ਐਥੇ ਵੀ ਓਹੋ ਕੰਮ…

ਪੁਲਿਸ ਦੀ ਇੱਕ ਗੁੰਝਲਦਾਰ ਜਾਂਚਭ੍ਰਿਸ਼ਟਾਚਾਰ ਦੀ ਜਾਂਚ ’ਚ 20 ਗ੍ਰਿਫ਼ਤਾਰੀਆਂ-ਜੇਲ੍ਹ, ਮੁੜ ਵਸੇਬਾ ਅਧਿਕਾਰੀ ਅਤੇ ਕੈਦੀਆਂ ਨਾਲ ਸਬੰਧਿਤ ਲੋਕ ਸ਼ਾਮਿਲ
-ਨਕਦੀ ਦੇ ਬਦਲੇ ਜੇਲ੍ਹ ਵਿੱਚ ਮੋਬਾਈਲ ਫੋਨ, ਨਸ਼ੀਲੇ ਪਦਾਰਥ, ਤੰਬਾਕੂ ਅਤੇ ਹੋਰ ਵਰਜਿਤ ਸਮੱਗਰੀ ਦੀ ਹੁੰਦੀ ਸੀ ਤਸਕਰੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 21 ਮਈ, 2026:-ਤਕਰੀਬਨ ਇੱਕ ਸਾਲ ਤੱਕ ਚੱਲੀ ਪੁਲਿਸ ਦੀ ਇੱਕ ਗੁੰਝਲਦਾਰ ਜਾਂਚ ਨੇ ਕਈ ਖੇਤਰਾਂ ਦੀ ਜ਼ੇਲ੍ਹ ਅੰਦਰ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਦਾ ਪਰਦਾਫਾਸ਼ ਕੀਤਾ ਹੈ। ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਵੱਲੋਂ ‘ਆਪ੍ਰੇਸ਼ਨ ਜੈਸਪਰ’ ਨੂੰ ਸੰਪੂਰਨ ਕਰਨ ਤੋਂ ਬਾਅਦ ਇਸ ਹਫ਼ਤੇ ਵੀਹ ਲੋਕਾਂ ’ਤੇ ਦੋਸ਼ ਲਗਾਏ ਗਏ ਹਨ।
ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਸੁਧਾਰ ਘਰ (ਜੇਲ੍ਹ) ਦੇ ਅਧਿਕਾਰੀ (ਕੁਰੈਕਸ਼ਨ ਅਫ਼ਸਰ), ਮੁੜ ਵਸੇਬਾ ਅਧਿਕਾਰੀ (ਰੀਇੰਟੀਗ੍ਰੇਸ਼ਨ ਅਫ਼ਸਰ) ਅਤੇ ਕੈਦੀਆਂ ਨਾਲ ਸਬੰਧਤ ਆਮ ਜਨਤਾ ਦੇ ਮੈਂਬਰ ਸ਼ਾਮਲ ਹਨ।
ਪੁਲਿਸ ਨੇ ਗੰਭੀਰ ਅਪਰਾਧਿਕ ਅਪਰਾਧਾਂ ਦੀ ਪਛਾਣ ਕੀਤੀ ਹੈ, ਜੋ ਇੰਨੇ ਗੰਭੀਰ ਹਨ ਕਿ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੇ ਦੋਸ਼ਾਂ ’ਤੇ ਮੁਕੱਦਮਾ ਚਲਾਉਣ ਲਈ ਅਟਾਰਨੀ-ਜਨਰਲ ਦੀ ਸਹਿਮਤੀ ਦੀ ਲੋੜ ਸੀ।
ਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਦੇ ਡਿਟੈਕਟਿਵ ਇੰਸਪੈਕਟਰ ਕੋਲਿਨ ਪਾਰਮੈਂਟਰ ਨੇ ਦੱਸਿਆ ਕਿ ਪੁਲਿਸ ਨੇ ਜੁਲਾਈ 2025 ਵਿੱਚ ਮਾਊਂਟ ਈਡਨ ਕਰੈਕਸ਼ਨ ਫੈਸਿਲਿਟੀ ਵਿੱਚ ਅਪਰਾਧਿਕ ਗਤੀਵਿਧੀਆਂ ਦੀ ਜਾਂਚ ਸ਼ੁਰੂ ਕੀਤੀ ਸੀ। ਸ਼ੁਰੂ ਵਿੱਚ ਮਾਊਂਟ ਈਡਨ ਵਿੱਚ ਮੌਜੂਦ ਸਜ਼ਾ ਯਾਫ਼ਤਾ ਅਤੇ ਰਿਮਾਂਡ ਵਾਲੇ ਕੈਦੀਆਂ ਦੀਆਂ ਗਤੀਵਿਧੀਆਂ ’ਤੇ ਕੇਂਦਰਿਤ ਸੀ। ਉਨ੍ਹਾਂ ਵਿੱਚੋਂ ਕੁਝ ਕੈਦੀ ਜੇਲ੍ਹ ਦੇ ਅੰਦਰੋਂ ਹੀ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਨਸ਼ਿਆਂ ਨਾਲ ਸਬੰਧਤ ਲੈਣ-ਦੇਣ ਦਾ ਤਾਲਮੇਲ ਕਰ ਰਹੇ ਸਨ।
ਚਿੰਤਾ ਦੀ ਗੱਲ ਇਹ ਹੈ ਕਿ, ਇਸ ਅਪਰਾਧ ਵਿੱਚ ਸੁਧਾਰ ਘਰ ਦੇ ਅਧਿਕਾਰੀਆਂ (ਕਰੈਕਸ਼ਨ ਅਫ਼ਸਰਾਂ) ਦੇ ਸ਼ਾਮਲ ਹੋਣ ਦੀ ਪਛਾਣ ਕੀਤੀ ਗਈ ਸੀ। ਮਾਊਂਟ ਈਡਨ ਵਿੱਚ ਕੰਮ ਕਰ ਰਹੇ ਕਈ ਕਰਮਚਾਰੀ ਕਥਿਤ ਤੌਰ ’ਤੇ ਨਕਦੀ ਦੇ ਬਦਲੇ ਜੇਲ੍ਹ ਵਿੱਚ ਮੋਬਾਈਲ ਫੋਨ, ਨਸ਼ੀਲੇ ਪਦਾਰਥ, ਤੰਬਾਕੂ ਅਤੇ ਹੋਰ ਵਰਜਿਤ ਸਮੱਗਰੀ ਦੀ ਤਸਕਰੀ ਵਿੱਚ ਸ਼ਾਮਲ ਸਨ।

ਪੁਲਿਸ ਦਾ ਮੰਨਣਾ ਹੈ ਕਿ ਫੋਨਾਂ ਦੀ ਵਰਤੋਂ ਕੈਦੀਆਂ ਦੁਆਰਾ ਮਾਊਂਟ ਈਡਨ ਜੇਲ੍ਹ ਦੇ ਅੰਦਰੋਂ ਹੀ ਨਸ਼ੀਲੇ ਪਦਾਰਥਾਂ ਦੀ ਦਰਾਮਦ ਅਤੇ ਵੰਡ ਦੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਲਈ ਕੀਤੀ ਜਾਂਦੀ ਸੀ। ਫਿਰ ਪੁਲਿਸ ਜਾਂਚ ਜਲਦੀ ਹੀ ਹੋਰ ਅੱਗੇ ਵਧੀ ਅਤੇ ਨਜ਼ਰਾਂ ਵੀਰੀ ਸਥਿਤ ਔਕਲੈਂਡ ਸਾਊਥ ਕੁਰੈਕਸ਼ਨ ਫੈਸਿਲਿਟੀ ਵੱਲ ਘੁੰਮ ਗਈਆਂ। ਅਜਿਹੇ ਸਬੂਤ ਮਿਲੇ ਹਨ ਜੋ ਸੇਰਕੋ (Serco) ਦੁਆਰਾ ਨਿਯੁਕਤ ਕੀਤੇ ਗਏ ਕਈ ਮੁੜ ਵਸੇਬਾ ਅਧਿਕਾਰੀਆਂ (ਰੀਇੰਟੀਗ੍ਰੇਸ਼ਨ ਅਫ਼ਸਰਾਂ) ਨੂੰ ਕਥਿਤ ਤੌਰ ’ਤੇ ਇਸੇ ਤਰ੍ਹਾਂ ਦੇ ਭ੍ਰਿਸ਼ਟ ਕੰਮਾਂ ਵਿੱਚ ਸ਼ਾਮਿਲ ਕਰਦੇ ਹਨ। ਇਸ ਵਿੱਚ ਵਿੱਤੀ ਲਾਭ ਲਈ ਨਿਯੰਤਰਿਤ ਨਸ਼ੀਲੇ ਪਦਾਰਥਾਂ ਅਤੇ ਤੰਬਾਕੂ ਦੀ ਤਸਕਰੀ ਸ਼ਾਮਲ ਸੀ।
ਇਸ ਹਫ਼ਤੇ ਪੁਲਿਸ ਨੇ ਔਕਲੈਂਡ, ਵਾਇਕਾਟੋ ਅਤੇ ਬੇਅ ਆਫ਼ ਪਲੈਂਟੀ ਖੇਤਰਾਂ ਵਿੱਚ 25 ਤਲਾਸ਼ੀ ਵਾਰੰਟ ਤਾਮੀਲ ਕੀਤੇ ਹਨ, ਜਿਸ ਵਿੱਚ ਮਾਊਂਟ ਈਡਨ ਕਰੈਕਸ਼ਨ ਫੈਸਿਲਿਟੀ ਵੀ ਸ਼ਾਮਲ ਹੈ। ਵਾਇਕਾਟੋ ਦੀ ਸਪਰਿੰਗ ਹਿੱਲ ਕਰੈਕਸ਼ਨ ਫੈਸਿਲਿਟੀ ਵਿੱਚ ਵੀ ਇੱਕ ਕੋਠੜੀ (ਸੈੱਲ) ਦੀ ਤਲਾਸ਼ੀ ਲਈ ਗਈ।
ਕੁੱਲ ਮਿਲਾ ਕੇ, ਜਿਨ੍ਹਾਂ ’ਤੇ ਦੋਸ਼ ਲਗਾਏ ਗਏ ਹਨ ਉਨ੍ਹਾਂ ਵਿੱਚ ਮਾਊਂਟ ਈਡਨ ਕਰੈਕਸ਼ਨ ਫੈਸਿਲਿਟੀ ਦੇ 9 ਸੁਧਾਰ ਘਰ ਦੇ ਅਧਿਕਾਰੀ (ਕੁਰੈਕਸ਼ਨ ਅਫ਼ਸਰ), ਸਪਰਿੰਗ ਹਿੱਲ ਕੁਰੈਕਸ਼ਨ ਫੈਸਿਲਿਟੀ ਦਾ 1, ਔਕਲੈਂਡ ਸਾਊਥ ਕੁਰੈਕਸ਼ਨ ਫੈਸਿਲਿਟੀ ਦੇ 5 ਮੁੜ ਵਸੇਬਾ ਅਧਿਕਾਰੀ (ਰੀਇੰਟੀਗ੍ਰੇਸ਼ਨ ਅਫ਼ਸਰ) ਅਤੇ ਆਮ ਜਨਤਾ ਦੇ 5 ਮੈਂਬਰ ਸ਼ਾਮਲ ਹਨ। ਹੁਣ ਤੱਕ ਇਸ ਜਾਂਚ ਦੇ ਸਬੰਧ ਵਿੱਚ 108 ਦੋਸ਼ ਲਗਾਏ ਜਾ ਚੁੱਕੇ ਹਨ।
ਡਿਟੈਕਟਿਵ ਇੰਸਪੈਕਟਰ ਪਾਰਮੈਂਟਰ ਨੇ ਦੱਸਿਆ ਕਿ, ਪੁਲਿਸ ਨੇ ਇਸ ਜਾਂਚ ਦੇ ਹਿੱਸੇ ਵਜੋਂ ਕਰੈਕਸ਼ਨਸ ਅਤੇ ਸੇਰਕੋ ਨਾਲ ਮਿਲ ਕੇ ਕੰਮ ਕੀਤਾ ਹੈ, ਅਤੇ ਅਸੀਂ ਸਾਰੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਅਤੇ ਇਸ ਅਪਰਾਧਿਕ ਕਾਰਵਾਈ ਨੂੰ ਹੋਣ ਤੋਂ ਰੋਕਣ ਲਈ ਵਚਨਬੱਧ ਹਾਂ। ‘ਆਪ੍ਰੇਸ਼ਨ ਜੈਸਪਰ’ ਨੇ ਨਸ਼ਾ ਤਸਕਰੀ ਦੇ ਅਪਰਾਧਾਂ ਦੀ ਪਛਾਣ ਕੀਤੀ ਹੈ ਜੋ ਕਥਿਤ ਤੌਰ ’ਤੇ ਕੈਦੀਆਂ, ਗਾਰਡਾਂ ਅਤੇ ਉਨ੍ਹਾਂ ਦੇ ਸਾਥੀਆਂ ਦੁਆਰਾ ਕੀਤੇ ਗਏ ਸਨ।
ਡਿਟੈਕਟਿਵ ਇੰਸਪੈਕਟਰ ਪਾਰਮੈਂਟਰ ਨੇ ਦੱਸਿਆ ਕਿ, ਹੁਣ ਤੱਕ ਜਿੱਥੇ ਅਸੀਂ ਪਹੁੰਚੇ ਹਾਂ, ਉਸ ਮੁਕਾਮ ਤੱਕ ਪਹੁੰਚਣ ਲਈ ਇਸ ਜਾਂਚ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਹੈ, ਪਰ ਕਿਉਂਕਿ ਮਾਮਲੇ ਹੁਣ ਅਦਾਲਤੀ ਕਾਰਵਾਈ ਦੇ ਅਧੀਨ ਹਨ, ਇਸ ਲਈ ਅਸੀਂ ਹੋਰ ਕੋਈ ਟਿੱਪਣੀ ਕਰਨ ਵਿੱਚ ਅਸਮਰੱਥ ਹੋਵਾਂਗੇ। ਗ੍ਰਿਫ਼ਤਾਰ ਕੀਤੇ ਗਏ ਲੋਕ ਔਕਲੈਂਡ ਅਤੇ ਬੇਅ ਆਫ਼ ਪਲੈਂਟੀ ਖੇਤਰ ਦੇ ਹਨ ਅਤੇ ਉਹ ਔਕਲੈਂਡ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋ ਰਹੇ ਹਨ।




