ਹੱਡ ਬੀਤੀਆਂ

ਸਾਲਿਆਂ ਤੋਂ ਜੀਜਾ ਕੁਟਵਾਤਾ..ਨਾਲੇ ਵੀ ਸੀ ਆਰ ਭੰਨਵਾਤਾ

ਸੇਰੇ ਕਾ ਪਰੌਣਾ ——

ਗੱਲ ਬਾਈ 98-99 ਕੁ ਦੇ ਆਸ-ਪਾਸ ਦੀ ਆ, ਸੇਰੇ ਕਿਆ ਨੇ ਭਰਾਵਾ ਸਾਰੇ ਵਿਹੜੇ ਨੂੰ ਆਥਣੇ ਜੇ ਕੈਹਤਾ ਵੀ ਅੱਜ ਆਪਣੇ ਵੀ ਸੀ ਆਰ ਆਊਗਾ ਤੇ ਸਾਰਿਆਂ ਨੂੰ ਮੂਵੀ ਦਿਖਾਉਣਗੇ ਬੀਰੋ ਦੇ ਵਿਆਹ ਦੀ… ਪਰੌਣਾ ਲੈਕੇ ਆਊ… ਅਸੀ ਤਾਂ ਭਰਾਵਾ ਟਾਇਮ ਨਾਲ ਈ ਚਲੇ ਗਏ ਓਹਨਾਂ ਦੇ ਘਰੇ… ਰੰਗੀਨ ਟੈਲੀਵੀਜਨ ਦੇ ਸਾਹਮਣੇ ਪੰਡਾਲ ਬਣਿਆ ਬਾ… ਇੱਕ ਪਾਸੇ ਚਾਹ ਆਲਾ ਦੇਗਾ ਚੜਾ ਰੱਖਿਆ ਵੀ ਕਿਤੇ ਮੁਲਖ ਸਾਗ ਨਾਲ ਖਾ ਕੇ ਆਇਆ ਹੋਊ, ਸੌਂ ਈ ਨਾ ਜਾਵੇ..

ਓਹਨਾਂ ਨੇ ਪਰੌਣੇ ਨੂੰ ਵੀ ਭਰਾਵਾ ਪੱਲੀਆਂ ਜੀਆਂ ਦੇ ਐਣ ਜਮਾਂ ਸੈਂਟਰ ‘ਚ ਲੱਕੜ ਆਲੀ ਬੈਠਮੀ ਜੀ ਕੁਰਸੀ ਡਾਹਤੀ ਤੇ ਨਾਲ ਦੇਤਾ ਚਿੱਟਾ ਖੇਸ ਠੰਡ ਤੋਂ…ਸੇਰੇ ਕਾ ਪਰੌਣਾ ਆਂਏ ਲੱਗੇ ਜਿਮੇਂ ਟਾਹਲੀ ਹੇਠਾਂ ਔਤ ਦੀ ਮਟੀ ਬਣਾਈ ਹੁੰਦੀ ਐ… ਓਹ ਵੀ ਭਰਾਵਾ ਇੱਕ ਸੌ ਅੱਸੀ ਡਿਗਰੀ ‘ਤੇ ਧੌਣ ਜੀ ਘਮਾ ਕੇ ਦੇਖ ਲਿਆ ਕਰੇ ਵੀ ਜਮਾਈ ਦੀ ਟੌਰ ਨੂੰ ਅੱਜ ਸਾਰੇ ਦੇਖਣਗੇ… ਊਂ ਵਿਆਹ ਮੌਕੇ ਪਤਾ ਤਾਂ ਲੱਗ ਈ ਗਿਆ ਸੀ ਵੀ ਹੈ ਸੀ ਓਹ ਸਿੱਧੂ ਟੈਪ ਦਾ ਬੰਦਾ ਈ… ਗੱਲ ਮਕਾ ਯਰ ਬਈ ਲਾਤੀ ਮੂਵੀ…

ਅੱਧੇ ਕੁ ਮੇਰੇ ਅਰਗੇ ਫੰਗ ਜੇ ਸਿੱਟਗੇ ਬੀ ਜਰ ਮੂਵੀ ਦਾ ਕੀ ਦੇਖਣਾ… ਓਨਾਂ ਚਿਰ ਸੌਂ ਜੋ, ਫੇਰ ਮਗਰੋਂ ਗੱਗੂ ਗਿੱਲ ਦੀ ਫਿਲਮ ਲਾਮਾਂਗੇ… ਅੱਧਾ ਮੁਲਖ ਪੱਲੀਆਂ ਤੇ ਲਿਟ ਗਿਆ… ਚਲੋ ਚੱਲ ਪਈ ਮੂਵੀ… ਲੰਬਰੀ ਜੀ ਤੋਂ ਬਾਅਦ ਓਹਨਾਂ ਦੇ ਪਰੌਣੇ ਕਾ ਘਰ ਜਾ ਦਖਾਕੇ ਗਾਣਾ ਚੱਲ ਪਿਆ ਬੀ “ਕਦੇ ਸਾਡੇ ਬੀ ਬਨੇਰੇ ਉੱਤੇ ਬੋਲ ਬੇ ਨਿੱਤ ਬੋਲਦੈਂ ਗਮਾਂਡੀਆਂ ਦੇ ਕਾਵਾਂ…”, ਆਈਂ ਦੋ ਤਿੰਨ ਹੋਰ ਧਾਰਮਕੀ ਜੇ ਚੱਲਕੇ ਤੇ ਸੀਨ ਆ ਗਿਆ ਜਦੋਂ ਤਲਵਾਰ ਜੀ ਨਾਲ ਫਲਕਾਰੀ ਜੀ ਚੱਕੀ ਜਾਂਦੇ ਹੁੰਦੇ ਆ… ਓਥੇ ਭਰਾਵਾ ਗਾਣਾ ਚੱਲ ਪਿਆ ਬੀ “ਬੇ ਮੈਂ ਚੁੰਨੀ ‘ਚ ਲਕੋ ਕੇ ਮੂੰਹ ਰੋਂਦੀ ਰਈ, ਤੂੰ ਚੜਦਾ ਸੀ ਜੰਨ ਹੱਸਕੇ…” ਸਾਰੇ ਕੱਚੇ ਜੇ ਹੋਗੇ ਬੀ ਆਹ ਕੇਹੋ ਜੇ ਗਾਣੇ ਭਰਵਾਏ ਮੂਵੀ ‘ਚ..!

ਪਰੌਣਾ ਓਹਨਾਂ ਦਾ ਹੋਰ ਮੱਸ਼ਰ ਗਿਆ ਬੀ ਚੜਾਈ ਆ ਜਮਾਈ ਦੀ… ਜਦੋਂ ਭਰਾਵਾ ਰੀਬਨਾਂ ਆਲੀ ਕਾਰ ਜੀ ਚ ਬੈਠਣ ਲੱਗਿਆ, ਸਾਰਿਆਂ ਨੂੰ ਆਂਏ ਬੀ ਹੁਣ ਪਲਮਿੰਦਰ ਸੰਧੂ ਆਲਾ ਚੱਲੂ ਬੀ ‘ਉੱਡ ਕੇ ਸੋਹਣਿਆਂ ਆਜਾ ਵੇ…’ ਓਥੇ ਭਰਾਵਾ ਚੱਲ ਪਿਆ ਜਸਬਿੰਦਰ ਬਰਾੜ ਦਾ “ਮੇਰੀ ਐਨੀ ਗੱਲ ਤੂੰ ਯਾਦ ਰੱਖੀਂ, ਬੇ ਤੇਰੀ ਹੋਈ ਜੰਨ ਘੇਰੂੰਗੀ…” ਫੇਰ ਭਰਾਵਾ, ਸਭ ਆਏਂ ਜੇ ਕਰਨ ਜਿਮੇਂ ਕਬਜੀ ਹੋਈ ਹੁੰਦੀ ਆ… ਘੁਸਰ ਮੁਸਰ ਜੀ ਹੋਣ ਲੱਗਪੀ…

ਇੱਕ ਪਾਸੇ ਜੇ ਸੇਰੇ ਦਾ ਬੁੜ੍ਹਾ ਠੋਡੀ ਥੱਲੇ ਫਾਉੜਾ ਜਾ ਦੇਈ ਖੜਾ… ਓਹਨੇ ਖੰਗੂਰਾ ਜਾ ਮਾਰਕੇ ਕੇਰਾਂ ਤਾਂ ਸਾਰੇ ਚੁੱਪ ਜੇ ਕਰਾਤੇ… ਜਦੋਂ ਰੀਬਨ ਕੱਟਣ ਲੱਗੇ ਤਾਂ ਫੇਰ ਚੱਲ ਪਿਆ, “ਤੈਨੂੰ ਕੁੜੀਆਂ ਚ ਖੜੀ ਦੇਖ ਕੇ ਨੀ ਰੀਬਨ ਨਾ ਕੱਟਿਆ ਗਿਆ…“ ਬੱਸ ਭਰਾਵਾ

ਸੇਰੇ ਕਿਆ ਨੇ ਪਰਾਉਣਾ ਸਿੱਟ ਲਿਆ ਬੀ ਭੈਣਨੇ ਨੇ ਕੀ ਕੰਜਰਖਾਨਾ ਭਰਵਾ ਲਿਆ ਤੇ ਮਿਕਸਿੰਗ ਆਲਾ ਕੇਹੜਾ ਕੰਜਰ ਤੀ.. ਪੱਲੀਆਂ ਜੀਆਂ ਤੇ ਅੜ੍ਹਾਟ ਈ ਪਵੇ… ਓਹਦੇ ਚਪੇੜੇ ਆਏਂ ਪੈਣ ਜਿਮੇਂ ਵਿਆਹ ਆਲੀ ਕੁੜੀ ਨੂੰ ਸ਼ਗਣ ਪੈਂਦਾ ਹੁੰਦੈ..

ਅੱਧੇ ਕੁ ਜਿਹੜੇ ਸੁੱਤੇ ਪਏ ਸੀ, ਓਹ ਅੱਬੜਬਾਹੇ ਜੇ ਉੱਠੇ ਬੀ ਕਿਤੇ ਸੱਚੀਂ ਗੁੱਗੂ ਗਿੱਲ ਤੇ ਯੋਗਰਾਜ ਦੀ ਮੂਬੀ ਚੱਲਪੀ… ਮੁਲਖ ਨੂੰ ਪਤਾ ਨਾ ਲੱਗੇ ਬੀ ਕਿੱਧਰ ਨੂੰ ਭੱਜੀਏ..? ਓਹਨਾਂ ਦੇ ਬੁੜ੍ਹੇ ਨੇ ਬੀ ਸੀ ਆਰ ਜੇ ‘ਤੇ ਫੌੜਾ ਧਰਤਾ… ਓਹ ਬੀ ਪੌਣੇ ਕੁ ਸੱਤ ਸਕਿੰਡਾਂ ਚ ਘੈੜ-ਘੈੜ ਜੀ ਕਰਕੇ ਪੰਜ ਸੌ ਆਲੇ ਨੋਟ ਅੰਗੂ ਬੰਦ ਹੋ ਗਿਆ… ਚਾਹ ਆਲਾ ਦੇਗਾ ਅੱਡ ਰੁੜਿਆ ਫਿਰੇ… ਬੁੜੀਆਂ ਅੱਡ ਚੀਕਾਂ ਮਾਰਨ, ਵੇ ਜਾਏ ਬੱਡੀ ਦਿਓ ਛੱਡਦੋ ਪਰੌਣਾ-ਧਰੌਣੈ ਥੋਡਾ..!

ਦੋ ਕੁ ਮਿੰਟਾਂ ਚ ਈ ਓਥੇ ਪੱਲੀਆਂ ਜੀਆਂ ‘ਤੇ ਆਏਂ ਲੱਗੇ ਜਿਮੇਂ ਕੱਦੂ ਕੀਤਾ ਹੁੰਦੈ..ਸੇਰੇ ਕਿ ਕਰਨ, ਖੜ੍ਹ ਤੇਰੀ $^#% ਵੱਡੇ ਆਸਕ ਦੀ… ਆਅਅਅਅ ਕੀ..! ਮਾਰ ਮਾਰ ਹੁੱਡੂ ਓਹਨੂੰ ਲੀਰਾਂ ਆਲੀ ਖੁੱਦੋ ਅੰਗੂ ਖਲਾਰਤਾ… ਓਹ ਬੀ ਬਸ਼ਰਮ ਪੂਰਾ… ਹਜੇ ਕਹੇ ਪੂਰੀ ਮੂਬੀ ਤਾਂ ਦੇਖ ਲੈਂਦੇ, ਗਾਹਾਂ ਬਾਲੇ ਅੱਤ ਗਾਣੇ ਸੀ…

ਅਸੀ ਪੁੱਛ ਲਿਆ ਬੀ ਫੁੱਫੜਾ ਹੋਰ ਕੀਹਦੇ ਕੀਹਦੇ ਭਰਬਾਏ ਵੇ ਸੀ..?

ਕਹਿੰਦਾ, ਹਜੇ ਤਾਂ ਓਹ ਆਉਣੇ ਸੀ ਹਰਦੇਵ ਮਾਹੀਲੰਗਲ ਦਾ, ਬੀ ਮਾਹੀ ਚਾਹੁੰਦਾ ਕਿਸੇ ਹੋਰ ਨੂੰ

ਤੇ ਲਾਭ ਹੀਰੇ ਦਾ ਬੀ ਜੀਹਨੂੰ ਵਿਆਹ ਕੇ ਲਿਆਇਆਂ, ਬੱਸ ਹੁਣ ਓਹਦਾ ਬਣ ਕੇ ਰਹੁ…

ਮਖਿਆ ਉੱਡ ਚੱਲੋ ਐਥੋਂ ਓਏ, ਏਹ ਆਪਣਾ ਬੀ ਬਾਂਦਰ ਲੰਡਾ ਕਰਬਾਊ… ਹੌਲੀ ਦੇਨੀ ਬੱਗੀ ਕਹਿੰਦਾ, ਮਖਿਆਂ ਫੁੱਫੜਾ ਹੁਣ ਐਂਡ ਆਲੀ ਲੰਬਰੀ ਤੇ ਆਹ ਬੀ ਭਰਵਾ ਲੀਂ ਵੀ ਸਹਿਬਾਂ ਬਣੀ ਭਰਾਵਾ ਦੀ ਸਾਲਿਆਂ ਤੋਂ ਜੀਜਾ ਕੁਟਵਾਤਾ..

ਪਾਠਕਾਂ ਦੀ ਚਾਹ ਪੁਣਨੀ ਥਾਣੀ ਲੰਘੀ ਲਿਖਤ ਉਪਰੰਤ ਪਤਾ ਲੱਗਾ ਕਿ ਇਹ ਲਿਖਤ ਸੰਧੂਆਂ ਦਾ ਪ੍ਰਾਹੁਣਾ ਨਾਂ ਦੀ ਰਚਨਾ ਬਹੁਤ ਸਾਲ ਪਹਿਲਾਂ ਛਪੀ ਸੀ ।ਉਸ ਪੁਣਛਾਣ ਵਿੱਚ ਬਠਿੰਡੇ ਆਲੇ ਹਰਮੰਦਰ ਕੰਗ ਦਾ ਨਾਂ ਲਿਖਤਕਾਰ ਵੱਜੋਂ ਸਾਹਮਣੇ ਆ ਰਿਹਾ ਹੈ

Show More

Related Articles

Leave a Reply

Your email address will not be published. Required fields are marked *

Back to top button
Translate »