ਅਦਬਾਂ ਦੇ ਵਿਹੜੇ

ਅਗਲਾ ਵਰਕਾ ਫੋਲਿਆ ਗਿਆ

ਦਰਸ਼ਕਾਂ ਅਥਾਹ ਪਿਆਰ ,ਸਤਿਕਾਰ ਤੇ ਸਮਝ ਨਾਲ ਕਬੂਲਿਆ

ਰਿਸ਼ੀ ਨਾਗਰ ਜੀ ਲਿਖਦੇ ਹਨ :-

‘ਗਿਣਤੀ’ ਨਾਟਕ ਦੀ ਮੁੱਖ ਪਾਤਰ ਬਣਾ ਦਿੱਤੀ ਹੈ ਨਾਟਕਕਾਰ, ਡਾਇਰੈਕਟਰ, ਅਦਾਕਾਰ – ਆਲ ਇਨ ਵਨ- ਡਾ ਸਾਹਿਬ ਸਿੰਘ ਨੇ

ਕਦੇ ਇਹ ਗਿਣਤੀ ਚਾਲ੍ਹੀਆਂ ‘ਤੇ ਰੁਕਦੀ ਹੈ, ਫਿਰ 47 ‘ਤੇ ਤਬਾਹੀ ਮਚਾਉਂਦੀ ਹੈ, 75-77 ‘ਤੇ ਕਹਿਰ ਬਣਦੀ ਹੈ, ਚੁਰਾਸੀ ‘ਤੇ ਅੱਗ ਵਰ੍ਹਾਉਂਦੀ ਹੈ, (ਦੋ ਹਜ਼ਾਰ) ਅੱਠ ‘ਤੇ ਮੌਤ ਬਣਦੀ ਹੈ ਤੇ ਫਿਰ (ਦੋ ਹਜ਼ਾਰ) ਪੱਚੀ ‘ਤੇ ਪਹੁੰਚ ਕੇ ਸੁਨੇਹਾ ਦਿੰਦੀ ਹੈ ਕਿ ਬੰਦੇ ਬਣੋ, ਬੰਦੇ!

ਗਿਣਤੀ, ਬਸ਼ੀਰੇ ਦੇ ਪੁੱਤਰ ਅਫ਼ਜ਼ਲ ਦੀ ਰੱਸਾਕਸ਼ੀ ਵਿੱਚ ਪਹਿਲਾਂ ਉਸ ਦੀ ਜਿੱਤ ਦੇ ਪਲਾਂ ਦੀ ਕਹਾਣੀ ਲਿਖਦੀ ਹੈ ਤੇ ਨਾਲ ਹੀ ਜ਼ਿੰਦਗ਼ੀ ਦੇ ਸਾਹਾਂ ਦੇ ਮੁੱਕਣ ਦਾ ਸੁਨੇਹਾ ਵੀ ਲਿਆਉਂਦੀ ਹੈ। ਜਦੋਂ ਇਹ ਇਕ ਤੋਂ 100 ਵੱਲ ਵਧਦੀ ਹੈ, ਸਿੱਧੀ ਚੱਲਦੀ ਹੈ ਤਾਂ ਮੌਤ ਦਾ ਸੁਨੇਹਾ ਲਿਆਉਂਦੀ ਜਾਪਦੀ ਹੈ. ਮੌਤ ਦੀ ਪ੍ਰਤੀਕ ਲੱਗਦੀ ਹੈ ਪਰ ਜਦੋਂ ਪੁੱਠੀ, ਭਾਵ 100 ਤੋਂ ਇਕ ਵੱਲ ਚੱਲਦੀ ਹੈ ਤਾਂ ਆਸ ਦਾ ਸੁਨੇਹਾ ਸਿਰਜਦੀ ਲੱਗਦੀ ਹੈ, ਤਨਾਅ ਘਟਾਉਂਦੀ ਹੈ, ਜੀਵਨ ਦੀ ਪ੍ਰਤੀਕ ਬਣਦੀ ਹੈ; ਵਾਹ! ਵਾਹ! ਕਿੰਨੀ ਕਮਾਲ ਦੀ ਸਿਰਜਣਾ ਹੈ!

ਜਦੋਂ ਬਸ਼ੀਰਾ (ਬਸ਼ੀਰ ਅਹਿਮਦ) ਡੰਗਰ ਅਤੇ ਬੰਦੇ ਵਿਚਕਾਰ ਤੁਲਨਾਤਮਕ ਅਧਿਐਨ ਪੇਸ਼ ਕਰਦਿਆਂ ਬੰਦੇ ਨੂੰ ਵੀ ਡੰਗਰ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦਾ ਹੈ ਤਾਂ ਇਕ ਵਾਰ ਤਾਂ ਲੱਗਦਾ ਹੈ ਕਿ ਕਿ ਉਹ ਕਿੰਨਾ ਸੱਚਾ ਹੈ! ਪਰ ‘ਸੱਚ’ ਤੇ ‘ਸਹੀ’ ਦਰਮਿਆਨ ਪਈ ਫਿੱਕੀ, ਬਾਰੀਕ ਲਾਇਨ ਨੂੰ ਚਮਕਦਾਰ ਤੇ ਉੱਘੜਵੀਂ ਬਣਾਉਣ ਦੀ ਗੱਲ ਡਾ. ਸਾਹਿਬ ਸਿੰਘ ਕਰਦੇ ਨੇ। ਇਹ ਤਾਂ ਸੱਚ ਹੈ ਕਿ ਬੰਦਾ ਡੰਗਰ ਨਾਲ ਡੰਗਰ ਤਾਂ ਬਣ ਜਾਂਦੈ ਪਰ ਇਹ ਸਹੀ ਤਾਂ ਨਹੀਂ ਹੋ ਰਿਹੈ। ਖਿੱਚ੍ਹ ਕੇ, ਧੂਹ ਕੇ, ਘੜੀਸ ਕੇ ਨਾਟਕਕਾਰ, ਦਰਸ਼ਕ ਨੂੰ ਇਸੇ ਗੱਲ ਵੱਲ ਲੈ ਕੇ ਜਾਣਾ ਚਾਹੁੰਦਾ ਹੈ ਤੇ ਸਫ਼ਲ ਵੀ ਹੁੰਦਾ ਹੈ।

ਬੰਦਾ ਬਣਨਾ ਬਹੁਤ ਜ਼ਰੂਰੀ ਹੈ – ਇਹ ਗੱਲ ਡਾ. ਸਾਹਿਬ ਸਿੰਘ ਭਾਰਤ-ਪਾਕਿ ਵੰਡ ਵੇਲੇ ਹੋਈ ਵਹਿਸ਼ੀ ਤੇ ਅਣਮਨੁੱਖੀ ਹਿੰਸਾ ਵਿੱਚ ਬਸ਼ੀਰੇ ਦੀ ਪੋਤਰੀ ਸਮੀਨਾ ਨਾਲ ਵਾਪਰੇ ਕਹਿਰ ਦੀ ਲੂੰ-ਕੰਡੇ ਖੜ੍ਹੇ ਕਰਨ ਦੀ ਕਹਾਣੀ ਸੁਣਾਉਂਦਿਆਂ ਕਰਦੇ ਹਨ। ਸਮੀਨਾ ਦਾ ਭਾਰਤ ਵਿੱਚ ਆ ਕੇ ਬਚਨੋ ਬਣ ਜਾਣਾ – ਇਕ ਵਾਰ ਫਿਰ ਕਿਸੇ ਜਿਉਂਦੇ ਜਾਗਦੇ ਵਿਅਕਤੀ ਦੀ ਸ਼ਖਸੀਅਤ ਨੂੰ ਜਾਨਵਰਾਂ ਵਾਂਗ ਕੋਈ ਨਾਮ ਦੇ ਕੇ ਅਤੇ ਧਰਮ ਦਾ ਗਿਲਾਫ਼ ਚੜ੍ਹਾ ਕੇ ਉਸ ਨੂੰ ਬਦਲ ਦੇਣ ਦੀ ‘ਜੇਤੂ’ ਕੋਸ਼ਿਸ਼ ਨੂੰ ਲੇਖਕ-ਨਾਟਕਕਾਰ-ਡਾਇਰੈਕਟਰ-ਅਦਾਕਾਰ ਸਾਹਿਬ ਸਿੰਘ ਸਾਡੇ ਦਿਮਾਗ਼ਾਂ ਵਿੱਚ ਤੁੰਨ ਕੇ ਇਸ ਗੁੰਝਲ ਨੂੰ ਬੰਦਿਆਂ ਵਾਂਗ ਸਮਝਾਉਂਦੇ ਹਨ।

ਡੰਗਰਾਂ ਨਾਲ ਡੰਗਰ ਬਣੇ ਰਹਿਣ ਦਾ ਬਸ਼ੀਰੇ ਦਾ ਫੈਸਲਾ, ਸਮੀਨਾ ਨੂੰ ਬਚਨੋ ਬਣਾਉਣ ਦੀ ਅਰਜਨ ਸਿੰਘ ਦੀ ਜੇਤੂ ਜ਼ਿਦ, 1975-77 ਦੀ ਐਮਰਜੰਸੀ ਦੌਰਾਨ ਪੱਤਰਕਾਰ ਸੌਰਵ ਸ਼ਰਮਾ ਦੇ ਮਾਰੇ ਜਾਣ ਮਗਰੋਂ ਉਸ ਦੇ ਪੁੱਤਰ ਸੰਜੂ ਸ਼ਰਮਾ ਨੂੰ ਅਡੌਪਟ ਕਰਨ ਪਿੱਛੋਂ ਉਸ ਨੂੰ ਕੁਝ ਹੋਰ ਨਾ ਬਣਾਉਣ ਦਾ ਸਹੀ ਫੈਸਲਾ ਕੀਤਾ ਜਾਂਦਾ ਹੈ। ਸਮੀਨਾ ਤੋਂ ਬਚਨੋ ਬਣੀ ਮਾਂ ਆਪਣੇ ਪੁੱਤਰ ਸੰਜੂ ਨੂੰ ਸੰਜੂ ਸ਼ਰਮਾ ਹੀ ਰਹਿਣ ਦਿੰਦੀ ਹੈ। ਸੰਜੂ ਸ਼ਰਮਾ – ਪੱਤਰ ਅਰਜਨ ਸਿੰਘ ਤੇ ਸਮੀਨਾ ਉਰਫ਼ ਬਚਨੋ! ਮਗਰੋਂ ਸੌਫੀਆ ਨਾਲ ਉਸ ਦੀ ਸ਼ਾਦੀ, ਅੱਗੋਂ ਉਹਨਾਂ ਦੇ ਬੱਚੇ ਨਵਚੇਤਨ ਦਾ ਅਮਰੀਕਾ ਵਿੱਚ ਜਾ ਕੇ ਆਪਣੀਆਂ ਜੜ੍ਹਾਂ ਤੋਂ ਟੁੱਟਣ ਦਾ ਸੇਕ ਮਹਿਸੂਸ ਕਰਦਿਆਂ ਆਪਣੇ ਦਾਦੇ ਅਰਜਨ ਸਿੰਘ, ਅਤੇ ਦਾਦੀ ਸਮੀਨਾ ਦੇ ਦਾਦੇ ਬਸ਼ੀਰ ਦੇ ਫੈਸਲਿਆਂ ਨੂੰ ਨਕਾਰਨਾ, ਧਰਮਾਂ ਦੀ ਵਲੱਗਣ ਤੋਂ ਬਾਹਰ ਨਿਕਲ ਕੇ ਇਨਸਾਨ ਬਣ ਕੇ ਰਹਿਣ ਦਾ ਹੋਕਾ ਦੇਣਾ – ਇਕ ਬਹੁਤ ਲੰਬੀ ਕਹਾਣੀ ਜਾਪਦਾ ਹੋ ਸਕਦੈ, ਪਰ ਇਕੋ ਇਕ ਪਾਤਰ ਦੇ ਰੂਪ ਵਿੱਚ ਡਾ ਸਾਹਿਬ ਸਿੰਘ ਦਾ ਇਕ ਸਕਿੰਟ ਲਈ ਵੀ ਨਾ ਥਿੜਕਣਾ, ਨਾ ਉੱਕਣਾ, ਨਾ ਥੱਕਣਾ – ਉਹ ਵੀ ਪੂਰੇ ਨੱਬੇ ਮਿੰਟ! ਇਸ ਨਾਟਕ ਦੌਰਾਨ ਬਸ਼ੀਰੇ ਦੀ ਬੋਲੀ, ਕਿਰਦਾਰ ਤੇ ਜਜ਼ਬੇ ਨਾਲ ਪੂਰਾ ਇਨਸਾਫ ਕਰਨਾ, ਤੇ ਅੰਤ ਨਵੀਂ ਪੀੜ੍ਹੀ ਦੇ ਨਵਚੇਤਨ ਵਿੱਚ ਪੂਰੀ ਤਰ੍ਹਾਂ ਉਤਰ ਕੇ ਨਾਟਕ ਨੂੰ ਸਿਖਰ ਦੇਣਾ – ਡਾ ਸਾਹਿਬ ਸਿੰਘ ਲਈ ਕੁਝ ਲਿਖਣਾ ਮੇਰੇ ਲਈ ਬਹੁਤ ਈ ਔਖਾ ਹੋ ਗਿਆ…!

ਜਿਹੜਾ ਲਤਾੜਾ ਡਾ ਸਾਹਿਬ ਸਿੰਘ ਨੇ ਦਰਸ਼ਕਾਂ ਦੀ ਸੋਚ ਦਾ ਆਪਣੇ ਇਸ ਨਾਟਕ “ਤੂੰ ਅਗਲਾ ਵਰਕਾ ਫੋਲ” ਰਾਹੀਂ ਕੀਤਾ ਹੈ, ਉਹ ਏਨਾ ਕਮਾਲ ਹੈ ਕਿ ਸ਼ਬਦਾਂ ਦੀ ਥੁੜ੍ਹ ਹੋ ਗਈ ਹੈ। ਬਸ਼ੀਰਾ, ਅਰਜਨ, ਸੰਜੂ ਤੇ ਨਵਚੇਤਨ ਦੇ ਰੂਪ ਵਿੱਚ 90 ਮਿੰਟ ਦੇ ਨਾਟਕ ਦੌਰਾਨ ਇਤਿਹਾਸ ਦੇ ਵੱਖ ਵੱਖ ਸਾਲਾਂ ਵਿੱਚੋਂ ਦੀ ਗ਼ੁਜ਼ਰਦਿਆਂ ਇਹਨਾਂ ਪਾਤਰਾਂ ਦੇ ਕੱਪੜੇ, ਬੋਲੀ, ਸੱਭਿਆਚਾਰ ਤੇ ਹਾਵ-ਭਾਵ ਪੇਸ਼ ਕਰਦਿਆਂ “ਤੂੰ ਅਗਲਾ ਵਰਕਾ ਫੋਲ” ਨਾਟਕ ਦੇ ਲੇਖਕ, ਪੇਸ਼ਕਾਰ,ਨਿਰਦੇਸ਼ਕ ਨੇ ਅਰਸਤੂ ਦੀ ਨਾਟਕ ਦੀ ਉਸ ਪਰਿਭਾਸ਼ਾ ਨੂੰ ਵੀ ਨਵਾਂ ਰੂਪ ਦਿੱਤਾ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਯੁਨਿਟੀ ਔਫ਼ ਟਾਇਮ, ਪਲੇਸ ਐਂਡ ਐਕਸ਼ਨ ਵਿਚ ਟੁੱਟ-ਭੱਜ ਹੋਣ ‘ਤੇ ਨਾਟਕ ਆਪਣੇ ਰਾਹ ਤੋਂ ਭਟਕ ਜਾਂਦਾ ਹੈ।

ਸਾਹਿਬ ਸਿੰਘ ਹੁਰਾਂ ਨੇ ਇਸ ਪਰਿਭਾਸ਼ਾ ਨੂੰ ਨਵੇਂ ਸਿਰਿਉਂ ਘੜਿਆ ਹੈ। 1947, 1975, 1984, 2008 ਤੇ 2025 ਵਿਚੋਂ ਦੀ ਗ਼ੁਜ਼ਰਦਿਆਂ ਦਰਸ਼ਕ ਨੂੰ ਕੋਈ ਝਟਕਾ ਨਹੀਂ ਲੱਗਦਾ ਸਗੋਂ ਉਹ ਤਾਂ ਬਹੁਤ ਹੀ ਸਹਿਜੇ ਸਾਲ ਵੀ ਬਦਲ ਲੈਂਦਾ ਹੈ ਤੇ ਨਵੇਂ ਪਾਤਰ ਵਿੱਚ ਵੀ ਜਾ ਵੜਦਾ ਹੈ ਜਿਵੇਂ ਭਗਵਤ ਗੀਤਾ ਵਿੱਚ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਆਤਮਾ ਸਰੀਰ ਬਦਲ ਲੈਂਦੀ ਹੈ ਤੇ ਅਮਰ ਰਹਿੰਦੀ ਹੈ। ਨਾਟਕ ਦੀ ਆਤਮਾ ਵੀ ਅਮਰ ਹੈ ਤੇ ਆਦਮੀ ਦੇ ਕੱਪੜੇ ਬਦਲਣ ਵਾਂਗ ਸਾਲ ਵੀ ਲੈਂਦੀ ਹੈ ਤੇ ਪਾਤਰ ਵੀ!

ਦਰਸ਼ਕਾਂ ਦਾ ਨਾਟਕ ਦੀ ਸਮਾਪਤੀ ‘ਤੇ ਖੜ੍ਹੇ ਹੋ ਕੇ ਲਗਾਤਾਰ ਤਾੜੀਆਂ ਵਜਾਉਣਾ – ਨਾਟਕ ਦੀ ਸਫ਼ਲਤਾ ਦਾ ਸਿਖ਼ਰ ਸੀ। ਇਹ ਨਾਟਕ ਆਪਣੀ ਸਫ਼ਲਤਾ ਦੀਆਂ ਕਈ ਕਹਾਣੀਆਂ ਲਿਖ ਗਿਆ ਹੈ ਜਿਹਨਾਂ ਬਾਰੇ ਪੜ੍ਹਣ-ਸੁਣਨ ਨੂੰ ਅੱਖ-ਕੰਨ ਉਸੇ ਪਾਸੇ ਲੱਗੇ ਰਹਿਣਗੇ; ਉਹ ਚਾਹੇ ਦਰਸ਼ਕਾਂ ਦਾ ਰੋਂਦਿਆਂ ਹੋਇਆਂ ਸਾਹਿਬ ਸਿੰਘ ਨੂੰ ਜੱਫੀ ਪਾਉਣ ਬਾਰੇ ਹੋਵੇ, ਚਾਹੇ ਬੀਬੀ ਸੁਰਿੰਦਰ ਕੌਰ ਵੱਲੋਂ 100 ਡਾਲਰ ਮੁੱਠੀ ਵਿੱਚ ਪਾ ਦੇਣ ਦਾ ਪਲ ਹੋਵੇ…ਬਹੁਤ ਕੁਝ ਸੁਣਨਾ ਹੈ, ਡਾਕਟਰ ਸਾਹਿਬ ਸਿੰਘ ਕੋਲੋਂ!

ਰਿਸ਼ੀ ਨਾਗਰ

Show More

Related Articles

Leave a Reply

Your email address will not be published. Required fields are marked *

Back to top button
Translate »