਂ ਰਾਤਾਂ ਨੂੰ ਸੁਲ਼ਘਦਾ ਗੋਹਾ ਰਾਖ ਦੀ ਪਰਤ ਹੇਠ ਢਕ ਕੇ ਰੱਖ ਲੈਂਦੀਆਂ ਸਨ ਤਾਂ ਜੋ ਦਿਨ ਚੜ੍ਹਦੇ ਨੂੰ ਮਾਚਿਸ ਦੀ ਤੀਲੀ ਵੀ ਨਾ ਬਾਲਣੀ ਪਵੇ। ਤੀਜਾ ਨੁਕਤਾ ਹਰ ਕਿੱਤੇ ਵਿੱਚ ਹੀ ਰੀੜ੍ਹ ਦੀ ਹੱਡੀ ਵਾਂਗ ਰਿਹਾ ਹੈ, ਕਿ ਮਿਹਨਤ ਕਰਨ ਨਾਲ਼ ਹੀ ਮੁੱਲ ਪੈਂਦਾ ਹੈ। ਮੁਰਗੇ ਦੀ ਬਾਂਗ ਨਾਲ਼ ਹੀ ਹਲ ਵਾਹੁਣ ਨਾਲ਼ ਘਰ ਵਿੱਚ ਬਰਕਤ ਆਉਂਦੀ ਰਹੀ ਹੈ। ਪਹੁ ਫੁਟਦੀ ਤੋਂ ਹੀ ਇਸ ਮਿਹਨਤ ਨਾਲ਼ ਜੱਟ ਆਪਣੇ ਸਿਰ ਦਾ ਪਸੀਨਾ ਵੀ ਦਾਣਿਆਂ ਨਾਲ਼ ਹੀ ਸਿਆੜਾਂ ਵਿੱਚ ਬੀਜਦਾ ਰਿਹਾ ਹੈ। ਦਿਨ ਦੇ ਛਿਪਾਅ ਤੱਕ ਉਸ ਨੂੰ ਇਹ ਸਖ਼ਤ ਮਿਹਨਤ ਕਰਨੀ ਹੀ ਪੈਂਦੀ ਸੀ। ਕਦੇ ਸ਼ਨੀਵਾਰ ਜਾਂ ਐਤਵਾਰ ਦੀ ਕੋਈ ਛੁੱਟੀ ਵੀ ਨਸੀਬ ਨਹੀਂ ਹੁੰਦੀ। ਉਸ ਦੀ ਮਿਹਨਤ ਨੂੰ ਥਾਪੜਾ ਦਿੰਦਿਆਂ ਕਿਹਾ ਜਾਂਦਾ ਸੀ – ਦੱਬ ਕੇ ਵਾਹ ਤੇ ਰੱਜ ਕੇ ਖਾ। ਇਨ੍ਹਾਂ ਨੁਕਤਿਆਂ ਤੋਂ ਬਿਨਾਂ ਆਖ਼ਰੀ ਅਤੇ ਵਿਸ਼ੇਸ਼ ਨੁਕਤਾ ਆਪਸੀ ਭਾਈਚਾਰੇ ਦੇ ਨਾਲ਼ ਨਿਭਣ ਦਾ ਕਿਹਾ ਜਾਂਦਾ ਹੈ। ਕਿਸੇ ਕੁਦਰਤੀ ਆਫ਼ਤ ਕਾਰਨ ਜਾਂ ਰੱਬ ਦੀ ਮਾਰ ਝਲਦੇ ਕਿਸੇ ਟੱਬਰ ਨੂੰ ਬਾਹੋਂ ਫੜ ਉਠਾ ਲੈਣ ਦਾ ਜਿਗਰਾ ਸਭ ਰਖਦੇ ਰਹੇ ਹਨ। ਕਿਸੇ ਦੀ ਪਛੜੀ ਖੇਤੀ ਨੂੰ ਰਲ਼ ਕੇ ਸੰਭਾਲ਼ਦੇ ਰਹੇ ਹਨ। ਇਸ ਨਾਲ਼ ਸਭ ਦੀ ਹੱਲਾਸ਼ੇਰੀ ਉਸ ਨੂੰ ਉੱਠਣ ਜੋਗਾ ਕਰਦੀ ਰਹੀ ਹੈ। ਉਸ ਸਮੇਂ ਲੋਕ ਲੱਤਾਂ ਖਿੱਚਣ ਦੀ ਥਾਂ ਬਾਹਾਂ ਤੋਂ ਚੁੱਕ ਕੇ ਬਰਾਬਰ ਦਾ ਕਰਦੇ ਰਹੇ ਹਨ। ਅੱਜ ਖੇਤੀ ਦੇ ਚਾਰੇ ਨੁਕਤੇ ਪੰਜਾਬੀਆਂ ਹੱਥੋਂ ਖਿਸਕ ਗਏ ਹਨ। ਆਪੋ-ਧਾਪੀ ਦੀ ਇਸ ਦੁਨੀਆਂ ਨੇ ਨਿੱਜ-ਪਰਕ ਜੀਵਨ-ਜਾਚ ਸਿਖਾ ਕੇ ਸਭ ਨੂੰ `ਮੈਨੂੰ ਕੀ` ਜਾਂ `ਸਾਨੂੰ ਕੀ` ਦੇ ਸਿਰਲੇਖ ਹੇਠ ਸਮੇਟ ਧਰਿਆ ਹੈ। ਹਰ ਪਾਸੇ ਮੈਂ ਜਾਂ ਮੇਰੀ ਦੀ ਸੁਰ ਨੇ ਹੋਰਨਾਂ ਦਾ ਮਹੱਤਵ ਹੀ ਰੋਲ਼ ਧਰਿਆ ਹੈ। ਆਪਣਾ ਆਪ ਖਾਸ ਲਗਦਾ ਹੋਰਨਾਂ ਨੂੰ ਬਸ ਲਗਾਂ ਮਾਤਰਾਂ ਹੀ ਜਾਣਦਾ ਹੈ। ਮਿਹਨਤ ਜਾਂ ਏਕੇ ਦੇ ਰਸਤੇ ਤੋਂ ਅਸੀਂ ਸਭ ਥਿੜਕ ਗਏ ਹਾਂ। ਪਿਛਲੇ ਸਭ ਪੰਨਿਆਂ ਤੋਂ ਸਭ ਸਬਕ ਵਿਸਰ ਗਏ ਹਾਂ। ਵਸਤਾਂ ਦੀ ਪ੍ਰਾਪਤੀ ਲਈ ਮੰਡੀ ਨੇ ਮਾਲ ਪਰੋਸਿਆ ਹੈ। ਅਸੀਂ ਉਸ ਵੱਲ ਭਰਮਾਏ ਆਪਣੇ ਸਭਿਆਚਾਰ ਦੇ ਵਧੀਆ ਨੁਕਤੇ ਗੰਵਾ ਰਹੇ ਹਾਂ। ਪਰ ਵਿਸ਼ੇਸ਼ ਨੁਕਤਾ ਇਹ ਹੈ ਕਿ ਕੋਈ ਵੀ ਇਕੱਲਾ ਬੰਦਾ ਵੱਡਾ ਨਹੀਂ ਹੋ ਸਕਦਾ। ਸਭ ਨੂੰ ਪਤਾ ਹੈ ਕਿ ਜ਼ਰੂਰਤਾਂ ਅਤੇ ਇੱਛਾਵਾਂ ਦੀ ਦੌੜ ਫ਼ਜ਼ੂਲ ਹੋ ਰਹੀ ਹੈ। ਅਸੀਂ ਜੋ ਕਦੇ ਸ਼ੇਰੇ-ਪੰਜਾਬ ਹੋਇਆ ਕਰਦੇ ਸੀ, ਹੁਣ ਹਾਜ਼ਰ-ਜਨਾਬ ਹੋ ਰਹੇ ਹਾਂ। ਕਾਸ਼, ਉਹ ਵਕਤ ਮੁੜ ਲਿਆ ਸਕੀਏ।

ਖਾਣ ਯੋਗ ਰਹੀਆਂ ਨਾ ਫਸਲਾਂ, ਕਿਰਤ ਵਿਹੂਣੀਆਂ ਹੋਈਆਂ ਨਸਲਾਂ,

ਵੱਧ ਉਪਜ ਦਾ ਲਾਲਚ ਖਾ ਗਿਆ, ਬੋਹੜ, ਪਿੱਪਲ਼ ਦੀਆਂ ਛਾਵਾਂ ਨੂੰ। (ਕੁਲਵੰਤ ਔਜਲਾ)

Show More

Related Articles

Leave a Reply

Your email address will not be published. Required fields are marked *

Back to top button
Translate »