ਫਿਲਮੀ ਸੱਥ

 ਸ਼ਰਾਬ ਛੱਡਣ ਦਾ ਹੋਕਾ ਦਿੰਦੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ

ਰਜਵਿੰਦਰ ਪਾਲ ਸ਼ਰਮਾ

ਨਾਟਕ ਅਤੇ ਇਕਾਂਗੀ ਸਾਹਿਤ ਦਾ ਅਟੁੱਟ ਹਿੱਸਾ ਹਨ। ਮਨੋਰੰਜਨ ਦੇ ਨਾਲ ਨਾਲ ਸਮਾਜ਼ ਨੂੰ ਜਾਗਰੂਕ ਕਰਦੇ ਹੋਏ ਸਾਰਥਕ ਸੁਨੇਹਾ ਦੇਣ ਲਈ ਥਿਏਟਰ ਦੇ ਪਾਏ ਯੋਗਦਾਨ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਅਜ਼ਾਦੀ ਦੀ ਲਹਿਰ ਹੋਵੇ ਜਾਂ ਸਮਾਜ਼ ਨੂੰ ਜਾਗਰੂਕ ਕਰਨ ਦੀ ਮੁਹਿੰਮ ਮੰਚ ਹਮੇਸ਼ਾ ਮੋਹਰੀ ਕਤਾਰ ਵਿੱਚ ਰਿਹਾ ਹੈ।ਅਜੋਕੇ ਸਮੇਂ ਵਿੱਚ ਜ਼ਿੰਦਗੀ ਦੀ ਭੱਜ ਦੌੜ ਵਿੱਚ ਥਿਏਟਰ ਦਾ ਰੁਝਾਨ ਘਟਿਆ ਹੈ ਪਰੰਤੂ ਥਿਏਟਰ ਅਦਾਕਾਰੀ ਦੀ ਪਹਿਲੀ ਪੌੜੀ ਹੈ। ਫ਼ਿਲਮਾਂ ਵਿੱਚ ਕਰੀਅਰ ਦੀ ਤਲਾਸ਼ ਕਰਨ ਵਾਲਿਆਂ ਲਈ ਥਿਏਟਰ ਅੱਜ਼ ਵੀ ਸੋਨੇ ਤੇ ਸੁਹਾਗੇ ਦਾ ਕੰਮ ਕਰਦਾ ਹੈ। ਨਾਟਕਾਂ ਅਤੇ ਇਕਾਗੀਆਂ ਦੇ ਦੌਰ ਤੋਂ ਅੱਗੇ ਵਧ ਕੇ ਪੰਜਾਬੀ ਸਿਨੇਮਾ ਅਜੋਕੇ ਸਮੇਂ ਵਿੱਚ ਅਜਿਹੇ ਮੁਕਾਮ ਤੇ ਪਹੁੰਚ ਚੁੱਕਿਆ ਹੈ ਜਿਥੇ ਇਸ ਨੇ ਰਾਜਨੀਤਿਕ , ਇਤਿਹਾਸਕ, ਧਾਰਮਿਕ , ਆਰਥਿਕ ਅਤੇ ਸਮਾਜਕ ਪਹਿਲੂ ਉਜਾਗਰ ਕਰਦੇ ਹੋਏ ਉਨ੍ਹਾਂ ਨੂੰ ਸਮਝਣ ਅਤੇ ਵਿਚਾਰਨ ਲਈ ਮਜਬੂਰ ਕੀਤਾ ਹੈ।ਅਕਾਲ, ਮਸਤਾਨੇ ਅਤੇ ਨਾਨਕ ਨਾਮ ਜਹਾਜ਼ ਹੈ ਵਰਗੀਆਂ ਫਿਲਮਾਂ ਜਿਥੇ ਸਿੱਖ ਇਤਿਹਾਸ ਬਾਰੇ ਜਾਗਰੂਕ ਕਰਦੀਆਂ ਹਨ ਉਥੇ ਅਰਦਾਸ,ਅਰਦਾਸ ਕਰਾਂ ਅਤੇ ਅਰਦਾਸ ਸਰਬੱਤ ਦੇ ਭਲੇ ਦੀ ਵਰਗੀਆਂ ਫਿਲਮਾਂ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਰੂਬਰੂ ਕਰਵਾਉਂਦੀਆਂ ਹੋਈਆਂ ਹੌਂਸਲਾ ਅਤੇ ਹਿੰਮਤ ਭਰਨ ਦਾ ਕੰਮ ਕਰਦੀਆਂ ਹਨ। ਡਾਕੂਆਂ ਦਾ ਮੁੰਡਾ, ਡਾਕੂਆਂ ਦਾ ਮੁੰਡਾ -2 ,ਡਾਕੂਆਂ ਦਾ ਮੁੰਡਾ- 3 ਅਤੇ ਜ਼ਿੰਦਗੀ ਜ਼ਿੰਦਾਬਾਦ ਵਰਗੀਆਂ ਫਿਲਮਾਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਮੁੜ ਇੱਕ ਚੰਗਾ ਇਨਸਾਨ ਬਣਨ ਦਾ ਰਾਹ ਦਿਖਾਉਂਦੀਆਂ ਹਨ।ਸਮਾਜ ਵਿੱਚ ਫੈਲੀਆਂ ਕੁਰੀਤੀਆਂ ਬਾਰੇ ਜਾਗਰੂਕ ਕਰਨ ਦੇ ਨਾਲ ਨਾਲ ਨੀ ਮੈਂ ਸੱਸ ਕੁੱਟਣੀ -2 ਅਤੇ ਗੱਡੀ ਜਾਂਦੀ ਆ ਛਲਾਂਗਾਂ ਮਾਰਦੀ ਦਾਜ਼ ਦੀ ਸਮੱਸਿਆ ਤੇ ਚੋਟ ਕਰਦੀਆਂ ਦਿਖਾਈ ਦਿੰਦੀਆਂ ਹਨ। ਇਸੇ ਹੀ ਲੜੀ ਨੂੰ ਅੱਗੇ ਤੋਰਦੀ ਦਿਖਾਈ ਦਿੰਦੀ ਹੈ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਜ਼ੋ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਓ ਟੀ ਟੀ ਦੇ ਚੌਪਾਲ ਪਲੇਟਫਾਰਮ ਤੇ ਮਿਤੀ 18 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ।

ਹਰਪ੍ਰੀਤ ਸਿੰਘ ਜਵੰਦਾ ਅਤੇ ਨੈਥਨ ਗੈਂਡਰੌਨ ਦੁਆਰਾ ਲਿਖੀ ਅਤੇ ਰਾਜੀਵ ਢੀਂਗਰਾ ਦੁਆਰਾ ਡਾਇਰੈਕਟ ਕੀਤੀ ਫ਼ਿਲਮ ਦਾਰੂ ਨਾ ਪੀਂਦਾ ਹੋਵੇ ਵਿੱਚ ਮੁੱਖ ਅਦਾਕਾਰ ਵਜੋਂ ਅਮਰਿੰਦਰ ਗਿੱਲ, ਜਾਫ਼ਰੀ ਖ਼ਾਨ,ਸੋਹਿਲਾ ਕੌਰ, ਪੁਖਰਾਜ ਸੰਧੂ,ਪਿੰਨੂ ਸੇਖੋਂ, ਸੁਰਿੰਦਰ ਕੌਰ ਅਤੇ ਨੈਨਾ ਬੱਤਰਾ ਸ਼ਾਮਿਲ ਹਨ।ਰਿੱਧਮ ਬੁਆਏਜ ਦੁਆਰਾ ਦਾਵਤ ਇੰਟਰਟੈਂਨਮੈਂਟ,ਅਰਸਾਰਾ ਇੰਟਰਟੈਂਨਮੈਂਟ, ਬਲੂਸਟਾਰ ਇੰਟਰਟੈਂਨਮੈਂਟ ਅਤੇ ਏ ਬਰੂਸਕਸਵੁੱਡ ਫ਼ਿਲਮ ਪਰੋਡੰਕਸਨ ਨਾਲ ਮਿਲਕੇ ਪੇਸ਼ ਕੀਤੀ ਇਸ ਫ਼ਿਲਮ ਦੇ ਗੀਤਾਂ ਨੂੰ ਸੰਗੀਤ ਲੋਅਕੀ , ਅਵਾਜ਼ ਅਮਰਿੰਦਰ ਗਿੱਲ ਅਤੇ ਗੁਰਪ੍ਰੀਤ ਗਿੱਲ ਨੇ ਦਿੱਤੀ ਹੈ।

ਫ਼ਿਲਮ ਦੀ ਕਹਾਣੀ ਜਗਰੂਪ (ਅਮਰਿੰਦਰ ਗਿੱਲ) ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ ਜਿਸਨੂੰ ਬਚਪਨ ਵਿੱਚ ਮਿਲਿਆ ਸ਼ਰਾਬ ਦਾ ਇੱਕ ਢੱਕਣ ,ਸ਼ਰਾਬ ਪੀਣ ਦਾ ਆਦੀ ਬਣਾ ਦਿੰਦਾ ਹੈ। ਸ਼ਰਾਬ ਦੀ ਲਤ ਜਗਰੂਪ ਨੂੰ ਪਰਿਵਾਰ ਤੋਂ ਦੂਰ ਕਰ ਦਿੰਦੀ ਹੈ।ਉਸਦੀ ਧੀ ਉਸ ਨੂੰ ਪਿਆਰ ਕਰਦੀ ਹੋਈ ਵੀ ਸ਼ਰਾਬ ਪੀਣ ਕਰਕੇ ਦੂਰ ਹੋ ਜਾਂਦੀ ਹੈ। ਫ਼ਿਲਮ ਸ਼ਰਾਬ ਦੇ ਵਿਅਕਤੀ,ਸਿਹਤ,ਪਰਿਵਾਰ ਅਤੇ ਸਮਾਜ ਤੇ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕਰਦੀ ਹੈ। ਸਰਕਾਰ ਹੋਰ ਨਸ਼ੇ ਖ਼ਤਮ ਕਰਨ ਲਈ ਪੂਰਾ ਜ਼ੋਰ ਲਗਾਉਂਦੀ ਹੈ ਪ੍ਰੰਤੂ ਸ਼ਰਾਬ ਬੰਦੀ ਬਾਰੇ ਕਦੇ ਕੋਈ ਗੱਲ ਨਹੀਂ ਕਰਦੀ। ਪੰਜਾਬ ਦੇ ਇਕ ਸਾਬਕਾ ਸਿਹਤ ਮੰਤਰੀ ਜੀ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਸੀ ਮੰਨਦੇ ਪ੍ਰੰਤੂ ਸ਼ਰਾਬ ਦੀ ਬੋਤਲ ਤੇ ਲਿਖੀ ਚਿਤਾਵਨੀ ਕਿ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ , ਸ਼ਰਾਬ ਦੇ ਸਿਹਤ ਤੇ ਪੈਣ ਵਾਲੇ ਪ੍ਰਭਾਵਾਂ ਪ੍ਰਤੀ ਜ਼ਰੂਰ ਚੇਤਨਾ ਪੈਦਾ ਕਰਦੀ ਹੈ। ਫ਼ਿਲਮ ਦੇ ਮੁੱਖ ਪਾਤਰ ਜਗਰੂਪ ਨੂੰ ਜਿਸ ਤਰ੍ਹਾਂ ਸ਼ਰਾਬ ਪੀਣ ਦੀ ਆਦਤ ਪਈ, ਉਸਦੀ ਸ਼ੁਰੁਆਤ ਪਰਿਵਾਰ ਤੋਂ ਹੋਈ, ਜ਼ੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਤਾਂ ਇਹ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਹੋਵੇਗੀ, ਜ਼ੇਕਰ ਅਸੀਂ ਨਸ਼ੇ ਨਾ ਕੀਤੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਨਸ਼ਿਆਂ ਦੀ ਦਲਦਲ ਵਿੱਚ ਜਾਣ ਤੋਂ ਰੋਕਣ ਵਿਚ ਜ਼ਰੂਰ ਕਾਮਯਾਬ ਹੋਵਾਂਗੇ। ਕਾਮੇਡੀ ਅਤੇ ਡਰਾਮੇ ਦੇ ਨਾਲ ਨਾਲ ਫ਼ਿਲਮ ਸਮਾਜ਼ ਨੂੰ ਇੱਕ ਸਾਰਥਕ ਸੁਨੇਹਾ ਦੇਣ ਵਿੱਚ ਕਾਮਯਾਬ ਰਹੀ ਹੈ।

                          ਰਜਵਿੰਦਰ ਪਾਲ ਸ਼ਰਮਾ 

                          ਪਿੰਡ ਕਾਲਝਰਾਣੀ 

                         ਡਾਕਖਾਨਾ ਚੱਕ ਅਤਰ ਸਿੰਘ ਵਾਲਾ 

                         ਤਹਿ ਅਤੇ ਜ਼ਿਲ੍ਹਾ ਬਠਿੰਡਾ 

                          7087367969

Show More

Related Articles

Leave a Reply

Your email address will not be published. Required fields are marked *

Back to top button
Translate »