ਖੇਡਾਂ ਖੇਡਦਿਆਂ

ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ

ਕੈਨੇਡਾ ” ਟੋਬਾ ਗੋਲਡ ਕੱਪ 2026’’ ਫ਼ੀਲਡ ਹਾਕੀ ਟੂਰਨਾਮੈਂਟ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਜਿੱਤਿਆ

ਸੁਰਿੰਦਰ ਮਾਵੀ, ਵਿਨੀਪੈਗ, ਅਪ੍ਰੈਲ 28

ਮੌਜੂਦਾ ਸਮੇਂ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆ ਸਾਹਮਣੇ ਸਭ ਤੋਂ ਵੱਡੀ ਚੁਨੌਤੀ, ਆਪਣੀ ਨਵੀਂ ਪੀੜੀ ਨੂੰ ਸਾਂਭਣ ਦੀ ਹੈ। ਨਸ਼ਾ, ਗੈਂਗਵਾਰ, ਮਾਰ-ਧਾੜ ਸਭਿਆਚਾਰ ਵਰਗੀਆਂ ਸਮਾਜਿਕ ਕੁਰੀਤੀਆਂ ਵਿਚ ਧਸਦੀ ਜਾ ਰਹੀ ਜਵਾਨੀ ਨੂੰ ਜੇਕਰ ਕਿਸੇ ਸਾਰਥਿਕ ਪਾਸੇ ਨਾ ਲਾਇਆ ਗਿਆ ਤਾਂ ਸਾਨੂੰ ਇਹ ਭਲੀਭਾਂਤ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਭਵਿੱਖ ਖ਼ਤਰੇ ਵਿਚ ਹੈ। ਇਨ੍ਹਾਂ ਕੁਰੀਤੀਆਂ ਤੋਂ ਬਚਾਉਣ ਦਾ ਇੱਕ ਕਾਰਗਰ ਤਰੀਕਾ ਹੋ ਸਕਦਾ ਹੈ ਕਿ ਬਚਿਆ ਦੇ ਮਨਾਂ ਵਿਚ ਖੇਡਾਂ ਪ੍ਰਤੀ ਸ਼ੋਕ ਪ੍ਰਫੁਲਿਤ ਕੀਤਾ ਜਾਏ। ਇਸੇ ਕੜੀ ਤਹਿਤ ਸਾਡੀ ਨਵੀਂ ਪਨੀਰੀ ਨੂੰ ਫ਼ੀਲਡ ਹਾਕੀ ਨਾਲ ਜੋੜਨ ਲਈ ਸਥਾਨਕ ਟੋਬਾ ਵਾਰੀਅਰਜ਼ ਫ਼ੀਲਡ ਹਾਕੀ ਅਕੈਡਮੀ ਮੈਨੀਟੋਬਾ ਵੱਲੋਂ ਅੱਠਵਾਂ  ਸ਼ਾਨਦਾਰ ” ਟੋਬਾ ਗੋਲਡ ਕੱਪ 2026” ਫ਼ੀਲਡ ਹਾਕੀ ਟੂਰਨਾਮੈਂਟ 1717 ਗੇਟ ਵੇਅ ਰਿਕਰੇਸ਼ਨ ਸੈਂਟਰ ਵਿਨੀਪੈਗ ਵਿਖੇ ਕਰਵਾਇਆ ਗਿਆ।

 ਇਸ ਟੂਰਨਾਮੈਂਟ ਵਿਚ ਕੈਨੇਡਾ ਦੀਆ ਪ੍ਰਸਿੱਧ ਅੱਠ ਟੀਮਾਂ ਨੇ ਹਿੱਸਾ ਲਿਆ । ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਸੀ । ਪੂਲ “ਏ” ਵਿਚ  ਯੂਥ ਫ਼ੀਲਡ ਹਾਕੀ ਕਲੱਬ,ਐਡਮਿੰਟਨ , ਹਾਕਸ ਫ਼ੀਲਡ ਹਾਕੀ ਕਲੱਬ ਕੈਲਗਰੀ, ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਤੇ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਜਦ ਕਿ ਪੂਲ “ਬੀ” ਵਿਚ ਐਡਮਿੰਟਨ ਫ਼ੀਲਡ ਹਾਕੀ ਕਲੱਬ, ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ, ਪੰਜਾਬ ਸਪੋਰਟਸ  ਫ਼ੀਲਡ ਹਾਕੀ ਕਲੱਬ ਕੈਲਗਰੀ ‘ਤੇ ਟੋਬਾ ਵਾਰੀਅਰਜ਼ ਗਰੀਨ ਹਾਕੀ ਅਕੈਡਮੀ ਵਿਨੀਪੈਗ ਦੀਆਂ ਟੀਮਾਂ ਸ਼ਾਮਲ ਸਨ। ਇਹ ਟੂਰਨਾਮੈਂਟ ਲੀਗ ਕਮ-ਨਾਕ-ਆਊਟ ਆਧਾਰ ‘ਤੇ ਖੇਡਿਆ ਗਿਆ। ਲੀਗ ਮੈਚਾਂ ਵਿਚ  ਪੂਲ ਏ ‘ਚੋਂ ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਤੇ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ  ‘ਤੇ ਪੂਲ ‘ਬੀ’ ‘ਚੋਂ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ, ਪੰਜਾਬ ਸਪੋਰਟਸ  ਫ਼ੀਲਡ ਹਾਕੀ ਕਲੱਬ ਕੈਲਗਰੀ  ਨੇ ਆਪਣੇ ਆਪਣੇ ਲੀਗ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ ।

 ਪਹਿਲੇ ਸੈਮੀਫਾਈਨਲ ‘ਚ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਨੇ ਪੰਜਾਬ ਸਪੋਰਟਸ  ਫ਼ੀਲਡ ਹਾਕੀ ਕਲੱਬ ਕੈਲਗਰੀ ਨੂੰ ਇਕ ਗੋਲ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਜਿੱਤ ਪ੍ਰਾਪਤ ਕੀਤੀ । ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ  ਦੇ ਟਾਂਡੀ ,ਗੁਰਪ੍ਰੀਤ (ਗੋਪੀ)  ਤੇ ਸੁਖਮੰਦਰ ਸਿੰਘ  ਨੇ ਇਕ ਇਕ ਗੋਲ ਕੀਤਾ ਅਤੇ ਪੰਜਾਬ ਸਪੋਰਟਸ  ਫ਼ੀਲਡ ਹਾਕੀ ਕਲੱਬ ਕੈਲਗਰੀ ਵਾਸਤੇ ਇੱਕੋ ਇੱਕ ਗੋਲੇ ਹੈਪੀ ਵੱਲੋਂ ਕੀਤਾ ਗਿਆ।ਦੂਜੇ ਸੈਮੀਫਾਈਨਲ ‘ਚ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਤਿੰਨ ਗੋਲਾਂ ਦੇ ਮੁਕਾਬਲੇ ਛੇ  ਗੋਲਾਂ ਨਾਲ ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ  ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ।

 ਫਾਈਨਲ ਮੁਕਾਬਲਾ ਬਹੁਤ ਫਸਵਾਂ ਸੀ ਜਿਸ ‘ਚ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਵੱਲੋਂ ਪਹਿਲਾਂ ਫ਼ੀਲਡ ਗੋਲ ਨਾਲ ਲੀਡ ਪ੍ਰਾਪਤ ਕੀਤੀ  ਪਰ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਨੇ ਉਸ ਨੂੰ ਬਰਾਬਰ ਕਰ ਦਿੱਤਾ ਪਰ ਟੋਬਾ ਟੀਮ ਬਾਰ ਬਾਰ ਲੀਡ ਕਰਦੀ ਰਹੀ ਅਤੇ ਅਕਾਲ ਫ਼ੀਲਡ ਹਾਕੀ ਕਲੱਬ ਕੈਲਗਰੀ ਬਾਰ ਬਾਰ ਉਸ ਨੂੰ ਬਰਾਬਰ ਕਰਦੀ ਰਹੀ ਜਿਸ ਨਾਲ ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਚਾਰ ਚਾਰ ਗੋਲ ਨਾਲ  ਬਰਾਬਰ ਰਹਿਣ ਤੋਂ ਬਾਅਦ ਸ਼ੂਟ ਆਊਟ ਨਿਯਮ ਨਾਲ ਮੈਚ ਦਾ ਨਤੀਜਾ ਅਕਾਲ ਵਾਰੀਅਰਜ਼ ਫੀਲਡ ਹਾਕੀ ਕਲੱਬ ਕੈਲਗਰੀ ਦੇ ਹੱਕ ਵਿਚ ਗਿਆ ਜਿਸ ਵਿਚ ਉਸ ਨੇ ਦੋ ਗੋਲਾਂ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਨੂੰ  ਹਰਾ ਕੇ ਅੱਠਵਾਂ ” ਟੋਬਾ ਗੋਲਡ ਕੱਪ ” ਆਪਣੇ ਨਾਂਅ ਕੀਤਾ।ਫਾਈਨਲ ਵਿਚ ਟੀਮ ਟੋਬਾ ਦੇ ਸੁਖਮੰਦਰ ਸਿੰਘ ਵੱਲੋਂ ਤਿੰਨ ਗੋਲ ਅਤੇ ਇਕ ਗੋਲ  ਗੁਰਪ੍ਰੀਤ ਵੱਲੋਂ ਕੀਤਾ ਗਿਆ,ਜਦ ਕੇ ਅਕਾਲ ਟੀਮ ਵਲ਼ੋਂ  ਤਨਵੀਰ ਵੱਲੋਂ ਦੋ ਗੋਲ ਇਕ ਗੋਲ ਜਤਿੰਦਰ ਅਤੇ ਇਕ ਗੋਲ ਦਵਿੰਦਰ ਵਲ਼ੋਂ ਕੀਤਾ ਗਿਆ . ਅਕਾਲ ਫ਼ੀਲਡ ਹਾਕੀ ਕਲੱਬ ਕੈਲਗਰੀ ਦੇ ਤਨਵੀਰ ਨੂੰ ਇਸ ਟੂਰਨਾਮੈਂਟ ਦਾ ਵਧੀਆ ਖਿਡਾਰੀ ਐਲਾਨਿਆ ਗਿਆ ‘ਤੇਟੋਬਾ ਵਾਰੀਅਰਜ਼ ਯੈਲੋ ਵਿਨੀਪੈਗ ਦੇ ਨਵਪ੍ਰੀਤ ਨੂੰ ਵਧੀਆ ਗੋਲੇ ਕੀਪਰ ਵਜੋਂ ਸਨਮਾਨਿਤ ਕੀਤਾ ਗਿਆ।

ਜੂਨੀਅਰ ਵਰਗ ਵਿਚ ਯੂਥ ਫ਼ੀਲਡ ਹਾਕੀ ਕਲੱਬ ਐਡਮਿੰਟਨ ਨੇ ਵੋਲਵਰਾਈਨਜ਼ ਫ਼ੀਲਡ ਹਾਕੀ ਐਬਟਸਫੋਰਡ ਬ੍ਰਿਟਿਸ਼ ਕੋਲੰਬੀਆ ਨੂੰ ਫਾਈਨਲ ਵਿਚ ਹਰਾ ਕੇ ਜੂਨੀਅਰਟੋਬਾ ਕੱਪ ਆਪਣੇ ਨਾਂ ਕੀਤਾ ਜਦ ਕੇ ਕੈਲਗਰੀ ਫ਼ੀਲਡ ਹਾਕੀ ਕਲੱਬ ਨੇ ਟੋਬਾ ਵਾਰੀਅਰਜ਼ ਵਿਨੀਪੈਗ ਦੀ ਟੀਮ ਨੂੰ ਸਿਫ਼ਰ ਦੇ ਮੁਕਾਬਲੇ ਤਿੰਨ ਗੋਲਾਂ ਨਾਲ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਸ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਨੇ ਖ਼ੂਬ ਅਨੰਦ ਮਾਣਿਆ।

ਮੈਨੀਟੋਬਾ ਦੇ ਉੱਘੇ ਬਿਜ਼ਨਸਮੈਨ ਮਾਣਯੋਗ ਰੁਪਿੰਦਰ ਬਰਾੜ, ਜੱਗੀ ਅਤੇ ਜਗਜੀਤ ਸਿੰਘ ਗਿੱਲ ਨੇ ਇਨਾਮਾਂ ਦੀ ਵੰਡ  ਲਈ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ। ਵਿਨੀਪੈਗ ਕ੍ਰੂਸਡੌਕ ਵੱਲੋਂ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2500 ਡਾਲਰ , ਦੂਸਰੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ 2000 ਡਾਲਰ ਦੇ  ਨਕਦ ਇਨਾਮਾਂ ਤੋਂ ਇਲਾਵਾ  ਮੈਡਲ ਤੇ ਟਰਾਫ਼ੀਆਂ ਵੀ ਦਿੱਤੀਆਂ ਗਈਆਂ। ਸਟੇਡੀਅਮ ਵਿਚ ਮੌਜੂਦ ਦਰਸ਼ਕਾਂ ਲਈ ਵੀ ਤਿੰਨ ਦਿਲ ਖਿਚਵੇਂ ਇਨਾਮ ਦਿੱਤੇ ਗਏ। ਤਾਸ਼ (ਸੀਪ)  ਵਿਚ ਮਨਦੀਪ ਸਿੰਘ ਤੇ ਜਸਪਾਲ ਸਿੰਘ ਦੀ ਟੀਮ ਨੇ ਸਭ ਨੂੰ ਹਰਾ ਕੇ ਟਰਾਫ਼ੀ  ਆਪਣੇ ਨਾਂ ਕੀਤੀ। ਇਸ ਦੌਰਾਨ ਉੱਘੀ ਹਾਕੀ ਖਿਡਾਰਨਾਂ ਸਤਵੀਰ ਕੌਰ ਅਤੇ ਰੁਪਿੰਦਰ ਕੌਰ ਨੂੰ  ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਮੈਨੀਟੋਬਾ ਸਰਕਾਰ ਦੇ ਮੰਤਰੀ ਮਿੰਟੂ ਸੰਧੂ ਅਤੇ ਐੱਮ ਐੱਲ ਏ ਦਲਜੀਤ ਪਾਲ ਬਰਾੜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ  ਕੀਤੀ। ਇਸ ਟੂਰਨਾਮੈਂਟ ਦੌਰਾਨ ਵਿਨੀਪੈਗ ਦੇ ਮਸ਼ਹੂਰ ਕਚੌਰੀ ਰੈਸਟੋਰੈਂਟ ਵੱਲੋਂ ਵਿਸ਼ੇਸ਼ ਤੌਰ  ਤੇ ਸਮੋਸੇ , ਪਕੌੜੇ, ਟਿੱਕੀ  ਅਤੇ ਕਚੌਰੀ ਦੀ ਸੇਵਾ ਕੀਤੀ ਗਈ ਅਤੇ ਗੁਰੂਘਰ ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਵੱਲੋਂ ਲੰਗਰ ਦੀ ਸੇਵਾ ਕੀਤੀ ਗਈ।

ਟੋਬਾ ਵਾਰੀਅਰਜ਼ ਹਾਕੀ ਕਲੱਬ ਵਿਨੀਪੈਗ ਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਜੂਨੀਅਰ ਹਾਕੀ ਲੜਕੇ ਤੇ ਲੜਕੀਆਂ ਦੀ  ਟਰੇਨਿੰਗ ਵੀ ਚੱਲ ਰਹੀ ਹੈ। ਬੱਚਿਆਂ ਦੀ ਇਨ ਡੋਰ ਪ੍ਰੈਕਟਿਸ ਹਰ ਸਨਿੱਚਰਵਾਰ ਸ਼ਾਮ 05 ਤੋਂ 06 ਵਜੇ ‘ਤੇ ਸੀਨੀਅਰ ਟੀਮ ਦੀ ਪ੍ਰੈਕਟਿਸ ਐਤਵਾਰ ਸ਼ਾਮ ਚਾਰ ਵੇ ਤੋਂ ਪੰਜ ਵਜੇ ਤੱਕ 1717 ਗੇਟ ਵੇ ਰਿਕਰੇਸ਼ਨ ਸੈਂਟਰ ਵਿਚ ਚੱਲ ਰਹੀ ਹੈ ।  ਹੋਰ ਕਿਸੇ ਵੀ ਜਾਣਕਾਰੀ ਲਈ ਤੁਸੀਂ  ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹੋ ।ਸੁਰਿੰਦਰ ਮਾਵੀ 204-510-6284, ਸੁਖਮਿੰਦਰ ਸਿੰਘ  204-914-1000, ਸ਼ਮਸ਼ੇਰ ਸਿੱਧੂ 204-294-6761, ਅਮਰਦੀਪ ਸਿੰਘ 204-688-1521 ‘ਤੇ  ਸੁਰਿੰਦਰ ਸਿੱਧੂ 431-998-0656। ਟੋਬਾ ਵਾਰੀਅਰਜ਼ ਹਾਕੀ ਕਲੱਬ ਦੇ ਪ੍ਰਬੰਧਕਾਂ ਵੱਲੋਂ ਖਿਡਾਰੀਆਂ ,ਵਲੰਟੀਅਰਜ਼, ਸਪਾਂਸਰਾਂ ‘ਤੇ ਦਰਸ਼ਕਾਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ ‘ਤੇ ਮਾਪਿਆ ਨੂੰ ਖ਼ਾਸ ਤੌਰ ਤੇ ਬੇਨਤੀ ਕੀਤੀ ਕਿ ਬੱਚਿਆ ਨੂੰ ਹਾਕੀ ਵੱਲ ਪ੍ਰੇਰਿਤ ਕਰਨ ‘ਤੇ ਬੱਚਿਆਂ ਦੀ ਰਜਿਸਟਰੇਸ਼ਨ ਕਰਵਾਉਣ।

Show More

Related Articles

Leave a Reply

Your email address will not be published. Required fields are marked *

Back to top button
Translate »