ਓਹ ਵੇਲ਼ਾ ਯਾਦ ਕਰ

ਜੇ ਮੁੰਡੇ ਦਸਦੇ ਨਹੀਂ ਤਾਂ ਕੁੜੀਆਂ ਜੋ ਮਰਜ਼ੀ ਕਹੀ ਜਾਣ ?  

                      

  ਓਹ ਵੇਲ਼ਾ ਯਾਦ ਕਰ                               ਡਾ. ਬਲਵਿੰਦਰ ਕੌਰ ਬਰਾੜ

ਪੁੱਤੀਂ ਫਲ਼ੋ ਅਸੀਸਾਂ ਦੇਵੋ ਜੀ ਸਦਕੇ

ਧੀਆਂ ਦੇ ਵੀ ਬੜੇ ਸਹਾਰੇ ਹੁੰਦੇ ਨੇ।

ਹਰ ਵਾਰੀ ਔਰਤ ਹੀ ਅਬਲਾ ਨਹੀਂ ਹੁੰਦੀ

ਕਈ ਥਾਂਈਂ ਬੰਦੇ ਵਿਚਾਰੇ ਹੁੰਦੇ ਨੇ। – ਕਵਿੰਦਰ ਚਾਂਦ

ਜਵਾਨ ਪੀੜ੍ਹੀ ਨੂੰ ਜਦੋਂ ਗੁਰੂ ਘਰ ਹਾਜ਼ਰੀ ਭਰਦੇ ਵੇਖਦੇ ਹਾਂ ਤਾਂ ਮਨ  ਵਿੱਚ ਠੰਢੀ ਹਵਾ ਰੁਮਕਣ ਜਿਹਾ ਅਹਿਸਾਸ ਪਲ਼ਦਾ ਹੈ ਕਿ ਇਹ ਬੱਚੇ ਇੰਨੇ ਰੁੱਝੇ ਹੋਣ ਦੇ ਬਾਵਜੂਦ ਵੀ ਵਕਤ ਕਢਦੇ ਹਨ। ਬਹੁਤੇ ਲੋਕ ਆਖਦੇ ਹਨ ਇਹ ਲੰਗਰ ਕਰਕੇ ਹੀ ਆਉਂਦੇ ਹਨ। ਪਰ ਇਨ੍ਹਾਂ ਦਾ ਆਪਣੇ ਇਸ਼ਟ ਮੂਹਰੇ ਨਤਮਸਤਕ ਹੋਣਾ ਜਾਂ ਸ਼ਰਧਾ ਨਾਲ਼ ਸੰਗਤ ਦਾ ਹਿੱਸਾ ਹੋ ਜਾਣਾ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਇਨ੍ਹਾਂ ਦੇ ਸੀਨੇ  ਵਿੱਚ ਆਪਣੀ ਵਿਰਾਸਤ ਜਾਂ ਧਰਮ ਲਈ ਕੋਈ ਚਿਣਗ ਸੁਲਘਦੀ ਹੋਵੇਗੀ। ਕਈ ਬੱਚੇ ਮੇਰੇ ਬੋਲਾਂ ਨਾਲ਼ ਸਾਂਝ ਪਾਲ਼ਦੇ ਪੂਰੇ ਨਿੱਘ ਨਾਲ਼ ਮਿਲਦੇ ਹਨ ਜਿਵੇਂ ਉਨ੍ਹਾਂ ਨੂੰ ਮੇਰੇ ਵਿੱਚੋਂ ਆਪਣੀ ਗੁਆਚੀ ਮਾਂ ਦਾ ਝਾਉਲ਼ਾ ਪੈਂਦਾ ਹੋਵੇ। ਕਈ ਦਿਨ ਪਹਿਲਾਂ ਮੈਨੂੰ  ਇੱਕ ਸੋਹਣਾ ਪੰਜਾਬੀ ਜਵਾਨ ਬੇਟਾ ਪੂਰੀ ਸ਼ਰਧਾ ਨਾਲ਼ ਆ ਮਿਲਿਆ। ਪੈਰੀਂ ਹੱਥ ਲਾ, ਦੋਵੇਂ ਹੱਥ ਜੋੜ, ਮੇਰੇ ਮੂਹਰੇ ਖੜੋ ਗਿਆ। ਉਸ ਨੇ ਪੂਰੀ ਨਿਮਰਤਾ ਨਾਲ਼ ਕਿਹਾ ,“ਮੈਨੂੰ  ਇੱਕ ਗਿਲਾ ਹੈ ਤੁਹਾਡੇ ਨਾਲ਼।“ ਕੋਈ ਵੀ ਸ਼ਿਕਾਇਤ ਕਰਤਾ ਜਦੋਂ ਏਨੀ ਹਲੀਮੀ ਨਾਲ਼ ਕੋਈ ਸ਼ਿਕਵਾ ਕਰ ਰਿਹਾ ਹੋਵੇ ਤਾਂ ਆਪ ਹੀ ਬਿਨਾ ਕਿਸੇ ਤਰਕ ਤੋਂ ਗ਼ਲਤੀ ਮੰਨਣ ਨੂੰ ਤਿਆਰ ਹੋ ਜਾਈਦਾ ਹੈ। ਮੇਰੇ `ਕੀ` ਪੁੱਛਣ `ਤੇ ਉਹ ਜਿਵੇਂ ਪੂਰਾ ਹੀ ਉਧੜਨ ਲੱਗ ਪਿਆ। ਉਸ ਨੂੰ ਸ਼ਿਕਾਇਤ ਸੀ ਕਿ ਮੈਂ ਕੁੜੀਆਂ ਬਾਰੇ ਹੀ ਕਿਉਂ ਗੱਲਾਂ ਕਰਦੀ ਹਾਂ। ਮੈਂ ਜਿਵੇਂ ਸਫ਼ਾਈ ਪੇਸ਼ ਕੀਤੀ ਕਿ ਹੁਣ ਤਕ ਉਹ ਵਧੀਕੀਆਂ ਜਰਦੀਆਂ ਰਹੀਆਂ, ਦੂਜਾ ਉਹ ਮੈਨੂੰ ਜਿਵੇਂ ਦਸਦੀਆਂ ਹਨ, ਮੈਂ ਪਰੋਸ ਦਿੰਦੀ ਹਾਂ।

ਉਹ ਲੜਕਾ ਜਿਵੇਂ ਸਤਿਆ ਪਿਆ ਸੀ, ਕਿਹਾ, `ਜੇ ਮੁੰਡੇ ਦਸਦੇ ਨਹੀਂ ਤਾਂ ਕੁੜੀਆਂ ਜੋ ਮਰਜ਼ੀ ਕਹੀ ਜਾਣ। ਕਈ ਕੁੜੀਆਂ ਨੇ ਮੁੰਡਿਆਂ ਦਾ ਲਹੂ ਪੀ ਰੱਖਿਐ। ਇਨ੍ਹਾਂ ਦੇ ਮਾਪੇ ਵੀ ਇਨ੍ਹਾਂ ਨੂੰ ਵਰਜਣ ਦੀ ਥਾਂ ਪਾਪਾ ਦੀਆਂ ਪਰੀਆਂ ਕਹਿ ਪਲੋਸ ਰਹੇ ਹਨ। ਇੱਥੋਂ ਦੀਆਂ ਸਰਕਾਰਾਂ ਵੀ ਧਿਰ ਬਣ ਖੜ੍ਹਦੀਆਂ ਨੇ। ਕਈ ਕੁੜੀਆਂ ਵਿਆਹ ਦੀਆਂ ਧੱਜੀਆਂ ਉਡਾ ਕੇ ਮੁੰਡਿਆਂ ਦੀ ਮਿਹਨਤ ਨਾਲ਼ ਕੀਤੀ ਕਮਾਈ ਦਾ ਅੱਧ ਵੰਡਾ ਲੈਂਦੀਆਂ ਹਨ।` ਇਹ ਆਖਦਾ ਹੋਇਆ ਉਹ ਦੋਸਤਾਂ ਦੀਆਂ ਮਿਸਾਲਾਂ ਦੀ ਪੂਰੀ ਸੂਚੀ ਲਈ ਬੈਠਾ ਸੀ। ਉਹ ਭਰੀਆਂ ਅੱਖਾਂ ਨਾਲ਼ ਕਹਿ ਰਿਹਾ ਸੀ,`ਇਹ ਪੇਕਿਆਂ ਨੂੰ ਰਖਦੀਆਂ ਤੇ ਸਹੁਰਿਆਂ ਨੂੰ ਧਕਦੀਆਂ ਨੇ। ਸਾਡਾ ਵੀ ਜੀਅ ਕਰਦੈ ਮਾਵਾਂ ਭੈਣਾਂ ਕੋਲ਼ ਬੈਠ ਦੁਖ-ਸੁਖ ਕਰੀਏ। ਪੂਰੇ ਸ਼ਿਕੰਜੇ  ਵਿੱਚ ਫਸੇ ਹੋਏ ਆਂ।` ਮੈਂ ਕਿਹਾ ਕਿ ਮੇਰੇ ਨਾਲ਼ ਸੋਸ਼ਲ ਮੀਡੀਏ `ਤੇ ਗੱਲ ਕਰ ਤਾਂ ਉਹ ਕਹਿੰਦਾ ਕਿ ਮੈਂ ਹਾਲੇ ਘਰੋਂ ਨਹੀਂ ਨਿਕਲਣਾ। ਉਸ ਦੀਆਂ ਗੱਲਾਂ ਸੁਣ ਕੇ ਜੀਅ ਕੀਤਾ ਕਿ ਮੈਂ ਉਨ੍ਹਾਂ ਕੁੜੀਆਂ ਦੀ ਪੂਰੀ ਕਲਾਸ ਲਾਵਾਂ ਜੋ ਹੱਕ ਲੈ ਕੇ ਹੱਦ ਟਪਦੀਆਂ ਹਨ। ਪਿਛਲੇ ਕੁੱਝ ਅਰਸੇ ਤੋਂ ਕੁੱਝ ਕੁੜੀਆਂ ਬਰਾਬਰੀ ਕਰਦੀਆਂ ਕੁੱਝ ਲੜਕਿਆਂ ਵਾਂਗ ਹੀ ਕੁਕਰਮਾਂ ਦੀਆਂ ਭਾਗੀ ਵੀ ਬਣ ਰਹੀਆਂ ਹਨ। ਹੋ ਸਕਦਾ ਹੈ ਅਜਿਹੀਆਂ ਕੁੜੀਆਂ ਦੀ ਗਿਣਤੀ ਬਹੁਤ ਘੱਟ ਹੋਵੇ ਪਰ ਮੇਰੀ ਬੇਨਤੀ ਹੈ ਕਿ ਇਨ੍ਹਾਂ ਧੀਆਂ ਨੂੰ ਇਨ੍ਹਾਂ ਅਪਹੁਦਰੀਆਂ ਬੇਟੀਆਂ ਨੂੰ ਕਿ ਜੇ ਆਪਣੀਆਂ ਮਾਵਾਂ ਦੀ ਸਹਿਣਸ਼ੀਲਤਾ ਵੱਲ ਨਹੀਂ ਵੇਖਣਾ ਤਾਂ ਸਿਆਣੀਆਂ ਕੁੜੀਆਂ ਦੇ ਨਿਭਦੇ ਸਲੀਕੇ ਤੋਂ ਜ਼ਰੂਰ ਸਿੱਖੋ। ਜੇ ਕਮਾ ਰਹੀਆਂ ਹੋ, ਰੀਝਾਂ ਦੇ ਸਿਰ ਪਲੋਸਣੇ ਵੀ ਜ਼ਰੂਰੀ ਹਨ ਪਰ ਹੱਕਾਂ ਨਾਲ਼ ਫ਼ਰਜ਼ ਵੀ ਨਿਭਾਉਣੇ ਚਾਹੀਦੇ ਹਨ। ਹਰ ਰਿਸ਼ਤਾ ਸਾਹ ਲੈਣਾ ਚਾਹ ਰਿਹਾ ਹੈ। ਪਿਆਰ ਨਾਲ਼ ਤਾਂ ਜਾਨਵਰ ਵੱਸ ਹੋ ਜਾਂਦੇ ਹਨ। ਦੁਨੀਆਂ ਦੀ ਸਭ ਤੋਂ ਵਧੀਆ ਸਾਂਝ ਮਾਂ ਦੇ ਹਿੱਸੇ ਆਈ ਹੈ। ਇਹ ਮੋਹ-ਮਮਤਾ ਮਰਦ ਸੀਨੇ ਵੀ ਬੀਜਣ ਦੀ ਬਰਾਬਰੀ ਕਰ ਵੇਖੋ। ਪਿਆਰ ਨਾਲ਼  ਇੱਕ ਦੂਜੇ ਦੇ ਅੰਦਰ ਆਰ ਪਾਰ ਝਾਕ ਲੈਣ ਜਿਹੀ ਸਾਂਝ ਨਿਭਾ ਕੇ ਵੱਸ ਕਰਿਆ ਜਾ ਸਕਦਾ ਹੈ। ਆਪਣੀ ਹਿਸਟਰੀ ਨਿਭਣ ਨੂੰ ਵੱਧ ਮੰਨਦੀ ਹੈ। ਰੱਬ ਬਰਕਤਾਂ ਪਾਏਗਾ। ਜੀਓ ਤੇ ਜਿਓਣ ਦਿਓ ਤਾਂ ਸੰਸਾਰ ਤੁਹਾਡਾ ਹੋਵੇਗਾ।

Show More

Related Articles

Leave a Reply

Your email address will not be published. Required fields are marked *

Back to top button
Translate »