ਹੱਡ ਬੀਤੀਆਂ

ਜਗਜੀਤ ਮਾਨ ਦੀ “ਮੁਹਿੰਮਬਾਜ਼-1” ਪੁਸਤਕ ’ਤੇ ਇੱਕ ਨਜ਼ਰ!!!

ਹੁਣੇ-ਹੁਣੇ ਪਾਠਕਾਂ ਦੇ ਰੂ-ਬ-ਰੂ ਹੋਈ ਜਗਜੀਤ ਮਾਨ ਦੀ ‘ਅਜ਼ੀਜ਼ ਬੁੱਕ ਹਾਊਸ’ ਵੱਲੋਂ ਪ੍ਰਕਾਸ਼ਤ ਕੀਤੀ 133 ਸਫਿਆਂ ਅਤੇ 10 ਅਧਿਆਏ ਵਾਲ਼ੀ ਪਲੇਠੀ-ਪੁਸਤਕ “ਮੁਹਿੰਮਬਾਜ਼-1” ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ।

ਕਿਤਾਬ ਵਿਚਲੇ ਕੁਲ 10 ਕਾਂਢਾਂ ਦੇ ਸਿਰਲੇਖਾਂ ਨੂੰ “ਰਾਜਿਸਥਾਨ ਦੇ ਆਦਿਵਾਸੀਆਂ ਨਾਲ਼, ਮੌਤ ਨੂੰ ਚਕਮਾਂ, ਬਰਫਾਨੀ ਬਾਬੇ ਦੇ ਮਹਿਮਾਨ, ਰੱਬ ਤੈਨੂੰ ਲੈ ਜਾਏ ਲੱਦਾਖ ਨੂੰ, ਦੁੱਗ ਦੁੱਗਾਂ ’ਤੇ ਪਹੁੰਚੇ ‘ਦੁੱਗ’, ਚੰਦਰਮਾਂ ਦੀ ਧਰਤੀ ’ਤੇ ਬਾਬੇ ਦਾ ਪੈਰ, ਆਸਮਾਨ ਹੇਠਲਾ ਖੰਭਾ, ਖੜਦੁੰਗ ਦੱਰ੍ਹਾ, ਦੋ ਦੇਸ਼ਾਂ ਨਾਲ਼ ਖਹਿੰਦੀ ਨੁਬਰਾ ਵੈਲੀ, ਵਹਿੰਦੇ ਪਹਾੜ, ਅਤੇ ਸਪਰਿੰਗੀ ਸੜ੍ਹਕਾਂ”, ਦੇ ਨਾਮ  ਦਿੱਤੇ ਗਏ ਹਨ।

ਪੁਸਤਕ ਪੜ੍ਹਨ ਉਪਰੰਤ ਜਗਜੀਤ ਦੀ “ਕਲਾ-ਕਿਰਤ” ਮਨ ਨੂੰ ਕਾਇਲ ਕਰਕੇ ਮੇਰੇ ਪਾਠਕੀ-ਸਹੁਜ-ਸੁਵਾਦ ਉੱਤੇ ਹਾਵੀ ਹੋ ਗਈ, ਅਤੇ ਉਸ ਬਾਰੇ ਕੁੱਝ ਨਾ ਕੁੱਝ ਲਿਖਣ ਲਈ ਮੇਰੇ ਵਲਵਲਿਆਂ ਦੇ ਵਾ-ਵਰੋਲ਼ੇ ਘੁੰਮਰਾਂ ਪਾਉਣ ਲੱਗੇ। ਪੁਸਤਕ ਵਿਚਲੀ ਪਰੋਸੀ ਸਾਹਿਤਕ-ਸਮੱਗਰੀ ਦੇ ਖੁੱਲ੍ਹੇ-ਡੁੱਲ੍ਹੇ ਗਗਨ ਵਿੱਚ ਲੇਖਕ ਦੀ ਕਲਪਨਾ-ਕੋਇਲ ਨੇ ਉੱਚੀਆਂ-ਉੱਚੀਆਂ ਪ੍ਰਵਾਜ਼ਾਂ ਭਰ-ਭਰ ਜੋ ਮੱਲਾਂ-ਮਾਰੀਆਂ ਹਨ, ਮੈਂ ਉਸ ਉੱਡਣ-ਸ਼ਕਤੀ ਬਾਰੇ ਲਿਖਣ ਦੀ ਇੱਕ ਅਦਨੀ ਜਿਹੀ ਕੋਸ਼ਿਸ਼ ਕਰ ਰਿਹਾ ਹਾਂ। ਇਸ ਕਿਤਾਬ ਵਿੱਚ ਲੇਖਕ ਨੇ ਹਰ ਨਿੱਕੀ-ਵੱਡੀ ਘਟਨਾਂ ਨੂੰ ਵਿਸਮਾਦੀ ਅਤੇ ਨਿਰਾਲੇ-ਲਫ਼ਜ਼ਾਂ ਦਾ ਮੱਠਾ-ਮੱਠਾ ਸੇਕ ਦੇ ਕੇ, ਸਰਲ ਤੇ ਸਪੱਸ਼ਟਤਾ ਦੀ ਕਾਲਾਤਮਿਕ-ਚਾਸ਼ਣੀ ਵਿੱਚ ਡਬੋ ਕੇ, ਅਜਿਹੀ ਖੂਬਸੂਰਤ ਅਤੇ ਸ਼ਲਾਘਾਯੋਗ ਰਚਨਾ ਕੀਤੀ ਹੈ, ਜੋ ਫੌਰਨ ਹੀ ਆਮ ਪਾਠਕ ਦੀ ਸਦੀਵੀ-ਸਾਥਣ ਬਣ ਜਾਂਦੀ ਹੈ। 

ਕਿਉਂਕਿ, ਇਹ ਇੱਕ ਬਹੁਤ ਹੀ ਵੱਖਰੀ ਕਿਸਮ ਦੀ ਅਦਬੀ-ਵਾਰਤਕ ਕਿਰਤ ਹੈ, ਇਸ ਲਈ ਇਹ ਰਵਾਇਤੀ-ਵਿੱਧੀਆਂ ਦੀ ਵਲ਼ਗਣੀ-ਬੁਕਲ਼ ਵਿੱਚ ਕੈਦੀ ਹੋਈ ਦਿਖਾਈ ਨਹੀਂ ਦਿੰਦੀ। ਇਹ ਨਾ ਲੇਖਾਂ ਦੀ ਬੰਧਸ਼, ਨਾ ਨਿਰਾ ਨਾਵਲ, ਨਾ ਕਹਾਣੀ, ਅਤੇ ਨਾ ਹੀ ਸਿੱਧੀ-ਸਾਦੀ ਵਾਰਤਕ ਦੇ ਪਿੰਜਰੇ ਦਾ “ਤੋਤਾ” ਬਣਦੀ ਹੈ। ਬਸ ਇਹੀ ਇਸ ਰਚਨਾ ਦੀ ਵਿਲੱਖਣਤਾ ਹੈ। ਇਸ ਕਰਕੇ ਮੈਂਨੂੰ ਇਹ ਕਿਤਾਬ “ਸਵੈ-ਜੀਵਨੀ ਅਤੇ ਸਫ਼ਰਨਾਮੇਂ” ਦੀ “ਸਾਂਝੀ-ਸਹੇਲੀ” ਲੱਗਦੀ ਹੈ, ਤੇ ਮੈਂ ਇਸ ਨੂੰ ਇੱਕ ਸਫ਼ਲ “ਮੋਟਰ ਸਾਇਕਲੀ-ਸਫ਼ਰਨਾਮਾਂ” ਕਹਾਂਗਾ,

ਤੁੰਗਵਾਲੀ ਪਿੰਡ ਦੇ ਉੱਘੜ-ਦੁੱਘੜੇ ਅਤੇ ਅੱਧੇ ਕੱਚੇ-ਪੱਕੇ ਘਰਾਂ ’ਚ ਭੱਜਿਆ-ਨੱਸਿਆ ਫਿਰਦਾ, ਕੱਚੀਆਂ-ਵੀਹਾਂ ਤੇ ਭੀੜੀਆਂ-ਗਲ਼ੀਆਂ ’ਚ ਖੇਡਦਾ-ਕੁੱਦਦਾ, ਸੱਜਰੇ-ਸੱਜਰੇ ਵਾਹੇ ਵਾਹਣਾ ਦੀ ਮਿੱਟੀ ਦੇ ਟੁੱਟ-ਭੱਜਕੇ ਮਧਹੋਸ਼ ਹੋਏ ਨਿੱਕੇ-ਨਿੱਕੇ ਡਲ਼ਿਆਂ ਨੂੰ ਮਿੱਧਦਾ-ਮਿੱਧਦਾ, ਅਤੇ ਖਾਲ਼ੇ-ਕੱਸੀਆਂ ਨੂੰ ਛੜੱਪੇ ਮਾਰ-ਮਾਰ ਟੱਪਦਾ-ਟਪਾਉਂਦਾ, ਲੇਖਕ ਆਪਣੇ ਮਿੱਤਰਾਂ ਸੰਗ ਇੱਕ ਨਿੱਕਾ ਜਿਹਾ ਮੋਟਰ-ਸਾਈਕਲੀ ਕਾਫ਼ਲਾ ਬਣਾ ਕੇ, ਰਾਜਸਥਾਨ ਅਤੇ ਹਿਮਾਲਾ-ਪ੍ਰਬਤ ਦੀ ਕੁੱਖ ਅਤੇ ਨਿਆਈਂਆਂ ਦਾ ਚੱਪਾ-ਚੱਪਾ ਗਾਹ ਮਾਰਦਾ ਹੈ। ਰਾਜਸਥਾਨ ਦੇ ਟਿੱਬਿਆਂ ਨੂੰ ਲਿਤਾੜਦਾ, ਅਤੇ ਮਾਊਂਟ ਆਬੂ ਦੇ ਰਮਣੀਕ ਦ੍ਰਿਸ਼ਾਂ ਦੀਆਂ ਯਾਦਾਂ ਨੂੰ ਮਨ ਦੀ ਸੰਦੂਕੜੀ ਵਿੱਚ ਲਕੋਅ ਕੇ, ਉਸ ਦਾ ਮਸਤ “ਮੋਟਰ ਸਾਇਕਲੀ-ਜੱਥਾ”, ਫਿਰ ਕੁਝ ਅਰਸੇ ਬਾਅਦ  ਲੇਹ-ਲਦਾਖ, ਕਾਰਗਿਲ, ਰੋਹਤਾਂਗ ਦੱਰ੍ਹਾ, ਕਸ਼ਮੀਰ ਦੇ ਉੱਚੇ ਪਹਾੜ, ਅਤੇ ਹਿਮਾਚਲ-ਪ੍ਰਦੇਸ਼ ਆਦਿ ਦੇ ਪਹਾੜੀ-ਰਾਹਾਂ ਉੱਤੇ ਵਿੱਛੀਆਂ ਪੱਥਰੀ-ਕੈਂਕਰਾਂ ਦੇ ਮੱਥਿਆਂ, ਅਤੇ ਖਿਲਰੀ-ਬੱਜਰੀ ਦੇ ਚਿੱਬ-ਖੜੱਬੇ ਮੁੱਖੜਿਆਂ ਦੀਆਂ ਮੋਟਰ-ਸਈਕਲਾਂ ਦੇ ਟਾਇਰਾਂ ਦੀਆਂ ਗੁੱਡੀਆਂ ਨਾਲ਼ ਗਲਵੱਕੜੀਆਂ ਪਵਾਉਣ ਲਈ ਲੰਬੇ ਸਫ਼ਰ ਦਾ ਪਾਂਧੀ ਬਣ ਜਾਂਦਾ ਹੈ।

ਇਸ ਪੁਸਤਕ ਵਿਚ ਜਗਜੀਤ ਵੱਖ-ਵੱਖ ਸਾਲਾਂ ’ਚ ਕੀਤੀ ਗਈ ਬੰਬੂ ਕਾਟੀ-ਯਾਤਰਾ ਦੌਰਾਨ ਜ਼ਿਆਦਾ ਕਰਕੇ ਉੱਚੇ-ਪਹਾੜੀ ਇਲਾਕਿਆਂ, ਚੋਆਂ, ਦਰੱਖ਼ਤਾਂ ਦੇ ਝੁੰਡਾਂ, ਖਾਮੋਸ਼ ਸੁੱਤੇ ਪਏ ਪੱਥਰਾਂ ਦੀਆਂ ਛਾਉਣੀਆਂ, ਅਤੇ ਉੱਚੀਆਂ-ਪਹਾੜੀਆਂ ਦਾ ਬੱਦਲ਼ਾਂ ਦੀਆਂ ਰਕਾਨ-ਟੋਲੀਆਂ ਨਾਲ਼ ਇੱਕ-ਮਿੱਕ ਹੋ ਆਪਸ ਵਿੱਚ ਘੁਲ਼-ਮਿਲ਼ ਜਾਣ ਦੇ ਸੁਨਿਹਰੀ-ਸੰਗਮ ਦੀ ਸਾਂਝ ਪਾਉਂਦਾ ਹੈ। ਭਿੱਟ-ਭਿੱਟ ਕਰਦੀ ਗੂੰਜ ਨਾਲ਼ ਉਹ ਪਹਾੜੀ ਰਸਤਿਆਂ ਦੀ ਹਿੱਕ ਉੱਤੇ ਖੌਰੂ ਪਾਉਂਦੇ ਮੋਟਰ-ਸਾਇਕਲਾਂ ਦੇ ਪ੍ਰਬਤੀ-ਆਰੋਹੀਆਂ ਦਾ ਸਿਪਾਹ-ਸਲਾਰ ਬਣਕੇ, ਹਜ਼ਾਰਾਂ ਮੀਲਾਂ ਦਾ ਜੋਖ਼ਮ ਭਰਿਆ ਪਹਾੜੀ-ਸਫ਼ਰ ਤਹਿ ਕਰਦਾ ਹੈ। ਉਹ, ਜਿਸ ਹੌਸਲੇ ਨਾਲ਼ ਖ਼ਤਰਿਆਂ ਨੂੰ ਮੁੱਲ ਲੈ ਕੇ ਕੂਣੀ-ਮੋੜ ਅਤੇ ਵਿੰਗੇ-ਟੇਡੇ ਪਹਾੜੀ ਰਸਤਿਆਂ , ਤੇ ਡਰਾਉਣੇ ਨਦੀਆਂ-ਨਾਲ਼ਿਆਂ ਉੱਤੇ ਬਣੇ ਭੀੜੇ ਪੁਲ਼ਾ ’ਤੋਂ ਦੀ ਜਾਨ ਹੀਲ ਕੇ ਗੁਜ਼ਰਦਾ ਹੈ, ਉਸ ਤਲਖ਼-ਤਜਰਬੇ ਦੀ ਦਾਸਤਾਨ ਨੂੰ ਇਸ ਹੱਥੇਲੀ-ਕਿਤਾਬ ਵਿੱਚ ਬੜੀ ਤਫ਼ਸੀਲ ਨਾਲ਼ ਬਿਆਨਦਾ ਹੈ।

                                         ਦੌਰਾਨ-ਏ-ਸਫ਼ਰ ਦੇ ਅਜਬ-ਗੇੜਿਆਂ ਵਿੱਚ ਜਗਜੀਤ ਅਤੇ ਉਸ ਦੀ “ਮੌਜੀ-ਮੰਡਲੀ” ਜਿਸ ਵੀ ਇਲਾਕੇ ਦੀਆਂ ਜੂਹਾਂ ਦੀ “ਦਰਸ਼ਣੀ-ਮਹਿਮਾਨ” ਬਣੀ, ਲੇਖਕ ਨੇ ਉਸ ਖਿੱਤੇ ਦੇ ਅਦਭੁਤ-ਦ੍ਰਿਸ਼ਾਂ, ਅਜਬ-ਨਜ਼ਾਰਿਆਂ, ਤੇ ਭੂਗੋਲਿਕ-ਸਥਿੱਤੀਆਂ ਨੂੰ ਅਦਬੀ-ਝਲਕ ਦੇ ਨਜ਼ਰੀਏ ਤੋਂ ਹੀ ਦੇਖਿਆ। ਉਹ ਸਥਾਨਿਕ ਲੋਕਾਂ ਦੀ ਰਹਿਣੀ-ਬਹਿਣੀ, ਜੁੱਸਾ, ਪਹਿਰਾਵਾ, ਖਾਣ-ਪੀਣ, ਅਤੇ ਵਰਤ-ਵਰਤਾਵੇ ਦੇ ਸਲੀਕੇ ਨੂੰ ਯਥਾਰਥ ਦੀ ਗੱਠੜੀ ਵਿੱਚ ਬੰਨ੍ਹ ਕੇ ਪੇਸ਼ ਕਰਦਾ ਹੈ। ਇਸ ਤਰ੍ਹਾਂ ਲੇਖਕ ਦਾ ਸਥਾਨਿਕ ਲੋਕਾਂ ਨਾਲ਼ ਝੱਟ-ਪੱਟ ਘੁਲ਼-ਮਿਲ਼ ਕੇ ਆਪਣੇ ਆਪ ਨੂੰ ਉਹਨਾਂ ਮੁਤਾਬਿਕ ਹੀ ਢਾਲ਼ ਲੈਂਣ ਵਾਲ਼ਾ ਵਚਿੱਤਰ-ਸੁਭਾਓ ਵੀ ਉਜਾਗਰ ਹੋ ਜਾਂਦਾ ਹੈ। ਅਤੇ ਇਉਂ ਲੱਗਣ ਲੱਗ ਜਾਂਦਾ ਹੈ ਕਿ ਜਿਵੇਂ ਉਹ ਖੁਦ ਉਸ ਇਲਾਕੇ ਦਾ ਹੀ ਚਿਰਾਂ ਤੋਂ ਬਸ਼ਿੰਦਾ ਹੋਵੇ!

ਉਹ ਆਪਣੀ ਲਿਖਤ ਵਿੱਚ ਬੜੀ ਬਾਰੀਕੀ ਨਾਲ਼ ਲੱਗਪਗ ਸਾਢੇ ਅਠਾਰਾਂ ਹਜ਼ਾਰ ਫੁੱਟ ਦੀ ਉਚਾਈ ’ਤੇ ਵਹਿੰਦੇ ‘ਖੜਦੰਗ ਦਰ੍ਹੇ, ਅਤੇ ਨੂਬਰਾ ਵੈਲੀ ਦੇ ਹੁੰਡਰ ਪਿੰਡ ਦੇ ਟਿੱਬਿਆਂ ਵਿੱਚ ਊਠਾਂ ਦੀ ਹੇੜ੍ਹ ਵਿੱਚੋਂ ਦੋ-ਬੰਨਾਂ ਵਾਲ਼ੇ ਬੋਤੇ ਦੀ ਅਸਵਾਰੀ ਦਾ ਵੀ ਵਰਨਣ ਕਰਦਾ ਹੈ। ਇਸ ਤੋਂ ਬਿਨਾਂ ਉਹ ਬੱਸ, ਟਰੱਕ ਡਰਾਈਵਰਾਂ, ਅਤੇ ਆਦਿਵਾਸੀਆਂ ਦੀਆਂ ਸਰਗਰਮੀਆਂ ਵਿੱਚੋਂ ਉਤਪਨ ਹੋਈ ਉਹਨਾਂ ਦੀ ਗੁੰਝਲ਼ਦਾਰ-ਮਾਨਸਿਕਤਾ ਦੀ ਤਹਿ ਨੂੰ ਵੀ ਡੂੰਗਿਆਈ ਨਾਲ਼ ਖ਼ੰਘਾਲ਼ ਕੇ ਬਾ-ਕਮਾਲ ਬਾਤ ਪਾਉਂਦਾ ਹੈ।

ਮੁੱਢ ਤੋਂ ਅਖੀਰ ਤੱਕ ਪੜ੍ਹਦਿਆਂ ਪਾਠਕ ਦੀ ਦਿਲਚਸਮੀ ਬਿਲਕੁਲ ਉਕਤਾਉਂਦੀ ਅਤੇ ਲੜ-ਖਿੜਾਉਂਦੀ ਨਹੀਂ, ਕਿਉਂਕਿ ਪੜ੍ਹਨ ਵਾਲ਼ੇ ਨੂੰ ਇਉਂ ਲੱਗਦਾ ਹੈ ਜਿਵੇਂ ਲੇਖਕ ਆਪਣੇ ਸਾਹਿਤਕ-ਕ੍ਰਿਸ਼ਮਿਆਂ ਨਾਲ਼ ਪਾਠਕ ਨੂੰ ਆਪਣੇ “ਦੋ-ਪਹੀਆ ਭਿੱਟ-ਭਿੱਟੀਏ” ਉੱਤੇ ਬਿਠਾ ਕੇ ਸਾਰੇ ਇਲਾਕਿਆਂ ਦੀ ਮੁਫ਼ਤ ’ਚ ਹੀ ਸੈਰ ਕਰਵਾ ਰਿਹਾ ਹੋਵੇ। ਲੇਖਕ ਦੀ ਹੁੰਦਲਹੇੜ-ਕਲਾ ਦਾ ਇਸ ਤਰ੍ਹਾਂ ਕੁਦ-ਕੁਦ ਕੇ ਟਪੂਸੀਆਂ ਮਾਰ-ਮਾਰ ਅਦਬੀ-ਝਲਕਾਰਿਆਂ ਦੇ ਫ਼ਰਾਟੇ ਮਾਰਨਾ ਹੀ ਉਸ ਦੀ ਕਿਰਤ ਦੇ ਨਿਵੇਕਲ਼ੇ-ਰੂਪ ਦੀ ਖੂਬਸੂਰਤੀ ਹੈ। ਜੋ ਉਸ ਨੂੰ ਵਿੱਲੱਖਣ ਕਿਸਮ ਦੀ ਰੌਚਿਕਤਾ ਭਰਪੂਰ ਵਾਰਤਕ ਦੀ ਸਿਰਜਨਾ ਕਰਨ ਵਾਲ਼ਾ ਸਾਹਸੀ-ਸਾਹਿਤਕਾਰ ਹੋਣ ਦਾ ਮਾਣ ਬਖ਼ਸ਼ਦੀ ਹੈ।

ਸਫ਼ਰ ਦੌਰਾਨ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਦੇਖੀ ਅਤੇ ਹੰਢਾਈ ਹਰ ਘਟਨਾ ਨੂੰ ਉਸ ਨੇ ਖੂਬਸੂਰਤ-ਲਫ਼ਜ਼ਾਂ ਦੀ ਜੜਤ ’ਚ ਜੜ ਕੇ, ਉਸ ਉੱਤੇ ਅਸਚਰਜ-ਕਿਸਮ ਦੀ ਦਿਲ-ਟੁੰਭਵੀਂ ਵਾਰਤਕ-ਮੀਨਾਕਾਰੀ ਕੀਤੀ ਹੈ। ਉਸ ਦੀ ਸ਼ੈਲੀ ਵਿੱਚ ਅਜਿਹੀ ਚੁੰਬਸ਼ ਹੈ ਕਿ ਕਿਸੇ ਵੀ ਪੜਾਅ ਉੱਤੇ ਵਿਸ਼ੇ ਦੀ ਰਿਵਾਨਗੀ ਮੱਠੀ, ਰੈਲ਼ੀ, ਅਤੇ ਅਕਾਊ ਹੋ ਕੇ ਪਾਠਕ ਨੂੰ ਉਪਰਾਮ ਕਰਕੇ ਉਸ ਦੇ ਇਕਾਗਰ-ਮਗ਼ਜ਼ ਉੱਤੇ ਬੋਰੀਅਤ ਦੀਆਂ ਚੂੰਡੀਆਂ ਵੱਢਣ ਦੀ ਜੁਅਰਤ ਕਰਦੀ ਮਹਿਸੂਸ ਨਹੀਂ ਹੁੰਦੀ। ਅਤੇ ਉਸ ਦੀ ਠੇਠ-ਮਿੱਠੀ ਮਲਵੱਈ ਬੋਲੀ ਵਾਲ਼ੀ ਜ਼ਰਖੇਜ਼-ਸ਼ੈਲੀ, ਪੁਸਤਕ ਦੇ ਸਾਹਿਤਕ-ਮਿਆਰ ਅਤੇ ਇਕਸਾਰਤਾ ਦੀ ਪਗਡੰਡੀ ਵਿੱਚ ਵਲ਼ੇਵਾ ਨਹੀਂ ਪੈਣ ਦਿੰਦੀ। ਵਾਤਾਵਰਨ ਸਿਰਜਣ ਅਤੇ ਮਨਮੋਹਣੇ-ਮਾਹੌਲ ਦੇ ਚਿਤਰਕਾਰੀ-ਮਹੱਲ ਨੂੰ ਉਸਾਰਨ ਵੇਲ਼ੇ ਉਹ ਯਥਾਰਥ ਭਰਪੂਰ ਰੰਗ-ਬਰੰਗੇ ਲਫ਼ਜ਼ਾਂ ਦੇ ਡੱਬਿਆਂ ਨੂੰ ਵਰਤਣ ਵਿੱਚ ਕੋਈ ਕਿਰਸ ਨਹੀਂ ਕਰਦਾ।

ਲੇਖਕ ਨੇ ਯਾਤਰਾਵਾਂ ਦੀਆਂ ਅਭੁੱਲ-ਯਾਦਾਂ ਦੇ ਢੇਰਾਂ ਵਿੱਚੋਂ ਠੋਸ-ਤੱਥਾਂ ਦੇ ‘ਮਣਕਿਆਂ’ ਨੂੰ ਚੁਣ-ਚੁਣ ਕੇ, ਉਹਨਾਂ ਨੂੰ ਤੇਜਸਵੀ ਬਨਾਉਣ ਲਈ ਵਾਰਤਕ ਵਿੱਚਲੀ ਪ੍ਰਭਾਵਸ਼ਾਲੀ ਵਾਕ-ਬਣਤਰ ਨੂੰ ਅਜਿਹੇ ਬਾ-ਕਮਾਲ-ਬਿੰਬਾਂ, ਅਲੌਕਿਕ-ਅਲੰਕਾਰਾਂ, ਤੇ ਤਰੋ-ਤਾਜ਼ੀਆਂ-ਤਸ਼ਬੀਹਾਂ ਦੀਆਂ ਚਮਕਦੀਆਂ ਦਿਲ-ਲਭਾਊ ਲੜੀਆਂ ਨਾਲ਼ ਸ਼ਿੰਗਾਰਿਆ ਹੈ ਕਿ ਪਾਠਕ ਪੜ੍ਹਦਾ-ਪੜ੍ਹਦਾ ਕਦਾਚਿਤ ਵੀ ਉਕਤਾਉਂਦਾ ਨਹੀਂ। ਉਸ ਨੇ ਆਪਣੇ ਸਫ਼ਰ ਦੇ ਕੌੜੇ-ਮਿੱਠੇ ਤਜਰਬਿਆਂ ਨੂੰ “ਹਰਫਾਂ” ਅਤੇ “ਸ਼ਬਦਾਂ” ਦੇ ਵਰਕ ਲਾ ਕੇ ਆਲ੍ਹਾ-ਦਰਜੇ ਦੀ ਤਿਆਰ ਕੀਤੀ ਇਸ ਵਾਰਤਕ-ਸਮੱਗਰੀ ਨੂੰ ਕਿਤਾਬੀ-ਗਾਗਰ ਵਿਚ ਇਸ ਤਰ੍ਹਾਂ ਬੰਦ ਕੀਤਾ ਹੈ, ਕਿ ਪੁਸਤਕ ਦਾ “ਅਦਬੀ-ਵਜ਼ਨ” ਸਾਹਿਤਕ-ਗੁਣਾਂ ਅਤੇ ਤੱਤਾਂ ਦੇ ਤਰਾਜ਼ੂ ਵਿੱਚ ਬਿਨਾਂ ਕਿਸੇ ਪਾਸਕੂ ਦੇ ਪੂਰੀ ਤਰ੍ਹਾਂ ਸਹੀ-ਸਹੀ ਤੁਲਦਾ ਹੈ। ਸੰਪੂਰਨ-ਰਚਨਾ ਵਿੱਚ ਭਿੰਨ-ਭਿੰਨ ਪ੍ਰਕਾਰ ਦੇ ਸਾਹਤਿਕ-ਰੰਗ ਜੁਗਨੂੰਆਂ ਦੀ ਮਿੱਠੀ-ਮਿੱਠੀ ਲੋਅ ਬਣਕੇ, ਖੁਲ੍ਹੇ-ਡੁੱਲ੍ਹੇ ਜਿਗਰੇ ਨਾਲ਼ ਰੌਸ਼ਨਾਈਆਂ ਬਿਖੇਰਦੇ ਨਜ਼ਰ ਆਉਂਦੇ ਹਨ।

ਪੰਨਾਂ 25 ਦੇ ਪਹਿਲੇ ਪੈਰੇ ਵਿੱਚ ਬਿਆਨ ਕੀਤੀ ਗਈ ਘਟਨਾ ਰਾਜਸਥਾਨ ਦੇ ਉਜਾੜ-ਡਰਾਉਣੇ ਇਲਾਕੇ ਵਿੱਚ ਮੋਟਰ ਸਾਇਕਲ ਦਾ ਟਾਇਰ ਪੈਂਚਰ (puncture) ਹੋਣ ਵੇਲ਼ੇ ਮੁਸੀਬਤ ਵਿੱਚ ਘਿਰ ਜਾਣ ਦੀ ਵੇਦਨਾ ਹੈ। ਸੜਕ ਦੇ ਕਿਨਾਰੇ ਛੋਟੇ ਜਿਹੀ ਦੁਕਾਨ ਬਨਾਮ “ਢਾਬੇ” ਉੱਤੇ ਰੋਟੀਆਂ ਪਕਾ ਰਿਹਾ ਅਜਨਬੀ ਬੰਦਾ, ਜਦੋਂ ਬਾਜਰੇ ਦੀਆਂ ਦੋ-ਦੋ ਰੋਟੀਆਂ ਉਹਨਾਂ ਦੇ ਹੱਥਾਂ ’ਤੇ ਧਰਦਾ ਹੈ, ਤਾਂ ਲੇਖਕ ਦੇ ਹੱਕੇ-ਬੱਕੇ ਹੋ ਕੇ ਸਹਿਜ-ਸੁਭਾਅ ਕਹੇ ਇਹ ਲਫ਼ਜ਼,“ਯਾਰ ਇਨ੍ਹਾਂ ਨੂੰ ਖਾਣਾ ਤਾਂ ਮੋਟਰ ਸਾਇਕਲ ਦਾ ਪਹੀਆ ਖੋਲ੍ਹਣ ਨਾਲ਼ੋ ਵੀ ਔਖਾ ਕੰਮ ਹੈ, ਕਾਸ਼ ਕਿਤੇ ਲੱਸੀ ਹੁੰਦੀ,”  ਉਚੇਚਾ ਧਿਆਨ ਮੰਗਦੇ ਹਨ। ਰੋਟੀ ਅਤੇ ਪਹੀਏ ਦਾ ਆਕਾਰ ਤਾਂ ਭਾਵੇਂ ਛੋਟਾ-ਵੱਡਾ ਹੈ, ਪਰ ਦੋਵੇ ਗੋਲ਼ਾਈ ਵਿਚ ਹੋਣ ਕਰਕੇ ਲੇਖਕ ਵੱਲੋਂ ਮੌਜੂਦਾ-ਪ੍ਰਸਥਿਤੀ ਦਾ ਟਾਕਰਾ ਕਰਦਿਆਂ ਬੋਲੇ ਗਏ ਇਹ ਸ਼ਬਦ ਸਾਰਥਿਕ, ਪ੍ਰਮਾਣਿਕ ਤੇ ਤੁਲਨਾਤਮਿਕ-ਬਿੰਬ ਸਿਰਜਣਾ ਦੀ ਸਿਖਰ ਹਨ।

ਜਿੱਥੇ, “ਲੇਖਕ” ਦੀ ਸ਼ੈਲੀ ਵਿੱਚ ‘ਪਾਠਕ’ ਨੂੰ ਰਚਨਾ ਨਾਲ਼ ਮੁਕੰਮਲ ਤੌਰ ’ਤੇ ਜੋੜੀ ਰੱਖਣ, ਦਿਲਸਚਪੀ ਵਧਾਉਣ, ਅਤੇ ਲੜੀ ਦੇ ਨਾ ਟੁਟਣ ਵਾਲ਼ੇ ਕਲਾਤਮਿਕ-ਕ੍ਰਿਸ਼ਮਿਆਂ ਦਾ ਬੋਲ-ਬਾਲਾ ਹੈ, ਉੱਥੇ ਪੜ੍ਹਨ ਵਾਲ਼ੇ ਦੀ ਰੁਚੀ ਨੂੰ ਨਾਲ਼-ਨਾਲ਼ ਤੋਰੀ ਜਾਣ ਦੀ ਵਜ਼ਨਦਾਰ ਅਲੰਕਾਰਮਈ-ਸਿਖ਼ਰ ਦੀ ਸਰਦਾਰੀ ਵੀ ਕਾਇਮ ਹੈ। ਇਹ ਸਾਰੀ ਰਚਨਾ ਇਕਸਾਰਤਾ ਅਤੇ ਮੌਲਕਿਤਾ ਦੀ ਮਿਠਾਸ ਦੇ ਮਿਸ਼ਰਣ ਨਾਲ਼ ਨੱਕੋ-ਨੱਕ ਭਰੀ ਹੋਈ ਹੈ। ਉਸ ਦੀ ਇਸ ਕਲਾ-ਕਿਰਤ ਵਿੱਚ ਜਿੱਥੇ ਤਿਰਸ਼ਕੇ ਘੜੇ ਹੋਏ ਸੁੰਦਰ-ਸ਼ਬਦ, ਸਰਲਤਾ ਨਾਲ਼ ਸਦੀਵੀ-ਸਹੇਲਪੁਣੇ ਦੀ ਸਾਖੀ ਭਰਦੇ ਹਨ, ਉੱਥੇ ਸੂਖ਼ਮਤਾ ਦਾ ਸੋਮਾਂ ਵੀ ਸੰਖੇਪਤਾ ਦੀਆਂ ਸੀਤ-ਲਹਿਰਾਂ ਬਣਕੇ ਸਹਿਜ-ਸੁਭਾਅ ਵਗਦਾ ਨਜ਼ਰੀਂ ਪੈ ਰਿਹਾ ਹੈ। ਸਾਹਿਤਕ ਪੱਖ ਤੋਂ ਪੁਸਤਕ ਵਿਚਲੀਆਂ ਬੇ-ਸ਼ੁਮਾਰ ਅਦਬੀ-ਬੂਟੀਆਂ ਪਾਠਕ ਦਾ ਸਵੈ-ਅਧਿਐਨ, ਗਿਆਨ-ਘੋਖਣ, ਅਤੇ ਰਹੱਸ-ਬੁੱਝਣ ਦੀ ਤ੍ਰਿਸ਼ਨਾਂ ਦੀ ਪੂਰਤੀ ਨੂੰ ਆਨੰਦ-ਮਈ ਬਨਾਉਣ ਵਿੱਚ ਪੂਰੀ ਤਰ੍ਹਾਂ ਖਰੀਆਂ ਉਤਰਦੀਆਂ ਹਨ।

ਉਪ੍ਰੋਕਤ ਵਿਚਾਰੇ ਗਏ ਤੱਥਾਂ ਨੂੰ ਮੱਦੇ-ਨਜ਼ਰ ਰੱਖਦਿਆਂ ਬੜੇ ਮਾਣ ਨਾਲ਼ ਕਿਹਾ ਜਾ ਸਕਦਾ ਹੈ ਕਿ “ਜਗਜੀਤ” ਦੀ ਇਹ ‘ਜੇਠੀ-ਪੁਸਤਕ’ ਸਾਹਿਤਕ-ਦੁਨੀਆਂ ਦੇ ਮੇਲੇ ਵਿੱਚ ਆਪਣੀ ਵੱਖਰੀ ਪਹਿਚਾਣ ਸਦਕਾ, ਪੰਜਾਬੀ ਸਾਹਿਤ ਦਾ ਇੱਕ ਦੁਰਲੱਭ-ਖ਼ਜ਼ਾਨਾਂ ਬਣੇਗੀ।

ਡਾ: ਰਛਪਾਲ ਗਿੱਲ ਟੋਰਾਂਟੋ, ਕੈਨੇਡਾ 416-669-3434
Show More

Related Articles

Leave a Reply

Your email address will not be published. Required fields are marked *

Back to top button
Translate »