ਏਹਿ ਹਮਾਰਾ ਜੀਵਣਾ

ਚਿੱਟਾ ਕੀ ਹੁੰਦਾ ਹੈ ?

ਚਿੱਟਾ

ਕੀ ਚੀਜ਼ ਹੈ ਇਹ ਚਿੱਟਾ? ਹਰ ਕੋਈ ਭਾਵੇਂ ਉਹ ਕੋਈ ਗੌਰਮਿੰਟ ਦਾ ਨੁਮਾਇੰਦਾ ਹੈ ਭਾਵੇਂ ਕੋਈ ਸਮਾਜ ਸੇਵੀ, ਇੱਕੋ ਹੀ ਰਾਗ ਅਲਾਪੀ ਜਾਂਦੇ ਹਨ, ਚਿੱਟਾ ਚਿੱਟਾ, ਹਾਏ ਚਿੱਟਾ। ਪੰਜਾਬ ਦੀ ਜਵਾਨੀ ਗਾਲ ਤੀ। ਨੌਜਵਾਨ ਪੀੜ੍ਹੀ ਨਸ਼ਿਆਂ ਨਾਲ ਮਰੀ ਜਾਂਦੀ ਹੈ। ਮਰਨ ਦਿਓ ਜਿੰਨੇ ਮਰਦੇ ਹਨ, ਤੁਹਾਨੂੰ ਕੀ ਤਕਲੀਫ਼ ਹੈ। ਤੁਹਾਨੂੰ ਪਤਾ ਹੈ ਇਹਦਾ ਕੌਣ ਜ਼ਿੰਮੇਵਾਰ ਹੈ, ਤੁਸੀਂ, ਤੁਸੀਂ। ਤੁਸੀਂ ਚਿੱਟੇ ਦਾ ਪ੍ਰਚਾਰ ਕਰ ਰਹੇ ਹੋ, ਜਿਸ ਨੂੰ ਇਹਦੇ ਬਾਰੇ ਪਤਾ ਨਹੀਂ ਹੈ, ਉਹ ਵੀ ਉਹ ਵੀ ਇਹਦਾ ਸੁਆਦ ਵੇਖਣਾ ਚਾਹੇਗਾ। ਮੈਂ 82 ਸਾਲ ਦਾ ਹੋ ਗਿਆ ਹਾਂ, ਦਿਲ ਕਰਦਾ ਵੇਖੀਏ ਤਾਂ ਸਹੀ ਇਹਦਾ ਸੁਆਦ ਲੈ ਕੇ, ਜਿਸ ਦਾ ਇਤਨਾ ਪ੍ਰਚਾਰ ਹੋ ਰਿਹਾ ਹੈ।

Forbidden fruit ਸਦਾ ਹੀ ਮਿੱਠਾ ਹੁੰਦਾ ਹੈ।

ਹੈ ਕੋਈ ਹੋਰ ਦੇਸ਼ ਜੋ ਇਸ ਮਾਮਲੇ ਵਿੱਚ ਪੰਜਾਬ ਦੀ ਰੀਸ ਕਰ ਸਕਦਾ ਹੈ। ਬੜੇ, ਗੱਲ ਕਰਦੇ ਹਾਂ ਅਮਰੀਕਾ ਦੀ। ਜਿੱਥੇ ਅਮਰੀਕਾ ਹਰ ਪਹਿਲੂ ਤੋਂ ਦੁਨੀਆ ਵਿੱਚ ਪਹਿਲੇ ਨੰਬਰ ਤੇ ਹੈ, ਉੱਥੇ ਗ਼ੈਰਕਾਨੂੰਨੀ ਨਸ਼ਿਆਂ ਦੀ ਵਰਤੋਂ ਵਿੱਚ ਵੀ ਪਹਿਲੇ ਨੰਬਰ ਤੇ ਹੈ। ਇੱਕ ਲੱਖ ਮਗਰ 3815 ਲੋਕ ਗ਼ੈਰਕਾਨੂੰਨੀ ਨਸ਼ਿਆਂ ਦੇ ਆਦੀ ਹਨ। ਹਰ ਸਾਲ ਤਕਰੀਬਨ ਇੱਕ ਲੱਖ ਮੌਤਾਂ ਹੁੰਦੀਆਂ ਹਨ। ਫਿਰ ਵੀ ਪੰਜਾਬ ਵਾਘੂੰ ਗੌਣ ਨਹੀਂ ਗਾਉਂਦੇ, ਨਸ਼ਿਆਂ ਨੇ ਪੱਟ ਤੇ ਅਮਰੀਕੀ ਗੱਭਰੂ।

ਦੂਜੇ ਨੰਬਰ ਤੇ ਹੈ ਕੈਨੇਡਾ। ਅਬਾਦੀ ਦੇ ਹਿਸਾਬ ਨਾਲ ਕੈਨੇਡਾ ਵਿੱਚ ਹਰ ਸਾਲ 8000 ਮੌਤਾਂ ਹੁੰਦੀਆਂ ਹਨ। ਬੀ ਸੀ ਪਹਿਲੇ ਨੰਬਰ ਤੇ, ਦੂਜੇ ਅਤੇ ਤੀਜੇ ਨੰਬਰ ਤੇ ਹਨ ਅਲਬਰਟਾ ਅਤੇ ਔਨਟੈਰੀਓ। ਕਦੇ ਵੀ ਟੀਵੀ ਤੇ ਕੋਈ ਪੌਲੇਟੀਸ਼ਨ ਜਾਂ ਸਮਾਜ ਸੇਵੀ ਨੂੰ ਇਹ ਕਹਿੰਦਿਆਂ ਨਹੀਂ ਸੁਣਿਆ ਕਿ ਇਹ ਕੋਈ ਵੱਡੀ ਸਮੱਸਿਆ ਹੈ।

ਆਸਟ੍ਰੇਲੀਆ: ਕੋਕੀਨ ਅਤੇ ਐਮਫੇਟਾਮਾਈਨ-ਕਿਸਮ ਦੇ ਨਸ਼ਿਆਂ ਦੀ ਉੱਚ ਖਪਤ ਦਰ ਲਈ ਜਾਣਿਆ ਜਾਂਦਾ ਹੈ।

ਯੂਨਾਈਟਿਡ ਕਿੰਗਡਮ: ਖਾਸ ਤੌਰ ‘ਤੇ ਸਕਾਟਲੈਂਡ, ਜਿਸ ਵਿੱਚ ਯੂਰਪ ਵਿੱਚ ਸਭ ਤੋਂ ਵੱਧ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮੌਤ ਦਰਾਂ ਹਨ। ਇੰਗਲੈਂਡ ਅਤੇ ਵੇਲਜ਼ ਵੀ ਕੋਕੀਨ ਦੀ ਵਰਤੋਂ ਦੇ ਪ੍ਰਚਲਨ ਵਿੱਚ ਉੱਚ ਦਰਜੇ ‘ਤੇ ਹਨ।

ਨਿਊਜ਼ੀਲੈਂਡ: ਸਮੁੱਚੇ ਨਸ਼ੀਲੇ ਪਦਾਰਥਾਂ ਦੀ ਵਰਤੋਂ (~1,737 ਪ੍ਰਤੀ 100k) ਅਤੇ ਖਾਸ ਤੌਰ ‘ਤੇ ਕੋਕੀਨ ਦੀ।

ਹੁਣ ਚਲਦੇ ਹਾਂ ਹਿੰਦੋਸਤਾਨ ਵੱਲ ਜਿੱਥੇ ਸਿਰਫ 12% ਲੋਕ ਨਸ਼ਿਆਂ ਦਾ ਅਨੰਦ ਮਾਣਦੇ ਹਨ। ਪਹਿਲੇ ਨੰਬਰ ਤੇ ਮਹਾਂਰਸ਼ਟਰ, ਦੂਜੇ ਨੰਬਰ ਤੇ ਯੂ ਪੀ ਅਤੇ ਤੀਜੇ ਨੰਬਰ ਤੇ ਪੰਜਾਬ। ਪੰਜਾਬ ਦੇ ਖੈਰ ਖਾ ਨੀਲੀਆਂ ਤੇ ਪੀਲੀਆਂ ਪੱਗਾਂ ਬੰਨ੍ਹ ਕੇ ਸੰਘ ਪਾੜ ਪਾੜ ਕੇ ਕਹਿੰਦੇ ਸੁਣੀਂ ਦੇ ਹਨ,” ਪੰਜਾਬ ਵਿੱਚ ਨੱਸ਼ਿਆਂ ਨੂੰ ਠੱਲ ਪਾ ਦਿਆਂ ਗੇ।”ਦੱਸੋ ਤਾਂ ਸਹੀ ਕਿਵੇਂ ਠੱਲ ਪਾਓਗੇ। ਸ਼ਰਾਬ ਦੀ ਗੱਲ ਹੀ ਨਹੀਂ ਕਰਦੇ, ਜਿਸ ਨਾਲ ਹਜ਼ਾਰਾਂ ਘਰ ਬਰਬਾਦ ਹੁੰਦੇ ਹਨ। ਪਤਾ ਕਿਉਂ ਨਹੀਂ ਕਰਦੇ, ਪੰਜਾਬ ਸਰਕਾਰ ਦਾ ਇੱਕੋ ਇੱਕ ਸਾਧਨ ਹੈ ਆਮਦਨ ਦਾ।

ਰਾਜ ਸਥਾਨ ਵਿੱਚ ਕਿੰਨੀਆਂ ਕੁ ਮੌਤਾਂ ਹੁੰਦੀਆਂ ਹਨ ਜਿੱਥੇ ਪੋਸਤ ਹਟੀਆਂ ਤੇ ਵਿਕਦਾ ਹੈ। ਉਂਜ ਵੀ ਪੰਜਾਬ ਵਿੱਚ ਆਈ ਜਾਂਦਾ ਹੈ। ਕਿਉਂ ਨੀ ਖੋਲ ਦਿੰਦੇ ਦੁਕਾਨਾਂ ਪੋਸਤ ਦੀਆਂ। ਦੁਨੀਆ ਦੀ 90% ਨਸ਼ੇ ਅਫ਼ਗ਼ਾਨਿਸਤਾਨ ਵਿੱਚ ਪੈਦਾ ਹੁੰਦੀ ਹੈ, ਸਿਰਫ 19% ਅਫ਼ਗਾਨੀ ਨਸ਼ੇ ਕਰਦੇ ਹਨ। ਕੈਨੇਡਾ ਵਿੱਚ ਭੰਗ(Marijuana) ਗ਼ੈਰਕਾਨੂੰਨੀ ਸੀ, ਚੋਰ ਬਜ਼ਾਰ ਵਿੱਚ ਆਮ ਮਿਲਦਾ ਸੀ। ਲੀਗਲ ਕਰਤਾ, ਸਸਤਾ ਤੇ ਵੱਧੀਆ ਕੁਆਲਿਟੀ ਦਾ ਮੈਰੂਆਨਾ ਦੁਕਾਨਾਂ ਤੇ ਮਿਲਦਾ ਹੈ।

ਮੈਨੂੰ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ, ਸਾਡੇ ਪਿੰਡ ਅਫੀਮ ਦਾ ਠੇਕਾ ਹੁੰਦਾ ਸੀ, ਬੱਚਨ ਸਿੰਘ ਠੇਕੇਦਾਰ ਹੁੰਦਾ ਸੀ ।ਬਹੁਤ ਘੱਟ ਲੋਕ ਅਫੀਮ ਖਾਂਦੇ ਸੀ। ਸਰਕਾਰੀ ਠੇਕੇ ਬੰਦ ਕਰਤੇ ਸਰਕਾਰ ਨੇ, ਬਚਨ ਸਿੰਘ ਨੇ ਠੇਕਾ ਘਰੇ ਖੋਹਲ ਲਿਆ। ਅਫੀਮ Forbidden Fruit ਬਣ ਗਿਆ। ਬੱਸ ਫਿਰ ਕੀ ਸੀ ਜੈ-ਜੈ ਹੋਣ ਲੱਗੀ ਕਾਲੀ ਮਾਈ ਦੀ। ਆ ਹੁਣੇ ਹੁਣੇ ਮੈਡਮ ਸਿੱਧੂ ਨੇ ਟੀ ਵੀ ਤੇ ਕੰਮ ਦੀ ਗੱਲ ਕਹੀ ਹੈ। ਕਿਸਾਨਾਂ ਨੂੰ ਇੱਕ ਏਕੜ ਪੋਸਤ ਦੀ ਖੇਤੀ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

ਅੰਤ ਵਿੱਚ ਇੱਕ ਗੱਲ ਕਹਾਂਗਾ ਸਿਆਸਤਦਾਨਾਂ ਤੇ ਸਮਾਜ ਸੁਧਾਰਕਾਂ ਨੂੰ, ਰੱਬ ਦੇ ਵਾਸਤੇ ਚਿੱਟਾ ਚਿੱਟਾ ਦਾ ਰਾਗ ਅਲਾਪਣ ਤੋਂ ਸੰਕੋਚ ਕਰੋ, ਸਿਰਫ 6 ਮਹੀਨੇ ਲਈ, ਭੁੱਲ ਜਾਣਗੇ ਕਿ ਚਿੱਟਾ ਕੀ ਹੁੰਦਾ ਹੈ ।

ਮਲਕੀਤ ਸਿੱਧੂ ਰੀਜਾਇਨਾ

Show More

Related Articles

Leave a Reply

Your email address will not be published. Required fields are marked *

Back to top button
Translate »