ਅਦਬਾਂ ਦੇ ਵਿਹੜੇ

ਤਿੰਨ ਮਾਵਾਂ ਦਾ ਕਰਜ਼ ਉਤਾਰਨ ਲਈ ਹੀ ਅਮਰੀਕਾ ਦਾ ‘ਗਰੀਨ ਕਾਰਡ’ ਵਾਪਸ ਕਰਕੇ ਵਾਪਸ ਪੰਜਾਬ ਆਇਆ ਹਾਂ- ਅਮਰੀਕ ਸਿੰਘ ਤਲਵੰਡੀ

ਇੱਕ ਮੁਲਾਕਾਤ-

ਜਸਵੀਰ ਸਿੰਘ ਭਲੂਰੀਆ
       ਪਿਆਰੇ ਪਾਠਕੋ, ਅਮਰੀਕ ਸਿੰਘ ਤਲਵੰਡੀ ਨਾਲ ਤੁਸੀਂ ਭਾਵੇਂ ਰੂਬਰੂ ਨਾ ਹੋਏ ਹੋਵੋਗੇ ਪਰ ਇਸ ਨਾਂ ਤੋਂ ਤੁਸੀਂ ਜਰੂਰ ਵਾਕਫ ਹੋਵੇਗੇ,ਕਿਉਂਕਿ ਉਹ ਬੀਤੇ ਕਈ ਦਹਾਕਿਆਂ ਤੋਂ ਵੱਖ ਵੱਖ ਵਿਧਾਵਾਂ ਤੇ ਕਲਮ ਚਲਾ ਰਹੇ ਹਨ। ਉਨਾਂ ਦੀਆਂ ਰਚਨਾਵਾਂ ਦੇਸ਼-ਵਿਦੇਸ਼ ਦੇ ਪ੍ਰਮੁੱਖ ਅਖਬਾਰਾਂ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਅਨੇਕਾਂ ਹੀ ਦੇਸ਼-ਵਿਦੇਸ਼ ਦੇ ਟੀ.ਵੀ. ਚੈਨਲਾਂ ਤੇ ਉਨਾਂ ਨੂੰ ਕਵਿਤਾਵਾਂ ਪੜਦਿਆਂ, ਆਪਣੇ ਵਿਚਾਰ ਪੇਸ਼ ਕਰਦਿਆਂ ਜਾਂ ਉਨਾਂ ਦੀਆਂ ਮੁਲਾਕਾਤਾਂ ਜਰੂਰ ਦੇਖੀਆਂ ਹੋਣਗੀਆਂ। ਉਹ ਅਸਲ ਵਿੱਚ ਲੋਕ ਕਵੀ ਹਨ ਜੋ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੀ ਸਰਲ ਭਾਸ਼ਾ ਵਿੱਚ ਲਿਖਦੇ ਹਨ। ਇਸ ਦੇ ਨਾਲ ਨਾਲ ਉਹ ਇੱਕ ਨੇਕ ਇਨਸਾਨ ਵੀ ਹਨ। ਉਹ ਉੱਭਰ ਰਹੇ ਲੇਖਕਾਂ, ਸਮਾਜਸੇਵੀਆਂ ਜਾਂ ਜੋ ਕੋਈ ਵੀ ਸਮਾਜ ਲਈ, ਦੇਸ਼ ਲਈ, ਕੌਮ ਲਈ, ਆਪਣੀ ਮਾਂ ਬੋਲੀ ਲਈ ਚੰਗਾ ਉਪਰਾਲਾ ਕਰ ਰਿਹਾ ਹੋਵੇ ਤਾਂ ਉਸ ਦੀ ਹੌਸਲਾਅਫਜ਼ਾਈ ਕਰਨੀ ਨਹੀਂ ਭੁੱਲਦੇ। ਅੱਜ ਦੇ ਉੱਘੇ ਕਾਲਮ ਨਵੀਸ ਡਾ: ਗੁਰਚਰਨ ਨੂਰਪੁਰ, ਪੱਤਰਕਾਰ ਪ੍ਰਤਾਪ ਸਿੰਘ ਹੀਰਾ, ਦਾਸ  (ਜਸਵੀਰ ਭਲੂਰੀਆ), ਕਲਾਕਾਰਾਂ ਵਿੱਚੋਂ ਮਿੱਠਾ ਸਿੰਘ ਬੰਡਾਲਵੀ, ਬਲਜੀਤ ਬਾਦਸ਼ਾਹ, ਅੰਗਰੇਜ਼ ਅਲੀ ਆਦਿ ਨੂੰ ਉਨਾਂ ਦਾ ਹੀ ਥਾਪੜਾ ਨਸੀਬ ਹੋਇਆ ਹੈ। ਉਨਾਂ ਦੀ ਲਗਭਗ ਹਰ ਰਚਨਾ ਵਿੱਚ ਹੀ ਸਮਾਜ ਨੂੰ ਸੇਧ ਦੇਣ ਲਈ ਨਿੱਗਰ ਸੁਨੇਹਾ ਹੁੰਦਾ ਹੈ। ਅਮਰੀਕਾ ਦਾ ‘ਗਰੀਨ ਕਾਰਡ’ ਛੱਡ ਕੇ ਅੱਜ ਕੱਲ੍ਹ ਉਹ ਮੁੱਲਾਂਪੁਰ ਕਸਬੇ ਵਿੱਚ ‘ਤਿੰਨ ਮਾਵਾਂ’ ਦਾ ਕਰਜ ਉਤਾਰਨ ਲਈ ਯਤਨਸ਼ੀਲ ਹਨ। ਆਉ ਅੱਜ ਉਨਾਂ ਦੇ ਜੀਵਨ ਅਤੇ ਸਾਹਿੱਤਕ ਸਫਰ ਬਾਰੇ ਜਾਣਕਾਰੀ ਸਾਂਝੀ ਕਰੀਏ-

ਸਵਾਲ- ਤਲਵੰਡੀ ਸਾਬ੍ਹ ਇਨਸਾਨ ਦਾ ਜੀਵਨ ਸਫਰ ਉਸ ਦੇ ਜਨਮ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਪਹਿਲਾਂ ਆਪਣੇ ਜਨਮ, ਸਿਖਿਆ ਅਤੇ ਪ੍ਰੀਵਾਰ ਬਾਰੇ ਜਾਣਕਾਰੀ ਦਿਓ ਜੀ ?
ਜਵਾਬ-ਭਲੂਰੀਆ ਜੀ ਮੇਰਾ ਜਨਮ ਪਿਤਾ ਸ: ਪਾਲ ਸਿੰਘ ਅਤੇ ਮਾਤਾ ਬਸੰਤ ਕੌਰ ਦੇ ਘਰ ਪਿੰਡ ਤਲਵੰਡੀ ਕਲਾਂ, ਜ਼ਿਲਾ ਲੁਧਿਆਣਾ, ਤਹਿਸੀਲ ਜਗਰਾਓਂ ਵਿੱਚ ਹੋਇਆ। ਪ੍ਰਾਇਮਰੀ ਦੀ ਸਿਖਿਆ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚੋਂ, ਮੈਟ੍ਰਿਕ ਤੱਕ ਸ: ਹਾਈ ਸਕੂਲ ਸਵੱਦੀ ਕਲਾਂ ਤੋਂ ਪੜਿਆ ਹਾਂ। ਜੇ. ਬੀ. ਟੀ. ਜਗਰਾਓਂ ਤੋਂ ਅਤੇ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰਨ ਉਪਰੰਤ ਦਸ਼ਮੇਸ਼ ਖਾਲਸਾ ਹਾਈ ਸਕੂਲ ਟਾਹਲੀਆਣਾ ਤੋਂ ਅਧਿਆਪਨ ਦੀ ਸੇਵਾ ਸ਼ੁਰੂ ਕੀਤੀ। ਪ੍ਰੀਵਾਰ ਵਿੱਚ ਮੈਂ ਅਤੇ ਮੇਰੀ ਜੀਵਨ ਸਾਥਣ (ਦੋਵੇਂ ਸੇਵਾਮੁਕਤ) ਜਗਦੀਸ਼ ਕੌਰ ਦੋਵੇਂ ਮੁੱਲਾਂਪੁਰ (ਦਾਖਾ) ਵਿੱਚ ਰਹਿ ਰਹੇ ਹਾਂ। ਵੱਡੀ ਬੇਟੀ ਅਮਨਪ੍ਰੀਤ ਕੌਰ ਅਤੇ ਛੋਟਾ ਬੇਟਾ ਨਵਗੀਤ ਧਨੋਆ ਅਮਰੀਕਾ ਵਿੱਚ ਸੁਖੀ ਜੀਵਨ ਜੀਅ ਰਹੇ ਹਨ। ਵਿਚਕਾਰਲੀ ਬੇਟੀ ਨਵਰਚਨਾ ਕੌਰ ਪ੍ਰੀਵਾਰ ਸਮੇਤ ਆਸਟ੍ਰੇਲੀਆ ਵਿੱਚ ਸੈੱਟ ਹੈ।

ਸਵਾਲ-ਅਧਿਆਪਨ ਦਾ ਕਿੱਤਾ ਤੁਹਾਡੀ ਚੋਣ ਸੀ ਜਾਂ ਇਤਫਾਕਨ ਹੀ ਸਿਖਿਆ ਵਿਭਾਗ ਵੱਲ ਆ ਗਏ ?
ਜਵਾਬ- ਇਹ ਮੇਰੀ ਖਾਹਿਸ਼ ਸੀ ਕਿ ਮੈਂ ਅਧਿਆਪਕ ਬਣ ਕੇ ਬੱਚਿਆਂ ਨੂੰ ਚੰਗੀ ਸਿਖਿਆ ਦੇ ਕੇ ਦੇਸ਼ ਅਤੇ ਸਮਾਜ ਲਈ ਕੁੱਝ ਕਰ ਸਕਾਂ। ਮੇਰੀ ਸੋਚ ਸੀ ਕਿ ਸਾਡੇ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਕੇ ਸਾਨੂੰ ਅਜ਼ਾਦੀ ਲੈ ਕੇ ਦਿੱਤੀ ਹੈ। ਹੁਣ ਦੇਸ਼ ਨੂੰ ਸੰਭਾਲਣਾ ਅਤੇ ਸੁੱਚੱਜੇ ਢੰਗ ਨਾਲ ਚਲਾਉਣਾ ਸਾਡਾ ਫਰਜ਼ ਹੈ। ਸੋ ਮੈਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਸਵਾਲ-ਤੁਹਾਡੇ ਮੁਤਾਬਕ ਪ੍ਰੀਵਾਰ ਵਿੱਚ ਪਹਿਲਾਂ ਕੋਈ ਸਾਹਿੱਤਕ ਮਹੌਲ ਨਹੀਂ ਸੀ। ਫਿਰ ਸਾਹਿੱਤ ਵੱਲ ਤੁਹਾਡਾ ਝੁਕਾਅ ਕਿਵੇਂ ਹੋਇਆ ?
ਜਵਾਬ-ਸਾਡੇ ਘਰ ਤਾਂ ਕੀ ਨੇੜ-ਤੇੜ ਵੀ ਸਾਹਿੱਤਕ ਮਹੌਲ ਨਹੀਂ ਸੀ ਅਤੇ ਨਾ ਸਕੂਲ ਵਿੱਚ ਅਜਿਹਾ ਮਹੌਲ ਮਿਲਿਆ। ਵੱਡੇ ਹੋਏ ਤਾਂ ਵਿਆਹ-ਸ਼ਾਦੀਆਂ ਤੇ ਕੋਠੇ ਉੱਤੇ ਵੱਜਦੇ ਸਪੀਕਰਾਂ ਨੇ ਗੀਤ ਸੁਣਨ ਦਾ ਸੌਂਕ ਪੈਦਾ ਕਰ ਦਿੱਤਾ। ਓਦੋਂ ਗੀਤਾਂ ਵਿੱਚ ਇੰਦਰਜੀਤ ਹਸਨਪੁਰੀ, ਦੇਵ ਥਰੀਕੇ ਵਾਲਾ, ਮਾਨ ਮਰਾੜਾਂ ਵਾਲਾ ਅਤੇ ਹੋਰ ਕਈ ਗੀਤਕਾਰਾਂ ਦੇ ਗੀਤਾਂ ਵਿੱਚ ਨਾਂ ਸੁਣਨੇ ਤਾਂ ਮਨ ਵਿੱਚ ਰੀਝ ਪੈਦਾ ਹੋ ਗਈ ਕਿ ਮੇਰਾ ਨਾਂ ਵੀ ਏਸੇ ਤਰਾਂ ਸਪੀਕਰਾਂ ਵਿੱਚ ਗੂੰਜੇ। ਇੱਥੋਂ ਮੇਰੀ ਲੇਖਕ ਬਣਨ ਦੀ ਸ਼ੁਰੂਆਤ ਹੋਈ ਅਤੇ ਫਿਰ ਅਧਿਆਪਕ ਲੱਗਣ ਤੋਂ ਬਾਅਦ ਬੱਚਿਆਂ ਨਾਲ ਵਾਹ ਪਿਆ ਤਾਂ ਸੋਚਿਆ ਕਿ ਇਨਾਂ ਬੱਚਿਆਂ ਕਰਕੇ ਹੀ ਮੈਨੂੰ ਨੌਕਰੀ ਮਿਲੀ ਹੈ। ਇਸ ਲਈ ਬੱਚਿਆਂ ਲਈ ਵੀ ਲਿਖਣਾ ਚਾਹੀਦਾ ਹੈ। ਫਿਰ ਮੈਂ ਬਾਲ ਸਾਹਿਤ ਉੱਪਰ ਵੀ ਨਿੱਠ ਕੇ ਕਲਮ ਚਲਾਈ।

ਸਵਾਲ- ਸਭ ਤੋਂ ਪਹਿਲਾਂ ਤੁਸੀਂ ਕਿਹੜੀ ਵਿਧਾ ਤੇ ਕਲਮ ਅਜਮਾਈ ਕੀਤੀ ਅਤੇ ਹੁਣ ਤੱਕ ਕਿਹੜੀ ਕਿਹੜੀ ਵਿਧਾ ਤੇ ਕਲਮ ਚਲਾ ਚੁੱਕੇ ਹੋ?

ਜਵਾਬ- ਜਿਵੇਂ ਮੈਂ ਦੱਸ ਹੀ ਚੁੱਕਾ ਹਾਂ ਕਿ ਸ਼ੁਰੂਆਤ ਗੀਤਕਾਰੀ ਤੋਂ ਹੋਈ। ਫਿਰ ਬਾਲ ਕਵਿਤਾਵਾਂ, ਬਾਲ ਕਹਾਣੀਆਂ, ਮਿੰਨੀ ਕਹਾਣੀਆਂ ਅਤੇ ਸੈਂਕੜੇ ਕਾਵਿ ਸੁਨੇਹੜੇ ਲਿਖੇ ਜੋ ਵੱਖ-ਵੱਖ ਅਖਬਾਰਾਂ/ਰਸਾਲਿਆਂ ਵਿੱਚ ਸਮੇਂ-ਸਮੇਂ ਛਪਦੇ ਰਹੇ ਹਨ। ਲੰਬੀਆਂ ਕਵਿਤਾਵਾਂ ਵੀ ਲਿਖੀਆਂ ਜੋ ਆਲ ਇੰਡੀਆ ਰੇਡੀਓ ਜਲੰਧਰ ਅਤੇ ਦੂਰਦਰ਼ਸ਼ਨ ਕੇਂਦਰ ਜਲੰਧਰ ਤੋਂ ਸੈਂਕੜੇ ਵਾਰ ਪੇਸ਼ ਕਰਨ ਦਾ ਮੌਕਾ ਮਿਲਿਆ।

ਸਵਾਲ- ਤਲਵੰਡੀ ਸਾਬ੍ਹ ਸਾਹਿਤ ਸਭਾ ਜ਼ੀਰਾ ਦੀ ਤੁਸੀਂ ਨੀਂਹ ਰੱਖੀ। ਅੱਜ ਉਹ ਭਰਵਾਂ ਫਲਦਾਰ ਰੁੱਖ ਬਣ ਚੁੱਕਾ ਹੈ। ਸਾਹਿਤ ਸਭਾ ਦੇ ਗਠਨ ਬਾਰੇ ਵਿਚਾਰ ਤੁਹਾਡੇ ਦਿਮਾਗ ਵਿੱਚ ਕਿਵੇਂ ਆਇਆ ?
ਜਵਾਬ- ਨੌਕਰੀ ਦੇ ਸ਼ਿਲਸ਼ਿਲੇ ਵਿੱਚ ਮੈਨੂੰ ਲੁਧਿਆਣਾ ਜ਼ਿਲਾ ਛੱਡ ਕੇ ਸਰਹੱਦੀ ਜ਼ਿਲੇ ਫਿਰੋਜ਼ਪੁਰ ਦੇ ਜ਼ੀਰਾ ਇਲਾਕੇ ਵਿੱਚ ਜਾਣਾ ਪਿਆ। ਆਪਣੀ ਸਾਹਿੱਤਕ ਮਸ ਪੂਰੀ ਕਰਨ ਲਈ ਮੈਂ ਉੱਥੋਂ ਦੇ ਲੇਖਕਾਂ ਨੂੰ ਲੱਭ ਕੇ ਮਿਲਣਾ ਸ਼ੁਰੂ ਕਰ ਦਿੱਤਾ ਅਤੇ ਨੇੜਲੀਆਂ ਸਾਹਿਤ ਸਭਾਵਾਂ ਵਿੱਚ ਵੀ ਜਾਣ ਲੱਗਾ। ਫਿਰ ਮੈਂ ਸੋਚਿਆ ਕਿਉਂ ਨਾ ਜ਼ੀਰਾ ਸ਼ਹਿਰ ਵਿੱਚ ਹੀ ਸਾਹਿਤ ਸਭਾ ਦਾ ਗਠਨ ਕਰ ਦਿੱਤਾ ਜਾਵੇ। ਸ਼ੁਰੂਆਤ ਕਰਨ ਦੀ ਦੇਰ ਸੀ ਫਿਰ ਫਿਰੋਜ਼ਪੁਰ,ਮਖੂ, ਕੋਟ ਈਸੇ ਖਾਂ, ਤਲਵੰਡੀ ਭਾਈ, ਮੁੱਦਕੀ ਅਤੇ ਭਲੂਰ ਪਿੰਡ ਤੱਕ ਦੇ ਲੇਖਕ ਇਸ ਸਭਾ ਵਿੱਚ ਹਾਜ਼ਰੀ ਭਰਨ ਲੱਗੇ। ਉੱਥੋਂ ਦੇ ਲੋਕਾਂ ਨੇ ਮੈਨੂੰ ਰੱਜਵਾਂ ਪਿਆਰ ਦਿੱਤਾ ਅਤੇ ਲਗਾਤਾਰ 16 ਸਾਲ ਸਾਹਿਤ ਸਭਾ ਜ਼ੀਰਾ ਦੇ ਪ੍ਰਧਾਨ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਨਾਂ ਦਾ ਪਿਆਰ ਦੇਖ ਕੇ ਮੈਂ ਫਿਰ ਜ਼ੀਰੇ ਇਲਾਕੇ ਦੇ ਲੋਕਾਂ ਦੀ ਪ੍ਰਸੰਸਾ ਵਿੱਚ ਇੱਕ ਲੰਬੀ ਕਵਿਤਾ ਲਿਖੀ, ਜਿਸ ਦੇ ਬੋਲ ਸਨ-
ਵਧੀਆ ਲੋਕ ਕਿੱਥੇ ਵਸਦੇ, ਜੱਗ ਨੂੰ ਚਾਨਣ ਕਰਜੇਂਗੀ
ਜ਼ੀਰੇ ਵਰਗੇ ਲੋਕ ਨੀ ਲੱਭਣੇ, ਲੱਭਦੀ ਜਿੰਦੇ ਮਰਜੇਂਗੀ।

ਸਵਾਲ- ਤਲਵੰਡੀ ਜੀ ਹੁਣ ਤੱਕ ਕਿਹੜੀ-ਕਿਹੜੀ ਸਿਨਫ ਦੀਆਂ ਤੁਹਾਡੀਆਂ ਕਿੰਨੀਆਂ ਕਿਤਾਬਾਂ ਪ੍ਰਕਾ਼ਸ਼ਿਤ ਹੋ ਚੁੱਕੀਆਂ ਹਨ ?

ਜਵਾਬ- ਜਸਵੀਰ ਭਲੂਰੀਆ ਜੀ ਹੁਣ ਤੱਕ 36 ਦੇ ਕਰੀਬ ਮੇਰੀਆਂ ਕਿਤਾਬਾਂ ਛਪ ਚੁੱਕੀਆਂ ਹਨ, ਜਿਨਾਂ ਵਿੱਚ 20 ਕਿਤਾਬਾਂ ਸਿਰਫ ਬੱਚਿਆਂ ਲਈ ਹਨ ਅਤੇ 16 ਕਿਤਾਬਾਂ ਜਨਰਲ ਗੀਤ, ਲੰਬੀਆਂ ਕਵਿਤਾਵਾਂ ਅਤੇ ਮਿੰਨੀ ਕਹਾਣੀਆਂ ਦੀਆਂ ਹਨ। ਦੇਸ਼ ਅਤੇ ਦੇਸ਼ ਤੋਂ ਬਾਹਰ ਵੀ ਸਾਰੇ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਵਿੱਚ ਮੇਰੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ। 50 ਦੇ ਲਗਭਗ ਕਿਤਾਬਾਂ ਦੇ ਰੀਵਿਊ ਵੀ ਮੈਂ ਲਿਖ ਚੁੱਕਾ ਹਾਂ।

ਸਵਾਲ-ਤਲਵੰਡੀ ਸਾਬ੍ਹ ਤੁਹਾਡੇ ਸੈਂਕੜੇ ਗੀਤ ਪੰਜਾਬ ਦੇ ਮਹਾਨ ਕਲਾਕਾਰਾਂ ਨੇ ਗਾਏ ਹਨ। ਹੁਣ ਤੱਕ ਤੁਸੀਂ ਕਿੰਨੇ ਗੀਤ ਲਿਖ ਚੁੱਕੇ ਹੋ ਅਤੇ ਕੁੱਲ ਕਿੰਨੇ ਕਲਾਕਾਰਾਂ ਨੇ ਤੁਹਾਡੇ ਗੀਤ ਗਾਏ ਹਨ ?
ਜਵਾਬ-ਮੈਂ ਹੁਣ ਤੱਕ ਹਜ਼ਾਰਾਂ ਗੀਤ ਲਿਖ ਚੁੱਕਾ ਹਾਂ। ਸੁਰਿੰਦਰ ਛਿੰਦਾ, ਕੁਲਦੀਪ ਮਾਣਕ, ਗੁਲ਼ਸ਼ਨ ਕੋਮਲ, ਮੈਡਮ ਰੰਜਨਾ, ਦਿਲ਼ਾਸ਼ਾਦ ਅਖਤਰ, ਪਾਲੀ ਦੇਤਵਾਲੀਆ, ਸਤਪਾਲ ਕਿੰਗਰਾ, ਬੀਬਾ ਕੁਲਬੀਰ ਗੋਗੀ, ਗੁਰਪਾਲ ਸਿੰਘ ਪਾਲ,ਦਲੇਰ ਪੰਜਾਬੀ, ਸੁਰਜੀਤ ਆਲੀਵਾਲ ਸਮੇਤ 40 ਕਲਾਕਾਰਾਂ ਦੀ ਅਵਾਜ਼ ਵਿੱਚ ਸ਼ੈਂਕੜੇ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਰਿਕਾਰਡ ਗੀਤਾਂ ਦੀਆਂ ਕਿਤਾਬਾਂ ਵੀ ਛਪੀਆਂ ਹਨ।

ਸਵਾਲ- ਹਾਂ, ਗੀਤਾਂ ਤੋਂ ਯਾਦ ਆਇਆ। ਹਥਿਆਰਾਂ, ਨਸ਼ਿਆਂ ਅਤੇ ਘਟੀਆ ਸ਼ਬਦਾਵਲੀ ਵਾਲੇ ਗੀਤ ਹਿੱਟ ਹੋ ਰਹੇ ਹਨ ਪਰ ਸਾਫ-ਸੁਥਰੇ, ਸਮਾਜਿਕ ਗੀਤ ਪਿਟ ਰਹੇ ਹਨ। ਤੁਹਾਡੀ ਨਜ਼ਰ ਵਿੱਚ ਇਸ ਦਾ ਕੀ ਕਾਰਨ ਹੋ ਸਕਦਾ ਹੈ ?
ਜਵਾਬ- ਭਲੂਰੀਆ ਜੀ ਆਹ ਸਵਾਲ ਤੁਸੀਂ ਬਹੁਤ ਹੀ ਅਹਿਮ ਕੀਤਾ ਹੈ। ਬਜ਼ਾਰ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਸਸਤਾ ਜਾਂ ਮਾੜਾ ਸੌਦਾ ਹੱਥੋ-ਹੱਥ ਵਿਕ ਜਾਂਦਾ ਹੈ ਪਰ ਮਹਿੰਗਾ ਅਤੇ ਕਵਾਲਿਟੀ ਦਾ ਸੌਦਾ ਕੋਈ ਕੋਈ ਹੀ ਖ੍ਰੀਦਦਾ ਹੈ। ਏਥੇ ਵੀ ਇਹੋ ਮਾਮਲਾ ਹੈ। ਜਿੰਨਾ ਚਿਰ ਸਾਰੇ ਸਰੋਤਿਆਂ ਦੀ ਸੋਚ ਉਸਾਰੂ ਨਹੀਂ ਹੁੰਦੀ ਓਨਾ ਚਿਰ ਇਹੋ ਹਾਲ ਰਹੇਗਾ। ਪਰ ਚੰਗੇ ਗੀਤਾਂ ਦੇ ਕਦਰਦਾਨ ਸਰੋਤੇ ਵੀ ਹਨ, ਭਾਵੇਂ ਉਨਾਂ ਦੀ ਗਿਣਤੀ ਘੱਟ ਹੈ। ਪਰ ਮੇਰੀ ਸਮਝ ਹੈ ਕਿ ਸੌਦਾ ਵੇਚਣ ਲਈ ਆਪਣੀ ਚੀਜ਼ ਦਾ ਮਿਆਰ ਨਹੀਂ ਡੇਗਣਾ ਚਾਹੀਦਾ।

ਸਵਾਲ-ਤੁਸੀਂ ਅਕਸਰ ਹੀ ਸਟੇਜਾਂ ਤੇ ਬੋਲਦੇ ਹੋ ਕਿ ਤਿੰਨ ਮਾਵਾਂ ਦਾ ਕਰਜ਼ ਬੰਦਾ ਕਦੇ ਨਹੀਂ ਉਤਾਰ ਸਕਦਾ। ਪੰਜਾਬੀ ਮਾਂ ਬੋਲੀ ਦੇ ਭਵਿੱਖ ਬਾਰੇ ਤੁਹਾਡੇ ਕੀ ਵਿਚਾਰ ਹਨ ਅਤੇ ਤੁਸੀਂ ਆਪਣੀ ਮਾਦਰੀ ਜ਼ੁਬਾਨ ਦੀ ਪ੍ਰਫੁੱਲਤਾ ਕੀ ਉਪਰਾਲੇ ਕਰ ਰਹੇ ਹੋ ?


ਜਵਾਬ-ਵਿਦਾਇਗੀ ਪਾਰਟੀਆਂ, ਸਾਹਿੱਤਕ ਸਮਾਗਮਾਂ,ਖੁਸ਼ੀ-ਗ਼ਮੀ ਦੇ ਭੋਗਾਂ, ਕਿਸਾਨ ਯੂਨੀਅਨ ਦੇ ਧਰਨਿਆਂ ਤੇ ਅਕਸਰ ਹੀ ਮੈਨੂੰ ਬੋਲਣ ਦਾ ਮੌਕਾ ਮਿਲਦਾ ਰਹਿੰਦਾ ਹੈ। ਹਰ ਸਟੇਜ ਤੋਂ ਮੈਂ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦਾ ਹਾਂ। ਤਿੰਨ ਮਾਵਾਂ ਦਾ ਕਰਜਾ ਤਾਂ ਕੋਈ ਵੀ ਇਨਸਾਨ ਉਤਾਰ ਨਹੀਂ ਸਕਦਾ ਪਰ ਜਿੰਨਾ ਹੋ ਸਕਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੈਂ ਆਪਣੀ ਸਾਰੀ ਨੌਕਰੀ ਦੌਰਾਨ ਪੜਾਉਣ ਤੋਂ ਬਿਨਾਂ ਹੋਰ ਕੋਈ ਵੀ ਕੰਮ(ਸਾਈਡ ਬਿਜ਼ਨਸ) ਨਹੀਂ ਕੀਤਾ। ਸਾਰੀ ਸਰਵਿਸ ਦੌਰਾਨ ਕਦੇ ਵੀ ਇੱਕ ਮਿੰਟ ਲੇਟ ਨਹੀਂ ਗਿਆ ਅਤੇ ਨਾ ਕਦੇ ਇੱਕ ਮਿੰਟ ਪਹਿਲਾਂ ਆਇਆ ਹਾਂ। ਇਹ ਮੇਰਾ ਰਿਕਾਰਡ ਹੈ। ਬੱਚੇ ਵਿਦੇਸ਼ਾਂ ਵਿੱਚ ਸੈੱਟ ਹਨ। ਉਹ ਸਾਨੂੰ ਦੋਹਾਂ ਨੂੰ ਪੱਕੇ ਤੌਰ ਤੇ ਓਥੇ ਰਹਿਣ ਲਈ ਮਜਬੂਰ ਕਰਦੇ ਹਨ। ਪਰ ਮੈਂ ਤਾਂ ਅਮਰੀਕਾ ਦਾ ‘ਗਰੀਨ ਕਾਰਡ’ ਵਾਪਸ ਕਰਕੇ ਪਿਆਰੇ ਪੰਜਾਬ ਲਈ ਵਾਪਸ ਆ ਗਿਆ ਹਾਂ। ਮੈਂ ਤਿੰਨ ਮਾਵਾਂ ਦਾ ਕਰਜ ਉਤਾਰਨ ਲਈ ਜਿਨਾਂ ਵੱਧ ਤੋਂ ਵੱਧ ਹੋ ਸਕਿਆ ਆਖਰੀ ਦਮ ਤੱਕ ਕੰਮ ਕਰਦਾ ਰਹਾਂਗਾ। ਉਝ ਮੈਂ ਦੋ ਵਾਰ ਅਮਰੀਕਾ ਅਤੇ ਇੱਕ ਵਾਰ ਆਸਟਰੇਲੀਆ ਚੱਕਰ ਲਾ ਆਇਆ ਹਾਂ।

ਸਵਾਲ- ਇਹ ਤਾਂ ਤਿੰਨ ਮਾਵਾਂ ਦੀ ਗੱਲ ਹੋ ਗਈ। ਇੱਕ ਵਾਰ ਪੂਰੇ ਪੰਜਾਬ ਵਿੱਚ ਤਿੰਨ ਸਾਢੂਆਂ ਦੇ ਸਨਮਾਨ ਦੀ ਵੀ ਖੂਬ ਚਰਚਾ ਹੋਈ ਸੀ। ਉਹ ਕਿੱਸਾ ਵੀ ਸਾਡੇ ਪਾਠਕਾਂ ਨਾਲ ਸਾਂਝਾ ਕਰੋ ?
ਜਵਾਬ – ਜਸਵੀਰ ਤੁਹਾਨੂੰ ਤਾਂ ਪਤਾ ਹੀ ਹੈ ਕਿ ਬਾਈ ਦੇਵ ਥਰੀਕੇ ਵਾਲਾ, ਸੁਰਿੰਦਰ ਛਿੰਦਾ ਅਤੇ ਮੈਂ ਤਿੰਨੇ ਲੁਧਿਆਣੇ ਜ਼ਿਲੇ ਦੇ ਪਿੰਡ ਸਹੌਲੀ ਵਿਆਹੇ ਹੋਏ ਹਾਂ। ਉਨੀਂ ਦਿਨੀਂ ਛਿੰਦੇ ਦੀ ਗਾਇਕੀ ਜੋਬਨ ਤੇ ਸੀ। ਬਾਈ ਦੇਵ ਅਤੇ ਮੇਰੇ ਗੀਤਾਂ ਦੀ ਵੀ ਪੂਰੇ ਪੰਜਾਬ ਵਿੱਚ ਚਰਚਾ ਸੀ। ਸਹੌਲੀ ਪਿੰਡ ਦੇ ਲੋਕਾਂ ਨੇ ਸਾਡੇ ਉੱਪਰ ਮਾਣ ਕਰਦਿਆਂ ਸਾਡਾ ਸਨਮਾਨ ਕਰਨ ਦਾ ਫੈਸਲਾ ਕੀਤਾ। ਇਸ ਵਿੱਚ ਬਾਬਾ ਅਮਰ ਸਿੰਘ ਸਪੋਰਟਸ ਕਲੱਬ ਸਹੌਲੀ, ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦਾ ਪੂਰਨ ਸਹਿਯੋਗ ਰਿਹਾ। ਟੂਰਨਾਮੈਂਟ ਦੇ ਅਖੀਰਲੇ ਦਿਨ ਕਈ ਪਿੰਡਾਂ ਦੇ ਇਕੱਠ ਵਿੱਚ ਸੋਨੇ ਦੀਆਂ ਮੁੰਦੀਆਂ,ਸ਼ਾਨਦਾਰ ਟਰਾਫੀਆਂ ਅਤੇ ਲੋਈਆਂ ਨਾਲ ਫੁੱਲਾਂ ਨਾਲ ਲੱਦ ਕੇ ਸਾਨੂੰ ਮਾਣ ਦਿੱਤਾ ਗਿਆ। ਸੱਚਮੁੱਚ ਇਹ ਪੂਰੇ ਪੰਜਾਬ ਵਿੱਚ ਤਿੰਨ ਸਾਢੂਆਂ ਦਾ ਵਿਲੱਖਣ ਸਨਮਾਨ ਸੀ ਜੋ ਸਾਡੇ ਲਈ ਵੀ ਅਭੁੱਲ ਯਾਦ ਬਣ ਗਈ।

ਸਵਾਲ-ਤਲਵੰਡੀ ਸਾਬ੍ਹ ਬਿਨਾਂ ਸ਼ੱਕ ਤੁਹਾਡਾ ਸਾਹਿੱਤਕ ਕਾਰਜ ਬੜਾ ਵਿਸ਼ਾਲ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਜੇ ਕੋਈ ਇਨਸਾਨ ਨੇਕ ਕਾਰਜ ਕਰਦਾ ਹੈ ਤਾਂ ਉਸ ਨੂੰ ਸ਼ਾਬਾਸ਼ੇ ਮਿਲਣੀ ਵੀ ਜਰੂਰੀ ਹੁੰਦੀ ਹੈ। ਸਰਕਾਰ ਨੇ ਜਾਂ ਹੋਰ ਕਿਹੜੀਆਂ ਸੰਸਥਾਵਾਂ ਨੇ ਤੁਹਾਡੀ ਹੌਸਲਾਅਫਜ਼ਾਈ ਕੀਤੀ ?


ਜਵਾਬ- ਭਲੂਰੀਆ ਜੀ ਇੱਕ ਲੇਖਕ ਲਈ ਸਭ ਤੋਂ ਵੱਡਾ ਸਨਮਾਨ ਤਾਂ ਪਾਠਕਾਂ ਦਾ ਪਿਆਰ ਹੁੰਦਾ ਹੈ। ਜੋ ਮੈਨੂੰ ਮਣਾਂਮੂੰਹੀਂ ਮਿਲ ਰਿਹਾ ਹੈ। ਮੇਰੇ ਪ੍ਰਸੰਸਕਾਂ ਨੇ ਸਨਮਾਨਾਂ ਨਾਲ ਮੇਰਾ ਘਰ ਭਰ ਦਿੱਤਾ ਹੈ। ਜੇ ਰਵਾਇਤੀ ਸਨਮਾਨਾਂ ਦੀ ਗੱਲ ਕਰੀਏ ਤਾਂ 1988 ਵਿੱਚ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਅਤੇ 1993 ਵਿੱਚ ਕੇਂਦਰ ਸਰਕਾਰ ਨੇ (ਸਭ ਤੋਂ ਘੱਟ ਉਮਰ ) ਨੈਸ਼ਨਲ ਐਵਾਰਡ ਨਾਲ ਨਿਵਾਜਿਆ ਹੈ। 2014 ਵਿੱਚ ਸ਼ੋਮਣੀ ਬਾਲ ਸਾਹਿਤਕਾਰ ਮਿਲ ਚੁੱਕਾ ਹੈ। ਇਸ ਤੋਂ ਬਿਨਾਂ ਪੰਜਾਬ ਅਤੇ ਦੇਸ਼ ਵਿਦੇਸ਼ ਦੀਆਂ ਲਗਭਗ 200 ਤੋਂ ਵੱਧ ਸੰਸਥਾਵਾਂ ਨੇ ਮੇਰਾ ਮਾਣ ਵਧਾਇਆ ਹੈ ਅਤੇ ਮੈਂ ਉਨਾਂ ਸਾਰੀਆਂ ਸੰਸਥਾਵਾਂ ਦੇ ਸੰਚਾਲਕਾਂ ਸਦਾ ਰਿਣੀ ਰਹਾਂਗਾ। ਕਿਉਂਕਿ ਇਹ ਸਨਮਾਨ ਮੈਨੂੰ ਮੇਰੀ ਜੁੰਮੇਵਾਰੀ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ।

ਸਵਾਲ- ਤਲਵੰਡੀ ਜੀ ਪ੍ਰਿੰਟ ਮੀਡੀਆ ਅਤੇ ਇਲੈਕਟ੍ਰੋਨਿਕ ਮੀਡੀਆ ਤੇ ਤੁਹਾਡੀਆਂ ਅਨੇਕਾਂ ਮੁਲਾਕਾਤਾਂ ਪੜੀਆਂ/ਸੁਣੀਆਂ/ਦੇਖੀਆਂ, ਪਰ ਮੈਂ ਕਦੇ ਤੁਹਾਡੇ ਉਸਤਾਦ ਬਾਰੇ ਜਿਕਰ ਨਹੀਂ ਪੜਿਆ/ ਸੁਣਿਆਂ ?
ਜਵਾਬ- ਭਲੂਰੀਆ ਜੀ ਤੁਹਾਡਾ ਇਹ ਸਵਾਲ ਵਾਜਬ ਹੈ, ਕਿਉਂਕਿ ਇਹ ਸਵਾਲ ਬਹੁਤ ਘੱਟ ਆਇਆ ਹੈ। ਜਿਵੇਂ ਮੈਂ ਦੱਸ ਚੁੱਕਾ ਹਾਂ ਕਿ ਜੇ. ਬੀ. ਟੀ. ਕਰਨ ਤੋਂ ਬਾਅਦ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗਿਆਨੀ ਕਰ ਲਈ ਸੀ। ਗਿਆਨੀ ਕਰਨ ਵਾਲੇ ਇਨਸਾਨ ਦਾ ਝੁਕਾਅ ਅਕਸਰ ਹੀ ਸਾਹਿਤ ਵੱਲ ਹੋ ਜਾਂਦਾ ਹੈ। ਮੈਂ ਕੁੱਝ ਕਵਿਤਾਵਾਂ ਲਿਖ ਕੇ ਸਿੱਧਾ ਆਲ ਇੰਡੀਆ ਰੇਡੀਓ ਜਲੰਧਰ ਪਹੁੰਚ ਗਿਆ। ਉੱਥੋਂ ਦੇ ਅਧਿਕਾਰੀਆਂ ਨੇ ਪਹਿਲਾ ਸਵਾਲ ਕੀਤਾ ਕਿ ਤੁਹਾਡਾ ਉਸਤਾਦ ਕੌਣ ਹੈ। ਤਾਂ ਮੈਂ ਸੱਚ ਕਹਿ ਦਿੱਤਾ ਕਿ ਮੇਰਾ ਕੋਈ ਉਸਤਾਦ ਨਹੀਂ। ਉਹ ਕਹਿੰਦੇ ਜਾਹ ਪਹਿਲਾਂ ਕਿਸੇ ਨੂੰ ਆਪਣਾ ਉਸਤਾਦ ਮੰਨ, ਫੇਰ ਸਾਡੇ ਕੋਲ ਆਵੀਂ। ਮੈਂ ਸਵਾਲ ਕੀਤਾ ਕਿ ਹੁਣ ਤੁਸੀਂ ਹੀ ਦੱਸੋਂ ਮੈਂ ਉਸਤਾਦ ਕਿਸ ਨੂੰ ਬਣਾਵਾਂ ?
ਉਹ ਕਹਿੰਦੇ ਤੁਸੀਂ ਰਹਿੰਦੇ ਕਿੱਥੇ ਹੋ ?
ਮੈਂ ਦੱਸਿਆ ਕਿ ਮੈਂ ਜ਼ੀਰੇ ਰਹਿੰਦਾ ਹਾਂ। ਉਹ ਕਹਿੰਦੇ ਫਿਰ ਫਿਰੋਜ਼ਪੁਰ ਰਾਮ ਨਾਥ ਮੁਸਾਫਰ ਨੂੰ ਉਸਤਾਦ ਧਾਰ ਲਵੋ। ਤਾਂ ਮੈਂ ਅਗਲੇ ਦਿਨ ਹੀ ਰਾਮ ਨਾਥ ਮੁਸਾਫਰ ਜੀ ਦੇ ਪੈਰੀਂ ਹੱਥ ਜਾ ਲਾਏ ਅਤੇ ਬਕਾਇਦਾ ਰਸਮੀਂ ਤੌਰ ਤੇ ਉਨਾਂ ਨਾਲ ਉਸਤਾਦੀ-ਸ਼ਗਿਰਦੀ ਦਾ ਰਿਸ਼ਤਾ ਜੋੜ ਲਿਆ।

ਸਵਾਲ- ਸਾਡੇ ਪਾਠਕਾਂ ਨੂੰ ਕੋਈ ਸੁਨੇਹਾ, ਕੋਈ ਸਝਾਅ ਜਰੂਰ ਦਿਓ ਜੀ ?
ਜਵਾਬ- ਦੇਸ਼- ਵਿਦੇਸ਼ ਦੀਆਂ ਸਟੇਜਾਂ ਤੇ ਤਾਂ ਮੈਂ ਅਕਸਰ ਹੀ ਸੁਨੇਹਾ ਦਿੰਦਾ ਰਹਿੰਦਾ ਹਾਂ। ਅੱਜ ਮੈਂ ਤੁਹਾਡੇ ਮਾਧਿਅਮ ਰਾਹੀਂ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਜਿੱਥੇ ਮਰਜੀ ਵੱਸੋ ਪਰ ਪੰਜਾਬ ਅਤੇ ਪੰਜਾਬੀ ਨੂੰ ਕਦੇ ਨਾ ਭੁੱਲੋ। ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਸੇ ਨਾਲ ਜੋੜੋ, ਤਾਂ ਹੀ ਸਾਡੀ ਹੋਂਦ ਬਰਕਰਾਰ ਰਹੇਗੀ। ਜੇ ਅਸੀਂ ਹੁਣ ਆਪਣਾ ਫਰਜ਼ ਨਾ ਨਿਭਾਇਆ ਆਉਣ ਵਾਲਾ ਸਮਾਂ ਸਾਨੂੰ ਲਾਹਣਤਾਂ ਪਾਵੇਗਾ। ਇਸ ਸ਼ੁਭ ਕਾਰਜ ਵਿੱਚ ਜਿੰਨਾ ਯੋਗਦਾਨ ਕੋਈ ਪਾ ਸਕਦਾ ਹੈ ਜਰੂਰ ਪਾਉਣਾ ਚਾਹੀਦਾ ਹੈ।

ਜਸਵੀਰ ਸਿੰਘ ਭਲੂਰੀਆ
ਸਰੀ,(ਬੀ.ਸੀ.) ਕੈਨੇਡਾ
+91-99159-95505
+1- 236-888-5456

Show More

Related Articles

Leave a Reply

Your email address will not be published. Required fields are marked *

Back to top button
Translate »