ਪਹਿਲਾਂ ਜਾਨ-ਫਿਰ ਸਾਮਾਨ !

ਹਵਾਈ ਸਫ਼ਰ ਦੌਰਾਨ ਹੁਣ ਜਿੰਦਰਿਆਂ (ਲਾਕ) ਵਿੱਚ ਬੰਦ ਹੋ ਸਕਦੇ ਨੇ ਤੁਹਾਡੇ ‘ਕੈਰੀ-ਆਨ ਬੈਗ’
-ਐਮਰਜੈਂਸੀ ਵੇਲੇ ਸਾਮਾਨ ਦੀ ਬਜਾਏ ‘ਜਾਨ ਬਚਾਉਣ’ ਨੂੰ ਪਹਿਲ ਦੇਣ ਦੀ ਤਿਆਰੀ
-ਹੈਰਾਨੀਜਨਕ ਅੰਕੜਾ: 40% ਲੋਕ ਨਿਯਮਾਂ ਤੋਂ ਅਣਜਾਣ

ਔਕਲੈਂਡ (-ਹਰਜਿੰਦਰ ਸਿੰਘ ਬਸਿਆਲਾ) ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਵਾਲੇ ਮੁਸਾਫਰਾਂ ਲਈ ਇੱਕ ਵੱਡੀ ਖ਼ਬਰ ਹੈ। ਹਵਾਈ ਸਫ਼ਰ ਦੌਰਾਨ ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ ਨੂੰ 90 ਸੈਕਿੰਡ ਦੇ ਅੰਦਰ ਖਾਲੀ ਕਰਨਾ ਲਾਜ਼ਮੀ ਹੁੰਦਾ ਹੈ, ਪਰ ਮੁਸਾਫਰਾਂ ਵੱਲੋਂ ਆਪਣਾ ਸਾਮਾਨ ਚੁੱਕਣ ਦੀ ਜ਼ਿੱਦ ਕਾਰਨ ਇਹ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ। ਇੱਕ ਹਾਲੀਆ ਸਰਵੇਖਣ ਮੁਤਾਬਕ 40 ਫੀਸਦੀ ਮੁਸਾਫਰਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਐਮਰਜੈਂਸੀ ਵੇਲੇ ਸਾਮਾਨ ਜਹਾਜ਼ ਦੇ ਅੰਦਰ ਹੀ ਛੱਡਣਾ ਹੁੰਦਾ ਹੈ, ਜਦਕਿ 10 ਫੀਸਦੀ ਲੋਕ ਨਿਰਦੇਸ਼ਾਂ ਦੇ ਬਾਵਜੂਦ ਵੀ ਬੈਗ ਚੁੱਕਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਮੁਸਾਫਰ ਏਅਰ ਹੋਸਟੈਸ ਅਤੇ ਅਮਲੇ ਦੇ ਨਿਰਦੇਸ਼ਾਂ ਨੂੰ ਅਣਦੇਖਾ ਕਰਕੇ, ਬਾਹਰ ਨਿਕਲਣ ਦੀ ਬਜਾਏ ਆਪਣਾ ਸਾਮਾਨ ਚੁੱਕਣ ਲੱਗ ਜਾਂਦੇ ਹਨ। ਇਸ ਕਾਰਨ ਕੀਮਤੀ ਸਕਿੰਟ ਬਰਬਾਦ ਹੁੰਦੇ ਹਨ ਅਤੇ ਦੂਜੇ ਮੁਸਾਫਰਾਂ ਦੀ ਜਾਨ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ।
ਇਸੇ ਗੰਭੀਰ ਖ਼ਤਰੇ ਨੂੰ ਦੇਖਦਿਆਂ ਹੁਣ ਅੰਤਰਰਾਸ਼ਟਰੀ ਹਵਾਈ ਸੰਸਥਾ ‘ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ’ (IATA) ਉਡਾਣ ਦੌਰਾਨ ਓਵਰਹੈੱਡ ਬਿਨ (ਸਾਮਾਨ ਵਾਲੇ ਕੈਬਿਨਾਂ) ਨੂੰ ਜਿੰਦਰੇ (ਲਾਕ) ਮਾਰਨ ਦੀ ਵੱਡੀ ਯੋਜਨਾ ਬਣਾ ਰਹੀ ਹੈ, ਤਾਂ ਜੋ ਐਮਰਜੈਂਸੀ ਵੇਲੇ ਲੋਕ ਸਾਮਾਨ ਦੀ ਬਜਾਏ ਸਿਰਫ਼ ਆਪਣੀ ਜਾਨ ਬਚਾਉਣ ਵੱਲ ਭੱਜਣ। ਇਹ 90 ਸੈਕਿੰਡ ਦੀ ਖੇਡ ਹੈ ਜਦੋਂ ਸਾਮਾਨ ਚੁੱਕਣ ਦੇ ਚੱਕਰ ’ਚ ਲੋਕ ਆਪਣੀ ਜਾਨ ਗਵਾ ਲੈਂਦੇ ਨੇ।

ਸੋਸ਼ਲ ਮੀਡੀਆ ਦਾ ਚਸਕਾ: ਜਾਨ ਖ਼ਤਰੇ ’ਚ, ਪਰ ਫੋਟੋ ਖਿੱਚਣੀ ਜ਼ਰੂਰੀ!
ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ਦੇ ਦੌਰ ਵਿੱਚ, ਲੋਕ ਐਮਰਜੈਂਸੀ ਦੌਰਾਨ ਵੀ ਜਹਾਜ਼ ਦੇ ਅੰਦਰੋਂ ਫੋਟੋਆਂ ਖਿੱਚਣ ਜਾਂ ਵੀਡੀਓ ਬਣਾਉਣ ਲੱਗ ਜਾਂਦੇ ਹਨ। ਪਿਛਲੇ ਸਾਲ ਮਾਰਚ ਵਿੱਚ ਡੈਨਵਰ ਏਅਰਪੋਰਟ ’ਤੇ ਜਦੋਂ ਇੱਕ ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੱਗ ਲੱਗ ਗਈ ਸੀ, ਤਾਂ ਕਈ ਮੁਸਾਫਰ ਬਾਹਰ ਨਿਕਲਦੇ ਸਮੇਂ ਵੱਡੇ-ਵੱਡੇ ਬੈਗ ਨਾਲ ਘਸੀਟਦੇ ਹੋਏ ਅਤੇ ਵੀਡੀਓ ਬਣਾਉਂਦੇ ਹੋਏ ਦੇਖੇ ਗਏ ਸਨ, ਜੋ ਕਿ ਬਹੁਤ ਖ਼ਤਰਨਾਕ ਹੈ।

‘ਸਖ਼ਤ ਕਦਮ’: ਸਾਮਾਨ ਹੋਵੇਗਾ ਲਾਕ ਜਾਂ ਲੱਗੇਗਾ ਮੋਟਾ ਜੁਰਮਾਨਾ
ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ ਮੁਤਾਬਕ, ਫਿਲਹਾਲ ਮੁਸਾਫਰਾਂ ਨੂੰ ਜਾਗਰੂਕ ਕਰਨ ਲਈ ‘ਬੈਗ ਨਹੀਂ, ਜਾਨ ਬਚਾਓ’ (Save a life, not a bag) ਮੁਹਿੰਮ ਸ਼ੁਰੂ ਕੀਤੀ ਗਈ ਹੈ। ਪਰ ਜੇਕਰ ਲੋਕਾਂ ਦੇ ਵਤੀਰੇ ਵਿੱਚ ਬਦਲਾਅ ਨਾ ਆਇਆ, ਤਾਂ ਜਹਾਜ਼ ਉੱਡਣ ਦੌਰਾਨ ਸਾਮਾਨ ਰੱਖਣ ਵਾਲੇ ਕੈਬਿਨਾਂ ਨੂੰ ਸਖ਼ਤ ਲਾਕ (Lock) ਲਗਾ ਦਿੱਤੇ ਜਾਣਗੇ, ਜੋ ਸਿਰਫ਼ ਫਲਾਈਟ ਲੈਂਡ ਹੋਣ ਤੋਂ ਬਾਅਦ ਹੀ ਖੁੱਲ੍ਹਣਗੇ। ਇਸ ਤੋਂ ਇਲਾਵਾ ਭਾਰੀ ਜੁਰਮਾਨੇ ਵੀ ਲਗਾਏ ਜਾ ਸਕਦੇ ਹਨ।
ਮੁੱਖ ਸੁਨੇਹਾ: ਪੈਸਾ ਅਤੇ ਸਾਮਾਨ ਦੁਬਾਰਾ ਕਮਾਇਆ ਜਾ ਸਕਦਾ ਹੈ, ਪਰ ਜ਼ਿੰਦਗੀ ਨਹੀਂ।
ਹਵਾਈ ਸਫ਼ਰ ਦੌਰਾਨ ਕਿਸੇ ਵੀ ਐਮਰਜੈਂਸੀ ਵੇਲੇ ਸੁਰੱਖਿਆ ਅਮਲੇ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ। ਜਦੋਂ ਜਹਾਜ਼ ਖਾਲੀ ਕਰਨ ਦਾ ਹੁਕਮ ਹੋਵੇ, ਤਾਂ ਆਪਣਾ ਸਾਮਾਨ ਉੱਥੇ ਹੀ ਛੱਡ ਦਿਓ; ਕਿਉਂਕਿ ਤੁਹਾਡੀ ਇੱਕ ਛੋਟੀ ਜਿਹੀ ਲਾਪਰਵਾਹੀ ਜਾਂ ਬੈਗ ਚੁੱਕਣ ਦੀ ਜ਼ਿੱਦ, ਤੁਹਾਡੇ ਸਣੇ ਕਈ ਹੋਰਾਂ ਦੀ ਜਾਨ ਲੈ ਸਕਦੀ ਹੈ।


