ਮਿੱਤਰ ਪਿਆਰੇ ਨੂੰ—

1970ਵਿਆਂ ਵਿੱਚ ਸਕੂਲ ਵਿੱਚ ਪੜ੍ਹਦਾ ਗੁਰਤੇਜ ਪੜਨ ਵਿੱਚ ਹੁਸ਼ਿਆਰ ਸੀ, ਹਮੇਸ਼ਾ ਆਪਣੀ ਕਲਾਸ ਵਿੱਚੋਂ ਪਹਿਲੇ ਸਥਾਨ ਤੇ ਆਉਂਦਾ। ਜਦੋਂ ਕਦੇ ਬਾਪੂ ਖੇਤ ਵਿੱਚ ਹੱਥ ਵਟਾਉਂਣ ਲਈ ਕਹਿੰਦਾ ਤਾਂ ਮਾਂ ਟੋਕ ਦਿੰਦੀ, ਵੱਡਾ ਤਾਂ ਨਹੀਂ ਪੜਿਆ ਇਸ ਨੂੰ ਤਾਂ ਪੜਨ ਦੇਦੋ, ਮਾਂ ਦੀ ਗੱਲ ਸੁਣ ਕੇ ਬਾਪੂ ਚੁੱਪ ਹੋ ਜਾਂਦਾ। ਵੱਡਾ ਭਰਾ ਦਸਵੀਂ ਜਮਾਤ ਵਿੱਚੋਂ ਹਟਕੇ ਬਾਪੂ ਨਾਲ ਖੇਤੀ ਕਰਵਾਉਣ ਲੱਗ ਪਿਆ ਸੀ। ਗੁਰਤੇਜ ਅਜੇ ਨੌਵੀਂ ਜਾਂ ਦਸਵੀਂ ਜਮਾਤ ਵਿੱਚ ਹੀ ਸੀ ਜਦ ਉਸ ਦੇ ਪਿੰਡ ਦਾ ਮੁੰਡਾ ਮਹੇਸ਼ ਜੋ ਕਿ ਕਾਲਜ ਵਿੱਚ ਪੜ੍ਹਦਾ ਸੀ ਉਸ ਕੋਲ ਆਉਣ ਲੱਗ ਪਿਆ, ਸ਼ਾਇਦ ਉਹ ਕਮਿਊਨਿਸਟ ਪਾਰਟੀ ਦਾ ਮੈਂਬਰ ਸੀ। ਮਹੇਸ਼ ਨੇ ਸੋਵੀਅਤ ਕਰਾਂਤੀ ਦੀਆਂ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਥੇ ਕਿਵੇਂ ਹੇਠਲਿਆਂ ਨੇ ਉਪਰਲਿਆਂ ਦੀ ਸੱਤਾ ਪਲਟਾ ਦਿੱਤੀ ਸੀ ਅਤੇ ਲੁੱਟ ਰਹਿਤ ਨਿਜ਼ਾਮ ਸਥਾਪਿਤ ਕਰ ਦਿੱਤਾ ਸੀ। ਗੁਰਤੇਜ ਮਹੇਸ਼ ਨਾਲ ਕਮਿਊਨਿਸਟ ਪਾਰਟੀ ਦੇ ਕੈਂਪਾਂ ਵਿੱਚ ਜਾਣ ਲੱਗਿਆ ਜਿੱਥੇ ਮਾਰਕਸਵਾਦ ਅਤੇ ਲੈਨਿਨਵਾਦ ਪੜਾਇਆ ਜਾਂਦਾ। ਉਸ ਵਕਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕਮਿਊਨਿਸਟ ਕ੍ਰਾਂਤੀਆਂ ਹੋ ਚੁੱਕੀਆਂ ਸਨ ਅਤੇ ਸਮਾਜਵਾਦ ਆਪਣੇ ਪੂਰੇ ਜੋਬਨ ਤੇ ਸੀ। ਹੌਲੀ ਹੌਲੀ ਗੁਰਤੇਜ ਦੀ ਸਮਝ ਬਣਦੀ ਗਈ ਕਿ ਦੁਨੀਆਂ ਵਿੱਚ ਸਿਰਫ਼ ਦੋ ਹੀ ਜਮਾਤਾਂ ਹਨ ਇੱਕ ਲੁੱਟੇ ਜਾਣ ਵਾਲੇ ਅਤੇ ਇੱਕ ਲੁੱਟਣ ਵਾਲੇ। ਉਹ ਬਾਪੂ ਅਤੇ ਵੱਡੇ ਭਰਾ ਨੂੰ ਸਾਰਾ ਦਿਨ ਖੇਤ ਵਿੱਚ ਕੰਮ ਕਰਦੇ ਦੇਖਦਾ ਪਰ ਫਿਰ ਵੀ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਿਲ ਨਾਲ ਚੱਲਦਾ ਅਤੇ ਉਸ ਦਾ ਮਨ ਉਹ ਸਮਾਜ ਸਿਰਜਣ ਲਈ ਮਚਲਣ ਲੱਗਿਆ ਜਿੱਥੇ ਕੋਈ ਕਿਸੇ ਦੀ ਲੁੱਟ ਨਾ ਕਰ ਸਕਦਾ ਹੋਵੇ। ਦਸਵੀਂ ਵਿੱਚੋਂ ਗੁਰਤੇਜ ਦੇ ਚੰਗੇ ਨੰਬਰ ਆਏ ਅਤੇ ਉਸ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਕਾਲਜ ਵਿੱਚ ਦਾਖਲਾ ਮਿਲ ਗਿਆ।

ਸੱਤਰਵਿਆਂ ਦੇ ਅਖੀਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਜੋ ਕਿ ਨਕਸਲਬਾੜੀ ਪਾਰਟੀ ਦਾ ਵਿਦਿਆਰਥੀ ਵਿੰਗ ਸੀ, ਆਪਣੀ ਪੂਰੀ ਚੜਤ ਵਿੱਚ ਸੀ। ਸਮਾਂ ਪਾ ਕੇ ਗੁਰਤੇਜ ਦਾ ਸੰਪਰਕ ਸਟੂਡੈਂਟਸ ਯੂਨੀਅਨ ਦੇ ਸਾਥੀਆਂ ਨਾਲ ਹੋ ਗਿਆ, ਜਿਥੇ ਉਸ ਨੇ ਸਮਝਣਾ ਸ਼ੁਰੂ ਕੀਤਾ ਕਿ ਉਸ ਸਮੇਂ ਦੀਆਂ ਦੋਵੇਂ ਕਮਿਊਨਿਸਟ ਪਾਰਟੀਆਂ ਸੋਧਵਾਦੀ ਹੋ ਕੇ ਇਨਕਲਾਬ ਦਾ ਰਾਹ ਛੱਡ ਚੁੱਕੀਆਂ ਹਨ। ਉਸ ਸਮੇਂ ਨਕਸਲਬਾੜੀ ਮਾਉਵਾਦੀ ਸਿਧਾਂਤ,ਕਿ ਇਨਕਲਾਬ ਬੰਦੂਕ ਦੀ ਨਾਲੀ ਵਿਚੋਂ ਨਿਕਲਦਾ ਹੈ, ਉੱਤੇ ਚੱਲ ਰਹੇ ਸਨ। ਕਈ ਵਾਰ ਨਕਸਲਬਾੜੀ ਪਾਰਟੀ ਦੇ ਰੂਪੋਸ਼ ਸਾਥੀ ਉਸ ਦੇ ਹੋਸਟਲ ਦੇ ਕਮਰੇ ਵਿੱਚ ਆਉਣ ਲੱਗੇ। ਹਿੰਦੋਸਤਾਨ ਵਿੱਚ ਕਮਿਊਨਿਸਟ ਇਨਕਲਾਬ ਬਾਬਤ ਵਿਚਾਰ ਵਟਾਂਦਰਾ ਹੁੰਦਾ। ਕਈ ਵਾਰ ਉਹ ਉਸ ਨੂੰ ਅੱਜ ਦੇ ਭਗਤ ਸਿੰਘ ਲੱਗਦੇ। ਸਾਥੀਆਂ ਨਾਲ ਕੀਤੇ ਵਿਚਾਰ ਵਟਾਂਦਰੇ ਤੋਂ ਉਸ ਨੂੰ ਲੱਗਣ ਲੱਗਿਆ ਕਿ ਹਿੰਦੋਸਤਾਨ ਦੀ ਭੂਮੀ ਹਥਿਆਰਬੰਦ ਇਨਕਲਾਬ ਲਈ ਤਿਆਰ ਹੋ ਚੁੱਕੀ ਹੈ।
ਇੱਕ ਵਾਰ ਗਰਮੀ ਦੀਆਂ ਛੁੱਟੀਆਂ ਵਿੱਚ ਗੁਰਤੇਜ ਪਿੰਡ ਗਿਆ ਹੋਇਆ ਸੀ ਤਾਂ ਉਸ ਦਾ ਇੱਕ ਰੂਪੋਸ਼ ਸਾਥੀ ਉਸ ਨੂੰ ਮਿਲਣ ਆਇਆ। ਰਾਤ ਦੀ ਰੋਟੀ ਖਾਣ ਤੋਂ ਬਾਅਦ ਉਹ ਦੋਵੇਂ ਜਣੇ ਖੇਤਾਂ ਵੱਲ ਨੂੰ ਨਿਕਲ ਗਏ ਕਿਉਂਕਿ ਉਸ ਤਰ੍ਹਾਂ ਦਾ ਵਿਚਾਰ ਵਟਾਂਦਰਾ ਘਰੇ ਨਹੀਂ ਹੋ ਸਕਦਾ ਸੀ। ਘਰਦਿਆਂ ਦੀ ਨਜ਼ਰ ਵਿੱਚ ਗੁਰਤੇਜ ਕਾਲਜ ਵਿੱਚ ਆਪਣੀ ਪੜ੍ਹਾਈ ਕਰ ਰਿਹਾ ਸੀ। ਅਨਪੜ੍ਹ ਬਾਪੂ ਲਈ ਵੈਸੇ ਵੀ ਕਾਲਾ ਅੱਖਰ ਮੱਝ ਬਰਾਬਰ ਹੀ ਸੀ। ਹਨੇਰੀ ਰਾਤ ਵਿੱਚ ਉਹ ਤੁਰਦੇ ਤੁਰਦੇ ਪਿੰਡੋਂ ਬਾਹਰ ਸਕੂਲ ਕੋਲ ਆ ਗਏ। ਹਨੇਰੀ ਸੁੰਨੀ ਰਾਤ ਵਿੱਚ ਸਿਰਫ਼ ਬਿੰਡਿਆਂ ਦੀ ਟੀਂ ਟੀਂ ਦੀ ਹੀ ਆਵਾਜ਼ ਆ ਰਹੀ ਸੀ। ਸਾਥੀ ਨੇ ਕੱਪੜੇ ਵਿੱਚ ਵਲੇਟਿਆ ਕੁਛ ਸਮਾਨ ਕੱਢਿਆ ਤਾਂ ਗੁਰਤੇਜ ਨੇ ਪੁੱਛਿਆ ਕਿ ਕੀ ਹੈ, ਤਾਂ ਉਸ ਨੇ ਗੁਰਤੇਜ ਨੂੰ ਫੜਾਉਂਦਿਆਂ ਕਿਹਾ ਕਿ ਹਥਿਆਰ ਹੈ, ਪਾਰਟੀ ਨੇ ਭੇਜਿਆ, ਰੱਖ ਲਾ, ਜਮਾਤੀ ਦੁਸ਼ਮਣ ਸੋਧਣ ਦੇ ਕੰਮ ਆਵੇਗਾ। ਬਾਹਰਲਾ, ਚਾਹੇ ਚੈੱਕ ਕਰ ਕੇ ਦੇਖ ਲਾ। ਗੁਰਤੇਜ ਨੇ ਰੌਂਦ ਪਾ ਕੇ ਫਾਇਰ ਕਰ ਦਿੱਤਾ, ਹਨੇਰੀ ਰਾਤ ਵਿੱਚ ਪਿਸਤੌਲ ਦੀ ਨਾਲੀ ਵਿੱਚੋਂ ਇੱਕ ਅੱਗ ਦੀ ਲਾਟ ਨਿਕਲੀ, ਫਾਇਰ ਦੀ ਆਵਾਜ਼ ਨੇ ਹਨੇਰੀ ਰਾਤ ਦਾ ਸੀਨਾਂ ਚੀਰ ਦਿੱਤਾ ਸੀ ਅਤੇ ਨਾਲ ਦੇ ਦਰੱਖਤ ਤੋਂ ਕਿਸੇ ਪੰਛੀ ਦੇ ਫੜਫੜਾ ਕੇ ਉੱਡਣ ਦੀ ਆਵਾਜ਼ ਆਈ।
ਘਰ ਆਕੇ ਗੁਰਤੇਜ ਨੇ ਆਪਣੀ ਬੈਠਕ ਦੀ ਅਲਮਾਰੀ ਵਿੱਚ ਆਪਣੇ ਪਹਿਲੇ ਮਿਲੇ ਹਥਿਆਰ ਨੂੰ ਲਕੋ ਕੇ ਰੱਖ ਦਿੱਤਾ ਸੀ। ਉਸ ਰਾਤ ਉਸਨੂੰ ਲੱਗਿਆ ਕਿ ਹਿੰਦੋਸਤਾਨ ਵਿੱਚ ਇਨਕਲਾਬ ਹੋਰ ਨੇੜੇ ਹੋ ਗਿਆ ਹੈ।
ਘਰੋਂ ਗਿਆ ਗੁਰਤੇਜ ਰੂਪੋਸ਼ ਹੋਕੇ ਪਾਰਟੀ ਵਿੱਚ ਕੁਲਵਕਤੀ ਹੋ ਗਿਆ ਸੀ ਅਤੇ ਫਿਰ ਘਰੇ ਵਾਪਸ ਨਾ ਮੁੜਿਆ। ਘਰਦਿਆਂ ਨੂੰ ਉਸ ਦਾ ਕੁੱਛ ਪਤਾ ਨਹੀਂ ਸੀ। ਅਨਪੜ੍ਹ ਬਾਪੂ ਕਿੱਥੇ ਪਤਾ ਕਰਦਾ। ਬੇਬੇ ਬਹੁਤ ਉਦਾਸ ਰਹਿਣ ਲੱਗੀ ਉਸ ਨੂੰ ਆਸ ਸੀ ਕਿ ਉਸ ਦਾ ਪੁੱਤ ਅਫ਼ਸਰ ਬਣ ਕੇ ਘਰ ਦੀ ਗਰੀਬੀ ਨੂੰ ਧੋ ਦੇਵੇਗਾ।
ਗੁਰਤੇਜ ਪਾਰਟੀ ਵਿੱਚ ਪੂਰਾ ਟਾਈਮ ਕੰਮ ਕਰਨ ਲੱਗਿਆ, ਉਹ ਪਾਰਟੀ ਦੇ ਵਿਦਿਆਰਥੀ ਵਿੰਗ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਅਤੇ ਕਈ ਵਾਰ ਦੇਸ਼ ਦੇ ਹੇਰ ਮਾਉਵਾਦੀ ਸੰਗਠਨਾਂ ਨਾਲ ਗੱਲਬਾਤ ਕਰਕੇ ਸਾਰਿਆਂ ਨੂੰ ਇੱਕ ਕਰਨ ਦੀ ਕੋਸ਼ਿਸ਼ ਕਰਦਾ। ਪਰ ਉਸਨੂੰ ਪਹਿਲੇ ਪੰਜ ਸੱਤ ਸਾਲਾਂ ਵਿੱਚ ਹੀ ਮਹਿਸੂਸ ਹੋ ਗਿਆ ਸੀ ਕਿ ਬਹੁਧਰਮਾਂ ਅਤੇ ਬਹੁ ਜ਼ਾਤਾਂ ਵਿੱਚ ਵੰਡਿਆ ਹਿੰਦੋਸਤਾਨ ਇਸ ਵਕਤ ਕਿਵੇਂ ਵੀ ਸਮਾਜਵਾਦੀ ਇਨਕਲਾਬ ਲਈ ਤਿਆਰ ਨਹੀਂ ਹੈ । ਉਪਰਲੀ ਲੀਡਰਸ਼ਿਪ ਦਾ ਕੱਚ ਘਰੜ ਅੰਤਰਰਾਸ਼ਟਰੀ ਵਿਸ਼ਲੇਸ਼ਣ ਵੀ ਸਮੇਂ ਦਾ ਹਾਣੀ ਨਹੀਂ ਸੀ ਜੋ ਇਨਕਲਾਬ ਨੂੰ ਬਹੁਤ ਹੀ ਨੇੜੇ ਦੇਖ ਰਿਹਾ ਸੀ। ਅੰਤਰਰਾਸ਼ਟਰੀ ਪੱਧਰ ਤੇ ਵੀ ਸਮਾਜਵਾਦੀ ਸਮਾਜਾਂ ਨੂੰ ਪੁੱਠਾ ਗੇੜਾ ਦਿੱਤਾ ਜਾ ਰਿਹਾ ਸੀ। ਸੋਵੀਅਤ ਸਮਾਜ ਟੁੱਟ ਰਹੇ ਸਨ। ਇਹੋ ਜਿਹੇ ਹਾਲਾਤਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀਆਂ ਵੀ ਟੁੱਟ ਭੱਜ ਦਾ ਸ਼ਿਕਾਰ ਹੋ ਕੇ ਬਿਲਕੁਲ ਹੀ ਗੈਰਪਰਸੰਗਿਤ ਹੋ ਗਈਆਂ ਸਨ। ਪਾਰਟੀ ਦਾ ਵਿਦਿਆਰਥੀ ਵਿੰਗ ਵੀ ਤਕਰੀਬਨ ਖ਼ਤਮ ਹੋ ਚੁੱਕਾ ਸੀ। ਜੋ ਪਾਰਟੀ ਵਿੱਚ ਕੰਮ ਕਰਦੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰ ਗਏ ਉਹ ਚੰਗੀਆਂ ਨੌਕਰੀਆਂ ਲੈ ਗਏ ਸੀ ਅਤੇ ਕਈ ਵਿਦੇਸ਼ ਵਿੱਚ ਸਥਾਪਤ ਹੋ ਗਏ ਸਨ। ਪਾਰਟੀ ਵਿੱਚ ਕੰਮ ਕਰਦੇ ਕਈ ਡਾਕਟਰ ਅਤੇ ਪ੍ਰੋਫੈਸਰ ਪਹਿਲਾਂ ਹੀ ਚੰਗੀ ਨੌਕਰੀ ਤੇ ਸਨ। ਕਈ ਪਾਰਟੀ ਵਿੱਚ ਉੱਚੇ ਅਹੁਦੇ ਤੇ ਕੰਮ ਕਰਦੇ ਵਿਅਕਤੀ ਧਰਮ ਦੇ ਖੇਤਰ ਵੱਲ ਮੋੜਾ ਕੱਟ ਗਏ ਅਤੇ ਟੀਵੀ ਉੱਤੇ ਧਾਰਮਿਕ ਵਿਖਿਆਨ ਕਰਦੇ ਦਿਖਾਈ ਦਿੰਦੇ ਸਨ।
ਬਾਹਰਲੇ ਸੂਬੇ ਵਿੱਚ ਪਾਰਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਮੁੜਦਾ ਗੁਰਤੇਜ ਪੰਜਾਬ ਪੁਲਿਸ ਨੇ ਪਿਸਤੌਲ ਸਮੇਤ ਕਾਬੂ ਕਰ ਲਿਆ ਸੀ। ਪਤਾ ਲੱਗਣ ਤੇ ਬਾਪੂ ਬਹੁਤ ਤੜਫਿਆ ਸੀ ਉਸਨੇ ਢਿੱਡ ਬੰਨ੍ਹ ਕੇ ਉਸ ਦੀਆਂ ਫ਼ੀਸਾਂ ਭਰੀਆਂ ਜੋ ਕਿਸੇ ਵੀ ਕੰਮ ਨਹੀਂ ਆਈਆਂ ਸਨ। ਆਰਥਿਕ ਤੌਰ ਤੇ ਵੀ ਬਾਪੂ ਕੇਸ ਲੜਨ ਜੋਗਾ ਨਹੀਂ ਸੀ। ਨਜਾਇਜ ਹਥਿਆਰ ਰੱਖਣ ਦੇ ਦੋਸ਼ ਵਿੱਚ ਗੁਰਤੇਜ ਸੱਤ ਸਾਲ ਲਈ ਅੰਦਰ ਚਲਾ ਗਿਆ ਸੀ।
ਜੇਲ੍ਹ ਵਿੱਚ ਬੈਠਾ ਗੁਰਤੇਜ ਸੋਚਦਾ ਕਿ ਕਿਵੇਂ ਪਾਰਟੀ ਲੀਡਰਸ਼ਿਪ ਦੇ ਅਸਲੋਂ ਸਚਾਈ ਤੋਂ ਟੁੱਟੇ ਸਿਧਾਂਤ ਨੇ ਪਾਰਟੀ ਕਾਡਰ ਦਾ ਘਾਣ ਕੀਤਾ। ਇਨਕਲਾਬ ਅਸਲ ਵਿੱਚ ਊਠ ਦਾ ਬੁੱਲ੍ਰ ਬਣ ਗਿਆ ਸੀ ਜਿਸਦੇ ਘੱਟੋ-ਘੱਟ ਨੇੜ ਭਵਿੱਖ ਵਿੱਚ ਡਿੱਗਣ ਦੀ ਕੋਈ ਆਸ ਨਹੀਂ ਸੀ।
ਜੇਲ੍ਹ ਵਿੱਚੋਂ ਛੁੱਟਣ ਤੋਂ ਬਾਅਦ ਗੁਰਤੇਜ ਘਰ ਆ ਬੜਿਆ ਕੋਈ ਹੋਰ ਜਗ੍ਹਾ ਵੀ ਨਹੀਂ ਬਚੀ ਸੀ ਜਾਣ ਲਈ। ਬਾਪੂ ਅਤੇ ਬੇਬੇ ਬਿਰਧ ਹੋ ਚੁੱਕੇ ਸਨ। ਵੱਡੇ ਭਰਾ ਦਾ ਵਿਆਹ ਹੋ ਗਿਆ ਸੀ ਅਤੇ ਉਸ ਦਾ ਇੱਕ ਪੁੱਤਰ ਜੋ ਜਵਾਨ ਹੋ ਚੁੱਕਾ ਸੀ। ਬੇਬੇ ਬਾਪੂ ਨੇ ਕਦੇ ਕਿਹਾ ਕੁਝ ਨਾ ਪਰ ਉਨ੍ਹਾਂ ਦੇ ਅੱਖਾਂ ਵਿੱਚੋਂ ਝਲਕਦੀ ਪੀੜ ਉਹ ਦੇਖ ਸਕਦਾ ਸੀ। ਵੱਡਾ ਭਰਾ ਸਿਆਣਾ ਸੀ ਉਸਨੇ ਉਸ ਨੂੰ ਕਦੇ ਕੋਈ ਕੋਈ ਗੱਲ ਨਾ ਜਤਾਈ ਸ਼ਾਇਦ ਉਹ ਉਸ ਦੇ ਦੁੱਖ ਨੂੰ ਸਮਝਦਾ ਸੀ। ਖੇਤੀਬਾੜੀ ਬਾਰੇ ਉਸ ਨੂੰ ਪਤਾ ਕੁੱਝ ਨਹੀਂ ਸੀ, ਉਹ ਸਾਰਾ ਦਿਨ ਪਿਆ ਰਹਿੰਦਾ ਜਾਂ ਕੋਈ ਅਖ਼ਬਾਰ ਜਾਂ ਰਸਾਲੇ ਪੜ੍ਹਦਾ ਰਹਿੰਦਾ। ਵਿਆਹ ਦੀ ਉਮਰ ਉਸਦੀ ਤਕਰੀਬਨ ਲੰਘ ਚੁੱਕੀ ਸੀ ਅਤੇ ਘੱਟ ਜ਼ਮੀਨ ਵਾਲੇ ਜੱਟਾਂ ਦੇ ਮੁੰਡੇ ਨੂੰ ਰਿਸ਼ਤਾ ਵੀ ਕੌਣ ਕਰਦਾ। ਜਦ ਕਦੇ ਉਸ ਨੂੰ ਪੈਸੇ ਟਕੇ ਦੀ ਲੋੜ ਪੈਂਦੀ ਉਹ ਵੱਡੇ ਭਰਾ ਤੋਂ ਮੰਗ ਲੈਂਦਾ ਵੱਡੇ ਭਰਾ ਨੇ ਕਦੀ ਕਿਹਾ ਕੁਝ ਨਹੀਂ ਸੀ ਪਰ ਫਿਰ ਵੀ ਮੰਗਣ ਵੇਲੇ ਉਸ ਨੂੰ ਬਹੁਤ ਬੁਰਾ ਮਹਿਸੂਸ ਹੁੰਦਾ। ਸਾਰੀ ਦੁਨੀਆਂ ਦੀ ਆਰਥਿਕ ਗੁਲਾਮੀ ਦੇ ਸੰਗਲ ਕੱਟਦਾ ਕੱਟਦਾ ਗੁਰਤੇਜ ਅੱਜ ਆਪ ਆਰਥਿਕ ਗੁਲਾਮੀ ਵਿੱਚ ਘਿਰ ਗਿਆ ਸੀ। ਸਮਾਂ ਪਾ ਕੇ ਬੇਬੇ ਅਤੇ ਬਾਪੂ ਇਸ ਜਹਾਨ ਤੋਂ ਕੂਚ ਕਰ ਗਏ ਸਨ, ਉਨ੍ਹਾਂ ਦੇ ਜਾਣ ਤੋਂ ਬਾਅਦ ਗੁਰਤੇਜ ਬਿਲਕੁਲ ਇਕੱਲਾ ਮਹਿਸੂਸ ਕਰਦਾ ਸੀ। ਘਰ ਵਿੱਚ ਉਸ ਦਾ ਜੀ ਨਹੀਂ ਲੱਗਦਾ ਸੀ ਅਤੇ ਉਸ ਨੇ ਮੰਜਾ ਬਿਸਤਰਾ ਚੁੱਕ ਪਿੰਡੋਂ ਬਾਹਰ ਆਪਣੀ ਮੋਟਰ ਵਾਲੇ ਕਮਰੇ ਵਿੱਚ ਜਾ ਡੇਰਾ ਲਾਇਆ। ਭਤੀਜਾ ਉਸ ਨੂੰ ਚਾਹ ਪਾਣੀ ਉੱਥੇ ਹੀ ਫੜਾ ਜਾਂਦਾ।
ਕਾਫ਼ੀ ਸਮੇਂ ਤੋਂ ਗੁਰਤੇਜ ਨੂੰ ਖੰਘ ਸੀ ਜੋ ਹਟ ਨਹੀਂ ਰਹੀ ਸੀ, ਕਈ ਵਾਰ ਵੱਡੇ ਭਰਾ ਨੇ ਦਵਾਈ ਦਿਵਾਉਣ ਲਈ ਕਿਹਾ ਪਰ ਗੁਰਤੇਜ ਹਰ ਵਾਰ ਟਾਲ ਦਿੰਦਾ , ਉਹ ਕਿਸੇ ਉਪਰ ਬੋਝ ਬਣਨਾ ਨਹੀਂ ਚਾਹੁੰਦਾ ਸੀ ਅਤੇ ਜ਼ਿੰਦਗੀ ਨਾਲ ਵੀ ਉਸ ਨੂੰ ਬਹੁਤਾ ਮੋਹ ਰਿਹਾ ਨਹੀਂ ਸੀ।
ਅੱਜ ਸਵੇਰੇ ਉਸ ਦਾ ਮੰਜੇ ਤੋਂ ਉੱਠਣ ਨੂੰ ਜੀ ਨਹੀਂ ਕਰ ਰਿਹਾ ਸੀ ਅਤੇ ਪਤਾ ਨਹੀਂ ਕਿਉਂ ਅੱਜ ਉਸ ਨੂੰ ਬੇਬੇ ਬਾਪੂ ਬਹੁਤ ਯਾਦ ਆ ਰਹੇ ਸਨ। ਕਈ ਵਾਰ ਉਸ ਨੂੰ ਲੱਗਦਾ ਉਹ ਉਸ ਦੇ ਮੰਜੇ ਦੇ ਕੋਲ ਖੜ੍ਹੇ ਉਸ ਨੂੰ ਬੁਲਾ ਰਹੇ ਹਨ। ਸ਼ਾਮ ਨੂੰ ਭਤੀਜਾ ਰੋਟੀ ਦੇਣ ਆਇਆ ਤਾਂ ਉਸ ਨੇ ਕੋਲ ਪਏ ਇੱਕ ਛੋਟੇ ਜਿਹੇ ਟੇਬਲ ਵੱਲ ਇਸ਼ਾਰਾ ਕਰਕੇ ਕਰਕੇ ਉੱਥੇ ਰੱਖਣ ਲਈ ਕਿਹਾ, ਭਤੀਜਾ ਰੋਟੀ ਰੱਖ ਕੇ ਵਾਪਸ ਚਲਾ ਗਿਆ। ਅੱਜ ਗੁਰਤੇਜ ਦੀ ਉੱਠਕੇ ਰੋਟੀ ਖਾਣ ਦੀ ਵੀ ਹਿੰਮਤ ਨਾ ਬਣੀ। ਤਕਰੀਬਨ ਅੱਧੀ ਰਾਤ ਵੇਲੇ ਉਸ ਦਾ ਸਾਹ ਬਹੁਤ ਤੇਜ਼ ਹੋ ਗਿਆ ਸੀ। ਪਿੰਡ ਦੀ ਬਾਹਰਲੀ ਫਿਰਨੀ ਤੋਂ ਕੁੱਤਿਆਂ ਦੇ ਰੋਣ ਦੀ ਅਵਾਜ਼ ਆ ਰਹੀ ਸੀ। ਆਖਿਰ ਨੂੰ ਗੁਰਤੇਜ ਦਾ ਸਾਹ ਟੁੱਟਦਾ ਟੁੱਟਦਾ ਬੰਦ ਹੋ ਗਿਆ ਸੀ ਅਤੇ ਉਸ ਦੀਆਂ ਅੱਖਾਂ ਸਦਾ ਲਈ ਮਿਚ ਗਈਆਂ ਸਨ। ਜ਼ਿੰਦਗੀ ਦੀ ਲੜਾਈ ਲੜਨ ਵਾਲਾ ਯੋਧਾ ਅੱਜ ਜ਼ਿੰਦਗੀ ਦੀ ਲੜਾਈ ਹਾਰ ਗਿਆ ਸੀ। ਨੇੜੇ ਖੇਤ ਖੜੀ ਟਾਹਲੀ ਤੋਂ ਕਿਸੇ ਪੰਛੀ ਦੇ ਚੀਕਣ ਦੀ ਆਵਾਜ਼ ਆਈ ਅਤੇ ਫਿਰ ਰਾਤ ਦਾ ਹਨੇਰਾ ਹੋਰ ਵੀ ਸੰਘਣਾ ਹੋ ਗਿਆ ਸੀ।
ਜਗਤਾਰ ਸਿੰਘ ਝੱਜ (ਡਾਕਟਰ)
ਚੈਸਟਰਮੀਅਰ, ਅਲਬਰਟਾ
403-715-6974




