ਚਹਿਲਾਂ ਦੇ ਮਹਾਂਪੁਰਖ ਬਾਬਾ ਜੋਗੀ ਪੀਰ ਜੀ

ਚਹਿਲਾਂ ਦੇ ਮਹਾਂਪੁਰਖ ਬਾਬਾ ਜੋਗੀ ਪੀਰ ਜੀ

ਬਾਬਾ ਜੋਗੀ ਪੀਰ ਜੀ ਚਹਿਲ ਭਾਈਚਾਰੇ ਦੇ ਪ੍ਰਸਿੱਧ ਮਹਾਂਪੁਰਖਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਪੀੜ੍ਹੀਆਂ ਤੋਂ ਚਹਿਲ ਭਾਈਚਾਰੇ ਵਿੱਚ ਉਨ੍ਹਾਂ ਦਾ ਨਾਮ ਬੜੇ ਮਾਣ, ਸਤਿਕਾਰ ਅਤੇ ਸ਼ਰਧਾ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੀ ਯਾਦ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਵਿਖੇ ਬਣੀ ਵਿਸ਼ਾਲ ਬੁਲੰਦ ਅੱਜ ਵੀ ਭਾਈਚਾਰੇ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਹੈ, ਜਿੱਥੇ ਸਾਲ ਵਿੱਚ ਦੋ ਵਾਰ ਵੱਡਾ ਮੇਲਾ ਭਰਦਾ ਹੈ। ਬਾਬਾ ਜੋਗੀ ਪੀਰ ਜੀ ਕੌਣ ਸਨ, ਉਨ੍ਹਾਂ ਦਾ ਜਨਮ ਕਿੱਥੇ ਹੋਇਆ, ਉਨ੍ਹਾਂ ਦੀ ਕਰਮ-ਭੂਮੀ ਕਿਹੜੀ ਸੀ ਅਤੇ ਉਨ੍ਹਾਂ ਦਾ ਸਮਾਂ ਕਿਹੜਾ ਸੀ—ਇਨ੍ਹਾਂ ਸਵਾਲਾਂ ਬਾਰੇ ਵੱਖ-ਵੱਖ ਲੋਕ-ਰਵਾਇਤਾਂ ਅਤੇ ਲਿਖਤੀ ਵੇਰਵੇ ਮਿਲਦੇ ਹਨ। ਉਨ੍ਹਾਂ ਦੇ ਜੀਵਨ ਅਤੇ ਚਹਿਲ ਭਾਈਚਾਰੇ ਦੇ ਮੁੱਢ ਨਾਲ ਜੁੜੇ ਕਈ ਪੱਖ ਅੱਜ ਵੀ ਇਤਿਹਾਸ ਦੀਆਂ ਪਰਤਾਂ ਵਿੱਚ ਸਮਾਏ ਹੋਏ ਹਨ। ਫਿਰ ਵੀ ਲੋਕ-ਰਵਾਇਤਾਂ, ਸਾਖੀਆਂ ਅਤੇ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਸ਼ਰਧਾ ਨੇ ਬਾਬਾ ਜੋਗੀ ਪੀਰ ਜੀ ਦੀ ਯਾਦ ਨੂੰ ਅੱਜ ਤੱਕ ਜੀਵੰਤ ਰੱਖਿਆ ਹੋਇਆ ਹੈ।
ਇੱਕ ਰਵਾਇਤ ਅਨੁਸਾਰ ਬਾਬਾ ਜੋਗੀ ਪੀਰ ਜੀ ਦਾ ਨਾਮ ਜੋਗਾ ਸੀ ਅਤੇ ਕਈ ਥਾਵਾਂ ’ਤੇ ਉਨ੍ਹਾਂ ਨੂੰ ‘ਜੋਗਾ ਚਹਿਲ’ ਵੀ ਕਿਹਾ ਗਿਆ ਹੈ। ਲੋਕ-ਯਾਦ ਵਿੱਚ ਜੋਗਾ ਇੱਕ ਸੂਰਬੀਰ ਯੋਧੇ ਵਜੋਂ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਘੋੜਸਵਾਰੀ ਅਤੇ ਯੁੱਧ ਕਲਾ ਦੀ ਸਿਖਲਾਈ ਮਿਲੀ। ਖ਼ਾਸ ਕਰਕੇ ਘੋੜੇ ’ਤੇ ਸਵਾਰ ਹੋ ਕੇ ਬਰਛੀ ਨਾਲ ਲੜਨ ਵਿੱਚ ਉਨ੍ਹਾਂ ਦੀ ਨਿਪੁੰਨਤਾ ਦਾ ਜ਼ਿਕਰ ਮਿਲਦਾ ਹੈ। ਇੱਕ ਕਾਲੇ ਕੁੱਤੇ ਨੂੰ ਵੀ ਉਨ੍ਹਾਂ ਦੇ ਸਾਥੀ ਵਜੋਂ ਯਾਦ ਕੀਤਾ ਜਾਂਦਾ ਹੈ। ਇੱਕ ਹੋਰ ਰਵਾਇਤ ਬਾਬਾ ਜੀ ਦੇ ਸਮੇਂ ਨੂੰ ਲਗਭਗ 700 ਸਾਲ ਪਹਿਲਾਂ, ਕਰੀਬ ਸੰਨ 1300 ਨਾਲ ਜੋੜਦੀ ਹੈ। ਉਸ ਸਮੇਂ ਮੌਜੂਦਾ ਮਾਨਸਾ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਚਹਿਲਾਂ ਦੀ ਆਪਣੀ ਰਿਆਸਤ ਹੋਣ ਦੀ ਗੱਲ ਕਹੀ ਜਾਂਦੀ ਹੈ, ਜਿਸ ਨਾਲ ਜੋਗਾ ਅਤੇ ਰੱਲਾ ਦਾ ਵਿਸ਼ੇਸ਼ ਸਬੰਧ ਮੰਨਿਆ ਜਾਂਦਾ ਹੈ।

ਲੋਕ-ਰਵਾਇਤ ਵਿੱਚ ਬਾਬਾ ਜੀ ਦੇ ਪਿਤਾ ਦਾ ਨਾਮ ਵਿਜੇ ਪਾਲ ਅਤੇ ਦਾਦਾ ਦਾ ਨਾਮ ਰਾਣਾ ਘੰਗ ਦੱਸਿਆ ਜਾਂਦਾ ਹੈ। ਵਿਜੇ ਪਾਲ ਨੂੰ ਰਾਜ-ਭਾਗ ਵਿੱਚ ਹਿੱਸਾ ਨਾ ਮਿਲਣ ਅਤੇ ਇੱਕ ਫਕੀਰ ਕੋਲ ਰਹਿਣ ਦੀ ਕਥਾ ਵੀ ਇਸੇ ਪਰੰਪਰਾ ਦਾ ਹਿੱਸਾ ਹੈ। ਇਸ ਕਥਾ ਵਿੱਚ ਇੱਕ ਪਰੀ ਨਾਲ ਉਨ੍ਹਾਂ ਦੇ ਵਿਆਹ ਦਾ ਜ਼ਿਕਰ ਆਉਂਦਾ ਹੈ। ਚਹਿਲਾਂ ਦੇ ਮੁੱਢ ਨਾਲ ਜੁੜੀ ਇੱਕ ਹੋਰ ਲੋਕ-ਕਥਾ ‘ਤਲੋਤਨਾ ਪਰੀ’ ਦਾ ਜ਼ਿਕਰ ਕਰਦੀ ਹੈ। ਇਹ ਵੇਰਵੇ ਪ੍ਰਮਾਣਿਤ ਇਤਿਹਾਸ ਨਾਲੋਂ ਵਧੇਰੇ ਲੋਕ-ਸਮ੍ਰਿਤੀ ਅਤੇ ਵਿਸ਼ਵਾਸ ਦਾ ਹਿੱਸਾ ਹਨ। ਲੋਕ-ਕਥਾ ਅਨੁਸਾਰ ਚੇਤ ਦੀ ਮੱਸਿਆ ਤੋਂ ਚਾਰ ਦਿਨ ਬਾਅਦ ਵਿਜੇ ਪਾਲ ਦੇ ਘਰ ਬਾਬਾ ਜੀ ਦਾ ਜਨਮ ਹੋਇਆ ਅਤੇ ਬਚਪਨ ਵਿੱਚ ਉਨ੍ਹਾਂ ਨੂੰ ਰਾਣਾ ਜੋਗਾ ਕਿਹਾ ਜਾਂਦਾ ਸੀ। ਉਨ੍ਹਾਂ ਦੇ ਬਚਪਨ ਨਾਲ ਜੁੜੀ ਇੱਕ ਸਾਖੀ ਅਨੁਸਾਰ ਮਾਲ-ਡੰਗਰ ਚਾਰਦੇ ਸਮੇਂ ਉਹ ਇੱਕ ਦਰੱਖਤ ਹੇਠ ਸੌਂ ਗਏ। ਦਿਨ ਚੜ੍ਹਨ ਨਾਲ ਆਲੇ-ਦੁਆਲੇ ਦੀਆਂ ਛਾਵਾਂ ਬਦਲਦੀਆਂ ਰਹੀਆਂ, ਪਰ ਉਨ੍ਹਾਂ ਉੱਪਰ ਦਰੱਖਤ ਦੀ ਛਾਂ ਬਣੀ ਰਹੀ। ਲੋਕਾਂ ਨੇ ਇਸ ਨੂੰ ਉਨ੍ਹਾਂ ਦੀ ਵਿਸ਼ੇਸ਼ਤਾ ਦੀ ਨਿਸ਼ਾਨੀ ਮੰਨਿਆ। ਰਾਜ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ ਰਾਣਾ ਜੋਗਾ ਵੱਲੋਂ ਪਠਾਣਾਂ ਨੂੰ ਦਿੱਤਾ ਜਾਣ ਵਾਲਾ ਮਾਮਲਾ ਬੰਦ ਕਰਨ ਦੀ ਰਵਾਇਤ ਮਿਲਦੀ ਹੈ। ਇਸ ਕਾਰਨ ਪਠਾਣ ਰਿਆਸਤਾਂ ਨਾਲ ਟਕਰਾਅ ਵਧਿਆ ਅਤੇ ਅੰਤ ਵਿੱਚ ਫੌਜੀ ਮੁਕਾਬਲਾ ਹੋਇਆ। ਲੋਕ-ਰਵਾਇਤ ਵਿੱਚ ਨਜਾਕਤ ਖਾਂ, ਹਲਪਤ ਖਾਂ, ਮਾਦੂਖ ਅਤੇ ਰੁਸਤਮ ਖਾਂ ਦੇ ਨਾਂ ਇਸ ਸੰਘਰਸ਼ ਨਾਲ ਜੋੜੇ ਜਾਂਦੇ ਹਨ, ਜਦਕਿ ਰਾਣਾ ਜੋਗਾ ਦੇ ਪੱਖ ਤੋਂ ਮਾਹਰੀ ਚੰਦ ਅਤੇ ਫੱਤਾ ਦਾ ਜ਼ਿਕਰ ਮਿਲਦਾ ਹੈ। ਲੋਕ-ਗਾਥਾ ਅਨੁਸਾਰ ਘਮਸਾਨ ਦੀ ਲੜਾਈ ਦੌਰਾਨ ਰਾਣਾ ਜੋਗਾ ਦਾ ਸੀਸ ਧੜ ਤੋਂ ਵੱਖ ਹੋ ਗਿਆ, ਪਰ ਉਨ੍ਹਾਂ ਦਾ ਧੜ ਜੰਗ ਵਿੱਚ ਲੜਦਾ ਰਿਹਾ। ਇਸ ਤੋਂ ਘਬਰਾ ਕੇ ਪਿੱਛੇ ਹਟਦੇ ਪਠਾਣਾਂ ਨਾਲ ਇਹ ਬੋਲ ਜੋੜੇ ਜਾਂਦੇ ਹਨ—“ਜੋਗਿਆ ਨਾ ਮਾਰੀ, ਅਸੀਂ ਤੈਨੂੰ ਪੀਰ ਕਰਕੇ ਮੰਨਾਂਗੇ।” ਲੋਕ-ਪਰੰਪਰਾ ਵਿੱਚ ਇਸ ਘਟਨਾ ਨੂੰ ਹੀ ਰਾਣਾ ਜੋਗਾ ਦੇ ‘ਬਾਬਾ ਜੋਗੀ ਪੀਰ’ ਵਜੋਂ ਪ੍ਰਸਿੱਧ ਹੋਣ ਨਾਲ ਜੋੜਿਆ ਜਾਂਦਾ ਹੈ।

ਚਹਿਲ ਗੋਤ ਦੇ ਮੁੱਢ ਬਾਰੇ ਵੀ ਵੱਖ-ਵੱਖ ਧਾਰਨਾਵਾਂ ਮਿਲਦੀਆਂ ਹਨ। ਕੁਝ ਰਵਾਇਤਾਂ ਚਹਿਲਾਂ ਦਾ ਸਬੰਧ ਚੌਹਾਨ ਵੰਸ਼ ਅਤੇ ਅਜਮੇਰ-ਹਿਸਾਰ ਦੇ ਖੇਤਰ ਨਾਲ ਜੋੜਦੀਆਂ ਹਨ, ਜਦਕਿ ਕੁਝ ਉਨ੍ਹਾਂ ਦੀਆਂ ਜੜ੍ਹਾਂ ਬੀਕਾਨੇਰ ਅਤੇ ਰਾਜਸਥਾਨ ਵੱਲ ਦੱਸਦੀਆਂ ਹਨ। ਕੁਝ ਲਿਖਤਾਂ ਚਹਿਲਾਂ ਨੂੰ ਸੂਰਜਵੰਸ਼ੀ ਵੀ ਮੰਨਦੀਆਂ ਹਨ। ਇੱਕ ਹੋਰ ਰਵਾਇਤ ਅਨੁਸਾਰ ਚਹਿਲ ਤੰਵਰ ਵੰਸ਼ ਦੇ ਰਾਜਾ ਰਿੱਖ ਦੀ ਵੰਸ਼-ਪਰੰਪਰਾ ਵਿੱਚੋਂ ਸਨ। ਕਿਹਾ ਜਾਂਦਾ ਹੈ ਕਿ ਇਹ ਵੰਸ਼ ਦੱਖਣ ਵੱਲੋਂ ਆ ਕੇ ਕਹਿਲੂਰ ਵਿੱਚ ਵੱਸਿਆ ਅਤੇ ਰਿੱਖ ਦੇ ਪੁੱਤਰ ਨੇ ਇੱਕ ਪਰੀ ਵਰਗੀ ਜੱਟੀ ਨਾਲ ਵਿਆਹ ਕਰਵਾਉਣ ਤੋਂ ਬਾਅਦ ਬਠਿੰਡੇ ਦੇ ਖੇਤਰ ਵਿੱਚ ਪੈਂਦੇ ਪਿੰਡ ਮੱਤੀ ਵਿੱਚ ਆ ਕੇ ਵਸੇਬਾ ਕੀਤਾ। ਇਸੇ ਵੰਸ਼ ਨੂੰ ਚਹਿਲ ਗੋਤ ਦੇ ਮੁੱਢ ਨਾਲ ਜੋੜਿਆ ਜਾਂਦਾ ਹੈ। ਚਹਿਲ ਗੋਤ ਦੀਆਂ ਕੁੜੀਆਂ ਦੀ ਸੁੰਦਰਤਾ ਬਾਰੇ ਵੀ ਪੁਰਾਣੀਆਂ ਲੋਕ-ਕਥਾਵਾਂ ਮਿਲਦੀਆਂ ਹਨ। ਇੱਕ ਲੋਕ-ਵਿਸ਼ਵਾਸ ਇਹ ਵੀ ਹੈ ਕਿ ਬਾਬਾ ਜੀ ਦੇ ਵਰਦਾਨ ਨਾਲ ਚਹਿਲ ਭਾਈਚਾਰੇ ਦੇ ਘਰ ਬੇਔਲਾਦ ਨਹੀਂ ਰਹਿੰਦੇ। ਇਨ੍ਹਾਂ ਵੱਖ-ਵੱਖ ਵਿਚਾਰਾਂ ਨੂੰ ਕਿਸੇ ਇੱਕ ਅੰਤਿਮ ਇਤਿਹਾਸਕ ਸੱਚ ਦੀ ਥਾਂ ਭਾਈਚਾਰੇ ਦੀ ਪੁਰਾਣੀ ਲੋਕ-ਯਾਦ ਅਤੇ ਵੰਸ਼-ਪਰੰਪਰਾ ਦੇ ਰੂਪ ਵਿੱਚ ਦੇਖਣਾ ਵਧੇਰੇ ਉਚਿਤ ਹੈ।

ਸਮੇਂ ਦੇ ਨਾਲ ਚਹਿਲ ਭਾਈਚਾਰੇ ਦੇ ਲੋਕ ਮਾਨਸਾ ਤੋਂ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਅਤੇ ਮਾਝੇ ਤੱਕ ਜਾ ਵੱਸੇ। ਪੱਛਮੀ ਪੰਜਾਬ ਵਿੱਚ ਵੀ ਉਨ੍ਹਾਂ ਦੀ ਵਸੋਂ ਦਾ ਜ਼ਿਕਰ ਮਿਲਦਾ ਹੈ। ਇਸ ਸਭ ਦੇ ਬਾਵਜੂਦ ਜੋਗਾ-ਰੱਲਾ ਅਤੇ ਮਾਨਸਾ ਖੇਤਰ ਦਾ ਚਹਿਲ ਭਾਈਚਾਰੇ ਦੀਆਂ ਰਵਾਇਤਾਂ ਵਿੱਚ ਵਿਸ਼ੇਸ਼ ਸਥਾਨ ਬਣਿਆ ਰਿਹਾ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੰਨ 1665 ਦੀ ਮਾਲਵਾ ਫੇਰੀ ਸਮੇਂ ਭੀਖੀ ਖੇਤਰ ਵਿੱਚ ਗੈਂਡੇ ਅਤੇ ਦੇਸੂ ਚਹਿਲ ਦੀ ਸਥਾਨਕ ਚੌਧਰ ਹੋਣ ਦਾ ਜ਼ਿਕਰ ਵੀ ਮਿਲਦਾ ਹੈ। ਇੱਕ ਰਵਾਇਤ ਅਨੁਸਾਰ ਇਸੇ ਦੌਰ ਵਿੱਚ ਗੈਂਡੇ ਸਮੇਤ ਕਈ ਚਹਿਲਾਂ ਨੇ ਸਿੱਖੀ ਧਾਰਨ ਕੀਤੀ।
ਚਹਿਲ ਭਾਈਚਾਰੇ ਵਿੱਚ ਬਾਬਾ ਜੋਗੀ ਪੀਰ ਜੀ ਨੂੰ ਜਠੇਰੇ ਵਜੋਂ ਮੰਨਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਚੇਤਰ ਅਤੇ ਭਾਦਰੋਂ ਮਹੀਨਿਆਂ ਦੀ ਚਾਨਣੀ ਤੀਜ, ਚੌਥ ਅਤੇ ਪੰਚਮੀ ਮੌਕੇ ਪਿੰਡ ਭੁਪਾਲ ਵਿਖੇ ਬਾਬਾ ਜੀ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਇੱਕ ਰਵਾਇਤ ਅਨੁਸਾਰ ਲਗਭਗ ਪੰਜ ਸੌ ਸਾਲ ਪਹਿਲਾਂ ਰਾਜਸਥਾਨ ਤੋਂ ਆਏ ਚਹਿਲ ਭਾਈਚਾਰੇ ਦੇ ਲੋਕ ਬਾਬਾ ਜੋਗੇ ਦੀ ਮਿੱਟੀ ਲਿਆਏ ਅਤੇ ਇੱਥੇ ਉਨ੍ਹਾਂ ਦੀ ਸਮਾਧ ਬਣਾਈ। ਬਾਬਾ ਜੀ ਦੀ ਬੁਲੰਦ ਨਾਲ ਵੀ ਕਈ ਲੋਕ-ਕਥਾਵਾਂ ਜੁੜੀਆਂ ਹਨ। ਇੱਕ ਕਥਾ ਬੀਕਾਨੇਰ ਦੇ ਇੱਕ ਸ਼ਾਹੂਕਾਰ ਨਾਲ ਸਬੰਧਤ ਹੈ, ਜਿਸ ਨੇ ਔਲਾਦ ਦੀ ਸੁੱਖਣਾ ਪੂਰੀ ਹੋਣ ਉਪਰੰਤ ਬਾਬਾ ਜੀ ਦੀ ਯਾਦ ਵਿੱਚ ਪੱਕਾ ਅਸਥਾਨ ਬਣਵਾਇਆ। ਬਾਅਦ ਵਿੱਚ ਪਟਿਆਲੇ ਦੀ ਮਹਾਰਾਣੀ ਨਾਲ ਵੀ ਪੁੱਤਰ ਦੀ ਸੁੱਖਣਾ ਪੂਰੀ ਹੋਣ ’ਤੇ ਤਿੰਨ ਮੰਜ਼ਿਲਾਂ ਵਾਲੀ ਬੁਲੰਦ ਦੀ ਸੇਵਾ ਕਰਵਾਉਣ ਦੀ ਰਵਾਇਤ ਜੋੜੀ ਜਾਂਦੀ ਹੈ। ਰਾਜਸਥਾਨੀ ਸ਼ੈਲੀ ਵਿੱਚ ਬਣੀ ਇਹ ਇਮਾਰਤ ‘ਬਾਬੇ ਦੀ ਬੁਲੰਦ’ ਦੇ ਨਾਂ ਨਾਲ ਜਾਣੀ ਜਾਂਦੀ ਹੈ।
ਬਾਬਾ ਜੀ ਪ੍ਰਤੀ ਸ਼ਰਧਾ ਚਹਿਲ ਭਾਈਚਾਰੇ ਦੀਆਂ ਪਰਿਵਾਰਕ ਰਸਮਾਂ ਵਿੱਚ ਵੀ ਦਿਖਾਈ ਦਿੰਦੀ ਹੈ। ਵਿਆਹ ਤੋਂ ਬਾਅਦ ਨਵੇਂ ਜੋੜੇ ਨੂੰ ਗੰਡਜੋੜੇ ਸਮੇਤ ਬਾਬਾ ਜੀ ਦੇ ਦਰ ’ਤੇ ਲਿਜਾਣ ਅਤੇ ਘਰ ਵਿੱਚ ਪੁੱਤਰ ਦੇ ਜਨਮ ਉਪਰੰਤ ਹਾਜ਼ਰੀ ਭਰਨ ਦੀ ਰਵਾਇਤ ਹੈ। ਸੁੱਖਣਾ ਪੂਰੀ ਹੋਣ ’ਤੇ ਗੁੜ ਦੀ ਪੇਲੀ, ਕੜਾਹ-ਪ੍ਰਸ਼ਾਦ, ਲੱਡੂ ਅਤੇ ਕੇਸਰੀ ਕੱਪੜਾ ਭੇਟ ਕੀਤਾ ਜਾਂਦਾ ਹੈ। ਇਸਤਰੀਆਂ ਬਾਬਾ ਜੀ ਨਾਲ ਸਬੰਧਿਤ ਲੋਕ-ਗੀਤ ਅਤੇ ਬੋਲੀਆਂ ਗਾ ਕੇ ਇਸ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀਆਂ ਹਨ—
“ਬਾਬਾ ਕੱਤਦੀ ਸੀ ਤੇਰੇ ਖੇਸ ਦਾ, ਬਾਬਾ ਹਾਕਮ ਕਿਹੜੇ ਦੇਸ਼ ਦਾ,
ਬਾਬਾ ਕੱਤਦੀ ਸੀ ਤੇਰੇ ਖੇਸ ਦਾ, ਬਾਬਾ ਹਾਕਮ ਚਹਿਲਾਂ ਦੇਸ਼ ਦਾ।”
ਆਉਂਦੀ ਕੁੜੀਏ ਭਿਉਂ ਬੱਠਲਾਂ ਵਿਚ ਦਾਣਾ, ਨੀ ਮੇਲੇ ਤਾਂ ਬਥੇਰੇ ਦੇਖ ਲਏ,
ਬਾਬਾ ਜੋਗੀ ਪੀਰ ਨੀ ਕਿਸੇ ਨੇ ਬਣ ਜਾਣਾ।”
“ਆਉਂਦੀ ਕੁੜੀਏ ਭਰ ਲਿਆ ਕਣਕ ਦੀ ਥਾਲੀ, ਭੋਗ ਪੈਂਦਾ ਅਖੰਡ ਪਾਠ ਦਾ
ਸੱਦਾ ਦੇ ਗਈ ਝਾਂਜਰਾ ਵਾਲੀ।”
ਚਹਿਲ ਭਾਈਚਾਰੇ ਦੀ ਲੋਕ-ਚੇਤਨਾ ਵਿੱਚ ਬਾਬਾ ਜੋਗੀ ਪੀਰ ਜੀ ਨੂੰ ਪੀਰ, ਜੋਗੀ, ਸੂਰਬੀਰ ਨਾਇਕ, ਰੱਖਿਅਕ ਅਤੇ ਮਹਾਨ ਸ਼ਹੀਦ ਦੇ ਰੂਪ ਵਿੱਚ ਸਤਿਕਾਰ ਮਿਲਿਆ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਭੁਪਾਲ ਨੇੜੇ ਰੱਲਾ ਵਿਖੇ ਸਥਿਤ ਉਨ੍ਹਾਂ ਦਾ ਪ੍ਰਮੁੱਖ ਅਸਥਾਨ ਅੱਜ ਵੀ ਭਾਈਚਾਰੇ ਦੀ ਸ਼ਰਧਾ ਦਾ ਕੇਂਦਰ ਹੈ। ਬਾਬਾ ਜੀ ਦੇ ਨਾਮ ਨਾਲ ਸਿੱਖਿਆ ਦੀ ਇੱਕ ਮਹੱਤਵਪੂਰਨ ਕੜੀ ਵੀ ਜੁੜੀ ਹੈ। ਅਕਤੂਬਰ 2006 ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਬਾਬਾ ਜੋਗੀ ਪੀਰ ਨੇਬਰਹੁੱਡ ਕੈਂਪ, ਰੱਲਾ, ਮਾਨਸਾ’ ਦੀ ਸਥਾਪਨਾ ਕੀਤੀ ਗਈ, ਜਿਸ ਦਾ ਉਦੇਸ਼ ਪੇਂਡੂ ਵਿਦਿਆਰਥੀਆਂ ਲਈ ਸਿੱਖਿਆ ਅਤੇ ਕਿੱਤਾ ਮੁਖੀ ਸਿੱਖਿਆ ਦੇ ਮੌਕੇ ਵਧਾਉਣਾ ਸੀ। ਅੱਜ ਚਹਿਲ ਭਾਈਚਾਰੇ ਦੇ ਲੋਕ ਦੇਸ਼-ਵਿਦੇਸ਼ ਵਿੱਚ ਵੱਸਦੇ ਹਨ, ਪਰ ਬਾਬਾ ਜੋਗੀ ਪੀਰ ਜੀ ਨਾਲ ਜੁੜੇ ਮੇਲੇ, ਲੋਕ-ਕਥਾਵਾਂ, ਬੋਲੀਆਂ, ਸੁੱਖਣਾਂ ਅਤੇ ਪਰਿਵਾਰਕ ਰਵਾਇਤਾਂ ਉਨ੍ਹਾਂ ਨੂੰ ਆਪਣੇ ਮੂਲ ਅਤੇ ਵਿਰਾਸਤ ਨਾਲ ਜੋੜ ਕੇ ਰੱਖਦੀਆਂ ਹਨ।




