ਲੌਂਗ ਤਵੀਤੜੀਆਂ ਵਾਲਾ- ਮਨਪ੍ਰੀਤ ਟਿਵਾਣਾ

ਲੌਂਗ ਤਵੀਤੜੀਆਂ ਵਾਲਾ– ਮਨਪ੍ਰੀਤ ਟਿਵਾਣਾ
ਜਿਵੇਂ ਜਿਵੇਂ ਪੰਜਾਬੀ ਗਾਇਕੀ ਦਾ ਦਾਇਰਾ ਵਿਸ਼ਾਲ ਹੋਇਆ ਤਾਂ ਪੰਜਾਬੀ ਗਾਇਕੀ ਵਿੱਚ ਬਹੁਤ ਤਬਦੀਲੀਆਂ ਵੀ ਆਈਆਂ। ਅੱਜ ਪੰਜਾਬੀ ਗਾਇਕੀ ਬਹੁਤ ਵੱਡਾ ਬਾਜ਼ਾਰ ਬਣ ਚੁੱਕੀ ਐ। ਬਾਜ਼ਾਰ ਵਿਕਾਊ ਸਮਾਨ ਦਾ ਸਮੂਹ ਹੁੰਦੈ। ਬਾਜ਼ਾਰ ਲਈ ਉਸੇ ਸਮਾਨ ਦੀ ਸਪਲਾਈ ਕੀਤੀ ਜਾਂਦੀ ਐ ਜੋ ਵਿਕਦਾ ਹੋਵੇ।
ਗਾਇਕੀ, ਗੀਤਕਾਰੀ,ਸੰਗੀਤ, ਸੂਖਮ ਕਲਾਵਾਂ ਹਨ। ਕੁੱਝ ਲੋਕ ਬਾਜ਼ਾਰ ਲਈ ਕੰਮ ਕਰਦੇ ਹਨ,, ਕੁੱਝ ਲੋਕ ਰੂਹ ਲਈ ਕੰਮ ਕਰਦੇ ਹਨ ਜੋ ਬਾਜ਼ਾਰ ਦਾ ਹਿੱਸਾ ਨਹੀਂ ਬਣਦੇ

ਮਾਲਵੇ ਦੇ ਗੜ੍ਹ ਵਿੱਚੋਂ ਇੱਕ ਨਵੀਂ ਉਮਰ ਦੇ ਪੜ੍ਹੇ ਲਿਖੇ ਗੀਤਕਾਰ ਦੇ ਲਿਖੇ ਗੀਤ ਜਦੋਂ ਪੰਜਾਬ ਦੀ ਫ਼ਿਜ਼ਾ ਵਿੱਚ ਫੈਲੇ ਤਾਂ ਇੱਕ ਨਵੇਂ ਗੀਤਕਾਰ ਮਨਪ੍ਰੀਤ ਟਿਵਾਣਾ ਦੇ ਨਾਮ ਦੀ ਚਰਚਾ ਛਿੜੀ
ਅਜੇ ਥੋੜ੍ਹਾ ਸਮਾਂ ਪਹਿਲਾਂ ਬਠਿੰਡੇ ਨੂੰ ਪੰਜਾਬੀ ਸੰਗੀਤ ਦੀ ਰਾਜਧਾਨੀ ਕਿਹਾ ਜਾਂਦਾ ਸੀ। ਬਠਿੰਡੇ ਦੇ ਗਾਇੱਕ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਜਦੋਂ
ਲੌਂਗ ਤਵੀਤੜੀਆਂ
ਪਹਿਲੇ ਪਿਆਰ ਦਾ ਪਹਿਲਾ ਗਹਿਣਾ
ਸਾਰੀ ਉਮਰ ਨਾ ਗਲ ‘ਚੋਂ ਲਹਿਣਾ
ਸਦਾ ‘ਟਿਵਾਣੇ’ ਦੀ ਮੈਂ ਰਹਿਣਾ
ਉਹ ਮੇਰੀ ਜ਼ਿੰਦਗਾਨੀ
ਲੌਂਗ ਤਵੀਤੜੀਆਂ ਦੇ ਗਿਆ ਯਾਰ ਨਿਸ਼ਾਨੀ
ਬੜੇ ਚਿਰਾਂ ਦਾ ਸੁਪਨਾ ਮੇਰਾ, ਉਦੋਂ ਸੱਚ ਹੋ ਜਾਣਾਂ
ਤਲੀਆਂ ਉੱਤੇ ਮਹਿੰਦੀ ਦੇ ਨਾਲ ਲਿਖਣਾ ਜਦੋਂ ‘ਟਿਵਾਣਾ’
ਚਾਈਂ-ਚਾਈਂ ਡੋਲੀ ਮੇਰੀ ‘ਮਹਿਲ ਕਲਾਂ’ ਨੂੰ ਜਾਣੀਂ
ਮਹਿੰਦੀ ਦੇ ਬੂਟੇ ਨੂੰ ਛਿੜਕ ਭਾਬੀਏ ਪਾਣੀ
ਇਹੋ ਫੁਲਕਾਰੀ ਤੇਰੇ ਸਿਰ ਤੇ ਸਜਾ ਕੇ ਨੀ
ਲੈਜੂਗਾ ‘ਟਿਵਾਣਾ’ ਤੈਨੂੰ ਡੋਲੀ ‘ਚ ਬਿਠਾ ਕੇ ਨੀ
‘ਮਹਿਲ ਕਲਾਂ’ ਦੀ ਬਣਾਊ ਤੈਨੂੰ ਸ਼ਾਨ
ਤੂੰ ਫੁਲਕਾਰੀ ਕੱਢਦੀ, ਕੱਢੇ ਤੇਰੀ ਫੁਲਕਾਰੀ ਸਾਡੀ ਜਾਨ
ਤਾਂ ਹਰ ਪਾਸੇ ਮਨਪ੍ਰੀਤ ਟਿਵਾਣੇ ਦੇ ਨਾਮ ਦੀ ਚਰਚਾ ਛਿੜ ਗਈ
ਮਨਪ੍ਰੀਤ ਟਿਵਾਣੇ ਦੇ ਲਿਖੇ ਗੀਤ ਹੰਸ ਰਾਜ ਹੰਸ, ਜਸਬੀਰ ਜੱਸੀ, ਹਰਭਜਨ ਮਾਨ, ਨਿਰਮਲ ਸਿੱਧੂ, ਹਰਜੀਤ ਹਰਮਨ, ਸਰਬਜੀਤ ਚੀਮਾਂ, ਪੰਮੀ ਬਾਈ,ਰਾਣੀ ਰਣਦੀਪ, ਰੁਪਿੰਦਰ ਹਾਂਡਾਂ, ਸ਼ਿਪਰਾ ਗੋਇਲ ਗੋਰਾ ਚੱਕ ਵਾਲਾ, ਵੀਰ ਦਵਿੰਦਰ ਸਮੇਤ ਪਹਿਲੀ ਕਤਾਰ ਦੇ ਗਾਇਕ ਗਾਇਕਾਵਾਂ ਨੇ ਰਿਕਾਰਡ ਕਰਵਾਏ ਜਿਹਨਾਂ ਦਾ ਪੂਰਾ ਵੇਰਵਾ ਇੱਕ ਲਿਖਤ ਵਿੱਚ ਲਿਖਣਾ ਮੁਸ਼ਕਿਲ ਹੈ
ਮਨਪ੍ਰੀਤ ਦਾ ਜਨਮ 1977 ਵਿੱਚ ਬਰਨਾਲੇ ਦੇ ਲਾਗਲੇ ਕਸਬੇ ਮਹਿਲ ਕਲਾਂ ਵਿੱਚ ਹਾੜ ਦੇ ਮਹੀਨੇ ਹੋਇਆ। ਪਿਤਾ ਜੀ ਬਠਿੰਡੇ ਮੁਲਾਜ਼ਮ ਸਨ ਤਾਂ ਮਨਪ੍ਰੀਤ ਦਾ ਬਚਪਨ ਵੀ ਬਠਿੰਡੇ ਈ ਗੁਜ਼ਰਿਆ। ਮਨਪ੍ਰੀਤ ਨੇ ਰਾਜਿੰਦਰਾ ਕਾਲਜ ਬਠਿੰਡਾ ਤੋਂ ਸਿੱਖਿਆ ਪ੍ਰਾਪਤ ਕੀਤੀ। ਮਨਪ੍ਰੀਤ ਨੇ ਅੱਜ ਤੱਕ ਇੱਕ ਵੀ ਗੀਤ ਅਜਿਹਾ ਨਹੀਂ ਲਿਖਿਆ ਜਿਸਤੇ ਉਂਗਲ ਉਠਾਈ ਜਾ ਸਕੇ, ਜੋ ਪੰਜਾਬੀ ਸਭਿਆਚਾਰ ਦੇ ਦਾਇਰੇ ਤੋਂ ਬਾਹਰ ਹੋਵੇ ਇਹੋ ਕਾਰਨ ਐ ਕਿ ਉਹ ਬਾਜ਼ਾਰ ਦਾ ਹਿੱਸਾ ਨਹੀਂ ਬਣਿਆ ਉਹ ਆਪਣੀ ਰੂਹ ਦੇ ਸਕੂਨ ਲਈ ਲਿਖਣ ਵਾਲਾ ਗੀਤਕਾਰ ਐ। ਮਨਪ੍ਰੀਤ ਮੇਰਾ ਨਿੱਕਾ ਵੀਰ ਐ,, ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਟਿਵਾਣੇ ਨੂੰ ਵੀ ਰੱਜਵਾਂ ਪਿਆਰ ਕਰਦੇ ਹਨ। ‘ਕਾਫਲੇ ਵਾਲੇ ‘ ਉਸਦੀ ਕਿਤਾਬ ਛਪ ਚੁੱਕੀ ਹੈ ਦੂਸਰੀ ਕਿਤਾਬ ਛਪਾਈ ਅਧੀਨ ਐ

ਅਸ਼ੋਕ ਬਾਂਸਲ ਮਾਨਸਾ




