ਖ਼ਬਰ ਪੰਜਾਬ ਤੋਂ ਆਈ ਐ ਬਈ

ਪੰਜਾਬ ਵਿੱਚ ਹਾਈਬ੍ਰਿਡ ਜੰਗ ਦਾ ਨਵਾਂ ਰੂਪ !

ਪੰਜਾਬ ਵਿੱਚ ਹਾਈਬ੍ਰਿਡ ਜੰਗ ਦਾ ਨਵਾਂ ਰੂਪ ।
ਭਾਰਤ ਦੀ ਏਕਤਾ, ਅੰਦਰੂਨੀ ਸਥਿਰਤਾ ਅਤੇ ਰਾਸ਼ਟਰੀ ਸੁਰੱਖਿਆ ਲਈ ਚੁਨੌਤੀ।

ਪ੍ਰੋ. ਸਰਚਾਂਦ ਸਿੰਘ ਖਿਆਲਾ

ਪੰਜਾਬ, ਜੋ ਦੇਸ਼ ਦੀ ਸਰਹੱਦੀ ਢਾਲ ਵਜੋਂ ਜਾਣਿਆ ਜਾਂਦਾ ਹੈ, ਇੱਕ ਵਾਰ ਫਿਰ ਇੱਕ ਗੰਭੀਰ ਰਾਸ਼ਟਰੀ ਸੁਰੱਖਿਆ ਚੁਨੌਤੀ ਦੇ ਕੇਂਦਰ ਵਿੱਚ ਖੜ੍ਹਾ ਹੈ। ਪਰ ਇਸ ਵਾਰ ਖ਼ਤਰਾ ਰਵਾਇਤੀ ਜੰਗ ਵਰਗਾ ਸਿੱਧਾ ਨਹੀਂ, ਸਗੋਂ “ਹਾਈਬ੍ਰਿਡ ਜੰਗ” ਦੇ ਰੂਪ ਵਿੱਚ ਹੈ। ਇਸ ਜੰਗ ਵਿੱਚ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਵੱਲੋਂ ਯੋਜਨਾਬੱਧ ਢੰਗ ਨਾਲ ਦਹਿਸ਼ਤਗਰਦੀ, ਅਪਰਾਧਿਕ ਗਿਰੋਹਬੰਦੀ, ਨਸ਼ਾ ਤਸਕਰੀ, ਹਥਿਆਰ ਸਪਲਾਈ, ਡਿਜ਼ੀਟਲ ਨੈੱਟਵਰਕ ਅਤੇ ਸਰਹੱਦ ਪਾਰ ਸਹਾਇਤਾ ਨੂੰ ਇੱਕ ਹੀ ਜਾਲ ਵਿੱਚ ਪਰੋਇਆ ਜਾ ਰਿਹਾ ਹੈ। ਜਿਸ ਦਾ ਉਦੇਸ਼ ਸਿਰਫ਼ ਹਿੰਸਾ ਫੈਲਾਉਣਾ ਨਹੀਂ, ਸਗੋਂ ਲੋਕਾਂ ਦੇ ਭਰੋਸੇ ਨੂੰ ਤੋੜਨਾ, ਕਾਨੂੰਨ-ਵਿਵਸਥਾ ਨੂੰ ਕਮਜ਼ੋਰ ਕਰਨਾ, ਨੌਜਵਾਨਾਂ ਨੂੰ ਭਟਕਾਉਣਾ ਅਤੇ ਇੱਕ ਮਹੱਤਵਪੂਰਨ ਸਰਹੱਦੀ ਰਾਜ ਵਿੱਚ ਅਸੁਰੱਖਿਆ ਦਾ ਮਾਹੌਲ ਬਣਾ ਕੇ ਭਾਰਤ ਦੀ ਏਕਤਾ, ਅੰਦਰੂਨੀ ਸਥਿਰਤਾ ਅਤੇ ਸੁਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨਾ ਹੈ।
ਪੰਜਾਬ ਪਹਿਲਾਂ ਵੀ ਆਈ ਐੱਸ ਆਈ ਦੀਆਂ ਅਜਿਹੀਆਂ ਸਾਜ਼ਿਸ਼ਾਂ ਦਾ ਸਾਹਮਣਾ ਕਰ ਚੁੱਕਾ ਹੈ। ਮਈ 2022 ਵਿੱਚ ਮੋਹਾਲੀ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਆਰ ਪੀ ਜੀ (RPG) ਹਮਲਾ, ਦਸੰਬਰ 2022 ਵਿੱਚ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹਮਲਾ, 2015 ਦਾ ਗੁਰਦਾਸਪੁਰ ਹਮਲਾ ਅਤੇ 2016 ਦਾ ਪਠਾਨਕੋਟ ਹਮਲਾ—ਇਹ ਸਾਰੇ ਮਾਮਲੇ ਸਰਹੱਦ ਪਾਰ ਖ਼ਤਰਿਆਂ ਨੂੰ ਬੇਨਕਾਬ ਕਰ ਚੁੱਕੇ ਹਨ। ਪਰ ਮੌਜੂਦਾ ਦੌਰ ਵਿੱਚ ਇੱਕ ਵੱਡਾ ਤਬਦੀਲੀ ਸਾਹਮਣੇ ਆਈ ਹੈ।  ਹਾਲੀਆ ਹਿੰਸਾ ਦੀਆਂ ਘਟਨਾਵਾਂ ਦਰਸਾਉਂਦੀਆਂ ਹਨ ਕਿ ਇਹ ਕੋਈ ਇਕੱਲੀਆਂ ਵਾਰਦਾਤਾਂ ਨਹੀਂ, ਸਗੋਂ ਇੱਕ ਵੱਡੀ ਅਤੇ ਯੋਜਨਾਬੱਧ ਸਾਜ਼ਿਸ਼ ਦਾ ਹਿੱਸਾ ਹਨ। ਹੁਣ ਵੱਡੇ ਫ਼ੌਜੀ ਨਿਸ਼ਾਨਿਆਂ ਦੀ ਬਜਾਏ ਪੁਲਿਸ ਢਾਂਚਿਆਂ ਅਤੇ ਸਥਾਨਕ ਸੁਰੱਖਿਆ ਪ੍ਰਣਾਲੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਤਾਂ ਜੋ ਪੁਲਿਸ ਦਾ ਮਨੋਬਲ ਟੁੱਟੇ ਅਤੇ ਲੋਕਾਂ ਦਾ ਭਰੋਸਾ ਡੋਲ੍ਹੇ।
30 ਮਾਰਚ 2026 ਨੂੰ ਅੰਮ੍ਰਿਤਸਰ ਦੇ ਭਿੰਡੀ ਸੈਦਾਂ ਥਾਣੇ ‘ਤੇ ਗ੍ਰਨੇਡ ਹਮਲਾ ਇਸ ਲੜੀ ਦੀ ਇੱਕ ਮਹੱਤਵਪੂਰਨ ਕੜੀ ਸੀ। ਇਸ ਤੋਂ ਪਹਿਲਾਂ 22 ਫ਼ਰਵਰੀ 2026 ਨੂੰ ਗੁਰਦਾਸਪੁਰ ਦੇ ਆਦੀਆਂ ਪਿੰਡ ਵਿੱਚ ਦੋ ਪੁਲਿਸ ਕਰਮਚਾਰੀਆਂ ਦੀ ਹੱਤਿਆ ਹੋਈ। ਇਹ ਹਮਲੇ ਸਿਰਫ਼ ਢਾਂਚਿਆਂ ‘ਤੇ ਨਹੀਂ, ਸਗੋਂ ਕਾਨੂੰਨ-ਵਿਵਸਥਾ ਦੀ ਰੀੜ੍ਹ ‘ਤੇ ਹਮਲੇ ਹਨ।
ਪੰਜਾਬ ਪੁਲਿਸ ਦੇ ਅਨੁਸਾਰ, ਸੁਰੱਖਿਆ ਅਦਾਰਿਆਂ ‘ਤੇ ਹੋਏ 24 ਗ੍ਰਨੇਡ ਹਮਲਿਆਂ ਦੇ ਸਾਰੇ ਕੇਸ ਹੱਲ ਕਰ ਲਏ ਗਏ ਹਨ ਅਤੇ ਜ਼ਿੰਮੇਵਾਰ ਤੱਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕੁਝ ਵਿਦੇਸ਼ੀ ਹੈਂਡਲਰਾਂ ਨੂੰ ਡਿਪੋਰਟ ਵੀ ਕੀਤਾ ਗਿਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਈ ਮਾਡਿਊਲ ISI ਨਾਲ ਜੁੜੇ ਸ਼ਹਜ਼ਾਦ ਭੱਟੀ ਵੱਲੋਂ ਚਲਾਏ ਜਾ ਰਹੇ ਸਨ, ਜੋ ਜੇਸ਼ਨ ਅਖ਼ਤਰ ਅਤੇ ਅਮਨਦੀਪ ਸਿੰਘ ਉਰਫ਼ ਪੰਨੂ ਵਰਗੇ ਭਾਰਤੀ ਗੈਂਗਸਟਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਇਹ ਗੱਲ ਖ਼ਾਸ ਧਿਆਨਯੋਗ ਹੈ ਕਿ ਇੱਥੇ ਹੁਣ ਦਹਿਸ਼ਤਗਰਦੀ ਅਤੇ ਗੈਂਗਸਟਰਵਾਦ ਦੇ ਵਿਚਕਾਰਲੀ ਰੇਖਾ ਧੁੰਦਲੀ ਹੋ ਰਹੀ ਹੈ।
13 ਅਪ੍ਰੈਲ 2026 ਨੂੰ ਪੁਲਿਸ ਨੇ ਆਈ ਐੱਸ ਆਈ ਨਾਲ ਜੁੜੇ ਮਾਡਿਊਲ ਦੇ ਛੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਲਗਭਗ ਚਾਰ ਲੱਖ ਰੁਪਏ ਦੀ ਲਾਲਚ ਦੇ ਕੇ ਭਰਤੀ ਕੀਤਾ ਗਿਆ ਸੀ। ਇਹ ਦਰਸਾਉਂਦਾ ਹੈ ਕਿ ਇਹ “ਘੱਟ ਖ਼ਰਚੇ, ਵੱਡੇ ਅਸਰ” ਵਾਲੀ ਰਣਨੀਤੀ ਹੈ, ਜਿਸ ਵਿੱਚ ਸਥਾਨਕ ਨੌਜਵਾਨਾਂ ਨੂੰ ਅੱਗੇ ਕਰਕੇ ਬਾਹਰੀ ਸਾਜ਼ਿਸ਼ਕਾਰ ਆਪਣੀ ਭੂਮਿਕਾ ਲੁਕਾਉਂਦੇ ਹਨ।
ਜੇ ਪਿਛਲੇ ਵੀਹ ਦਿਨਾਂ ਦਾ ਲੇਖਾ-ਜੋਖਾ ਵੇਖਿਆ ਜਾਵੇ ਤਾਂ ਸਥਿਤੀ ਦੀ ਗੰਭੀਰਤਾ ਹੋਰ ਵੀ ਸਪਸ਼ਟ ਹੋ ਜਾਂਦੀ ਹੈ। 21 ਅਪ੍ਰੈਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨਾਲ ਜੁੜੇ ਪੰਜ ਮੁਲਜ਼ਮਾਂ ਤੋਂ 7.050 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸੇ ਦਿਨ ਹੁਸ਼ਿਆਰਪੁਰ ਪੁਲਿਸ ਨੇ ਹਥਿਆਰ ਅਤੇ ਨਸ਼ਾ ਤਸਕਰ ਗਿਰੋਹ ਦੇ ਚਾਰ ਮੈਂਬਰਾਂ ਨੂੰ 10 ਕਿਲੋਗ੍ਰਾਮ ਹੈਰੋਇਨ, ਦੋ ਵਿਦੇਸ਼ੀ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। 20 ਅਪ੍ਰੈਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਛੇ ਪਿਸਤੌਲਾਂ ਸਮੇਤ ਸੱਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ। 18 ਅਪ੍ਰੈਲ ਨੂੰ ਕਾਊਂਟਰ ਇੰਟੈਲੀਜੈਂਸ ਪੰਜਾਬ ਦੀ ਸਟੇਟ ਸਪੈਸ਼ਲ ਓਪਰੇਸ਼ਨ ਸੈਲ (SSOC) ਅੰਮ੍ਰਿਤਸਰ ਯੂਨਿਟ ਨੇ ਨਾਰਕੋ-ਅੱਤਵਾਦੀ ਨੈੱਟਵਰਕ ਨਾਲ ਸੰਬੰਧਿਤ ਵਿਦੇਸ਼ੀ ਹੈਂਡਲਰਾਂ ਅਤੇ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਜੁੜੇ ਅੱਤਵਾਦੀ ਮਾਡਿਊਲ ਦੇ ਦੋ ਦੋਸ਼ੀਆਂ ਨੂੰ 64.62 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ। 16 ਅਪ੍ਰੈਲ ਨੂੰ ਕਾਊਂਟਰ ਇੰਟੈਲੀਜੈਂਸ ਵਿੰਗ ਨੇ SSOC ਅੰਮ੍ਰਿਤਸਰ ਅਤੇ ਮੋਹਾਲੀ ਨਾਲ ਸਾਂਝੀ ਕਾਰਵਾਈ ਕਰਦਿਆਂ ਪਾਕਿਸਤਾਨ ਸਮਰਥਿਤ ਸਰਹੱਦ ਪਾਰ ਅੱਤਵਾਦੀ ਮਾਡਿਊਲ ਦੇ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ  ਕੀਤਾ ਤੇ ਉਸ ਕੋਲੋਂ ਚਾਰ ਹੈਂਡ ਗ੍ਰਨੇਡ, ਦੋ ਵਿਦੇਸ਼ੀ ਪਿਸਤੌਲ ਅਤੇ ਗੋਲੀ-ਸਿੱਕਾ ਬਰਾਮਦ ਕੀਤਾ ਗਿਆ। ਇਸੇ ਸਿਲਸਿਲੇ ਵਿੱਚ 5 ਅਪ੍ਰੈਲ ਨੂੰ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨੇ ਚੰਡੀਗੜ੍ਹ ਪੁਲਿਸ ਅਤੇ ਹਰਿਆਣਾ ਪੁਲਿਸ ਦੇ ਸਹਿਯੋਗ ਨਾਲ ਤੇਜ਼ ਅਤੇ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰਨੇਡ ਹਮਲੇ ਵਿੱਚ ਸ਼ਾਮਲ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਦੋਸ਼ੀ ਗੁਰਤੇਜ ਸਿੰਘ ਲਗਭਗ ਛੇ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਇੱਕ ਵਿਦੇਸ਼ੀ ਹੈਂਡਲਰ ਦੇ ਸੰਪਰਕ ਵਿੱਚ ਆਇਆ ਸੀ। ਬਾਅਦ ਵਿੱਚ ਉਸ ਨੂੰ ਪੁਰਤਗਾਲ ਸਥਿਤ ਬਲਜੋਤ ਸਿੰਘ @ ਜੋਤ ਅਤੇ ਜਰਮਨੀ ਸਥਿਤ ਹਰਜੀਤ ਸਿੰਘ @ ਲਾਡੀ ਵੱਲੋਂ ਦਿਸ਼ਾ-ਨਿਰਦੇਸ਼ ਮਿਲੇ ਅਤੇ ਹਮਲਾ ਕਰਨ ਲਈ ਦੋ ਲੱਖ ਰੁਪਏ ਦਾ ਵਾਅਦਾ ਕੀਤਾ ਗਿਆ। ਇਹ ਮਾਮਲਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਦੱਸਦਾ ਹੈ ਕਿ ਹਾਈਬ੍ਰਿਡ ਜੰਗ ਦਾ ਨੈੱਟਵਰਕ ਸਿਰਫ਼ ਪਾਕਿਸਤਾਨ ਤੱਕ ਸੀਮਿਤ ਨਹੀਂ, ਸਗੋਂ ਵਿਦੇਸ਼ੀ ਧਰਤੀ ‘ਤੇ ਬੈਠੇ ਤੱਤਾਂ ਦੁਆਰਾ ਵੀ ਚਲਾਇਆ ਜਾ ਰਿਹਾ ਹੈ। 11 ਅਪ੍ਰੈਲ ਨੂੰ ਬਟਾਲਾ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਦੇ ਗਿਰੋਹ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 6.5 ਕਿਲੋਗ੍ਰਾਮ ਹੈਰੋਇਨ, ਇੱਕ .30 ਕੈਲੀਬਰ ਪਿਸਤੌਲ, ਛੇ ਜ਼ਿੰਦਾ ਕਾਰਤੂਸ ਅਤੇ ਇੱਕ ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ। 8 ਅਪ੍ਰੈਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅਟਾਰੀ ਸੈਕਟਰ ਦੇ ਸਰਹੱਦੀ ਖੇਤਰਾਂ ਵਿੱਚ ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਇੱਕ ਮਾਡਿਊਲ ਦੇ ਤਿੰਨ ਮੁਲਜ਼ਮਾਂ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ ਸੱਤ ਆਧੁਨਿਕ ਪਿਸਤੌਲ, 12 ਜ਼ਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ। 7 ਅਪ੍ਰੈਲ ਨੂੰ ਕਪੂਰਥਲਾ ਪੁਲਿਸ ਨੇ ਚਾਰ ਨਸ਼ਾ ਤਸਕਰਾਂ ਨੂੰ 16.8 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ, ਜੋ ਖੇਪ ਸਰਹੱਦੀ ਇਲਾਕੇ ਤੋਂ ਲਿਆ ਕੇ ਚੰਡੀਗੜ੍ਹ ਭੇਜਣੀ ਸੀ।  6 ਅਪ੍ਰੈਲ ਨੂੰ ਕਾਊਂਟਰ ਇੰਟੈਲੀਜੈਂਸ ਪੰਜਾਬ ਨੇ ਆਈ ਐੱਸ ਆਈ -ਸਮਰਥਿਤ ਅੱਤਵਾਦੀ ਮਾਡਿਊਲ ਦੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਦੋ ਹੈਂਡ ਗ੍ਰਨੇਡ ਅਤੇ ਇੱਕ ਵਿਦੇਸ਼ੀ ਗਲੌਕ ਪਿਸਤੌਲ ਬਰਾਮਦ ਕੀਤਾ। 5 ਅਪ੍ਰੈਲ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਮੁਲਜ਼ਮਾਂ ਨੂੰ 4.13 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ, 2 ਅਪ੍ਰੈਲ ਨੂੰ ਪਟਿਆਲਾ ਪੁਲਿਸ ਨੇ ਗੈਰ-ਕਾਨੂੰਨੀ ਹਥਿਆਰ ਸਪਲਾਈ ਮਾਡਿਊਲ ਦੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 10 ਆਧੁਨਿਕ ਸੈੱਲਫ਼-ਲੋਡਿੰਗ ਹਥਿਆਰ ਬਰਾਮਦ ਕੀਤੇ।  
ਇਸੇ ਤਰ੍ਹਾਂ ਬੱਬਰ ਖ਼ਾਲਸਾ ਵਰਗੀਆਂ ਤਾਕਤਾਂ ਦੁਬਾਰਾ ਸਰਗਰਮ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਸਥਾਨਕ ਗੈਂਗਸਟਰਾਂ ਨਾਲ ਮਿਲ ਕੇ ਇੱਕ ਨਵਾਂ ਜਾਲ ਤਿਆਰ ਕੀਤਾ ਜਾ ਰਿਹਾ ਹੈ। 9 ਅਪ੍ਰੈਲ ਨੂੰ ਪੰਜਾਬ ਪੁਲੀਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਆਈਐਸਆਈ ਪ੍ਰਯੋਜਿਤ ਬੀ ਕੇ ਆਈ ਮਾਡਿਊਲ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਹੈਂਡ ਗ੍ਰਨੇਡ ਸਮੇਤ ਹੋਰ ਮਾਰੂ ਵਿਸਫੋਟਕ ਸਮਗਰੀ ਬਰਾਮਦ ਕੀਤੀ। ਇਹ ਬਰਾਮਦਗੀ ਸਾਫ਼ ਤੌਰ ‘ਤੇ ਇਸ ਗੱਲ ਦਾ ਸੰਕੇਤ ਸੀ ਕਿ ਜਨਤਕ ਸ਼ਾਂਤੀ ਭੰਗ ਕਰਨ ਅਤੇ ਉੱਚ-ਪ੍ਰਭਾਵ ਵਾਲੇ ਹਮਲੇ ਕਰਨ ਦੀ ਤਿਆਰੀ ਚੱਲ ਰਹੀ ਸੀ। 10 ਅਪ੍ਰੈਲ ਨੂੰ ਦਿੱਲੀ ਪੁਲਿਸ ਨੇ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚੋਂ ਅੱਠ ਪੰਜਾਬ ਅਤੇ ਤਿੰਨ ਦਿੱਲੀ ਦੇ ਸਨ। ਇਹ ਲੋਕ ਬੱਬਰ ਖ਼ਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਹੋਏ ਸਨ ਅਤੇ ਫ਼ੌਜੀ ਠਿਕਾਣਿਆਂ ਦੀ ਟਹਿਣੀ ਕਰ ਰਹੇ ਸਨ। ਉਨ੍ਹਾਂ ਨੇ ਕਈ ਥਾਵਾਂ ‘ਤੇ ਸੀਸੀਟੀਵੀ (CCTV) ਕੈਮਰੇ ਲਗਾ ਕੇ ਫ਼ੌਜੀ ਹਲਚਲ ਸਬੰਧੀ ਜਾਣਕਾਰੀ ਇਕੱਠੀ ਕੀਤੀ ਅਤੇ ਉਹ ਪਾਕਿਸਤਾਨ ਭੇਜੀ।  
ਅੰਮ੍ਰਿਤਸਰ, ਹੁਸ਼ਿਆਰਪੁਰ, ਬਟਾਲਾ, ਕਪੂਰਥਲਾ, ਪਟਿਆਲਾ ਅਤੇ ਹੋਰ ਇਲਾਕਿਆਂ ਵਿੱਚ ਗ੍ਰਿਫ਼ਤਾਰੀਆਂ ਉਪਰੰਤ ਇਨ੍ਹਾਂ ਘਟਨਾਵਾਂ ਦੀ ਜਾਂਚ ਹੋਰ ਵੀ ਚਿੰਤਾਜਨਕ ਤੱਥ ਸਾਹਮਣੇ ਲਿਆਉਂਦੀ ਹੈ, ਕਿ ਮੁਲਜ਼ਮ ਪਾਕਿਸਤਾਨ-ਅਧਾਰਿਤ ਤਸਕਰ ਦੇ ਸੰਪਰਕ ਵਿੱਚ ਹੀ ਨਹੀਂ ਸਗੋਂ ਕਈ ਤਾਂ ਯੂਰਪ ਅਤੇ ਦੁਬਈ ਅਧਾਰਿਤ ਹੈਂਡਲਰਾਂ ਅਤੇ ਜੇਲ੍ਹ ਵਿੱਚ ਬੰਦ ਕਾਰਕੁਨਾਂ ਨਾਲ ਸਿੱਧੇ ਸੰਪਰਕ ਵਿੱਚ ਵੀ ਸਨ। ਅਤੇ ਉਸ ਦੇ ਨਿਰਦੇਸ਼ਾਂ ਹੇਠ ਪੰਜਾਬ ਵਿੱਚ ਹਥਿਆਰ ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰ ਰਹੇ ਸਨ।  ਇਹ ਘਟਨਾਵਾਂ ਦੱਸਦੀਆਂ ਹਨ ਕਿ ਨਸ਼ਾ ਅਤੇ ਹਥਿਆਰ ਤਸਕਰੀ ਹੁਣ ਵੱਖ-ਵੱਖ ਅਪਰਾਧ ਨਹੀਂ ਰਹੇ, ਸਗੋਂ ਇੱਕ ਹੀ ਸੁਰੱਖਿਆ-ਵਿਰੋਧੀ ਨੈੱਟਵਰਕ ਦੇ ਹਿੱਸੇ ਹਨ। ਜਾਂਚ ਵਿੱਚ ਇਹ ਗਲ ਵੀ ਸਾਹਮਣੇ ਆਈ ਕਿ ਇਹ ਦੋਸ਼ੀ ਸੋਸ਼ਲ ਮੀਡੀਆ ਰਾਹੀਂ ਪਾਕਿਸਤਾਨ-ਅਧਾਰਿਤ ਤਸਕਰਾਂ ਨਾਲ ਸੰਪਰਕ ਵਿੱਚ ਸਨ ਅਤੇ ਸਰਹੱਦ ਪਾਰੋਂ ਆਏ ਹਥਿਆਰ ਪੰਜਾਬ ਭਰ ਦੇ ਅਪਰਾਧਿਕ ਤੱਤਾਂ ਤੱਕ ਪਹੁੰਚਾ ਰਹੇ ਸਨ। ਇਹ ਤੱਥ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਸਿਰਫ਼ ਪ੍ਰਚਾਰ ਦਾ ਸਾਧਨ ਨਹੀਂ, ਸਗੋਂ ਹੁਣ ਅਤਿਵਾਦ ਦੀ ਭਰਤੀ, ਟ੍ਰੇਨਿੰਗ, ਨਿਰਦੇਸ਼ ਅਤੇ ਨੈੱਟਵਰਕਿੰਗ ਦਾ ਅੱਤਵਾਦੀ ਸਾਧਨ ਵੀ ਬਣ ਚੁੱਕਾ ਹੈ। ਡਿਜ਼ੀਟਲ ਨਿਗਰਾਨੀ ਅਤੇ ਇੰਫ਼ਰਾਸਟ੍ਰਕਚਰ ਮੈਪਿੰਗ ਵੀ ਸ਼ਾਮਲ ਹੋ ਚੁੱਕੇ ਹਨ। ਡਰੋਨ, ਸਮਗਲਿੰਗ ਅਤੇ ਸਰਹੱਦੀ ਰਸਤੇ ਹੁਣ ਸਿਰਫ਼ ਨਸ਼ਿਆਂ ਲਈ ਹੀ ਨਹੀਂ, ਸਗੋਂ ਹਥਿਆਰਾਂ, ਵਿਸਫੋਟਕ ਸਮਗਰੀ ਅਤੇ ਖ਼ੁਫ਼ੀਆ ਜਾਣਕਾਰੀ ਦੀ ਆਵਾਜਾਈ ਲਈ ਵੀ ਵਰਤੇ ਜਾ ਰਹੇ ਹਨ। ਨਸ਼ੇ ਦੀ ਤਸਕਰੀ ਹੁਣ ਆਰਥਿਕ ਲਾਭ ਦਾ ਮਸਲਾ ਹੀ ਨਹੀਂ ਰਹੀ, ਇਹ ਦਹਿਸ਼ਤਗਰਦੀ ਨੂੰ ਆਰਥਿਕ ਸਹਾਰਾ ਦੇਣ ਵਾਲਾ ਇੱਕ ਸਾਧਨ ਵੀ ਬਣ ਗਈ ਹੈ। ਚੰਡੀਗੜ੍ਹ ਸਥਿਤ ਭਾਜਪਾ ਦਫ਼ਤਰ ‘ਤੇ ਹਮਲੇ ਵਿੱਚ ਸ਼ਾਮਲ ਅੱਤਵਾਦੀ ਮਾਡਿਊਲ ਦਾ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਿਹਾ ਹੋਣ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਨਿਸ਼ਾਨੇ ਸਿਰਫ਼ ਸੁਰੱਖਿਆ ਅਦਾਰੇ ਹੀ ਨਹੀਂ, ਸਗੋਂ ਰਾਜਨੀਤਿਕ ਸੰਸਥਾਵਾਂ ਵੀ ਬਣ ਰਹੀਆਂ ਹਨ। ਇਹ ਸਾਰੇ ਤੱਤ ਇੱਕ ਵੱਡੇ ਨੈੱਟਵਰਕ ਦੀ ਪਹਿਚਾਣ ਹਨ।
ਨਾਰਕੋ-ਅੱਤਵਾਦੀ ਨੈੱਟਵਰਕਾਂ ਦਾ ਉਭਾਰ ਖ਼ਾਸ ਤੌਰ ‘ਤੇ ਚਿੰਤਾਜਨਕ ਹੈ। ਨਸ਼ਾ ਸਿਰਫ਼ ਲਾਭ ਦਾ ਸਾਧਨ ਨਹੀਂ ਰਹਿ ਗਿਆ, ਸਗੋਂ ਦਹਿਸ਼ਤਗਰਦੀ ਨੂੰ ਫ਼ੰਡ ਕਰਨ ਦਾ ਮਾਧਿਅਮ ਬਣ ਗਿਆ ਹੈ। ਗੈਂਗਸਟਰ ਨੈੱਟਵਰਕ ਹੁਣ ਲਾਜਿਸਟਿਕ ਸਹਾਇਤਾ ਅਤੇ ਸਥਾਨਕ ਸਹਿਯੋਗ ਪ੍ਰਦਾਨ ਕਰ ਰਹੇ ਹਨ। ਇਸ ਤਰ੍ਹਾਂ ਦਹਿਸ਼ਤਗਰਦੀ ਅਤੇ ਅਪਰਾਧ ਦੇ ਵਿਚਕਾਰ ਦੀ ਲਕੀਰ ਹੌਲੀ-ਹੌਲੀ ਮਿਟ ਰਹੀ ਹੈ।
ਅੱਜ ਪੰਜਾਬ ਤਿੰਨ ਵੱਡੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ— ਪਹਿਲਾਂ, ਦਹਿਸ਼ਤਗਰਦ ਅਤੇ ਖਾਲਿਸਤਾਨੀ ਮਾਡਿਊਲਾਂ ਨੂੰ ਦੁਬਾਰਾ ਸਰਗਰਮ ਕਰਨ ਦੀ ਕੋਸ਼ਿਸ਼; ਦੂਜਾ, ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਰਾਹੀਂ ਇੱਕ ਅਪਰਾਧਿਕ-ਅੱਤਵਾਦੀ ਅਰਥਵਿਵਸਥਾ ਖੜ੍ਹੀ ਕਰਨਾ; ਤੀਜਾ, ਸਥਾਨਕ ਗੈਂਗਸਟਰਾਂ ਦੀ ਵਰਤੋਂ ਕਰਕੇ ਟਾਰਗੈਟ ਕਿਲਿੰਗ ਕਰਵਾਉਣਾ। ਇਨ੍ਹਾਂ ਤਿੰਨਾਂ ਦਾ ਮਿਲਾਪ ਹੀ ਹਾਈਬ੍ਰਿਡ ਜੰਗ ਦਾ ਢਾਂਚਾ ਤਿਆਰ ਕਰਦਾ ਹੈ।
ਇਸ ਵਿੱਚ ਸਭ ਤੋਂ ਚਿੰਤਾਜਨਕ ਗੱਲ ਨੌਜਵਾਨਾਂ ਦੀ ਭਰਤੀ ਹੈ। ਬੇਰੁਜ਼ਗਾਰੀ, ਨਸ਼ਾ, ਤੇਜ਼ੀ ਨਾਲ ਪੈਸਾ ਕਮਾਉਣ ਦੀ ਲਾਲਚ ਅਤੇ ਗੈਂਗਸਟਰ ਸਭਿਆਚਾਰ ਨੇ ਕੁਝ ਨੌਜਵਾਨਾਂ ਨੂੰ ਇਸ ਜਾਲ ਵਿੱਚ ਫਸਾ ਦਿੱਤਾ ਹੈ। ਕੁਝ ਮਾਮਲਿਆਂ ਵਿੱਚ ਨਾਬਾਲਗਾਂ ਨੂੰ ਵੀ ਵਰਤਿਆ ਗਿਆ ਹੈ। ਇਹ ਸਿਰਫ਼ ਕਾਨੂੰਨੀ ਨਹੀਂ, ਸਗੋਂ ਇੱਕ ਗੰਭੀਰ ਸਮਾਜਕ ਸੰਕਟ ਹੈ।  ਜੇ ਨਸ਼ਾ ਸਰੀਰ ਨੂੰ ਖੋਖਲਾ ਕਰਦਾ ਹੈ, ਤਾਂ ਹਾਈਬ੍ਰਿਡ ਜੰਗ ਰਾਜ ਨੂੰ ਅੰਦਰੋਂ ਖੋਖਲਾ ਕਰਦੀ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਇਸ ਚੁਨੌਤੀ ਦਾ ਜਵਾਬ ਸਿਰਫ਼ ਪੁਲਿਸ ਕਾਰਵਾਈਆਂ ਨਾਲ ਨਾ ਦਿੱਤਾ ਜਾਵੇ, ਸਗੋਂ ਇੱਕ ਸਮੂਹਿਕ, ਬਹੁ-ਪੱਖੀ ਅਤੇ ਦੂਰਗਾਮੀ ਰਣਨੀਤੀ ਨਾਲ ਦਿੱਤਾ ਜਾਵੇ। ਜਿਸ ’ਚ ਸਰਹੱਦੀ ਸੁਰੱਖਿਆ ਦੀ ਮਜ਼ਬੂਤੀ, ਨਸ਼ੇ ਦੇ ਪੈਸੇ ਅਤੇ ਹਵਾਲਾ ਨੈੱਟਵਰਕਾਂ ‘ਤੇ ਕਾਰਵਾਈ, ਡਰੋਨ ਅਤੇ ਡਿਜ਼ੀਟਲ ਨਿਗਰਾਨੀ, ਨੌਜਵਾਨਾਂ ਲਈ ਰੋਜ਼ਗਾਰ ਅਤੇ ਜਾਗਰੂਕਤਾ, ਅਤੇ ਖ਼ਾਸ ਕਰਕੇ ਸਮਾਜਕ ਸਹਿਯੋਗ। ਹਾਈਬ੍ਰਿਡ ਜੰਗ ਦਾ ਜਵਾਬ ਵੀ ਹਾਈਬ੍ਰਿਡ ਹੀ ਹੋਣਾ ਚਾਹੀਦਾ ਹੈ—ਸੁਰੱਖਿਆ, ਸਮਾਜ, ਅਰਥਵਿਵਸਥਾ ਅਤੇ ਮਨੋਵਿਗਿਆਨ ਦੇ ਹਰ ਮੋਰਚੇ ‘ਤੇ ਸੰਗਠਿਤ ਜਵਾਬ।
ਸੱਚ ਤਾਂ ਇਹ ਹੈ ਕਿ ਪੰਜਾਬ ਦੀ ਸਰਹੱਦ ਹੁਣ ਇੱਕ “ਹਾਈਬ੍ਰਿਡ ਜੰਗ” ਦਾ ਮੈਦਾਨ ਬਣ ਚੁੱਕੀ ਹੈ — ਜਿੱਥੇ ਡਰੋਨ, ਨਸ਼ੇ, ਹਥਿਆਰ, ਗੈਂਗਸਟਰ ਅਤੇ ਆਈ ਐਸ ਆਈ ਦੀ ਭੂਮਿਕਾ ਹੈ। ਸਰਕਾਰ ਨੂੰ ਸਖ਼ਤ ਕਾਰਵਾਈ ਦੇ ਨਾਲ ਨਾਲ ਸਮਾਜਕ ਅਤੇ ਆਰਥਿਕ ਪੱਧਰ ‘ਤੇ ਵੀ ਕੰਮ ਕਰਨਾ ਪਵੇਗਾ। ਪਰ ਇਨ੍ਹਾਂ ਸਭ ਦੇ ਸਾਹਮਣੇ ਇੱਕ ਹੋਰ ਸੱਚ ਵੀ ਉਤਨਾ ਹੀ ਮਜ਼ਬੂਤ ਹੈ ਕਿ ਪੰਜਾਬ ਸਿਰਫ਼ ਇੱਕ ਸਰਹੱਦ ਨਹੀਂ—ਇਹ ਭਾਰਤ ਦੀ ਮਜ਼ਬੂਤ ਢਾਲ ਹੈ, ਜਿਸ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਦਾ ਜਵਾਬ ਸਾਨੂੰ ਇੱਕਜੁੱਟਤਾ ਅਤੇ ਰਾਸ਼ਟਰੀ ਸੰਕਲਪ ਨਾਲ ਹੀ ਦੇਣਾ ਹੋਵੇਗਾ ।
(ਪ੍ਰੋ. ਸਰਚਾਂਦ ਸਿੰਘ ਖਿਆਲਾ, ਬੁਲਾਰਾ, ਪੰਜਾਬ ਭਾਜਪਾ) ਫ਼ੋਨ: 9781355522

Show More

Related Articles

Leave a Reply

Your email address will not be published. Required fields are marked *

Back to top button
Translate »