ਕਲਮੀ ਸੱਥ

ਅੰਤਰ 

ਅੰਤਰ  ( ਕਹਾਣੀ )

ਇੰਜੀ. ਵਰਿੰਦਰ ਟੱਲੇਵਾਲੀਆ 

ਸੁਦੇਸ਼ ਦਾ ਜਨਮ ਬਹੁਤ ਹੀ ਗਰੀਬ ਘਰ ਵਿੱਚ ਹੋਇਆ ਸੀ, ਪ੍ਰੀਵਾਰ ਦੇ ਪਾਲਣ ਪੋਸਣ ਲਈ ਸੁਦੇਸ਼ ਦੇ ਪਿਤਾ ਜੀ ਦੇ ਕੋਲ ਕੋਈ ਖਾਸ ਸਾਧਨ ਨਹੀਂ ਸਨ, ਪ੍ਰੀਵਾਰ ਬਹੁਤ ਵੱਡਾ ਸੀ। ਸੁਦੇਸ਼ ਦੀ ਭੂਆ ਆਪਣੇ ਭਰਾ ਦੀ ਮਜ਼ਬੂਰੀ ਨੂੰ ਵੇਖਦੇ ਹੋਏ ਅਤੇ ਉਸ ਦਾ ਬੋਝ ਹਲਕਾ ਕਰਨ ਲਈ ਪ੍ਰੀਵਾਰ ਵਿੱਚੋਂ ਇਕ ਲੜਕੀ ਸੁਦੇਸ਼ ਨੂੰ ਆਪਣੇ ਘਰ ਲੈ ਗਈ। ਸੁਦੇਸ਼ ਸੁਭਾਅ ਦੀ ਬਹੁਤ ਨਰਮ ਸੀ, ਪਰ ਭੂਆ ਬਹੁਤ ਹੀ ਕੜਕ ਸੁਭਾਅ ਦੀ ਸੀ, ਦਿਲ ਵਿੱਚ ਦਿਆ ਭਾਵ ਦੀ ਗੱਲ ਤਾਂ ਉਸਦੇ ਨੇੜੇ ਤੇੜੇ ਵੀ ਨਹੀਂ ਸੀ। ਭੂਆ ਮਾਂ ਦੇ ਸੁਭਾਅ ਨੂੰ ਸੁਦੇਸ਼ ਨੇ ਜਲਦੀ ਹੀ ਸਮਝ ਲਿਆ ਸੀ। ਭਾਵੇਂ ਭੂਆ ਮਾਂ ਕਿਸੇ ਤਰ੍ਹਾਂ ਦੀ ਵੀ ਸੀ, ਪਰ ਉਸ ਨੇ ਸੁਦੇਸ਼ ਨੂੰ ਕਦੀ ਪੜ੍ਹਨ ਤੋਂ ਨਹੀਂ ਸੀ ਰੋਕਿਆ। ਪਰੰਤੂ ਸੁਦੇਸ਼ ਤੋ ਕੰਮ ਕੋਹਲੂ ਦੇ ਬੈਲ ਦੀ ਤਰ੍ਹਾਂ ਲੈਂਦੀ ਸੀ, ਘਰ ਵਿੱਚ ਪਸ਼ੂ ਡੰਗਰ ਵੀ ਰੱਖਿਆ ਹੋਇਆ ਸੀ, ਉਨਾਂ ਦੀ ਸਾਂਭ ਸੰਭਾਲ, ਗੋਹਾ ਕੂੜਾ ਸੱਭ ਸੁਦੇਸ਼ ਦੇ ਜਿੰਮੇ ਹੀ ਪੈ ਗਿਆ ਸੀ, ਸਕੂਲ ਜਾਣ ਤੋਂ ਪਹਿਲਾਂ ਅਤੇ ਆਉਣ ਤੋ ਬਾਅਦ ਘਰ ਦਾ ਕੰਮ ਕਰਨਾ ਪੈਂਦਾ ਸੀ। ਸੁਦੇਸ਼ ਆਏ ਦਿਨ ਭੂਆ ਮਾਂ ਦੀਆ ਖਰੀਆਂ ਖੋਟੀਆਂ ਸੁਣ ਕੇ ਵੀ ਚੁੱਪ ਰਹਿਦੀ ਸੀ, ਇਹ ਸਭ ਉਸ ਦੀ ਮਜ਼ਬੂਰੀ ਬਣ ਗਿਆ ਸੀ ਕਿਉਂਕਿ ਉਸ ਨੂੰ ਕੋਈ ਵੀ ਹੋਰ ਭੂਆ ਮਾਂ ਤੋ ਬਗੈਰ ਮੱਦਦ ਕਰਨ ਵਾਲਾ ਅੱਗੇ ਪਿਛੇ ਦੂਰ ਤੱਕ ਵੀ ਦਿਖਾਈ ਨਹੀਂ ਸੀ ਦੇ ਰਿਹਾ। ਸੁਦੇਸ਼ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ, ਭਾਵੇਂ ਉਹ ਇਸ ਘਰ ਵਿੱਚ ਬਹੁਤ ਔਖੇ ਹਾਲਾਤਾਂ ਵਿੱਚੋ ਗੁਜ਼ਰ ਰਹੀ ਸੀ, ਪਰ ਕਿਸੇ ਵੀ ਤਰ੍ਹਾਂ ਪੜਾਈ ਨੂੰ ਪੂਰਾ ਕਰਨਾ ਚਾਹੁੰਦੀ ਸੀ। ਇਸ ਤਰ੍ਹਾਂ ਹੀ ਮੁਸ਼ਕਲਾਂ ਦੀਆਂ ਘੜੀਆਂ ਨੂੰ ਪਾਰ ਕਰਦੀ ਹੋਈ ਨੇ ਡਰਾਫਟਸਮੈਨ ਦਾ ਡਿਪਲੋਮਾ ਪਾਸ ਕਰ ਲਿਆ ਸੀ। ਪੜਾਈ ਦੇ ਖਤਮ ਹੋਣ ਦੇ ਨਾਲ ਹੀ ਉਸ ਨੁੰ ਬਿਜਲੀ ਬੋਰਡ ਵਿੱਚ ਨੌਕਰੀ ਮਿਲ ਗਈ ਸੀ। ਭੂਆ ਮਾਂ ਨੇ ਕੁੱਝ ਸਮੇਂ ਬਾਅਦ ਵਗੈਰ ਸੁਦੇਸ਼ ਦੀ ਸਹਿਮਤੀ ਲਏ ਹੀ ਹੈਲਥ ਡਿਪਾਰਮੈਟ ਵਿੱਚ ਕੰਮ ਕਰਦੇ ਇੱਕ ਲੜਕੇ ਦੇ ਨਾਲ ਉਸ ਦੀ ਸ਼ਾਦੀ ਤਹਿ ਕਰ ਦਿੱਤੀ। ਭੂਆ ਮਾਂ ਨੇ ਜੋ ਕੀਤਾ, ਸੁਦੇਸ਼ ਨੇ ਬਿਨਾਂ ਕਿਸੇ ਵਿਰੋਧ ਦੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲਿਆ। ਲੜਕਾ ਸੁਭਾਅ ਦਾ ਬਹੁਤ ਚੰਗਾ ਸੀ, ਸ਼ਾਦੀ ਤੋਂ ਬਾਅਦ ਇੱਕ ਦਿਨ ਸੁਦੇਸ਼ ਆਪਣੇ ਪਤੀ ਨਾਲ ਪੇਕੇ ਘਰ ਜਾ ਰਹੀ ਸੀ, ਦੁਪਹਿਰ ਦਾ ਸਮਾਂ ਸੀ, ਬੱਸ ਕਾਫੀ ਲੇਟ ਹੋ ਗਈ ਸੀ, ਦੁਪਿਹਰ ਦੇ ਖਾਣੇ ਦਾ ਸਮਾਂ ਲੰਘ ਰਿਹਾ ਸੀ, ਸੁਦੇਸ਼ ਦੇ ਮਨ ਵਿੱਚ ਭੂਆ ਮਾਂ ਦੇ ਸੁਭਾਅ ਦੀ ਪੂਰੀ ਫਿਲਮ ਉਸ ਦੇ ਦਿਮਾਗ ਵਿੱਚ ਚੱਲ ਰਹੀ ਸੀ, ਗੱਲ ਗੱਲ ਤੇ ਟੋਕਣਾ ਡਾਂਟਣਾ ਅਤੇ ਕਈ ਹੋਰ ਕੁੱਝ। ਸੋਚ ਰਹੀ ਸੀ ਪਤਾ ਨਹੀਂ ਭੂਆ ਮਾਂ ਜਾਂਦਿਆ ਨੂੰ ਕੀ ਬੋਲੇਗੀ, ਰੋਟੀ ਪਾਣੀ ਪੁੱਛੇਗੀ ਜਾਂ ਨਹੀਂ, ਹਾਲੇ ਨਵੀਂ ਨਵੀਂ ਸ਼ਾਦੀ ਹੋਈ ਹੈ, ਇੱਕ ਦੂਜੇ ਦੇ ਸੁਭਾਅ ਤੋਂ ਵੀ ਜਾਣੂ ਹਾਲੇ ਨਹੀਂ ਹੋ ਸਕੇ ਹਾਂ। ਕਾਫੀ ਦੇਰ ਤੱਕ ਸੁਦੇਸ਼ ਦੇ ਮਨ ਵਿਚ ਇਹੀ ਉਦੇੜ ਬੁਣ ਚੱਲਦਾ ਰਿਹਾ, ਹੁਣ ਕਰੇ ਤਾਂ ਕੀ ਕਰੇ? ਅਖੀਰ ਨੂੰ ਥੋੜ੍ਹੀ ਹਿੰਮਤ ਕਰਕੇ ਉਸਨੇ ਪਤੀ ਨੂੰ ਕਹਿ ਹੀ ਦਿੱਤਾ “ਜੇਕਰ ਤੁਸੀਂ ਬੁਰਾ ਨਾ ਮਨਾਓ ਤਾਂ ਆਪਾਂ ਖਾਣਾ ਬਜ਼ਾਰੋਂ ਖਾ ਲਈਏ” ਪਤੀ ਨੇ ਤੁਰੰਤ ਸੁਦੇਸ਼ ਦੀ ਗੱਲ ਨੂੰ ਮੰਨ ਲਿਆ, ਸੁਦੇਸ਼ ਦੇ ਦਿਮਾਗ ਤੋ ਮਨਾ ਮੂਹੀ ਬੋਝ ਉੱਤਰ ਗਿਆ ਸੀ, ਉਸ ਦਿਨ ਸੰਦੇਸ਼ ਨੂੰ ਮਹਿਸੂਸ ਹੋਇਆ ਕਿ ਅਗਰ ਮੈਂ ਆਪਣੀ ਮਾਂ ਦੇ ਘਰ ਜਾਣਾ ਹੁੰਦਾ ਤਾਂ ਮੈਨੂੰ ਇਹ ਗੱਲ ਸੋਚਣ ਲਈ ਮਜ਼ਬੂਰ ਨਹੀਂ ਹੋਣਾਂ ਪੈਣਾ ਸੀ। ਅੱਜ ਉਸ ਨੂੰ “ਇਸ ਮਾਂ” ਦੇ ਅਤੇ “ਉਸ ਮਾਂ” ਦੇ ਅੰਤਰ ਦੀ ਸੱਮਝ ਅੰਦਰੋ ਅੰਦਰੀ ਖਾਈ ਜਾ ਰਹੀ ਸੀ।

ਇੰਜੀ. ਵਰਿੰਦਰ ਟੱਲੇਵਾਲੀਆ  9417923777

Show More

Related Articles

Leave a Reply

Your email address will not be published. Required fields are marked *

Back to top button
Translate »