ਧਰਮ-ਕਰਮ ਦੀ ਗੱਲ

ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ

16 ਅਗਸਤ ਨੂੰ ਬਰਸੀ ਤੇ ਵਿਸ਼ੇਸ਼
ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ।

ਸੁਖਦੇਵ ਸਿੰਘ ਭੂਰਾ ਕੋਹਨਾਂ

ਸਿੱਖ ਧਰਮ ਦੀ ਚਲਦੀ ਫਿਰਦੀ ਯੂਨੀਵਰਸਿਟੀ ਦਮਦਮੀ ਟਕਸਾਲ ਜਥਾ ਭਿੰਡਰਾਂ ਸਿੱਖ ਜਗਤ ਵਿੱਚ ਵਿਸ਼ੇਸ਼ ਅਤੇ ਸਤਿਕਾਰਤ ਸਥਾਨ ਰੱਖਦੀ ਹੈ ।ਇਸਦੀ ਸਥਾਪਨਾ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਪ ਕੀਤੀ ਸੀ ਸਮੇਂ ਸਮੇਂ ਮਹਾਨ ਸ਼ਖਸੀਅਤਾਂ ਵਿਦਵਾਨ ਪੁਰਸ਼ਾਂ ਇਸ ਜਥੇਬੰਦੀ ਦੇ ਪਲੇਟਫ਼ਾਰਮ ਤੋਂ ਕੌਮ ਦੀ ਵਡਮੁੱਲੀ ਸੇਵਾ ਕੀਤੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਿੱਖੀ ਪ੍ਰਤੀ ਕੀਤੀਆਂ ਮਹਾਨ ਸੇਵਾਵਾਂ ਅਤੇ ਵਿਲੱਖਣ ਸ਼ਹਾਦਤ ਕਰਕੇ ਇਸ ਨੂੰ ਸ਼ਹੀਦਾਂ ਦੀ ਜਥੇਬੰਦੀ ਹੋਣ ਦਾ ਵੀ ਮਾਣ ਪ੍ਰਾਪਤ ਹੈ ।ਮਹਾਨ ਸ਼ਖਸੀਅਤਾਂ ਅਤੇ ਵਿਦਵਾਨਾਂ ਲੜੀ ਵਿੱਚ ਤੇਰ੍ਹਵੇਂ ਸਥਾਨ ਤੇ ਗੁਰਮਤਿ ਰੂਪੀ ਅਕਾਸ਼ ਵਿੱਚ ਧਰੂ ਤਾਰੇ ਵਾਂਗ ਚਮਕਦਾ ਨਾਮ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ।ਜਿਨ੍ਹਾਂ ਦਾ ਜਨਮ
ਜਿਲ੍ਹਾ ਲਹੌਰ ਦੇ ਨਗਰ ਭੂਰਾ ਕੋਹਨਾਂ ਨਜ਼ਦੀਕ ਖੇਮਕਰਨ ਜੋ ਅੱਜ ਕੱਲ੍ਹ ਤਰਨ ਤਾਰਨ ਜ਼ਿਲ੍ਹੇ ਦਾ ਪਿੰਡ ਹੈ ਵਿੱਚ ਪੁਰਾਣੇ ਅਕਾਲੀ ਅਤੇ ਕਿਰਤੀ ਸਿੱਖ ਜਥੇਦਾਰ ਝੰਡਾ ਸਿੰਘ ਅਤੇ ਮਾਤਾ ਲਾਭ ਕੌਰ ਦੇ ਗ੍ਰਹਿ ਵਿਖੇ ਹੋਇਆ ।ਆਪ ਜੀ ਪਰਿਵਾਰ ਵਿੱਚ ਹੋਰ ਪੰਜ ਭਰਾ ਅਤੇ ਇੱਕ ਭੈਣ ਸੀ।ਬਚਪਨ ਤੋਂ ਮਾਤਾ ਪਿਤਾ ਧਾਰਮਿਕ ਵਿਚਾਰਾਂ ਦੇ ਹੋਣ ਕਰਕੇ ਘਰ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਮਹੌਲ ਸੀ ।ਗੁਰਮਤਿ ਦੀ ਵਿਦਿਆ ਪਿੰਡ ਦੇ ਗ੍ਰੰਥੀ ਬਾਬਾ ਬੱਗਾ ਸਿੰਘ ਜੀ ਪਾਸੋਂ ਲਈ ।ਇਸ ਦੇ ਨਾਲ ਨਾਲ ਦੁਨਿਆਵੀ ਵਿੱਦਿਆ ਮਿਡਲ ਤੱਕ ਖੇਮਕਰਨ ਦੇ ਸਕੂਲ ਤੋਂ ,ਦਸਵੀਂ ਤੱਕ ਦੀ ਪੜ੍ਹਾਈ ਨੈਸ਼ਨਲ ਹਾਈ ਸਕੂਲ ਭਿੱਖੀਵਿੰਡ ਤੋਂ ਅਤੇ ਐਫ ਏ ਤੱਕ ਦੀ ਪੜ੍ਹਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਖਾਲਸਾ ਕਾਲਜ ਪੜਦਿਆਂ ਰੋਜ਼ਾਨਾ ਪੈਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਜਾਣਾਂ ਅਤੇ ਆਉਂਦਿਆਂ ਜਾਂਦਿਆਂ ਰਸਤੇ ਵਿੱਚ 25 ਜਪੁਜੀ ਸਹਿਬ ਦੇ ਪਾਠ ਕਰਨਾਂ ਉਨ੍ਹਾਂ ਦਾ ਨਿਤਕ੍ਰਮ ਸੀ ।ਪੜ੍ਹਾਈ ਤੋਂ ਉਪਰੰਤ ਆਪ ਜੀ ਨੂੰ ਪਟਵਾਰੀ ਦੀ ਨੌਕਰੀ ਮਿਲੀ ।ਭਾਵੇਂ ਘਰ ਵਿੱਚ ਬਹੁਤ ਗਰੀਬੀ ਸੀ ਪ੍ਰੰਤੂ ਬਚਪਨ ਤੋਂ ਹੀ ਧਾਰਮਿਕ ਰੁਚੀ ਹੋਣ ਕਰਕੇ ਨੌਕਰੀ ਵਿੱਚ ਮਨ ਨਹੀਂ ਲੱਗਾ ਜਲਦੀ ਹੀ ਸਰਕਾਰੀ ਨੌਕਰੀ ਨੂੰ ਤਿਆਗ ਦਿੱਤਾ।ਮਨ ਧਾਰਮਿਕ ਸੇਵਾ ਲਈ ਕਾਹਲ਼ਾ ਸੀ ।

ਉਸ ਸਮੇਂ ਦਮਦਮੀ ਟਕਸਾਲ ਦੇ ਬਾਰ੍ਹਵੇ ਮੁਖੀ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਜਥੇ ਸਮੇਤ ਦੇਸ਼ ਵਿੱਚ ਵਿਚਰ ਕੇ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਮਨ ਉਨ੍ਹਾਂ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋਇਆ ਅਤੇ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਪਿੰਡ ਭਿੰਡਰ ਕਲਾਂ (ਫ਼ਿਰੋਜ਼ਪੁਰ) ਹਾਲ ਮੋਗਾ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਵਿੱਚ 25 ਭਾਦੋਂ ਸੰਮਤ 2005 ਈਸਵੀ ਸੰਨ 1948 ਨੂੰ ਆਪਣੀ ਭੂਆ ਦੇ ਪੁੱਤਰ ਭਾਈ ਉਜਾਗਰ ਸਿੰਘ ਨਾਲ ਗਏ ।ਉੱਥੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਨਾਲ ਮੇਲ ਹੋਇਆ ।ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰਿਆਂ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਖੁਦ ਸ਼ਾਮਲ ਹੋਏ ਉੱਥੇ ਸੰਤ ਗਿਆਨੀ ਕਰਤਾਰ ਸਿੰਘ ਜੀ ਅੰਮ੍ਰਿਤ ਪਾਨ ਕਰਕੇ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋ ਗਏ। ਆਪ ਜੀ ਦੀ ਸ਼ਾਦੀ 1950 ਵਿੱਚ ਪਿੰਡ ਭੈਣੀ ਮੱਸਾ ਸਿੰਘ ਦੇ ਸਰਦਾਰ ਕਰਤਾਰ ਸਿੰਘ ਦੀ ਸਪੁੱਤਰੀ ਬੀਬੀ ਨਿਰੰਜਣ ਕੌਰ ਨਾਲ ਹੋਈ ਅਤੇ ਇਹਨਾਂ ਦੇ ਘਰ ਦੋ ਸਪੁੱਤਰ ਪੈਦਾ ਹੋਏ ਵੱਡੇ ਭਾਈ ਅਮਰੀਕ ਸਿੰਘ ਜੀ ਜੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਬਣੇ ਅਤੇ ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਨਾਲ ਜੂਨ 1984 ਵਿੱਚ ਭਾਰਤੀ ਹਕੂਮਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਪਰ ਕੀਤੇ ਹਮਲੇ ਦੌਰਾਨ ਟੈਂਕਾਂ ਤੋਪਾਂ ਨਾਲ ਮੁਕਾਬਲਾ ਕਰਦਿਆਂ ਸ਼ਹੀਦ ਹੋ ਗਏ ਸਨ ਅਤੇ ਦੂਜੇ ਭਾਈ ਮਨਜੀਤ ਸਿੰਘ ਵੀ ਗ੍ਰਿਫ਼ਤਾਰ ਹੋ ਕੇ ਜੋਧਪੁਰ ਦੀ ਜੇਲ ਵਿੱਚ ਲੰਮਾ ਸਮਾਂ ਬੰਦ ਰਹੇ । ਇਸੇ ਸਮੇਂ ਦੌਰਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਜਥੇ ਸਮੇਤ ਪਿੰਡ ਭੂਰਾ ਕੋਹਨਾਂ ਵਿਖੇ ਆਇਆ ਕਰਦੇ ਉਸ ਸਮੇਂ ਸੰਤ ਜੀ ਬੜੀ ਭਾਵਨਾ ਨਾਲ ਜਥੇ ਦੀ ਸੇਵਾ ਕਰਿਆ ਕਰਦੇ ਸਨ ।1957 ਈਸਵੀ ਵਿੱਚ ਆਪ ਪੱਕੇ ਤੌਰ ਜਥੇ ਵਿੱਚ ਭਰਤੀ ਹੋ ਗਏ ਅਤੇ ਬਾਬਾ ਠਾਕੁਰ ਸਿੰਘ ਜੀ ਦੀ ਦੇਖ ਰੇਖ ਹੇਠ ਗੁਰਬਾਣੀ ਦੀ ਸੰਥਿਆ ਦਸਮ ਗ੍ਰੰਥ, ਵਾਰਾਂ ਭਾਈ ਗੁਰਦਾਸ ਜੀ ਅਤੇ ਗੁਰਪ੍ਰਤਾਪ ਸੂਰਜ ਗ੍ਰੰਥ ਪੰਥ ਪ੍ਰਕਾਸ਼ ਅਤੇ ਹੋਰ ਧਾਰਮਿਕ ਗ੍ਰੰਥਾਂ ਦਾ ਅਧਿਐਨ ਕੀਤਾ | ਥੋੜ੍ਹੇ ਸਮੇਂ ਵਿੱਚ ਹੀ ਆਪ ਦੀ ਟਕਸਾਲ ਪ੍ਰਤੀ ਸੇਵਾ ਅਤੇ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਮਹਾਂਪੁਰਖਾਂ ਨੇ ਵਿਸ਼ੇਸ਼ ਜ਼ਿੰਮੇਵਾਰੀਆਂ ਦਿੱਤੀਆਂ ਜਿਸ ਵਿੱਚ ਆਪ ਸਫਲ ਰਹੇ। ਸਿੱਖੀ ਪ੍ਰਤੀ ਸਖਤ ਮਿਹਨਤ ਅਤੇ ਲਗਨ ਕਰਕੇ ਦਸਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਤਖ਼ਤ ਪਟਨਾ ਸਾਹਿਬ ਵਿਖੇ ਜਨਵਰੀ 1967 ਵਿਖੇ ਸੰਗਤ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਆਪ ਨੂੰ ਦਮਦਮੀ ਟਕਸਾਲ ਦੇ ਤੇਰ੍ਹਵੇਂ ਮੁਖੀ ਵਜੋਂ ਸੇਵਾ ਸੌਂਪਣ ਦਾ ਐਲਾਨ ਕਰ ਦਿੱਤਾ। ਗੁਰਪੁਰਬ ਹੋਣ ਕਰਕੇ ਬਹੁਤ ਸਾਰੀਆਂ ਸੰਸਥਾਵਾਂ ਦੇ ਆਗੂ ਮੌਕੇ ਤੇ ਹਾਜ਼ਰ ਸਨ ਸਾਰਿਆਂ ਨੇ ਪ੍ਰਵਾਨਗੀ ਦੇ ਦਿੱਤੀ ।ਜਥਾ ਜਗ੍ਹਾ ਜਗ੍ਹਾ ਵਿਚਰ ਕੇ ਪ੍ਰਚਾਰ ਕਰ ਰਿਹਾ ਸੀ ਵੱਡੇ ਮਹਾਂਪੁਰਖਾਂ ਦੀ ਸਿਹਤ ਢਿੱਲੀ ਰਹਿਣ ਲੱਗੀ ਮਹਿਤਾ ਨਗਰ ਵਿਖੇ ਪ੍ਰਚਾਰ ਫੇਰੀ ਦੌਰਾਨ 29 ਜੂਨ 1969 ਮੁਤਾਬਕ 15 ਹਾੜ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਅਕਾਲ ਚਲਾਣਾ ਕਰ ਗਏ ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਕੀਤਾ ਜਿੱਥੇ ਭਾਈ ਗੁਰਮੁੱਖ ਸਿੰਘ ਜੀ ਉੜੀਸਾ ਉਨ੍ਹਾਂ ਦੇ ਅੰਗੀਠੇ ਵਿੱਚ ਛਾਲ ਮਾਰਕੇ ਭਾਣਾ ਵਰਤਾ ਗਏ ਸਨ।

ਮਹਾਂਪੁਰਖਾਂ ਦੇ ਭਿੰਡਰ ਕਲਾਂ ਵਿਖੇ ਅੰਤਿਮ ਅਰਦਾਸ ਤੋਂ ਬਾਅਦ ਹਾਲਾਤਾਂ ਦੇ ਮੱਦੇਨਜ਼ਰ ਸੰਤ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਤੋਂ ਮਹਿਤੇ ਵਿਖੇ ਆ ਗਏ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਉਸਾਰੀ ਕੀਤੀ ਗੁਰਮਤਿ ਵਿਦਿਆਲਾ ਕਾਇਮ ਕੀਤਾ ਅਨੇਕਾਂ ਗ੍ਰੰਥੀ ਸਿੰਘ,ਰਾਗੀ ਜਥੇ ਅਤੇ ਕਥਾ ਵਾਚਕ ਤਿਆਰ ਕੀਤੇ ਅਤੇ ਪੂਰੇ ਦੇਸ਼ ਵਿੱਚ ਪਤਿਤ ਪੁਣੇ,ਗੁਰੂ ਡੰਮ ਅਤੇ ਨਸ਼ਿਆਂ ਵਿਰੁੱਧ ਵਿਸ਼ਾਲ ਲਹਿਰ ਖੜੀ ਕਰਕੇ ਬਹੁਤ ਵੱਡੀ ਪੱਧਰ ਤੇ ਅੰਮ੍ਰਿਤ ਸੰਚਾਰ ਕਰਕੇ ਸੰਗਤਾਂ ਨੂੰ ਅੰਮ੍ਰਿਤ ਛਕਾਇਆ ।ਉਸ ਸਮੇਂ 1975 ਕਾਂਗਰਸ ਦੀ ਇੰਦਰਾਂ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰਕੇ ਮਨੁੱਖੀ ਅਧਿਕਾਰ ਕੁਚਲੇ ਜਾ ਰਹੇ ਸਨ ਦੇਸ਼ ਦੇ ਵਿਰੋਧੀ ਧਿਰ ਦੇ ਆਗੂ ਜੇਲਾਂ ਵਿੱਚ ਨਜ਼ਰਬੰਦ ਕਰ ਦਿੱਤੇ ਸਨ ਪੰਜਾਬ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਜੇਲ੍ਹ ਵਿੱਚ ਬੰਦ ਸੀ ।ਕਿਤੇ ਵੀ ਪੰਜ ਵਿਅਕਤੀ ਇਕੱਠੇ ਨਹੀਂ ਸਨ ਹੋ ਸਕਦੇ ।ਉਸ ਸਮੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਤਿੰਨ ਸੌ ਸਾਲਾ ਸ਼ਹੀਦੀ ਪੁਰਬ ਸੀ ਤਾਂ ਸੰਤਾਂ ਨੇ ਸੈਂਤੀ ਵੱਡੇ ਨਗਰ ਕੀਰਤਨ ਕੱਢੇ ਜਿਥੇ ਐਮਰਜੈਸੀ ਦੀਆਂ ਧੱਜੀਆਂ ਉਡਾਈਆਂ ਉੱਥੇ ਗੁਰਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਸੰਗਤ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰੂਕ ਵੀ ਕੀਤਾ ।ਸਿੱਖ ਸੰਗਤਾਂ ਨੂੰ ਮੇਰਾ ਸਿਰ ਜਾਵੇ ਤਾਂ ਜਾਵੇ,ਮੇਰਾ ਸਿੱਖੀ ਸਿਦਕ ਨਾਂ ਜਾਵੇ ਦਾ ਨਾਅਰਾ ਦ੍ਰਿੜ ਕਰਵਾਇਆ।

ਸੈਂਤੀਵਾਂ ਅਤੇ ਆਖ਼ਰੀ ਨਗਰ ਕੀਰਤਨ ਦਿੱਲੀ ਲੈ ਕੇ ਗਏ ।ਰਾਮ ਲੀਲ੍ਹਾ ਗਰਾਊਂਡ ਵਿੱਚ ਸ਼ਹੀਦੀ ਸ਼ਤਾਬਦੀ ਦਾ ਮੇਨ ਸਮਾਗਮ ਹੋ ਰਿਹਾ ਸੀ ਦੇਸ਼ ਭਰ ਲੀਡਰਸ਼ਿਪ ਹਾਜ਼ਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੀ ਪੁੱਜੀ ਸੰਗਤ ਉੱਠ ਕੇ ਸਵਾਗਤ ਕਰਨ ਲੱਗੀ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ ਸਟੇਜ ਤੋਂ ਤਰੀਫ਼ ਕਰਦਿਆਂ ਕਿਹਾ ਕਿ ਜਿਸ ਦਿੱਲੀ ਦੇ ਤਖ਼ਤ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕੀਤਾ ਹੈ ਉਹ ਤਖ਼ਤ ਅੱਜ ਨਤਮਸਤਕ ਹੋ ਕੇ ਸ਼ਰਧਾ ਭੇਟ ਕਰ ਰਿਹਾ ਹੈ ।

ਬੀਬੀ ਜੀ ਦਾ ਸਿੱਖਾਂ ਨਾਲ਼ ਗੂੜ੍ਹਾ ਸਬੰਧ ਹੈ ਇਹਨਾਂ ਦਾਂ ਛੋਟਾ ਬੇਟਾ ਸਿੱਖਾਂ ਵੱਲ ਵਿਆਹਿਆ ਹੈ ਉਸ ਸਮੇਂ ਸੰਤ ਕਰਤਾਰ ਸਿੰਘ ਜੀ ਸਟੇਜ ਤੋਂ ਮਾਈਕ ਫੜਕੇ ਸ਼ੇਰ ਵਾਂਗ ਗਰਜ ਕੇ ਬੋਲੇ ਕਿ ਪਹਿਲੀ ਗੱਲ ਇੱਕ ਦੁਨਿਆਵੀ ਔਰਤ ਦੇ ਆਉਣ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਖੜ੍ਹੇ ਹੋਣਾ ਸਤਿਗੁਰੂ ਜੀ ਦੇ ਅਦਬ ਸਤਿਕਾਰ ਦੀ ਉਲੰਘਣਾਂ ਹੈ , ਦੂਜਾ ਗਿਆਨੀ ਜੀ ਸਿੱਖ ਧੀਆਂ ਦੇ ਡੋਲੇ ਦੇ ਕੇ ਰਾਜ ਨਹੀਂ ਕਰਦੇ, ਤੀਜਾ ਤੁਸੀਂ ਕਿਹਾ ਕਿ ਦਿੱਲੀ ਦਾ ਤਖ਼ਤ ਨੌਵੇਂ ਪਾਤਸ਼ਾਹ ਨੂੰ ਨਤਮਸਤਕ ਹੋਣ ਆਇਆ ਹੈ ।ਮੈਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਤਖ਼ਤ ਦਿੱਤਾ ਕਿਸ ਨੇ ਹੈ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਕੁਰਬਾਨੀ ਨਾਂ ਕਰਦੇ ਤਾਂ ਬੀਬੀ ਜੀ ਨੇ ਬੁਰਕੇ ਵਿੱਚ ਬੰਦ ਹੋ ਕੇ ਆਉਣਾਂ ਸੀ ਪ੍ਰਧਾਨ ਮੰਤਰੀ ਦੇ ਸਰੀਰ ਤੇ ਜਿੰਨੇ ਰੋਮ ਹਨ ਇਤਨੀ ਵਾਰ ਜਨਮ ਧਾਰ ਕੇ ਸਿਰ ਪਰਨੇ ਵੀ ਚੱਲ ਕੇ ਆਵੇ ਤਾਂ ਵੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਉਪਕਾਰ ਦਾ ਬਦਲਾ ਨਹੀਂ ਚੁਕਾ ਸਕਦੀ ਪੰਡਾਲ ਵਿੱਚ ਜੈਕਾਰੇ ਗੂੰਜਣ ਲੱਗੇ ਉਪਰੰਤ ਮਹਾਂਪੁਰਖਾਂ ਨੇ ਨੌਵੇਂ ਪਾਤਸ਼ਾਹ ਜੀ ਦੇ ਜੀਵਨ, ਅਤੇ ਸ਼ਹਾਦਤ ਬਾਰੇ ਚਾਨਣਾ ਪਾਇਆ ।

ਇਸੇ ਤਰ੍ਹਾਂ ਦੇਸ਼ ਦੇ ਕੋਨੇ ਕੋਨੇ ਵਿੱਚ ਸਿੱਖੀ ਦਾ ਪ੍ਰਚਾਰ ਕਰਦਿਆਂ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੇ ਕਾਰਜ ਕਰਦਿਆਂ ਤਿੰਨ ਅਗਸਤ 1977 ਨੂੰ ਮਲਸੀਆਂ (ਜਲੰਧਰ) ਵਿਖੇ ਕਥਾ ਕਰਕੇ ਸਾਰੇ ਜਥਾ ਸੰਗਤ ਤੋ ਆਗਿਆ ਲੈ ਕੇ ਸਿੱਖੀ ਪ੍ਰਚਾਰ ਲਈ ਸੋਲਨ ਹਿਮਾਚਲ ਪ੍ਰਦੇਸ਼ ਵੱਲ ਜਾਂਦਿਆਂ ਲਾਡੋਵਾਲ ਨੇੜੇ ਕਾਰ ਐਕਸੀਡੈਟ ਵਿੱਚ ਜ਼ਖ਼ਮੀ ਹੋ ਗਏ ਤੁਰੰਤ ਮਿਸ ਬਰਾਊਨ ਹਸਪਤਾਲ ਹੁਣ (ਸੀ ਐਮ ਸੀ) ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਸਿਰ ਅਤੇ ਪੱਸਲ਼ੀਆਂ ਤੇ ਸੱਟਾਂ ਹੋਣ ਕਰਕੇ ਡਾਕਟਰਾਂ ਨੇ ਅਪ੍ਰੇਸ਼ਨ ਕਰਨ ਲਈ ਸਰੀਰ ਤੋਂ ਰੋਮ ਕੱਟਣ ਲਈ ਕਿਹਾ ਤਾਂ ਸੰਤਾਂ ਨੇ ਕਿਹਾ ਕਿ ਮੈਂ ਸਾਰੀ ਉਮਰ ਸਿੱਖੀ ਦਾ ਪ੍ਰਚਾਰ ਕਰਦਿਆਂ ਕੇਸਾਂ ਦੀ ਮਹਾਨਤਾ ਦ੍ਰਿੜ੍ਹ ਕਰਵਾਈ ਹੈ ਇਸ ਲਈ ਸਿਰ ਤਾਂ ਕੱਟਿਆ ਜਾ ਸਕਦਾ ਹੈ ਕੇਸ ਨਹੀਂ ।ਇਸ ਤਰ੍ਹਾਂ ਸਿਰ ਜਾਵੇ ਤਾਂ ਜਾਵੇ,ਮੇਰਾ ਸਿੱਖੀ ਸਿਦਕ ਨਾਂ ਜਾਵੇ ਦੇ ਨਾਅਰੇ ਤੇ ਪਹਿਰਾ ਦਿੰਦਿਆਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਦਿਆਂ 16 ਅਗਸਤ 1977 ਨੂੰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਭੇਦ ਹੋ ਗਏ ਅਤੇ ਸਿੱਖੀ ਲਈ ਸ਼ਹਿਦ ਵਰਗੀ ਮਿੱਠੀ ਅਤੇ ਸ਼ੇਰ ਵਾਂਗ ਗਰਜਵੀਂ ਅਵਾਜ਼ ਖਮੋਸ਼ ਹੋ ਗਈ ਜਿਸ ਨੂੰ ਸੁਣ ਕੇ ਪੰਥ ਵਿਰੋਧੀਆਂ ਵਿੱਚ ਭਾਜੜ ਪੈ ਜਾਂਦੀ ਸੀ ।ਉਨਾ ਤੋ ਬਾਅਦ ਦਮਦਮੀ ਟਕਸਾਲ ਦੀ ਜ਼ਿੰਮੇਵਾਰੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਮੋਢਿਆਂ ਤੇ ਪਈ ਜੋ ਉੱਨਾਂ ਬਾ-ਖੂਬੀ ਸਿਰ ਦੇਕੇ ਨਿਭਾਈ ਸੰਤ ਕਰਤਾਰ ਸਿੰਘ ਜੀ ਦੀ ਯਾਦ ਹਰੇਕ ਸਾਲ ਸਿੱਖ ਸੰਗਤਾਂ ਉੱਨਾਂ ਦੇ ਜੱਦੀ ਨਗਰ ਭੂਰਾ ਕੋਹਨਾਂ ,ਮਹਿਤਾ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਉਂਦੀਆਂ ਹਨ ।

 ਸੁਖਦੇਵ ਸਿੰਘ ਭੂਰਾ ਕੋਹਨਾਂ

ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ।
ਮੋਬਾਈਲ +919814898268

Show More

Related Articles

Leave a Reply

Your email address will not be published. Required fields are marked *

Back to top button
Translate »