ਬਾਂਸਲ ਦੀ ਵੰਝਲੀ

“ਲਿੱਤਰਾਂ ਤੋਂ ਆਇਆ ਜੰਡੂ” ਤੇਰੇ ਹੀ ਦੀਦਾਰ ਲਈ

ਗਿੱਧਿਆਂ ਦੀ ਰਾਣੀਏ , ਨੀ ਗਿੱਧੇ ਵਿੱਚ ਆ

ਇਕ ਗੇੜਾ ਦੇ ਜਾ ਨੂੰ ਯਾਰ ਦੇ ਦਿਲਦਾਰ ਲਈ

“ਲਿੱਤਰਾਂ ਤੋਂ ਆਇਆ ਜੰਡੂ“ ਤੇਰੇ ਹੀ ਦੀਦਾਰ ਲਈ

ਅੱਖੀਆਂ ਨਸ਼ੀਲੀਆਂ ‘ਚੋਂ ਡੰਗ ਕੋਈ ਚਲਾ

ਡੰਗ ਕੋਈ ਚਲਾ, ਨੀ ਸੱਪ ਗੁੱਤ ਦਾ ਬਣਾ

ਗਿੱਧਿਆਂ ਦੀ ਰਾਣੀਏ, ਨੀ ਗਿੱਧੇ ਵਿੱਚ ਆ

ਗਿੱਧੇ ਵਿੱਚ ਆ ਨੀਂ ਜਰਾ ਨੱਚ ਕੇ ਦਿਖਾ

ਗਿੱਧਿਆਂ ਦੀ ਰਾਣੀਏ ਨੀ ਗਿੱਧੇ ਵਿੱਚ ਆ

ਚਾਲੀ ਵਰ੍ਹੇ ਪਹਿਲਾਂ ਏ ਐਸ ਕੰਗ ਦੀ ਆਵਾਜ਼ ਵਿੱਚ ਰਿਕਾਰਡ ਹੋਏ ਇਸ ਗੀਤ ਦੇ ਬੋਲ, ਤਰਜ਼, ਆਵਾਜ਼ ਤੇ ਸੰਗੀਤ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਦੇ ਦਿਲਾਂ ‘ਚ ਹਮੇਸ਼ਾ ਤਰੋ ਤਾਜ਼ਾ ਰਹਿਣਗੇ, ਟਾਂਵੇ ਟਾਂਵੇ ਗੀਤਕਾਰ ਈ ਹੁੰਦੇ ਹਨ ਜ੍ਹਿਨਾਂ ਦੇ ਗੀਤਾਂ ਨੂੰ ਲੋਕ-ਗੀਤਾਂ ਵਾਂਗੂ ਪਿਆਰ ਮਿਲੇ, ਅਜਿਹੇ ਹੀ ਗੀਤਕਾਰਾਂ ਚੋਂ ਇਕ ਨਾਮ ਹੈ ਹਰਬੰਸ ਜੰਡੂ ਲਿੱਤਰਾਂ ਵਾਲਾ

ਹਰਬੰਸ ਜੰਡੂ ਲਿੱਤਰਾਂ ਵਾਲਾ

ਹਰਬੰਸ ਤਾਂ ਮਾਂ ਨੇ ਉਹਦਾ ਨਾਮ ਰੱਖਿਆ, ਜੰਡੂ ਉਹਦੇ ਪਿਉ, ਦਾਦੇ ਪੜਦਾਦੇ ਦਾ ਗੋਤ ਐ, ਤੇ ਲਿੱਤਰਾਂ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ਦਾ ਪਿੰਡ ਐ

1967 ‘ਚ ਪੰਜਾਬ ਦੀ ਧਰਤੀ ਨੂੰ ਛੱਡ ਹਰਬੰਸ ਸੱਤ ਸਮੁੰਦਰੋਂ ਪਾਰ ਗੋਰਿਆਂ ਦੀ ਧਰਤੀ ਇੰਗਲੈਂਡ ਚਲਾ ਗਿਆ ਸੀ ।

ਹਰਬੰਸ ਨਾਲ ਮੇਰੀ ਮੁਲਾਕਾਤ 2004 ਵਿੱਚ ਇੰਗਲੈਂਡ ਚ ਪੰਜਾਬੀਆਂ ਦੇ ਦੂਜੇ ਵੱਡੇ ਗੜ੍ਹ ਵਜੋਂ ਜਾਣੇ ਜਾਂਦੇ ਬਰਮਿੰਘਮ ਸ਼ਹਿਰ ਦੀ ਵੱਖੀ ‘ਚ ਵਸੇ ਛੋਟੇ ਜਿਹੇ ਕਸਬੇ ਵੁਲਵਰਹੈਂਪਟਨ ਵਿੱਖੇ ਹੋਈ ਸੀ, ਇਨੇ ਲੰਮੇ ਅਰਸੇ ਤੋਂ ਇੰਗਲੈਂਡ ਚ ਰਹਿੰਦਾ ਬੰਦਾ ਐਨੇ ਸ਼ੁਧ ਪੰਜਾਬੀ ਰੰਗ ਚ ਰੰਗਿਆ, ਸ਼ੁਧ ਤੇ ਠੇਠ ਪੰਜਾਬੀ ਬੋਲਦਾ, ਮੈਂ ਉਹਦਾ ਆਪਣੀ ਜ਼ੁਬਾਨ ਨਾਲ ਮੌਹ ਦੇਖ ਕੇ ਨਸ਼ਿਆ ਗਿਆ

ਉਂਜ ਤਾਂ ਹਰਬੰਸ ਦੇ ਗੀਤ ਮਹਿੰਦਰ ਕਪੂਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ ਜੈਜ਼ੀ ਬੈਂਸ, ਕਮਲਜੀਤ ਨੀਰੂ, ਸਮੇਤ ਇੰਗਲੈਂਡ ਦੇ ਹਰ ਗਾਇਕ ਨੇ ਗਾਏ ਐ ਪਰ ਉਸਦਾ ਸਭ ਤੋ ਪਹਿਲਾ ਗੀਤ ਗੁਰਦੇਵ ਬੱਲੀ ਤੇ ਕਰਨੈਲ ਚੀਮਾਂ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ । ਹਰਬੰਸ ਜੰਡੂ ਦੇ ਕੁੱਝ ਗੀਤਾਂ ਦੇ ਮੁਖੜੇ ਜੋ ਚਿਰਾਂ ਤੋ ਮੇਰੇ ਦਿਲ ਵਿੱਚ ਆਲ੍ਹਣਾ ਪਾਈ ਬੈਠੇ ਹਨ

ਬਣਦੇ ਨਾ ਮਹਿਲ ਤੱਕੇ ਰੇਤ ਦੀ ਦੀਵਾਰ ਤੇ

ਜੰਡੂ ਲਿੱਤਰਾਂ ਦਾ ਡੋਰੀ ਸਿੱਟ ਬੈਠਾ ਯਾਰ ਤੇ

ਸੋਂਹਦੀ ਆਪਣੀ ਸਿਫਤ ਨਾਹੀਂ ਆਪੇ

ਮਿਲਦੇ ਨਾ ਹੱਟੀਆਂ ਤੋਂ

ਇਕ ਹੁਸਨ ਜਵਾਨੀ ਦੂਜੇ ਮਾਪੇ

ਮਿਲਦੇ ਨਾ ਹੱਟੀਆਂ ਤੋਂ

————–

ਰਾਸਤਾ ਅਨੌਖਾ, ਪੈਂਡਾ ਬਿਖਰਾ ਪਿਆਰ ਦਾ

ਜੰਡੂ ਲਿੱਤਰਾਂ ਦਾ ਐਂਵੇਂ ਝੂਠ ਨਹੀਂਓ ਮਾਰਦਾ

ਜਿੰਦ ਦੇਕੇ ਮੁੱਲ ਤਾਰੇ ਹਾਣੀਆਂ ਨੇ ਹਾਣ ਦੇ

ਲੱਗੀਆਂ ਦੇ ਦੁੱਖ ਲੋਕੋ ਲਾਉਣ ਵਾਲੇ ਜਾਣਦੇ

ਆਸ਼ਕ ਹੀ ਆਸ਼ਕਾਂ ਦੇ ਦਰਦ ਪਛਾਣਦੇ

————–

ਗਜਰੇ ਗਲੀਆਂ ਵਿੱਚ ਛਣਕਦੇ

ਟੱਲੀ ਵਾਂਗੂੰ ਬੋਲ ਟਣਕਦੇ

ਵੇਖਣ ਦੇ ਲਈ ਮੁੱਖੜਾ ਤੇਰਾ ਹੋ ਗਏ ਬੰਦ ਬਾਜ਼ਾਰ ਨੇ

ਮੋਹ ਲਿਆ ਜ਼ਿਲ੍ਹਾ ਜਲੰਧਰ

ਤੇਰੀ ਝਾਂਜਰ ਦੀ ਛਣਕਾਰ ਨੇ

ਨਾਗਨ ਵਰਗਾ ਜੋਬਨ ਤੇਰਾ

ਜੰਡੂ ਤਾਹੀਂਓ ਬਣੇ ਸਪੇਰਾ

ਨਖਰਾ ਵੇਖ ਕੇ ਬੰਦ ਕਰ ਦਿੱਤੇ ਸਭ ਦਫ਼ਤਰ ਸਰਕਾਰ ਨੇ

ਮੋਹ ਲਿਆ ਜ਼ਿਲ੍ਹਾ ਜਲੰਧਰ

ਤੇਰੀ ਝਾਂਜਰ ਦੀ ਛਣਕਾਰ ਨੇ

——————

ਇਸ਼ਕ ਹੁਸਨ ਦਾ ਮੇਲ ਨਿਆਰਾ

ਛੱਡ ਰਾਂਝੇ ਨੇ ਤਖ਼ਤ ਹਜ਼ਾਰਾ ਖੇੜੀਂ ਅਲਖ ਜਗਾਈ

ਮਲਕੀ ਦੀ ਬੇਟੀ ਹੀਰ ਵੀ ਰਾਹਾਂ ਵਿੱਚ ਦੌੜੀ ਆਈ

ਤੱਕਿਆ ਆਲੇ ਦੁਆਲੇ ਨੇ ਵੀ

ਜੰਡੂ ਲਿੱਤਰਾਂ ਵਾਲੇ ਨੇ ਵੀ

ਠੁੱਮਕ ਠੁੱਮਕ ਪੱਬ ਧਰ ਜੱਟੀ ਨੇ ਖੈਰ ਨਜ਼ਰ ਦੀ ਪਾਈ

ਮਲਕੀ ਦੀ ਬੇਟੀ ਹੀਰ ਵੀ ਰਾਹਾਂ ਵਿੱਚ ਦੌੜੀ ਆਈ

ਪਿਛਲੇ ਵਰ੍ਹੇ ਜਦੋਂ ਮੈਂ ਬਰਮਿੰਘਮ ਗਿਆ ਤਾਂ ਪਤਾ ਲੱਗਾ ਕਿ ਜੰਡੂ ਸਾਹਿਬ ਕਾਫੀ ਬਿਮਾਰ ਚੱਲ ਰਹੇ ਹਨ। ਕਿਸੇ ਨੂੰ ਮਿਲਣ ਦੀ ਅਵਸਥਾ ਵਿੱਚ ਨਹੀਂ।  ਆਖਰ 9 ਮਾਰਚ 2025 ਨੂੰ ਬੜੀ ਕੁਲਹਿਣੀ ਖਬਰ ਮਿਲੀ ਕਿ ਜੰਡੂ ਸਾਹਿਬ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਏ। ਬਹੁਤ ਦੁੱਖ ਹੋਇਆ ਪਰ ਡਾਹਢੇ ਅੱਗੇ ਕੀਹਦਾ ਜ਼ੋਰ । ਬੇਸ਼ੱਕ ਜੰਡੂ ਸਾਹਿਬ ਜਿਸਮਾਨੀ ਤੌਰ ਤੇ ਸਾਡੇ ਵਿੱਚ ਨਹੀਂ ਪਰ ਉਹਦੀ  ਗਿੱਧਿਆਂ ਦੀ ਰਾਣੀ ਹਮੇਸ਼ਾ ਪੰਜਾਬੀਆਂ ਦੇ ਦਿਲਾਂ ਤੇ ਧਮਕ ਪਾਉਂਦੀ ਰਹੇਗੀ

Show More

Leave a Reply

Your email address will not be published. Required fields are marked *

Back to top button
Translate »