ਓਹ ਵੇਲ਼ਾ ਯਾਦ ਕਰ

ਲੋਕ ਇਉਂ ਹੀ ਪਾਈਏ ਤੋਂ ਪੰਸੇਰੀ ਬਣ ਜਾਂਦੇ ਹਨ–  

ਲੋਕ ਇਉਂ ਹੀ ਪਾਈਏ ਤੋਂ ਪੰਸੇਰੀ ਬਣ ਜਾਂਦੇ ਹਨ—                                        

   ਓਹ ਵੇਲ਼ਾ ਯਾਦ ਕਰ                  ਡਾ. ਬਲਵਿੰਦਰ ਕੌਰ ਬਰਾੜ

ਲਹਿਜ਼ੇ, ਸਲੀਕੇ, ਤਰੀਕੇ ਬੜੇ ਮਾਇਨੇ ਰਖਤੇ ਹੈਂ

ਖੰਜਰ ਝੇਲ ਲੇਤਾ ਹੂੰ ਲਫ਼ਜ਼ ਚੁਭ ਜਾਤੇ ਹੈਂ   – ਗੁਲਜ਼ਾਰ

ਜਦੋਂ ਅਸੀਂ ਘਰ ਦੀ ਦਹਿਲੀਜ਼ ਤੋਂ ਬਾਹਰ ਕਿਸੇ ਸਫਰ ਲਈ ਕਦਮ ਚੁਕਦੇ ਹਾਂ, ਅਣਜਾਣੇ ਲੋਕਾਂ ਦਾ ਹਿੱਸਾ ਹੋ ਜਾਂਦੇ ਹਾਂ। ਬਿਗਾਨਗੀ ਦੀ ਬੁੱਕਲ਼ ਮਾਰਦੇ ਹੋਰਾਂ ਵੱਲ ਵਧਦੇ ਝਿਜਕਦੇ ਹਾਂ। ਅਣਜਾਣ ਰਾਹਾਂ `ਤੇ ਕਈ ਕਿਸਮ ਦੇ ਲੋਕ ਵੀ ਆਪੋ ਆਪਣੀ ਮੰਜ਼ਿਲ ਵੱਲ ਜਾਣ ਨੂੰ ਕਾਹਲ਼ੇ ਸਫਰ ਵੱਲ ਨੂੰ ਵਧਦੇ ਹਨ। ਕਈ ਵਾਰ ਆਪਣੇ ਵਤਨ ਵੱਲ ਦੀ ਫੇਰੀ ਬਚਪਨ ਤੱਕ ਦੀਆਂ ਯਾਦਾਂ ਤੱਕ ਫੋਲਾਫੋਲੀ ਕਰਨ ਲਗਦੀ ਹੈ। ਸਾਡੀਆਂ ਸਭ ਸੋਚਾਂ ਦਾ ਪਾਸਾ ਹੀ ਥੱਲਿਆ ਜਾਂਦਾ ਹੈ। ਆ ਰਹੇ ਦਿਨਾਂ ਦੀ ਸੂਚੀ ਨਵੇਂ ਸਿਰੇ ਤੋਂ ਮਿਲੀ ਮੋਹਲਤ ਅਨੁਸਾਰ ਉਲੀਕਦੇ ਹਾਂ। ਬਾਜ਼ਾਰਾਂ ਦੇ ਚੱਕਰ ਅਤੇ ਹਥਲੀ ਸੂਚੀ ਨੂੰ ਦਿਨਾਂ ਨਾਲ਼ ਤੋਲਦੇ ਹਾਂ। ਅੰਦਰ ਵਸੇ ਸੰਸਾਰ ਵਿੱਚ ਕਈ ਭੁੱਲੇ ਵਿਸਰੇ ਰਿਸ਼ਤੇ ਸੱਜਰੇ ਹੋ ਜਾਂਦੇ ਹਨ। ਰਸਤੇ ਦੀਆਂ ਦੁਸ਼ਵਾਰੀਆਂ ਸਰ ਕਰਦੇ ਮਨ ਦੀ ਇੱਛਾ ਵਰਗੀ ਇਬਾਰਤ ਉਲੀਕਦੇ ਹਾਂ।  ਕਿਸ ਨੂੰ ਮਿਲਣ ਜਾਣਾ ਹੈ ਜਾਂ ਗੁਰੂ ਘਰ ਹਾਜ਼ਰੀ ਲਾਉਣੀ ਹੈ। ਇਸ ਵਾਰੀ ਘਰ ਵਾਪਸੀ ਸਮੇਂ ਦਾ ਹਾਲ ਪਹਿਲਾਂ ਤੋਂ ਵੱਖਰਾ ਹੋਣ ਕਰ ਕੇ ਮੈਂ ਸਭ ਨਾਲ਼ ਸਾਂਝਾ ਕਰ ਰਹੀ ਹਾਂ। ਰਾਤ ਨੂੰ ਵੱਧ ਬਰਫ਼ਬਾਰੀ ਹੋ ਜਾਣ ਕਰ ਕੇ ਸਵੇਰੇ ਦੀ ਮੇਰੀ ਫਲਾਈਟ ਤਿੰਨ ਘੰਟੇ ਪਛੜ ਗਈ ਸੀ। ਇਸ ਨਾਲ਼ ਅਗਲੀ ਫਲਾਈਟ ਹੱਥੋਂ ਨਿਕਲਣ ਦਾ ਸਹਿਮ ਨਾਲ਼ ਹੋ ਤੁਰਿਆ। ਅਸੀਂ ਯੂ.ਕੇ. ਜਾ ਕੇ ਸਭ ਸਟੱਕ ਹੋ ਗਏ। ਸਾਰੀਆਂ ਸਵਾਰੀਆਂ ਖੱਜਲ਼-ਖੁਆਰ ਹੋ ਕੇ ਇਧਰ ਉਧਰ ਜਿਵੇਂ ਇੱਕ ਦੂਜੇ ਵਿੱਚ ਵੱਜਣ ਲੱਗੀਆਂ। ਯੂ. ਕੇ ਦਾ ਸਟਾਫ ਸਾਨੂੰ ਆਪੋ ਆਪਣੇ ਟਿਕਾਣੇ ਪੁਚਾ ਦੇਣ ਦੀ ਪੂਰੀ ਮਦਦ ਕਰ ਰਿਹਾ ਸੀ। ਸਾਡੇ ਜਹਾਜ਼ ਦੀ ਇੱਕ ਸਵਾਰੀ ਮੇਰੇ ਨਾਲ਼ ਦੀ ਸੀਟ `ਤੇ ਬੈਠੀ ਖੂਬਸੂਰਤ ਲੜਕੀ ਨੇ ਪੂਰਾ ਮੇਕਅਪ ਕੀਤਾ ਹੋਇਆ ਸੀ। ਉਹ ਵਧੀਆ ਆਧੁਨਿਕ ਪੈਕਿੰਗ ਵਿੱਚ ਸਜੀ-ਫਬੀ ਹਰ ਅਦਾ ਨਾਲ਼ ਸੁੰਦਰ ਲਗ ਰਹੀ ਸੀ। ਪਰ ਬੋਲਬਾਣੀ ਸੁਣ ਕੇ ਹੀ ਪਤਾ ਲਗਿਆ ਜਿਵੇਂ ਸਿਆਣਪ ਦਾ ਦਿਵਾਲ਼ਾ ਹੀ ਕੱਢ ਰਹੀ ਹੋਵੇ। ਮੈਨੂੰ ਪਿੰਡ ਦੀ ਬਜ਼ੁਰਗ ਮਾਤਾ ਦੇ ਬੋਲ ਯਾਦ ਆਏ – ਕਮਲ਼ਾ ਕਾਸ ਤੋਂ ਜਾਣੀਏਂ, ਬਸ ਗੱਲਾਂ ਤੋਂ ਪਛਾਣੀਏਂ। ਉਹ ਪੂਰੀ ਹਰਖੀ ਹੋਈ ਸਟਾਫ ਵਾਲ਼ਿਆਂ ਨਾਲ਼ ਔਖਾ ਭਾਰਾ ਬੋਲ ਰਹੀ ਸੀ। ਮੇਰੀ ਵਾਰੀ ਉਸ ਤੋਂ ਮੂਹਰੇ ਸੀ। ਮੈਂ ਸਟਾਫ ਨੂੰ ਕਿਹਾ ਇਸ ਦਾ ਨੰਬਰ ਪਹਿਲਾਂ ਲਾ ਦਿਓ। ਪਰ ਉਹ ਪੂਰੇ ਖਿਝੇ ਹੋਏ ਮੈਨੂੰ ਸੀਨੀਅਰ ਸਿਟੀਜ਼ਨ ਆਖ ਕੇ ਪਹਿਲ ਦੇ ਰਹੇ ਸਨ। ਕੁੜੀ ਦਾ ਬੇ-ਹੂਦਾ ਵਰਤਾਅ ਦੇਖ ਕੇ ਮੈਨੂੰ ਸ਼ਰਮ ਆ ਰਹੀ ਸੀ। ਮੇਜ਼ ਦੇ ਪਾਰ ਬੈਠੇ ਅਧਿਕਾਰੀ ਜਿੰਨੀ ਮਾਫ਼ੀ ਮੰਗ ਰਹੇ ਸਨ, ਉਹ ਲੜਕੀ ਓਨੀ ਹੀ ਸਿਰ ਚੜ੍ਹੀ ਜਾ ਰਹੀ ਸੀ। ਆਪਣੀ ਹੋਂਦ ਖਾਸ ਜਤਲਾ ਰਹੀ ਸੀ। ਕਈ ਲੋਕ ਇਉਂ ਹੀ ਪਾਈਏ ਤੋਂ ਪੰਸੇਰੀ ਬਣ ਜਾਂਦੇ ਹਨ। ਅਚਾਨਕ ਮੈਨੂੰ ਯਾਦ ਆਇਆ ਮੈਂ ਸਕਿਉਰਟੀ ਕੋਲ਼ ਆਪਣੀ ਜੈਕਟ ਭੁੱਲ ਆਈ ਸਾਂ। ਓਥੇ ਮੈਨੂੰ ਇੱਕ ਪੰਜਾਬੀ ਮੁੰਡਾ ਮਿਲਿਆ ਜੋ ਪੂਰੀ ਖੁੱਲ੍ਹਦਿਲੀ ਨਾਲ਼ ਜੈਕਟ ਵਾਪਸ ਕਰਦਾ ਹੋਇਆ ਆਖ ਰਿਹਾ ਸੀ, `ਜਿਹੜੀ ਮਰਜ਼ੀ ਲੈ ਲਓ ਜੀ, ਆਹ ਕਈ ਪਈਆਂ ਨੇ।` ਫਿਰ ਉਹ ਮੈਨੂੰ ਕਹਿਣ ਲੱਗਾ, `ਤੁਹਾਡੇ ਨਾਲ਼ ਇੱਕ ਗੱਲ ਸਾਂਝੀ ਕਰਨੀ ਹੈ ਜੀ, ਕੋਈ ਪੰਜਾਬਣ ਆਪਣਾ ਕੀਮਤੀ ਪਰਸ ਭੁੱਲ ਗਈ ਹੈ, ਉਸ ਵਿੱਚ ਕਾਫ਼ੀ ਸੋਨਾ ਵੀ ਹੈ। ਮੈਂ ਤਾਂ ਸਵੇਰ ਦਾ ਇਸੇ ਦੀ ਰਾਖੀ ਕਰੀ ਜਾਨਾਂ।` ਉਸ ਨੇ ਪਰਸ ਖੋਲ੍ਹ ਕੇ ਦਿਖਾਇਆ। ਉਸ ਵਿੱਚ ਬਹੁਤ ਕੀਮਤੀ ਸਮਾਨ ਸੀ। ਕੈਮਰਾ ਦੇਖ ਕੇ ਪਤਾ ਲੱਗਾ ਉਹ ਛੋਟੇ ਬੱਚੇ ਦੀ ਮਾਂ ਸੀ। ਬੱਚੇ ਨੂੰ ਸਾਂਭਦੀ ਹੋਈ ਭੁੱਲ ਗਈ ਹੋਣੀ ਐਂ। ਮੈਨੂੰ ਉਹ ਲੜਕਾ ਤਰਲੇ ਪਾ ਕੇ ਕਹਿ ਰਿਹਾ ਸੀ ਕਿ ਤੁਸੀਂ ਹਾਲ ਵਿੱਚ ਕਿਸੇ ਬੱਚੇ ਵਾਲ਼ੀ ਨੂੰ ਪੁੱਛ ਵੇਖੋ। ਪਰ ਇਹ ਨਹੀਂ ਹੋ ਸਕਿਆ। ਮੈਨੂੰ ਲੱਗਿਆ ਕਿੰਨੇਂ ਰੰਗਾਂ ਦੀ ਦੁਨੀਆਂ ਰਾਹਾਂ ਵਿੱਚ ਮਿਲ ਜਾਂਦੀ ਹੈ। ਆਪੋ ਆਪਣੇ ਵਰਤਾਅ ਨਾਲ਼ ਕਈ ਸਬਕ ਦੇ ਜਾਂਦੀ ਹੈ। ਖ਼ੂਬਸੂਰਤ ਲੜਕੀ ਛੋਟੇ ਵੱਡੇ ਦੀ ਤਮੀਜ਼ ਤੋਂ ਸੱਖਣੀ ਸੀ। ਇਹ ਡਿਊਟੀ ਕਰਦਾ ਲੜਕਾ ਕਿਸੇ ਹੋਰ ਦੇ ਨੁਕਸਾਨ ਲਈ ਚਿੰਤਾ ਜਤਲਾ ਰਿਹਾ ਸੀ। ਜੇ ਕੋਈ ਚਾਹੇ ਤਾਂ ਦੁਆਲ਼ੇ ਤੋਂ ਬਹੁਤ ਕੁਝ ਸਿੱਖ ਕੇ ਹੀ ਇੱਕ ਘਰ ਤੋਂ ਦੂਜੇ ਤੱਕ ਅਪੜਦਾ ਹੈ। ਇੱਕ ਕਵੀ ਦੀਆਂ ਸਤਰਾਂ ਵੇਖੋ –

ਫੂਲ ਖਿਲੇ ਹੈਂ ਗੁਲਸ਼ਨ ਗੁਲਸ਼ਨ

ਲੇਕਿਨ ਅਪਨਾ ਅਪਨਾ ਦਾਮਨ।

Show More

Related Articles

Leave a Reply

Your email address will not be published. Required fields are marked *

Back to top button
Translate »