ਰੰਗਲੀ ਚਰਖੀ ਵਾਲਾ ਬਚਨ ਬੇਦਿਲ

ਰੰਗਲੀ ਚਰਖੀ ਵਾਲਾ ਬਚਨ ਬੇਦਿਲ
ਗੀਤਕਾਰ ਹਮੇਸ਼ਾ ਪਰਦੇ ਦੇ ਪਿੱਛੇ ਰਹੇ ਦੌਲਤ ਸ਼ੋਹਰਤ ਤੋਂ ਵੀ ਕੋਹਾਂ ਦੂਰ,ਪਰ ਪਿਛਲੇ ਸਮੇਂ ਵਿੱਚ ਕੁੱਝ ਕੁ ਗੀਤਕਾਰ ਐਸੇ ਵੀ ਹੋਏ ਜੋ ਪਰਦੇ ਦੇ ਸਾਹਮਣੇ ਵੀ ਆਏ ਦੌਲਤ ਸ਼ੋਹਰਤ ਵੀ ਉਹਨਾਂ ਦੀ ਝੋਲੀ ਪਈ। ਉਹਨਾਂ ਵਿੱਚ ਸ਼ਮਸ਼ੇਰ ਸੰਧੂ, ਬਚਨ ਬੇਦਿਲ ਤੇ ਭਿੰਦਰ ਡੱਬਵਾਲੀ ਦੇ ਨਾਮ ਪ੍ਰਮੁੱਖ ਹਨ। ਇਹਨਾਂ ਗੀਤਕਾਰਾਂ ਵਿੱਚੋਂ ਅੱਜ ਬਚਨ ਬੇਦਿਲ ਦੀ ਗੱਲ ਕਰਦੇ ਹਾਂ ।
ਜੇ ਤੁਸੀਂ ਰੇਲ ਦੇ ਸਾਧਾਰਨ ਦਰਜੇ ਦੇ ਡੱਬੇ ਵਿੱਚ ਕਦੇ ਸਫਰ ਕੀਤਾ ਹੋਵੇ ਤਾਂ ਸਾਰੰਗਾ ਦੇ ਸੁਰ,, ਤੇ ਡੀਟੀਆਂ ਦੀ ਤਾਲ ਤੇ ਗਾਉਂਦੇ ਰਾਜਿਸਥਾਨੀ ਜੋੜਿਆਂ ਨੂੰ ਗਾਉਂਦਿਆਂ ਜ਼ਰੂਰ ਸੁਣਿਆ ਹੋਵੇਗਾ। ਉਹ ਅਕਸਰ ਗਾਉਂਦੇ ਹਨ
ਮੇਰੀ ਰੰਗਲੀ ਚਰਖੀ ਅੱਜ ਤੰਦ ਤਰੇੜੇ,
ਕਦੇ ਮਾਰ ਰਾਂਝਣਾ ਤੂੰ ਰੰਗਪੁਰ ਗੇੜੇ

ਕਿਸੇ ਗੀਤ ਦੀ ਮਕਬੂਲੀਅਤ ਦੀ ਇਸ ਤੋਂ ਵੱਡੀ ਮਿਸਾਲ ਕੀ ਹੋ ਸਕਦੀ ਐ !ਸੰਗਰੂਰ ਦੀ ਵੱਖੀ ਵਿੱਚ ਵਸਦੇ ਇਤਿਹਾਸਕ ਪਿੰਡ ਵਿੱਚ ਜੇ ਕਲਾਕਾਰਾਂ ਦੀਆਂ ਵੱਡੀਆਂ ਵੱਡੀਆਂ ਕਾਰਾਂ ਆਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਉਹ ਬਚਨ ਬੇਦਿਲ ਕਰਕੇ ਹੋਇਆ।
ਬਚਨ ਦਾ ਜਨਮ ਪਹਿਲੀ ਫਰਵਰੀ 1967 ਨੂੰ ਆਪਣੇ ਨਾਨਕੇ ਪਿੰਡ ਰੋੜੇਵਾਲ ਵਿੱਖੇ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਹੋਇਆ। ਬਚਨ ਪਿਤਾ ਸ੍ ਗੁਰਦੇਵ ਸਿੰਘ ਦਾ ਲਾਡਲਾ ਪੁੱਤਰ ਐ। ਮੁੱਢਲੀ ਪੜ੍ਹਾਈ ਉਸਨੇ ਪਿੰਡ ਬਡਰੁੱਖਾਂ ਤੋਂ ਕੀਤੀ ਉਚੇਰੀ ਵਿਿਦਆ ਲਈ ਉਸਨੇ ਮਸਤੂਆਣਾ ਸਾਹਿਬ ਦਾਖਲਾ ਲਿਆ ।
ਪੜ੍ਹਾਈ ਕਰਨ ਉਪਰੰਤ ਉਸਨੂੰ ਪੰਜਾਬ ਪੁਲਿਸ ਵਿੱਚ ਨੌਕਰੀ ਮਿਲ ਗਈ। ਸਭ ਤੋਂ ਪਹਿਲੀ ਨਿਯੁਕਤੀ ਲੁਧਿਆਣਾ ਵਿਖੇ ਹੋਈ। ਗੀਤ ਤਾਂ ਬਚਨ ਦੇ ਮਨ ਵਿੱਚ ਬਚਪਨ ਵਿੱਚ ਹੀ ਮੌਲਣ ਲੱਗ ਪਏ ਸਨ। 1986 ਵਿੱਚ ਬਚਨ ਬੇਦਿਲ ਦਾ ਲਿਿਖਆ ਪਹਿਲਾ ਗੀਤ ਸੁਰਿੰਦਰ ਛਿੰਦਾ ਅਤੇ ਕੁਲਦੀਪ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਜਿਸਦੇ ਬੋਲ ਸਨ।
ਤੈਨੂੰ ਕਿੰਨਾ ਕੁ ਐ ਮੇਰੇ ਨਾਲ ਪਿਆਰ ਹਾਣੀਆਂ
ਇਹ ਗੀਤ ਕੋਈ ਬਹੁਤਾ ਨਿਗਾਹ ਵਿੱਚ ਨਹੀਂ ਆਇਆ। ਦੋ ਵਰ੍ਹਿਆਂ ਦੇ ਵਕਫੇ ਮਗਰੋਂ ਭਾਵ 1988 ਵਿੱਚ ਜਦੋਂ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਬਚਨ ਦਾ ਗੀਤ ਮੇਰੀ ਰੰਗਲੀ ਚਰਖੀ ਆਇਆ ਤਾਂ ਬਚਨ ਬੇਦਿਲ ਛਾਲ ਮਾਰਕੇ ਪੰਜਾਬੀ ਗੀਤਕਾਰਾਂ ਦੀ ਮੂਹਰਲੀ ਕਤਾਰ ਵਿੱਚ ਆ ਗਿਆ। ਉਸਤੋਂ ਬਾਅਦ ਬਚਨ ਨੇ ਪਿੱਠ ਭੁਆ ਕੇ ਨਹੀਂ ਦੇਖਿਆ ।
ਬਚਨ ਦੇ ਗੀਤਾਂ ਨਾਲ ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਪੋਸ਼ ਆਇਆ ਜੋ ਲੋਕਾਂ ਦੇ ਦਿਲਾਂ ਤੇ ਛਾ ਗਿਆ ਜਿਹਨਾਂ ਵਿੱਚ ਰਣਜੀਤ ਮਣੀ,, ਦਵਿੰਦਰ ਕੋਹਿਨੂਰ,, ਲਵਲੀ ਨਿਰਮਾਣ ਸਮੇਤ ਕਾਫੀ ਨਾਮ ਹਨ ।
ਭਾਵੇਂ ਬਚਨ ਦੇ ਲਿਖੇ ਕੁੱਝ ਗੀਤ ਤੇ ਸਮੇਂ ਸਮੇਂ ਵਿਵਾਦ ਵੀ ਛਿੜੇ ਜਿਨ੍ਹਾਂ ਵਿੱਚ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਕੱਟਿਓ ਨਾ ਕਾਲਜ ਚੋਂ ਨਾਂ,,,ਅੱਜ ਦੇ ਸਿਰਮੌਰ ਗਾਇਕ ਦਿਲਜੀਤ ਦੋਸਾਂਝ ਦੀ ਗਾਇਕੀ ਦਾ ਘੇਰਾ ਵਿਸ਼ਾਲ ਕਰਨ ਵਿੱਚ ਬਚਨ ਦੇ ਹੀ ਇਕ ਵਿਵਾਦਤ ਗੀਤ ਦਾ ਵੱਡਾ ਯੋਗਦਾਨ ਐ
“ਲੱਕ ਟਵੰਟੀ ਏਟ ਕੁੜੀ ਦਾ” ਬੇਸ਼ੱਕ ਇਹਨਾਂ ਗੀਤਾਂ ਨੇ ਬਚਨ ਬੇਦਿਲ ਨੂੰ ਵਿਵਾਦਾਂ ਦੇ ਘੇਰੇ ਵਿੱਚ ਲਿਆਂਦਾ,, ਪਰ ਉਸਦਾ ਘੇਰਾ ਵਿਸ਼ਾਲ ਹੋਇਆ
ਜੇ ਬਚਨ ਬੇਦਿਲ ਦੀ ਸਮੁੱਚੀ ਗੀਤਕਾਰੀ ਦਾ ਅਧਿਐਨ ਕੀਤਾ ਜਾਵੇ ਤਾਂ ਸਪੱਸ਼ਟ ਹੋ ਜਾਂਦੈ ਕਿ ਬਚਨ ਮੌਲਿਕ ਗੀਤਕਾਰ ਐ।
“ਪਿੰਡ ਆਵਾਜ਼ਾਂ ਮਾਰਦਾ”
ਉਸਦੀ ਉਹ ਲੰਮੀ ਕਵਿਤਾ ਐ ਜਿਸਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਐ। ਮੇਰਾ ਮੰਨਣਾ ਐ ਕਿ ਪਿੰਡ ਆਵਾਜ਼ਾਂ ਮਾਰਦਾ ਸਕੂਲਾਂ ਦੇ ਸਿਲੇਬਸ ਵਿੱਚ ਵੀ ਲੱਗਣੀ ਚਾਹੀਦੀ ਐ। “ਸੰਦਲੀ ਖੇੜਾ” ਉਸਦਾ ਸ਼ਾਹਕਾਰ ਨਾਵਲ ਹੈ। ਗੀਤਾਂ ਵਿੱਚ ਬਚਨ ਦੀ ਕਲਮ ਨਿਰੰਤਰ ਝਰਨੇ ਵਾਂਗੂੰ ਵਹਿ ਰਹੀ ਐ ਤੇ ਸ਼ਾਲਾ ਇੰਝ ਹੀ ਵਹਿੰਦੀ ਰਹੇ।




