`ਏਕਤਾ ਵਿੱਚ ਅਨੇਕਤਾ` ਪਰੋਗਰਾਮ ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਨੇ ਕਰਵਾਇਆ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦਾ ਵਿਸ਼ੇਸ਼ ਇਜਲਾਸ ਗਿਆਰਾਂ ਅਕਤੂਬਰ ਨੂੰ ਵੀਵੋ ਵਿਖੇ ਆਯੋਜਿਤ ਕੀਤਾ ਗਿਆ, ਜਿਸ ਦਾ ਮੁੱਖ ਉਦੇਸ਼ `ਏਕਤਾ ਵਿੱਚ ਅਨੇਕਤਾ` (Unity in Diversity ) ਸੀ। ਇਸ ਵਿੱਚ ਵੱਖੋ-ਵੱਖ ਧਰਮਾਂ, ਕੌਮਾਂ ਅਤੇ ਭਾਈਚਾਰਿਆਂ ਦੇ ਵਿਦਵਾਨ ਆਗੂਆਂ ਨੇ ਵਿੱਚਾਰ ਸਾਂਝੇ ਕੀਤੇ ਅਤੇ ਕਲਾਕਾਰਾਂ ਨੇ ਵੰਨ-ਸੁਵੰਨੀਆਂ ਪੇਸ਼ਕਾਰੀਆਂ ਨਾਲ਼ ਸ਼ਿਰਕਤ ਕੀਤੀ।

ਵੱਖੋ-ਵੱਖ ਭਾਈਚਾਰਿਆਂ ਅਤੇ ਸੰਸਥਾਵਾਂ ਦੇ ਮੈਂਬਰਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਭਰੀ। ਮੂਲਨਿਵਾਸੀ ਆਗੂਆਂ ਅਤੇ ਕਲਾਕਾਰਾਂ ਦੀ ਸ਼ਮੂਲੀਅਤ ਨੇ ਨਵੀਂ ਪਿਰਤ ਪਾਈ ਜੋ ਵਿਸ਼ੇਸ਼ ਖਿੱਚ ਦਾ ਕਾਰਨ ਬਣੀ।ਰਵਾਇਤ ਅਨੁਸਾਰ, ਸ਼ੁਰੂ ਵਿੱਚ ਜਗਦੇਵ ਸਿੱਧੂ ਨੇ ਭੂਮੀ-ਕਬੂਲਨਾਮੇ (Land Acknowledgement ) ਰਾਹੀਂ ਸੱਤਵੀਂ ਸੰਧੀ (Treaty 7 ) ਦੇ ਇਲਾਕੇ ਦੇ ਮੂਲਨਿਵਾਸੀ (First Nations) ਦੇ ਲੋਕਾਂ ਪ੍ਰਤੀ ਅਕੀਦਾ ਪੇਸ਼ ਕੀਤਾ। ਕੈਨੇਡਾ ਦਾ ਕੌਮੀ ਤਰਾਨਾ ਗਾਇਆ ਗਿਆ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਨੂੰ ਜੀਅ ਆਇਆਂ ਕਹਿਣ ਉਪ੍ਰੰਤ ਕੁੰਜੀਵਤ ਸੁਨੇਹਾ ਦਿੱਤਾ ਕਿ ਅੱਜ ਸਾਰੇ ਵਰਗਾਂ ਦੇ ਲੋਕਾਂ ਨੂੰ ਮਿਲ ਕੇ ਵਿੱਚਾਰ ਸਾਂਝੇ ਕਰਨ ਦਾ ਮੌਕਾ ਹੈ।

ਮੰਤਰੀ ਯਾਸੀਨ ਮੁਹੰਮਦ ਨੇ ਇਸ ਉਪਰਾਲੇ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਜਦੋਂ ਇਸ ਤਰ੍ਹਾਂ ਸਾਰੇ ਭਾਈਚਾਰੇ ਇੱਕ ੱਠੇ ਹੁੰਦੇ ਹਨ ਤਾਂ ਬਹੁਤ ਕੁੱਝ ਪ੍ਰਾਪਤ ਕਰ ਸਕਦੇ ਹਾਂ। ਮੂਲਨਿਵਾਸੀ ਦੇ ਕਾਇਨਾਈ ਫ਼ਸਟ ਨੇਸ਼ਨ ਦੀ ਸਤਿਕਾਰਿਤ ਵਡੇਰੀ (Elder) ਰੂਬੀ ਈਗਲ ਚਾਈਲਡ ਨੇ ਆਪਣੀ ਜ਼ੁਬਾਨ ਵਿੱਚ ਪ੍ਰਾਰਥਨਾ ਕਰ ਕੇ ਆਪਣੀਆਂ ਪਵਿੱਤਰ ਰਵਾਇਤਾਂ ਬਾਰੇ ਦੱਸਿਆ।

ਉਸ ਨੇ ਸੁਨੇਹਾ ਦਿੱਤਾ ਕਿ ਸਾਨੂੰ ਇੱਕ ਦੂਜੇ ਦੇ ਨੇੜੇ ਆਉਣ ਦੀ, ਇੱਕ ਦੂਜੇ ਦਾ ਸਤਿਕਾਰ ਕਰਨ ਦੀ, ਇੱਕ ਦੂਜੇ ਦਾ ਗਿਆਨ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਸਾਂਝੀਆਂ ਕਰ ਕੇ ਸਾਰਿਆਂ ਨੂੰ ਇੱਕ ੱਠੇ ਹੋ ਕੇ ਸਾਰੀ ਸ਼੍ਰਿਸ਼ਟੀ ਦੇ ਭਲੇ ਲਈ ਕੰਮ ਕਰਨ ਦੀ ਜ਼ਰੂਰਤ ਹੈ। ਕਾਇਨਾਈ ਫ਼ਸਟ ਨੇਸ਼ਨ ਦੀ ਬਹੁ-ਪ੍ਰਤਿਭਾਸ਼ਾਲੀ ਅਤੇ ਅਨੇਕਾਂ ਖੇਤਰਾਂ ਵਿੱਚ ਅਗਵਾਈ ਕਰਨ ਵਾਲ਼ੀ ਜਾਣੀ-ਪਛਾਣੀ ਹਸਤੀ, ਆਟਮ ਈਗਲ ਸਪੀਕਰ ਨੇ ਦੱਸਿਆ ਕਿ ਉਸ ਦੇ ਲੋਕ ਸਿਰਜਣਹਾਰ (CREATOR),, ਕੁਦਰਤ, ਸਭ ਜੀਵ-ਜੰਤੂਆਂ, ਧਰਤੀ ਅਤੇ ਮਨੁੱਖੀ ਪ੍ਰਾਣੀਆਂ ਨੂੰ ਪਿਆਰ ਅਤੇ ਸਤਿਕਾਰ ਦਿੰਦੇ ਹਨ ਜੋ ਕਿ ਅਨੇਕਤਾ ਵਿੱਚ ਏਕਤਾ ਦੀ ਖੂਬਸੂਰਤ ਮਿਸਾਲ ਹੈ। ਉਸ ਨੇ ਆਪਣੇ ਇਤਿਹਾਸ `ਚੋਂ ਇੱਕ ਕਹਾਣੀ ਵੀ ਸੁਣਾਈ। ਉਸ ਦੀ ਟੀਮ ਦੀਆਂ ਮਾਹਿਰ ਕਲਾਕਾਰ ਨਾਚੀਆਂ – ਸੂ-ਤੀਨਾ ਫਸਟ ਨੇਸ਼ਨ ਦੀ ਕਾਰਾ ਬਿਗ ਪਲੂਮ ਅਤੇ ਮਾਸਕਵਾਸਿਸ ਫ਼ਸਟ ਨੇਸ਼ਨ ਦੀ ਕੀਗਨ ਬੱਫਲੋ ਨੇ ਰਵਾਇਤੀ ਪੁਸ਼ਾਕਾਂ ਅਤੇ ਖੰਭਾਂ ਸਮੇਤ ਨੇਟਿਵ ਨਾਚ ਰਾਹੀਂ ਆਪਣੇ ਸੱਭਿਆਚਾਰ ਦੀ ਝਲਕ ਪੇਸ਼ ਕੀਤੀ।

ਕੈਲਗਰੀ ਦੀ ਮੇਯਰ ਜਿਓਤੀ ਗੌਂਡਿਕ ਨੇ ਪੰਜਾਬੀ ਜ਼ੁਬਾਨ ਨੂੰ ਅਗਲੀਆਂ ਪੀੜ੍ਹੀਆਂ ਤੱਕ ਪੁਚਾਉਣ ਦੀ ਲੋੜ ਦਰਸਾਈ ਅਤੇ ਕਿਹਾ ਕਿ ਏਕਤਾ ਵਿੱਚ ਬਰਕਤ ਹੈ। ਅਹਿਮਦੀਆ ਫ਼ਿਰਕੇ ਦੇ ਨਯੀਮ ਚੌਧਰੀ ਨੇ ਦੱਸਿਆ ਕਿ ਅਮਨ-ਸ਼ਾਤੀ, ਪ੍ਰੇਮ ਅਤੇ ਸਦਭਾਵਨਾ ਹੀ ਅਸਲੀ ਜਿਹਾਦ ਹੈ। ਰਾਹੁਲ ਆਚਾਰੀਆ ਨੇ ਕਿਹਾ ਕਿ ਹਿੰਦੂ ਸਨਾਤਨ ਧਰਮ ਸਭ ਨੂੰ ਨੀਰੋਗ, ਸੁਖੀ, ਚਰਿੱਤਰਵਾਨ ਅਤੇ ਦਿਆਲੂ ਹੋਣ ਦਾ ਉਪਦੇਸ਼ ਦਿੰਦਾ ਹੈ। ਈਸਾਈ ਜੁਆਏ ਚੌਧਰੀ ਨੇ ਬਾਈਬਲ ਦੇ ਹਵਾਲੇ ਨਾਲ਼ ਕਿਹਾ ਕਿ ਵਿਿਭੰਨਤਾ ਕੁਦਰਤ ਦੀ ਸੌਗਾਤ ਹੈ। ਡਾ। ਹਰਭਜਨ ਸਿੰਘ ਢਿੱਲੋਂ ਨੇ ਗੁਰਬਾਣੀ ਦੀਆਂ ਤੁਕਾਂ ਅਤੇ ਖ਼ਲੀਲ ਜਿਬਰਾਨ ਦੇ ਹਵਾਲੇ ਨਾਲ਼ ਪੂਰੇ ਬ੍ਰਹਿਮੰਡ ਅਤੇ ਕੁਦਰਤ ਦੇ ਮਨੁੱਖ ਨਾਲ਼ ਰਿਸ਼ਤੇ ਨੂੰ ਮਾਨਵੀ ਸਰੋਕਾਰਾਂ ਨਾਲ ਜੋੜਿਆ ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕੋ ਇੱਕ ਗ੍ਰੰਥ ਹੈ ਜੋ ਵੱਖੋ-ਵੱਖ ਧਾਰਾਵਾਂ ਅਤੇ ਭਾਸ਼ਾਈ ਲੋਕਾਂ ਨੂੰ ਇੱਕੋ ਸੂਤਰ ਵਿੱਚ ਬੰਨ੍ਹਦਾ ਹੈ।

ਨੇਪਾਲੀ ਕਲਾਕਾਰਾਂ ਨੇ ਸੰਗੀਤ ਅਤੇ ਨਾਚ ਰਾਹੀਂ ਸ਼ੁੱਧ ਪਹਾੜੀ ਮਾਹੌਲ ਸਿਰਜਿਆ। ਚਰਨਜੀਤ ਕੌਰ ਬਾਜਵਾ ਨੇ ਲੋਕ ਗੀਤ – ਸੱਸੀ ਪੁੰਨੂੰ ਦੋ ਜਣੇ, ਸੁਰਜੀਤ ਕੌਰ ਕੰਮੋਹ ਅਤੇ ਹਰਕੰਵਲਜੀਤ ਕੌਰ ਧਾਲ਼ੀਵਾਲ਼ ਨੇ – ਚੰਨ ਕਿੱਥਾਂ ਗੁਜ਼ਾਰੀਆ ਈ ਰਾਤ ਵੇ ਨੂੰ ਤਰੰਨਮ ਵਿੱਚ ਗਾ ਕੇ ਮਰਹੂਮ ਸੁਰਿੰਦਰ ਕੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਮੁਨੱਵਰ ਅਹਿਮਦ ਨੇ ਇੱਕ ਚੀਨੀ ਲੋਕਗੀਤ ਨੂੰ ਚੀਨੀ ਅਤੇ ਅੰਗ੍ਰੇਜ਼ੀ ਭਾਸ਼ਾਵਾਂ ਵਿੱਚ ਗਾ ਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਥਾਲ਼ੀ ਦੇ ਤਾਲ `ਤੇ ਮਾਹੀਆ ਵੀੀ ਪੇਸ਼ ਕੀਤਾ। ਉੱਘੇ ਰੰਗਕਰਮੀ ਵਿਜੇ ਸਚਦੇਵਾ ਨੇ ਅਜਮੇਰ ਔਲਖ ਦੇ ਪ੍ਰੀਤ-ਕਹਾਣੀਆਂ `ਤੇ ਆਧਾਰਤ ਨਾਟਕ ਨੂੰ ਸੋਲੋ ਐਕਟਿੰਗ ਰਾਹੀਂ ਬਾ-ਖੂਬੀ ਪੇਸ਼ ਕੀਤਾ। ਉਸ ਦੀ ਸ਼ਲਾਘਾਯੋਗ ਅਦਾਕਾਰੀ ਸਦਕਾ ਨਾਟਕ ਤਕੜਾ ਸੁਨੇਹਾ ਦੇ ਗਿਆ ਕਿ ਹੱਕ ਲੈਣ ਖਾਤਰ ਜਾਨ ਤੱਕ ਵੀ ਦੇਣੀ ਪੈ ਜਾਂਦੀ ਹੈ।

ਸੁਰਿੰਦਰਜੀਤ ਪਲਾਹਾ ਨੇ ਮਦਰ ਟੈਰੇਸਾ ਅਤੇ ਹਿਟਲਰ ਦੀਆਂ ਮਿਸਾਲਾਂ ਦੇ ਕੇ ਧਰਮਾਂ, ਜਾਤਾਂ ਤੇ ਫ਼ਿਰਕਿਆਂ ਦੀ ਵੰਡ ਨੂੰ ਨਕਾਰਿਆ। ਉਸ ਨੇ ਵਿਿਗਆਨਕ ਤਰਕ ਦਿੱਤਾ ਕਿ ਸਾਰੇ ਮਨੁੱਖਾਂ ਦੀ ਉਤਪਤੀ ਇੱਕੋ ਸ੍ਰੋਤ ਤੋਂ ਹੋਈ ਹੈ, ਇਸ ਲਈ ਵੰਡੀਆਂ ਤੇ ਵਖਰੇਵੇਂ ਤਿਆਗ ਕੇ ਸਿਰਫ਼ ਇਨਸਾਨ ਬਣੀਏਂ, ਇਸ ਨਾਲ਼ ਸਾਰੇ ਮਸਲੇ ਹੱਲ ਹੋ ਜਾਣਗੇ। ਵਜ਼ੀਰ ਰਾਜਨ ਸਾਹਨੀ ਨੇ ਐਸੋਸੀਏਸ਼ਨ ਦੇ ਕੰਮਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

ਰਿਸ਼ੀ ਨਾਗਰ ਨੇ ਪੇਸ਼ ਹੋਏ ਸਮੁੱਚੇ ਵਿੱਚਾਰਾਂ ਦਾ ਨਿਚੋੜ ਕਢਦਿਆਂ ਗੱਲ ਇੱਥੇ ਮੁਕਾਈ ਕਿ ਸਾਰੇ ਧਰਮ-ਗ੍ਰੰਥ – ਗੀਤਾ, ਬਾਈਬਲ, ਕੁਰਾਨ, ਗੁਰੂ ਗ੍ਰੰਥ ਸਾਹਿਬ ਇੱਕੋ ਸੁਨੇਹਾ ਦਿੰਦੇ ਹਨ ਕਿ ਸਾਰਾ ਬ੍ਰਹਿਮੰਡ, ਸਾਰੀ ਸ੍ਰਿਸ਼ਟੀ, ਸਾਰੀ ਉਤਪਤੀ ਇੱਕੋ ਸੂਤਰ ਵਿੱਚ ਪਰੋਈ ਹੈ। ਸਾਰੀ ਧਰਤੀ ਦੇ ਪ੍ਰਾਣੀ ਇੱਕੋ ਪਰਿਵਾਰ ਦੇ ਜੀਅ ਹਨ। ਵੰਡੀਆਂ, ਵਖਰੇਵੇਂ ਅਤੇ ਆਪ-ਬਣਾਈਆਂ ਹੱਦਾਂ ਨੂੰ ਪਾਰ ਕਰੀਏ, ਸਮੁੱਚੀ ਮਾਨਵ ਜਾਤੀ ਲਈ ਸੋਚੀਏ ਅਤੇ ਸਰਬੱਤ ਦੇ ਭਲੇ ਲਈ ਜਤਨ ਕਰੀਏ।

ਗੁਰਦਿਆਲ ਸਿੰਘ ਖਹਿਰਾ ਨੇ ਬੜੀ ਸੁਚੱਜੀ ਕਰਤੀਬ ਵਿੱਚ ਕਾਰਵਾਈ ਚਲਾਈ ਅਤੇ ਅਖੀਰ ਵਿੱਚ ਗਿੱਧੇ ਦੀ ਟੀਮ ਦੀਆਂ ਜਿੱਤਾਂ ਦਾ ਵੇਰਵਾ ਦਿੱਤਾ। ਜਸਪ੍ਰੀਯਾ ਜੌਹਲ ਦੀ ਗਿਆਰਾਂ ਕੁੜੀਆਂ ਦੀ ਟੀਮ ਨੇ ਚਰਖੇ, ਪੱਖੀਆਂ ਅਤੇ ਬਾਲਟੀਆਂ ਤੇ ਕੇਂਦ੍ਰਿਤ ਲੋਕਬੋਲੀਆਂ ਦੇ ਸਹਾਰੇ ਨੱਚ ਨੱਚ ਕੇ ਉਹ ਧਮਾਲ ਪਾਈ ਕਿ ਸਟੇਜ ਵੀ ਧਮਕਣ ਲੱਗ ਪਈ। ਅਖੀਰ ਵਿੱਚ ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਸਾਰੇ ਬੁਲਾਰਿਆਂ, ਪੇਸ਼ਕਾਰਾਂ,, ਮਹਿਮਾਨਾਂ, ਸੰਸਥਾਵਾਂ ਦੇ ਹਾਜ਼ਰ ਨੁਮਾਇੰਦਿਆਂ , ਮੀਡੀਆ ਕਰਮੀਆਂ ਅਤੇ ਐਸੋਸੀਏਸ਼ਨ ਦੇ ਪ੍ਰਬੰਧਕਾਂ ਸਮੇਤ ਵਾਲੰਟੀਅਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਦਰਸ਼ਕਾਂ ਦੁਆਰਾ ਲੰਮੇ ਚੱਲੇ ਪ੍ਰੋਗਰਾਮ ਦੌਰਾਨ ਜ਼ਾਬਤੇ ਵਿੱਚ ਰਹਿ ਕੇ ਮਾਹੌਲ ਸੁਖਾਵਾਂ ਬਣਾਈ ਰੱਖਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਾਰੀ ਕਾਰਵਾਈ ਨੂੰ ਰੈੱਡ ਐਫ ਐਮ ਦੇ ਧਰਮਪ੍ਰੀਤ ਢਿੱਲੋਂ ਨੇ ਵੀਡੀਓ ਰਿਕਾਰਡਿੰਗ ਰਾਹੀਂ ਵੱਡੀ ਸਕਰੀਨ ਤੇ ਪਾ ਕੇ ਵਿਖਾਇਆ।

ਪੰਜਾਬੀ ਅਖ਼ਬਾਰ ਦੇ ਐਡੀਟਰ-ਇਨ-ਚੀਫ਼ ਹਰਬੰਸ ਬੁੱਟਰ ਨੇ ਕਾਰਵਾਈ ਨੂੰ ਪੂਰੀ ਕਵਰੇਜ ਦੇ ਕੇ ਕੈਮਰਾਬੰਦ ਕੀਤਾ। ਰਿਸ਼ੀ ਨਾਗਰ ਦੀ ਅਗਵਾਈ ਹੇਠ ਵਿਉਂਤਿਆ ਅਤੇ ਮੈਡਮ ਲਲਿਤਾ ਸਮੇਤ ਐਸੋਸੀਏਸ਼ਨ ਦੇ ਸਰਕਰਦਾ ਮੈਂਬਰਾਂ ਦੁਆਰਾ ਨੇਪਰੇ ਚੜ੍ਹਾਇਆ ਇਹ ਪ੍ਰੋਗਰਾਮ ਜਿੱਥੇ ਯਾਦਗਾਰੀ ਹੋ ਨਿਬੜਿਆ ਉੱਥੇ ਇਸ ਸੰਸਥਾ ਦੇ ਇਤਹਾਸ ਵਿੱਚ ਨਵੀਆਂ ਪਿਰਤਾਂ ਪਾ ਕੇ ਇੱਕ ਮੀਲ-ਪੱਥਰ ਵਾਂਗ ਉੱਕਰਿਆ ਗਿਆ।




