‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਉੱਪਰ ਗੋਸ਼ਟੀ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਡਾ. ਸੁਖਦੇਵ ਸਿੰਘ ਦੀ ਨਵ-ਪ੍ਰਕਾਸਿਤ
ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਉੱਪਰ ਰਚਾਈ ਗੋਸ਼ਟੀ
ਲਹਿੰਦੇ ਪੰਜਾਬ ਦੇ ਮਸ਼ਹੂਰ ਸ਼ਾਇਰ ਸਲੀਮ ਪਾਸ਼ਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ
ਕਵੀ-ਦਰਬਾਰ ਵੀ ਹੋਇਆ।

ਬਰੈਂਪਟਨ, (ਪੰਜਾਬੀ ਅਖ਼ਬਾਰ ਬਿਊਰੋ) – ਲੰਘੇ ਐਤਵਾਰ 21 ਸਤੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਡਾ.
ਸੁਖਦੇਵ ਸਿੰਘ ਝੰਡ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਪੁਰਖ਼ਿਆਂ ਦਾ ਦੇਸ: ਸਫ਼ਰਨਾਮਾ’ ਉੱਪਰ ਵਿਚਾਰ-ਚਰਚਾ
ਆਯੋਜਿਤ ਕੀਤੀ ਗਈ। ਪੁਸਤਕ ਉੱਪਰ ਮੁੱਖ-ਪੇਪਰ ਡਾ. ਹਰਕੰਵਲ ਕੋਰਪਾਲ ਵੱਲੋਂ ਪੇਸ਼ ਕੀਤਾ ਗਿਆ। ਉਪਰੰਤ,
ਕਈ ਬੁਲਾਰਿਆਂ ਵੱਲੋਂ ਇਸ ਪੇਪਰ ਅਤੇ ਪੁਸਤਕ ਉੱਪਰ ਆਪਣੇ ਵਿਚਾਰ ਪ੍ਰਗਟ ਕੀਤੇ ਗਏ। ਇਸ ਮੌਕੇ
ਪ੍ਰਧਾਨਗੀ-ਮੰਡਲ ਵਿੱਚ ਪ੍ਰਮੁੱਖ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ
ਸਿੰਘ, ਕੰਪਿਊਟਰ ਮਾਹਿਰ ਕਿਰਪਾਲ ਸਿੰਘ ਪੰਨੂੰ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਅਤੇ ਮੈਡਮ
ਸੁਰਿੰਦਰਜੀਤ ਕੌਰ ਸ਼ਾਮਲ ਸਨ।
ਸਮਾਗ਼ਮ ਦੇ ਆਰੰਭ ਵਿੱਚ ਕੈਨੇਡਾ ਰਹਿੰਦੇ ਉੱਘੇ ਪਾਕਿਸਤਾਨੀ ਸਾਹਿਤਕਾਰ ਜਿਨ੍ਹਾਂ ਨੇ ਪੰਜਾਬੀ ਕਵਿਤਾ ਅਤੇ
ਕਹਾਣੀ ਦੇ ਖ਼ੇਤਰਾਂ ਵਿੱਚ ਵੱਡਾ ਯੋਗਦਾਨ ਪਾਇਆ ਹੈ, ਨੂੰ ਭਾਵਪੂਰਤ ਸ਼਼ਰਧਾਂਜਲੀ ਭੇਂਟ ਕੀਤੀ ਗਈ। ਇਕਬਾਲ
ਬਰਾੜ ਵੱਲੋਂ ਪੜ੍ਹੇ ਗਏ ਸ਼ੋਕ-ਮਤੇ ਤੋਂ ਬਾਅਦ ਸਾਰਿਆਂ ਨੇ ਖੜੇ ਹੋ ਕੇ ਇੱਕ ਮਿੰਟ ਦਾ ਮੋਨ ਧਾਰ ਕੇ ਉਨ੍ਹਾਂ ਨੂੰ ਯਾਦ
ਕੀਤਾ। ਉਪਰੰਤ, ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ‘ਜੀ
ਆਇਆਂ’ ਕਹਿਣ ਪਿੱਛੋਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਵੱਲੋਂ ਡਾ. ਹਰਕੰਵਲ ਸਿੰਘ ਕੋਰਪਾਲ ਨੂੰ ਡਾ. ਸੁਖਦੇਵ
ਸਿੰਘ ਝੰਡ ਦੀ ਪੁਸਤਕ ਉੱਪਰ ਆਪਣਾ ਪੇਪਰ ਪੇਸ਼ ਕਰਨ ਲਈ ਬੇਨਤੀ ਕੀਤੀ ਗਈ।
ਡਾ. ਇਕਬਾਲ ਦੇ ਖ਼ੂਬਸੂਰਤ ਸ਼ਿਅਰ “ਨਿਗਾਹ ਬੁਲੰਦ ਸੁਖ਼ਨ ਦਿਲਨਿਵਾਜ਼ ਜਾਂ ਪੁਰਸੋਜ਼, ਯਹੀ ਹੈ ਰਖ਼ਤ-ਏ-ਸਫ਼ਰ
ਮੀਰੇ-ਕਾਰਵਾਂ ਕੇ ਲੀਏ” ਨਾਲ ਆਪਣੇ ਪੇਪਰ ਦਾ ਆਰੰਭ ਕਰਦਿਆਂ ਡਾ. ਕੋਰਪਾਲ ਨੇ ਕਿਹਾ ਕਿ ਡਾ. ਸੁਖਦੇਵ
ਸਿੰਘ ਝੰਡ ਦਾ ਇਹ ਪਾਕਿਸਤਾਨੀ ਸਫ਼ਰਨਾਮਾ ਜੋ ਕਿ ਪੁਰਖ਼ਿਆਂ ਦੀਆਂ ਪੈੜਾਂ ਦੀ ਪ੍ਰਮਾਣਿਕ ਪ੍ਰਤੀਤੀ ਦਾ ਬਿਰਤਾਂਤ
ਹੈ, ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਕੁੜੱਤਣ ਨੂੰ ਦੂਰ ਕਰਨ ਦੇ ਨਾਲ ਨਾਲ ਦੋਹਾਂ ਦੇਸ਼ਾਂ ਵਿੱਚ ਦੋਸਤੀ
ਦਾ ਮਾਹੌਲ ਸਿਰਜਣ ਅਤੇ ਅਮਨ ਕਾਇਮ ਕਰਨ ਦਾ ਹੋਕਾ ਵੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕਿਤਾਬ ਉਨ੍ਹਾਂ
ਅਰਥਵਾਨ ਲਿਖ਼ਤਾਂ ਵਿੱਚ ਸ਼ਾਮਲ ਹੈ ਜੋ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਕੂਟਨੀਤਕ ਸਬੰਧਾਂ ਦੀ ਜੰਮੀ
ਹੋਈ ਬਰਫ਼ ਨੂੰ ਖੋਰਨ ਅਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਆਵਾਮ ਵਿਚਾਲੇ ‘ਮੁਹੱਬਤਾਂ ਦੀ ਸਾਂਝ’ ਦੀ ਬਰਕਰਾਰੀ
ਲਈ ਰਚਨਾਤਮਿਕ ਊਰਜਾ ਸੰਚਲਿਤ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਝੰਡ ਪਰਿਵਾਰ ਦੇ ਚਾਰ ਜੀਆਂ ਡਾ. ਝੰਡ, ਉਨ੍ਹਾਂ ਦੀ ਪਤਨੀ, ਸਾਹਿਤਕਾਰ ਤੇ ਪੱਤਰਕਾਰ ਭੈਣ
ਅਤੇ ਭੂਮੀ ਵਿਗਿਆਨੀ ਜੀਜਾ ਜੀ ਦੀ ਉਨ੍ਹਾਂ ਦੇ ਦੋਸਤ ਮੇਜ਼ਬਾਨ ਅਹਿਮਦ ਰਜ਼ਾ ਦੀ ਅਗਵਾਈ ਹੇਠ ਫ਼ਰਵਰੀ
2023 ਵਿੱਚ ਲਹਿੰਦੇ ਪੰਜਾਬ ਦੀ ਕੀਤੀ ਗਈ ਇਹ ਯਾਤਰਾ ਉਦੋਂ ਕੁਝ ਅਖ਼ਬਾਰਾਂ ਵਿੱਚ ਕਈ ਕਿਸ਼ਤਾਂ ਵਿੱਚ ਛਪੀ
ਪਰ ਪੁਸਤਕ ਰੂਪ ਵਿੱਚ ਇਹ ਅਪ੍ਰੈਲ 2025 ਵਿੱਚ ‘ਚੇਤਨਾ ਪ੍ਰਕਾਸ਼ਨ’, ਲੁਧਿਆਣਾ ਵੱਲੋਂ ਛਪ ਕੇ ਆਈ ਹੈ। ਉਨ੍ਹਾਂ
ਦੱਸਿਆ ਕਿ ਇਸ ਸਫ਼ਰਨਾਮੇ ਦਾ ਬੀਜ ਡਾ. ਝੰਡ ਵੱਲੋਂ 2019 ਵਿੱਚ ਆਈ ਉਨ੍ਹਾਂ ਦੀ ਸਵੈ-ਜੀਵਨੀ ‘ਪੱਤੇ ਤੇ
ਪਰਛਾਵੇਂ : ਚੌਹਾਨ ਤੋਂ ਬਰੈਂਪਟਨ ਵਿੱਚ ਬੀਜਿਆ ਗਿਆ ਅਤੇ ਹੁਣ ਪਹਿਲਗਾਮ ਵਿੱਚ ਹੋਈ ਮਾੜੀ ਘਟਨਾ ਤੋਂ
ਬਾਅਦ ਇਹ ਪੁੰਗਰ ਕੇ ਸਫ਼ਰਨਾਮੇ ਦੀ ਇਸ ਪੁਸਤਕ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਆਪਣੇ ਪੇਪਰ ਵਿੱਚ
ਉਨ੍ਹਾਂ ਵੱਲੋਂ ਸਫ਼ਰਨਾਮੇ ਦੇ ਇਤਿਹਾਸ, ਪੰਜਾਬੀ ਵਿੱਚ ਲਿਖੇ ਗਏ ਸਫ਼ਰਨਾਮਿਆਂ ਅਤੇ ਝੰਡ ਪਰਿਵਾਰ ਵੱਲੋਂ
ਗੁਰਦੁਆਰਾ ਸਾਹਿਬਾਨ ਤੇ ਲਹਿੰਦੇ ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਵਿੱਚ ਜਾਣ ਬਾਰੇ ਵੀ ਚਰਚਾ ਕੀਤੀ ਗਈ।
ਪੁਸਤਕ ਬਾਰੇ ਗੱਲ ਕਰਦਿਆਂ ਮੈਡਮ ਸੁਰਿੰਦਰਜੀਤ ਨੇ ਕਿਹਾ ਕਿ ਇਹ ਪਰਿਵਾਰਿਕ ਸਫ਼ਰਨਾਮਾ ਹੈ ਜਿਸ ਵਿੱਚ
ਝੰਡ ਪਰਿਵਾਰ ਦੇ ਚਾਰ ਮੈਂਬਰ ਆਪਣੇ ਵਡੇਰਿਆਂ ਦੀ ਧਰਤੀ ਦੀ ਛੋਹ ਮਾਨਣ ਲਈ ‘ਚੱਕ ਨੰਬਰ 202 ਗੱਟੀ
ਤਲਾਵਾਂ’ (ਹੁਣ ਗੱਟੀ ਸਕੂਲ ਵਾਲੀ) ਪਹੁੰਚਦੇ ਹਨ। ਪਿੰਡ ਦੇ ਆਪਣੇ ਜਾਣਕਾਰ ਮੇਜ਼ਬਾਨ ਜ਼ਹੂਰ ਹੁਸੈਨ ਨਾਲ ਉੱਥੋਂ
ਦੀਆਂ ਗਲ਼ੀਆਂ, ਬਾਜ਼ਾਰਾਂ ਵਿੱਚ ਘੁੰਮਦੇ ਹੋਏ ਪਿੰਡ ਦੇ ਦੋ ਸਕੂਲਾਂ ਵਿੱਚ ਜਾਂਦੇ ਹਨ ਜਿੱਥੇ ਉਨ੍ਹਾਂ ਦਾ ਸਟਾਫ਼ ਤੇ
ਵਿਦਿਆਰਥੀਆਂ ਵੱਲੋਂ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਾਲ ਨਿੱਘਾ ਸੁਆਗ਼ਤ ਕੀਤਾ ਜਾਂਦਾ ਹੈ ਅਤੇ ਉੱਥੇ ਉਹ ਇਨ੍ਹਾਂ
ਸਕੂਲਾਂ ਲਈ ਕੁਝ ਮਾਇਆ ਵੀ ਭੇਂਟ ਕਰਦੇ ਹਨ। ਉਨ੍ਹਾਂ ਕਿ 14 ਦਿਨਾਂ ਦੇ ਇਸ ਸਫ਼ਰਨਾਮੇ ਦੇ 14 ਅਧਿਆਵਾਂ
ਵਿੱਚ ਡਾ. ਝੰਡ ਨੇ ਬਹੁਮੁੱਲੀ ਇਤਿਹਾਸਕ, ਭੂਗੋਲਿਕ, ਸਮਾਜਿਕ ਤੇ ਸੱਭਿਆਚਾਰਕ ਜਾਣਕਾਰੀ ਅੰਕਿਤ ਕੀਤੀ ਹੈ।
ਉਹ ਇਸ ਸਫ਼ਰਨਾਮੇ ਵਿੱਚ ਲਹਿੰਦੇ ਪੰਜਾਬ ਦੇ ਲੋਕਾਂ ਦੀ ਨਿੱਘੀ ਮਹਿਮਾਨ-ਨਿਵਾਜ਼ੀ ਦਾ ਵਿਸ਼ੇਸ਼ ਜ਼ਿਕਰ ਕਰਦੇ
ਹਨ।
ਕਿਰਪਾਲ ਸਿੰਘ ਪੰਨੂੰ ਨੇ ਇਸ ਸਫ਼ਰਨਾਮੇ ਨੂੰ ਡਾ. ਝੰਡ ਦਾ ਸਲਾਹੁਣਯੋਗ ਉਪਰਾਲਾ ਦੱਸਦਿਆਂ ਹੋਇਆਂ ਹੋਇਆਂ
ਕਿਹਾ ਕਿ ਇਹ ਡਾ. ਝੰਡ ਦੇ ਲਹਿੰਦੇ ਪੰਜਾਬ ਬਾਰੇ ਅਨੁਭਵਾਂ ਤੇ ਵਿਚਾਰਾਂ ਦਾ ਲਿਖਤ ਰੂਪਾਂਤਰਣ ਹੈ ਏ ਉਸ ਨੇ
ਬੜੀ ਮਿਹਨਤ ਨਾਲ ਇਸ ਵਿਚਲਾ ਬ੍ਰਿਤਾਂਤ ਸਿਰਜਿਆ ਹੈ। ਮੈਡਮ ਸੁਖਚਰਨਜੀਤ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ
ਬਲਰਾਜ ਸਾਹਨੀ ਦਾ ਪਾਕਿਸਤਾਨੀ ਸਫ਼ਰਨਾਮਾ ਪਹਿਲਾਂ ਪੜ੍ਹਿਆ ਸੀ ਅਤੇ ਡਾ. ਝੰਡ ਦੇ ਇਸ ਸਫ਼ਰਨਾਮੇ ਨੂੰ ਪੜ੍ਹ
ਕੇ ਹੁਣ ਇਸ ਵਿਚਲੀ ਦਰਜ ਰੌਚਕ ਜਾਣਕਾਰੀ ਦਾ ਅਨੰਦ ਮਾਣਿਆਂ ਹੈ। ਇਸ ਦੌਰਾਨ ਨਾਹਰ ਔਜਲਾ, ਰਾਜਪਾਲ
ਸਿੰਘ ਹੋਠੀ, ਦਰਸ਼ਨ ਸਿੰਘ ਗਰੇਵਾਲ ਅਤੇ ਪ੍ਰੋ. ਆਸ਼ਿਕ ਰਹੀਲ ਜਿਨ੍ਹਾਂ ਨੇ ਇਸ ਸਫ਼ਰਨਾਮੇ ਦਾ ਸ਼ਾਹਮੁਖੀ ਵਿੱਚ
ਰੁਪਾਂਤਰਣ ਕੀਤਾ ਹੈ, ਵੱਲੋਂ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ।
ਡਾ. ਵਰਿਆਮ ਸਿੰਘ ਸੰਧੂ ਜਿਨਾਂ ਨੇ ਇਸ ਪੁਸਤਕ ਦਾ ਮੁੱਖ-ਬੰਦ ਲਿਖਿਆ ਹੈ, ਨੇ ਇਸ ਨੂੰ ‘ਪਥਰਾਏ ਮਨਾਂ ਨੂੰ
ਪਿਘਲਾਉਣ ਵਾਲੀ ਲਿਖ਼ਤ’ ਕਰਾਰ ਦਿੰਦਿਆਂ ਆਪਣੇ ਇਸ ਮੁੱਖ-ਬੰਦ ਵਿੱਚੋਂ ਕੁਝ ਸਤਰਾਂ ਵੀ ਸਰੋਤਿਆਂ ਨਾਲ
ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ 1947 ਦੀ ਵੰਡ ਸਮੇਂ ਡਾ. ਝੰਡ ਦੇ ਪੁਰਖ਼ਿਆਂ ਦੀ ਪਰਾਈ ਹੋਈ ਧਰਤੀ
ਅਜੇ ਵੀ ਡਾ. ਝੰਡ ਨੂੰ ‘ਆਪਣੀ’ ਲੱਗਦੀ ਹੈ। ਉਨ੍ਹਾਂ ਕਿਹਾ, “ਅਹਿਲੇ ਸਿਆਸਤ ਦੀ ਹਉਮੈਂ, ਉਸ ਦੀ ਕੁਰਸੀ ਦੀ
ਲੋੜ ਅਤੇ ਮਜਬੂਰੀ ਨੇ ਦੋਹਾਂ ਮੁਲਕਾਂ ਵਿੱਚ ਲੋਕ-ਮਨਾਂ ਉੱਤੇ ਕੂੜ-ਪ੍ਰਚਾਰ ਦੀ ਅਜਿਹੀ ਮੋਟੀ ਤਹਿ ਵਿਛਾ ਦਿੱਤੀ ਕਿ
ਉਸ ਹੇਠਾਂ ਮੁਹੱਬਤ ਦੀ ਆਦਿ-ਜੁਗਾਦ ਵਗਦੀ ‘ਕੂਲ੍ਹ’ ਵੀ ਨੱਪੀ ਗਈ। ਪਰ ਕਿਤੇ-ਕਿਤੇ ਕੁਝ ਮਨਾਂ ਵਿੱਚ ਇਹ
ਆਪਣੇ ਵੇਗ ਅਤੇ ਤੜਪ ਨਾਲ ਬੁੜ੍ਹਕ ਕੇ ਇਹ ਕੂਲ੍ਹ ਇਸ ਮੋਟੀ ਤਹਿ ਨੂੰ ਤੋੜ ਕੇ ਚਾਂਦੀ ਰੰਗੇ ਚਸ਼ਮੇਂ ਦੇ ਰੂਪ ਵਿੱਚ ਫੁੱਟ ਨਿਕਲਦੀ ਹੈ।“

ਪ੍ਰਧਾਨਗੀ-ਭਾਸ਼ਨ ਦੌਰਾਨ ਪ੍ਰਿੰਸੀਪਲ ਸਰਵਣ ਸਿੰਘ ਨੇ ਕਿ ਪੰਜਾਬੀ ਵਿੱਚ ਹੁਣ ਤੀਕ 100 ਤੋਂ ਵਧੇਰੇ ਸਫ਼ਰਨਾਮੇਂ
ਛਪ ਛੁੱਕੇ ਹਨ ਇਨ੍ਹਾਂ ਵਿੱਚ ਪਾਕਿਸਤਾਨ ਬਾਰੇ ਬਲਰਾਜ ਸਾਹਨੀ ਦਾ ‘ਮੇਰਾ ਪਾਕਿਸਤਾਨੀ ਸਫ਼ਰਨਾਮਾ’ ਤੇ ਡਾ.
ਵਰਿਆਮ ਸੰਧੂ ਦਾ ‘ਵਗਦੀ ਸੀ ਰਾਵੀ’ ਪ੍ਰਮੁੱਖ ਹਨ

ਉਨ੍ਹਾਂ ਕਿਹਾ ਕਿ ਡਾ. ਝੰਡ ਦੇ ਇਸ ਸਫ਼ਰਨਾਮੇ ਵਿੱਚ ਬਿਆਨ ਕੀਤਾ ਗਿਆ ਲਹਿੰਦੇ ਪੰਜਾਬ ਦੇ ਗੁਰਧਾਮਾਂ, ਇਤਿਹਾਸਕ ਅਸਥਾਨਾਂ ਤੇ ਪਿੰਡਾਂ/ਸ਼ਹਿਰਾਂ ਬਾਰੇ ਵਿਸਥਾਰ ਅਤੇ ਇਸਦਾ ‘ਤੱਥਸਾਰ’ ਕਿ ‘ਜੇਕਰ ਬਰਲਿਨ ਦੀ ਦੀਵਾਰ ਟੁੱਟ ਸਕਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਲੀ ‘ਨਫ਼ਰਤ ਦੀਦੀਵਾਰ’ ਕਿਉਂ ਨਹੀਂ ਟੁੱਟ ਸਕਦੀ’ ਬੜਾ ਅਹਿਮ ਹੈ। 1969 ਵਿੱਚ ਹੁਸੈਨੀਵਾਲਾ ਬਾਰਡਰ ਰਾਹੀਂ ਗਏ ਜੱਥੇ ਦੇ ਨਾਲ ਕੀਤੀ ਗਈ ਲਹਿੰਦੇ ਪੰਜਾਬ ਦੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਉਨ੍ਹਾਂ ਵਾਪਸੀ ‘ਤੇ ਜੱਥੇ ਦੇ ਇੱਕ ਮੈਂਬਰ ਵੱਲੋਂ ਉਧਰੋਂ ਲਿਆਂਦੀ ਹੋਈ ਅਫ਼ੀਮ ਬਾਰਡਰ ਟੱਪਣ ਤੋਂ ਪਹਿਲਾਂ ਮੈਂਬਰਾਂ ਨੂੰ ਵੰਡਣ ਬਾਰੇ ਦਿਲਚਸਪ ਘਟਨਾ ਦਾ ਵੀ ਜ਼ਿਕਰ ਕੀਤਾ, ਕਿਉਂਕਿ ਉਹ ਉਸਦੇ ਲਈ ਇਹ ਭਾਰਤ ਵਾਲੇ ਪਾਸੇ ਲਿਆਉਣੀ ਮੁਸ਼ਕਲ ਸੀ।



ਸਮਾਗ਼ਮ ਦੇ ਦੂਸਰੇ ਸੈਸ਼ਨ ਵਿੱਚ ਪ੍ਰਧਾਨਗੀ-ਮੰਡਲ ਵਿੱਚ ਉੱਘੇ ਗ਼ਜ਼ਲਗੋ ਅੰਜੁਮ ਲੁਧਿਆਣਵੀ, ਪ੍ਰੋ. ਆਸ਼ਿਕ
ਰਹੀਲ, ਰਸ਼ੀਦ ਨਦੀਮ, ਹਜ਼ਰਤ ਸ਼ਾਮ ਤੇ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਸ਼ਾਮਲ ਸਨ। ਡਾ. ਜਗਮੋਹਨ ਸੰਘਾਤੇ ਪਰਮਜੀਤ ਢਿੱਲੋਂ ਵੱਲੋਂ ਮਿਲ਼ ਕੇ ਤਰਤੀਬ ਦਿੱਤੇ ਗਏ ਇਸ ਕਵੀ-ਦਰਬਾਰ ਵਿੱਚ ਵਾਰੋ-ਵਾਰੀ ਰਾਜਕੁਮਾਰ
ਓਸ਼ੋਰਾਜ, ਹਰਮੇਸ਼ ਜੀਂਦੋਵਾਲ, ਹਰਜੀਤ ਬਾਜਵਾ, ਪ੍ਰੀਤਮ ਧੰਜਲ, ਤਲਵਿੰਦਰ ਮੰਡ, ਸੁਰਿੰਦਰਜੀਤ,
ਸੁਖਚਰਨਜੀਤ ਗਿੱਲ, ਕਰਨ ਅਜਾਇਬ ਸਿੰਘ ਸੰਘਾ, ਰਸ਼ੀਦ ਨਦੀਮ, ਹਜ਼ਰਤ ਸ਼ਾਮ, ਜਰਨੈਲ ਸਿੰਘ ਮੱਲ੍ਹੀ, ਡਾ.
ਪਰਗਟ ਸਿੰਘ ਬੱਗਾ, ਗਿਆਨ ਸਿੰਘ ਘਈ, ਮਲੂਕ ਸਿਘ ਕਾਹਲੋਂ, ਕੁਲਵਿੰਦਰ ਖਹਿਰਾ, ਪ੍ਰੋ. ਅਸਿਕ ਰਹੀਲ ਨੇ
ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਦੌਰਾਨ ਅੰਜੁਮ ਲੁਧਿਆਣਵੀ ਵੱਲੋਂ ਸੁਣਾਈਆਂ ਗਈਆਂ 4-5 ਗ਼਼ਜ਼ਲਾਂ ਨੂੰ ਸਰੋਤਿਆਂ ਵੱਲੋਂ ਭਰਪੂਰ ਦਾਦ ਪ੍ਰਾਪਤ ਹੋਈ। ਇਕਬਾਲ ਬਰਾੜ ਵੱਲੋਂ ਆਪਣੀ ਸੁਰੀਲੀ ਆਵਾਜ਼ ਵਿੱਚ ਅੰਜੁਮ ਲੁਧਿਆਣਵੀ ਦੀ ਗ਼਼ਜ਼ਲ ਪੇਸ਼ ਕੀਤੀ ਗਈ। ਨੌਜੁਆਨ ਗਾਇਕ ਬੌਬੀ ਪੰਧੇਰ ਵੱਲੋਂ ਹਰਜੀਤ ਬਾਜਵਾ ਦਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਬਾਰੇ ਲਿਖਿਆ ਗੀਤ ਬੁਲੰਦ ਆਵਾਜ਼ ਵਿੱਚ ਗਾਇਆ ਗਿਆ। ਅਖ਼ੀਰ ਵਿੱਚ ਬਲਰਾਜ ਚੀਮਾ ਵੱਲੋਂ ਸਮਾਗ਼ਮ ਦੇ ਸਮੂਹ ਬੁਲਾਰਿਆਂ ਤੇ ਮਹਿਮਾਨਾਂ ਦਾ ਭਾਵਪੂਰਤ ਸ਼ਬਦਾਂ ਵਿੱਚ ਧੰਨਵਾਦ ਕੀਤਾ ਗਿਆ। ਇਸ ਦੌਰਾਨ ਡਾ. ਝੰਡ ਅਤੇ ਉਨ੍ਹਾਂ ਦੀ ਪਤਨੀ ਜਗਦੀਸ਼ ਕੌਰ ਝੰਡ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਇਕ ਸ਼ਾਨਦਾਰ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ।


ਸਮਾਗ਼ਮ ਵਿੱਚ ਹੋਰਨਾਂ ਤੋਂ ਇਲਾਵਾ ਇੰਜੀ. ਈਸ਼ਰ ਸਿੰਘ ਚਾਹਲ, ਬਲਦੇਵ ਰਹਿਪਾ, ਪ੍ਰੋ. ਸਿਕੰਦਰ ਸਿੰਘ ਗਿੱਲ,
ਜੱਸੀ ਭੁੱਲਰ, ਮਕਸੂਦ ਚੌਧਰੀ, ਹੀਰਾ ਸਿੰਘ ਹੰਸਪਾਲ, ਗੁਰਪ੍ਰੀਤ ਸਿੰਘ, ਹਰਮਿੰਦਰ ਸਿੰਘ, ਸ਼ਮਸ਼ੇਰ ਸਿੰਘ,
ਹਰਦਿਆਲ ਸਿੰਘ ਝੀਤਾ, ਕਰਨੈਲ ਸਿੰਘ ਮਰਵਾਹਾ, ਹਰਜੀਤ ਸਿੰਘ ਬਾਜਵਾ, ਜਰਨੈਲ ਸਿੰਘ ਮਠਾੜੂ, ਰਜਵੰਤ
ਕੌਰ ਸੰਧੂ, ਪਤਵੰਤ ਕੌਰ ਪੰਨੂੰ, ਪਰਮਜੀਤ ਦਿਓਲ, ਰਮਿੰਦਰ ਵਾਲੀਆ, ਅਮਰਜੀਤ ਕੌਰ ਘਈ, ਮਿਸਿਜ਼ ਸ਼ਮਸ਼ੇਰ
ਸਿੰਘ। ਜਗਦੀਸ਼ ਕੌਰ ਝੰਡ, ਮਨਪ੍ਰੀਤ ਕੌਰ ਝੰਡ, ਆਦਿ ਸ਼ਾਮਲ ਸਨ।




