ਚੰਦਰਾ ਗੁਆਂਢ ਨਾ ਹੋਵੇ

ਡੋਨਾਲਡ ਟਰੰਪ ਅਤੇ ਨੇਤਨਯਾਹੂ ਬਨਾਮ ਈਰਾਨ ਲੀਡਰਸ਼ਿੱਪ ਅਤੇ ਰਾਹਲੇ ਕਾ ਛੜਾ !


ਸਾਡੇ ਪਿੰਡ ਵਿੱਚ ਇੱਕ ਪਰਿਵਾਰ ਵੱਡੀ ਪੀੜ੍ਹੀ (ਸਾਡੇ ਬਾਬਿਆਂ ਦੇ ਥਾਂ ) ਨਾਲ ਸਬੰਧਤ ਸੀ।ਇਸ ਪਰਿਵਾਰ ਦੇ ਕਿਸੇ ਬੰਦੇ ਨਾਲ ਕੋਈ ਪੰਗਾ ਨੀਂ ਸੀ ਲੈਂਦਾ। ਇਹਨਾ ਦੇ ਸਾਰੇ ਮਰਦ ਮੈਂਬਰ ਹੀ ਕਿਸੇ ਦੀ ਹੈਂਕੜ ਨਹੀਂ ਸੀ ਝੱਲਦੇ। ਇਹਨਾਂ ਦੇ ਦੋ ਪਰਿਵਾਰਕ ਮੈਂਬਰ ਛੜੇ ਸਨ।ਇਹਨਾਂ ਨੂੰ ਲੋਕ ਰਾਹਲੇ ਕੇ ਛੜੇ ਕਹਿੰਦੇ ਸਨ। ਸਿੱਧੇ ਸੁਭਾਅ ਵਾਲੇ ਤਾਂ ਸਨ ਪਰ ਕਈ ਵਾਰ ਤਾਂ ਇਹਨਾਂ ਨੂੰ ਜਦ ਕਿਸੇ ਦੀ ਕਹੀ ਹੋਈ ਆਮ ਗੱਲ ਵੀ ਨਾ ਜੱਚਦੀ ਤਾਂ ਉਸਦੇ ਵੀ ਦੋ ਸੋਟੀਆਂ ਧਰ ਦਿੰਦੇ ਬਾਅਦ ਚ ਠਾਣੇ ਚ ਜਾਂ ਪੰਚਾਇਤ ਵਿੱਚ ਸਮਝੌਤਾ ਹੋ ਜਾਂਦਾ। ਕਈ ਵਾਰ ਤਾਂ ਸਮਝੌਤੇ ਸਮੇਂ ਵੀ ਦੂਜੀ ਧਿਰ ਨਾਲ ਗੁੱਥਮ-ਗੁੱਥਾ ਹੋ ਜਾਂਦੇ। ਹਰ ਕੋਈ ਉਹਨਾ ਤੋਂ ਪਾਸਾ ਵੱਟ ਕੇ ਲੰਘਦਾ।
ਇੱਕ ਵਾਰ ਇੱਕ ਵੱਡੇ ਘਰ ਨਾਲ ਪਾਣੀ ਦੀ ਵਾਰੀ ਤੇ ਰੌਲਾ ਪੈ ਗਿਆ। ਅਗਲੀ ਸੱਤ ਰੋਜੀ ਵਾਰੀ ਤੇ ਉਹ ਵੱਡੇ ਘਰ ਦਾ ਜਿਮੀਦਾਰ ਮੌਕੇ ਤੇ ਬੰਦੂਕ ਲੈਕੇ ਪੁੱਜ ਗਿਆ। ਕੱਸੀ ਦੇ ਨੱਕੇ ਤੋਂ ਜਦ ਪਾਣੀ ਦੀ ਵਾਰੀ ਵੱਢਣ ਲਈ ਇੱਕ ਛੜਾ ਕਹੀ ਲੈਕੇ ਕੱਸੀ ਚੋਂ ਬੰਨ੍ਹ ਕੱਢਣ ਲੱਗਾ ਤਾਂ ਵੱਡਾ ਜਿਮੀਦਾਰ ਜੋ ਬੰਦੂਕ ਲਈ ਖੜ੍ਹਾ ਸੀ,ਨੇ ਪਾਣੀ ਨਾਂ ਵੱਢਣ ਦੀ ਚਿਤਾਵਨੀ ਦਿੱਤੀ। ਦੂਜੇ ਛੜੇ ਨੇ ਬੰਦੂਕ ਵਾਲੇ ਵੱਡੇ ਜਿਮੀਦਾਰ ਦੇ ਪੁੱਠੀ ਕਹੀ ਦਾ ਬੰਦੂਕ ਵਾਲੇ ਹੱਥਾਂ ਤੇ ਵਾਰ ਕਰ ਦਿੱਤਾ।ਬੰਦੂਕ ਡਿੱਗ ਪਈ। ਲੋਕਾਂ ਛੱਡ ਛੁਡਾਈ ਕਰਵਾ ਦਿੱਤੀ। ਅਗਲੇ ਦਿਨ ਵੱਡੇ ਜਿਮੀਦਾਰ ਦੀ ਸ਼ਿਕਾਇਤ ਤੇ ਰਾਹਲਿਆਂ ਛੜੇ ਵੀ ਪੰਚਾਇਤ ਨਾਲ ਥਾਣੇ ਪੁੱਜ ਗਏ। ਥਾਣੇਦਾਰ ਨੇ ਜਿਮੀਦਾਰ ਨੂੰ ਪੁੱਛਿਆ, ” ਹਾਂ ਦੱਸ ਬਈ ਤੇਰੇ ਕੋਲ ਕੀ ਸੀ ਤੇ ਇਹਨਾ ਕੋਲੇ ਕੀ ਹਥਿਆਰ ਸੀ।” ਉਹ ਕਹਿਣ ਲੱਗਾ, ” ਜੀ ਮੇਰੇ ਕੋਲ ਬੰਦੂਕ ਸੀ ਤੇ ਇਸ ਕੋਲ ਕਹੀ।” ਥਾਣੇਦਾਰ ਕਹਿਣ ਲੱਗਾ,” ਸਰਦਾਰ ਜੀ ਹਥਿਆਰ ਤਾਂ ਤੁਸੀਂ ਲੈਕੇ ਗਏ, ਇਹਨਾ ਤੇ ਹਮਲੇ ਲਈ, ਤੇ ਸ਼ਿਕਾਇਤ ਵੀ ਤੁਸੀਂ ਕਰਦੇ ਹੋ; ਸ਼ਿਕਾਇਤ ਤਾਂ ਤੁਹਾਡੀ ਕਰਨੀ ਸੀ ਇਹਨਾ ਨੇ।” ਥਾਣੇਦਾਰ ਨੇ ਜਿਮੀਦਾਰ ਦੀ ਗੱਲ ਅਣਗੌਲੀ ਕਰਕੇ ਰਾਹਲੇ ਕੇ ਛੜੇ ਨੂੰ ਪੁੱਛਿਆ, ” ਥੋਨੂੰ ਕੋਈ ਖਤਰਾ, ਇਸ ਤੋਂ?” ਰਾਹਲੇ ਕਾ ਛੜਾ ਬੋਲਿਆ, “ਇਸਤੋਂ ਕਾਹਦਾ ਖਤਰੈ ? ਕੋਈ ਖਤਰਾ ਨੀ; ਇਹ ਕੀ ਕਰ ਦੂ ਸਾਨੂੰ।” ਸੋ ਪੰਚਾਇਤ ਸਮੇਤ ਸਾਰੇ ਪਿੰਡ ਆ ਗਏ।
ਇਹੀ ਡੋਨਾਲਡ ਟਰੰਪ ਦੀ ਹੈ ਵੱਡੇ ਜਿਮੀਦਾਰ ਵਾਲੀ ; ਕਦੇ ਦੋ ਬੇੜੇ ਲੈਕੇ ਈਰਾਨ ਨੂੰ ਘੇਰ ਲੈਂਦੈ ਤੇ ਕਦੇ 25 ਬੇੜਿਆਂ ਨਾਲ ਨਾਕਾਬੰਦੀ ਕਰ ਲੈਂਦੈ । ਇਸਰਾਇਲ ਦੀ ਮੱਦਦ ਤੇ ਆਕੇ ਸਾਂਝੇ ਤੌਰ ਤੇ ਈਰਾਨ ਨੂੰ ਡਰਾਉਣ ਲਈ ਐਫ 35,ਐਫ 15,ਐਫ 10, ਕਲੱਸਟਰ ਬੰਬ, ਮਿਸਾਇਲਾਂ,ਡਰੋਨਾ ਨਾਲ 40 ਦਿਨ ਹਮਲੇ ਕਰਦੇ ਰਹੇ। ਸਾਰੀ ਦੁਨੀਆਂ ਨੇ ਦੇਖਿਆ। ਇੰਨੀ ਤਾਕਤ ਅਤੇ ਹਥਿਆਰ ਹੋਣ ਦੇ ਬਾਵਜੂਦ ਇਸਰਾਇਲ ਸਣੇ ਟਰੰਪ ਦੀ ਪਤਲੂਨ ਗਿੱਲੀ ਹੋਈ ਪਈ ਹੈ। ਈਰਾਨ ਨੂੰ ਪਤਾ ਹੈ ਉਸਨੇ ਦੁਨੀਆਂ ਦੀ ਸ਼ਕਤੀਸ਼ਾਲੀ ਧਿਰ ਨਾਲ ਪੰਗਾ ਪਿਆ ਹੈ।
ਪਰ ਸਭ ਨੂੰ ਪਤਾ ਲੱਗ ਗਿਐ ਕਿ ਈਰਾਨ ਪਾਸ ਹੌਸਲਾ ਹੈ,ਗੁਰਦਾ ਹੈ ਅਮਰੀਕਾ ਦੀ ਜਿਮੀਦਾਰੀ ਅਤੇ ਥਾਣੇਦਾਰੀ ਨੂੰ ਚੈਲੰਜ ਕਰਨ ਦਾ। ਇਸੇ ਲਈ ਤਾਂ ਅਮਰੀਕਾ ਗੱਲਬਾਤ ਦੀ ਮੇਜ ਤੇ ਉਡੀਕ ਰਿਹੈ ਪਰ ਈਰਾਨ ਹੈ ਕਿ ਰਾਹਲਿਆਂ ਦੇ ਛੜੇ ਵਾਂਗ ਦੁਨੀਆਂ ਨੂੰ ਕਹਿੰਦੈ, ” ਟਰੰਪ ਕੀ ਕਰ ਦੂ ਮੈਨੂੰ ; ਇਹਨੂੰ ਪੰਗਾ ਤਾਂ ਲੈਣ ਦੇ।”
ਅਜਿਹੀ ਨਸਲ ਹੀ ਇਤਿਹਾਸ ਬਣਾਉਂਦੀ ਹੈ; ਈਰਾਨ ਦਾ ਤਾਂ ਪਿਛਲੇ ਹਜਾਰਾਂ ਸਾਲਾਂ ਦਾ ਇਤਿਹਾਸ ਹੀ ਅਜਿਹਾ ਰਿਹਾ ਹੈ; ਮਜਬੂਤ ਡੀ.ਐਨ.ਏ. ਵਾਲਾ; ਦੁਸ਼ਮਣ ਦੇ ਦੰਦ ਖੱਟੇ ਕਰਨ ਵਾਲਾ; ਅਸੀਂ ਦੇਖ ਚੁੱਕੇ ਹਾਂ ਇਹ ਪਹਿਲੀ ਕਤਾਰ ਦੀ ਲੀਡਰਸ਼ਿਪ ਮਾਰੇ ਜਾਣ ਦੇ ਬਾਵਜੂਦ ਵੀ ਇਹ ਲੈਂਡ ਥੀਫ( ਨੇਤਨਯਾਹੂ) ਜਾਂ ਆਇਲ ਥੀਫ (ਟਰੰਪ) ਵੱਲੋਂ ਸਭਿਅਤਾ ਦੇ ਖਾਤਮੇ ਦੀ ਧਮਕੀ ਤੋਂ ਡਰਨ ਵਾਲੇ ਨਹੀਂ।

(ਨਾਮਦੇਵ ਸਿੰਘ ਸਿੱਧੂ)

Show More

Related Articles

Leave a Reply

Your email address will not be published. Required fields are marked *

Back to top button
Translate »