ਯਾਦਾਂ ਬਾਕੀ ਨੇ --

ਜਦੋਂ ਹਰੀ ਸਿੰਘ ਨਲੂਏ ਨੂੰ ਹੋਈ ਨਮੋਸ਼ੀ ਭਰੀ ਹਾਰ–

ਮਸ਼ਵਾਨੀਆਂ ਅਤੇ ਸੈਦ ਖਾਨੀਆਂ ਦੇ ਹੱਥੋਂ ਹਰੀ ਸਿੰਘ ਨਲਵਾ ਦੀ ਸ਼ਰਮਨਾਕ ਹਾਰ ਦਾ ਹੇਠ ਲਿਖਿਆਂ ਬਿਰਤਾਂਤ ਹੇਠਲੇ ਦੋ ਸਰੋਤਾਂ ਤੋਂ ਲਿਆ ਗਿਆ ਹੈ:-

👉🏻 (1) ਲਾਲਾ ਮਹਿਤਾਬ ਸਿੰਘ (1846 ਵਿੱਚ ਲਿਖਿਆ) ਦੁਆਰਾ ਇੱਕ ਚਸ਼ਮਦੀਦ ਬਿਰਤਾਂਤ “ਤਰੀਖ-ਏ-ਹਜ਼ਾਰਾ” ਤੋਂ ਲਿਆ ਗਿਆ ਹੈ; ਜਿਨ੍ਹਾਂ ਦੇ ਅੰਸ਼ਾਂ ਦਾ ਉਰਦੂ ਵਿੱਚ ਅਨੁਵਾਦ ਸ਼ੇਰ ਬਹਾਦੁਰ ਖਾਨ ਪੰਨੀ ਨੇ ਆਪਣੀ ਕਿਤਾਬ “ਤਰੀਖ-ਏ-ਹਜ਼ਾਰਾ” (ਪੰਨਾ 56-59) ਵਿੱਚ ਕੀਤਾ ਹੈ। ਮਹਿਤਾਬ ਸਿੰਘ 1824 ਵਿੱਚ ਹਰੀ ਸਿੰਘ ਨਲਵਾ ਦੀ ਸੇਵਾ ਵਿੱਚ ਸੀ…

👉🏻 [2] ਹਜ਼ਾਰਾ ਜ਼ਿਲ੍ਹਾ ਗਜ਼ਟੀਅਰ, 1907 ਵਿੱਚ ਪ੍ਰਕਾਸ਼ਿਤ, ਪੰਨਾ-128…

ਚਾਰਲਸ ਮੈਸਨ, ਜਿਸ ਨੇ 1830 ਦੇ ਦਹਾਕੇ ਵਿੱਚ ਪਖਤੂਨਖਵਾ ਦੀ ਯਾਤਰਾ ਕੀਤੀ, ਲਿਖਦਾ ਹੈ ਕਿ ਹਰੀ ਸਿੰਘ ਨਲਵਾ ਨੇ ਆਪਣੇ ਪਸ਼ਤੂਨ ਵਿਰੋਧੀਆਂ ਨੂੰ ਘੱਟ ਅੰਗਿਆ ਅਤੇ ਜਮਰੌਦ (1837) ਦੀ ਲੜਾਈ ਤੋਂ ਪਹਿਲਾਂ ਵੀ ਅਕਸਰ ਨਾਜ਼ੁਕ ਸਥਿਤੀਆਂ ਵਿੱਚੋਂ ਲੰਘਿਆ ਸੀ ਜਿਸ ਵਿੱਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ… ਇਤਿਹਾਸ ਨੇ ਪਸ਼ਤੂਨ ਪਿੰਡਾਂ ਦੇ ਆਪ ਮੁਹਾਰੇ, ਬੇਤਰਤੀਬ ਲਸ਼ਕਰਾਂ ਨਾਲ ਆਪਣੀਆਂ ਲੜਾਈਆਂ ਵਿਚ ਉਸ ਦੀਆਂ ਨਾਜ਼ੁਕ ਸਥਿਤੀਆਂ ਦੀਆਂ ਸਾਰੀਆਂ ਘਟਨਾਵਾਂ ਨੂੰ ਬੇਸ਼ੱਕ ਸੁਰੱਖਿਅਤ ਨਹੀਂ ਰੱਖਿਆ ਹੈ ਪਰ ਇਕ ਉਦਾਹਰਣ ਇਤਿਹਾਸਕਾਰਾਂ ਦੇ ਧਿਆਨ ਤੋਂ ਨਹੀਂ ਬਚੀ ਜਦੋਂ 8000 ਸਿਪਾਹੀਆਂ ਦੀ ਪੂਰੀ ਤਾਕਤਵਰ ਖਾਲਸਾ ਫੌਜ ਨੂੰ ਇਕ ਛੋਟੇ ਜਿਹੇ ਪਸ਼ਤੂਨ ਲਸ਼ਕਰ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਇਹ ਘਟਨਾ ਅਜੋਕੇ ਹਰੀਪੁਰ ਜ਼ਿਲ੍ਹੇ ਵਿੱਚ 1824 ਦੀ ਹੈ… ਅਤੇ ਇਸਦੀਆਂ ‘ਤਾਰਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਅਧਿਕਾਰੀਆਂ ਤੱਕ ਵੀ ਪਹੁੰਚੀਆਂ…’

ਹਰੀ ਸਿੰਘ ਨਲਵਾ, ਜੋ ਕਿ ਇੱਕ ਮੁਸਲਮਾਨਾਂ ਦੇ ਕੱਟੜ ਵਿਰੋਧੀ ਵਜੋਂ ਪ੍ਰਸਿੱਧ ਸੀ ਅਤੇ ਉਸਨੇ ਆਪਣੇ ਸੰਖੇਪ ਸ਼ਾਸਨ ਦੌਰਾਨ ਕਸ਼ਮੀਰ ਘਾਟੀ ਦੇ ਸ਼ਾਂਤਮਈ ਅਤੇ ਨਿਮਰ ਮੁਸਲਮਾਨਾਂ ‘ਤੇ ਬੇਲੋੜਾ ਜ਼ੁਲਮ ਕੀਤਾ ਅਤੇ ਉਨ੍ਹਾਂ ਵਿੱਚ ਸਹਿਮ ਬਿਠਾਇਆ…ਜਦੋਂ ਰਣਜੀਤ ਸਿੰਘ ਨੂੰ ਨਲਵੇ ਦਾ ਪ੍ਰਸ਼ਾਸਨ ਦਾ ਤੌਰ ਤਰੀਕਾ ਦਰੁਸਤ ਨਾ ਜਾਪਿਆ ਤਾਂ ਉਸਨੇ ਉਸਨੂੰ ਕਸ਼ਮੀਰ ਦੀ ਸੂਬੇਦਾਰੀ ਤੋਂ ਹਟਾ ਕੇ ਹਜ਼ਾਰਾ ਦੇ ਲੜਾਕੂ ਅਤੇ ਗੜਬੜ ਵਾਲੇ ਕਬੀਲਿਆਂ ਨਾਲ਼ ਸਿੱਝਣ ਲਈ ਭੇਜਣ ਦਾ ਫੈਸਲਾ ਕੀਤਾ… 1822 ਵਿੱਚ ਹਰੀ ਸਿੰਘ ਨਲਵਾ ਹਜ਼ਾਰਾ ਦਾ ਸੂਬੇਦਾਰ ਥਾਪਿਆ ਗਿਆ… ਪੈਂਦੀ ਸੱਟੇ ਉਸਨੂੰ ਮਸ਼ਵਾਨੀਆਂ ਪਸ਼ਤੂਨ ਕਬੀਲੇ ਦੀ ਬਗਾਵਤ ਦਾ ਸਾਹਮਣਾ ਕਰਨਾ ਪਿਆ… ਉਸਨੇ ਪਹਿਲੀ ਵਾਰ 1822 ਵਿੱਚ ਸ਼੍ਰੀਕੋਟ ਪਹਾੜੀਆਂ (ਅਜੋਕੇ ਹਰੀਪੁਰ ਜ਼ਿਲੇ ਵਿੱਚ ਸਥਿਤ) ਦੇ ਵਿਦਰੋਹ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ… ਸੰਨ 1824 ਈਸਵੀ ਵਿੱਚ ਇਸਨੇ ਗੰਡਘਰ ਦੀਆਂ ਪਹਾੜੀਆਂ ਤੋਂ ਵਿਦ੍ਰੋਹੀਆਂ ਸਫ਼ਾਇਆ ਕਰਨ ਅਤੇ ਮਸ਼ਵਾਨੀਆਂ ਦੇ ਸ੍ਰੀਕੋਟ ਪਿੰਡ ਨੂੰ ਜਿੱਤਣ ਦਾ ਇੱਕ ਹੋਰ ਯਤਨ ਕੀਤਾ… ਉਹ ਹਰੀਪੁਰ ਕਸਬੇ ਤੋਂ 8000 ਦੀ ਤਾਕਤਵਰ ਫੌਜ ਨਾਲ ਰਵਾਨਾ ਹੋਇਆ ਜੋ ਤੋਪਖਾਨੇ ਨਾਲ ਲੈਸ ਸੀ… ਨਾਰਾ ਵਿਖੇ ਜੋ ਕਿ ਸ੍ਰੀਕੋਟ ਨੂੰ ਜਾਣ ਵਾਲੇ ਰਸਤੇ ਦੇ ਮੂੰਹ ‘ਤੇ ਸਥਿਤ ਹੈ, ਖ਼ਾਲਸਾ ਫੌਜਾਂ ਨੇ ਪਿੰਡ ਦੇ ਖਾਲੀ ਘਰਾਂ ਵਿਚ ਡੇਰੇ ਲਾ ਲਏ…ਓਧਰ ਜਵਾਬ ਵਿੱਚ ਉਸਮਾਨਜ਼ਈ, ਯੂਸਫ਼ਜ਼ਾਈ ਦੀ ਮਸ਼ਵਾਨੀ ਅਤੇ ਸੈਦਖਾਨੀ ਲੜਾਕਿਆਂ ਨੇ ਨਾਰਾ ਪਹੁੰਚ ਕੇ ਪਹਾੜੀ ‘ਤੇ ਮੋਰਚੇ ਸੰਭਾਲ ਲਏ ਅਤੇ ਪਹਾੜੀ ਤੋਂ ਸਿੱਖ ਖੇਮਿਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ… ਸਿੱਖ ਅਫਸਰ ਪਹਾੜੀ ‘ਤੇ ਚੜ੍ਹ ਕੇ ਪਸ਼ਤੂਨ ਕਬੀਲਿਆਂ ‘ਤੇ ਸਿੱਧਾ ਹੱਲਾ ਕਰਨ ਤੋਂ ਝਿਜਕ ਰਹੇ ਸਨ ਅਤੇ ਉਨ੍ਹਾਂ ਨੇ ਹਰੀ ਸਿੰਘ ਨੂੰ ਸੁਝਾਅ ਦਿੱਤਾ ਕਿ ਹਾਲ ਦੀ ਘੜੀ ਉਹ ਪਿੱਛਾਂਹ ਹਟ ਜਾਣ ਅਤੇ ਕਦੇ ਫੇਰ ਇੰਨ੍ਹਾਂ ਨਾਲ਼ ਸਿੱਝ ਲਵਾਂਗੇ… ਆਪਣੇ ਅਫਸਰਾਂ ਦੀ ਇਹ ਦੁਚਿੱਤੀ ਹਰੀ ਸਿੰਘ ਨੂੰ ਕਾਇਰਤਾ ਜਾਪਦੀ ਸੀ ਤੇ ਉਹ ਅੱਗ ਬਬੂਲਾ ਹੋ ਗਿਆ…

ਟਿੱਕੀ ਛਿਪਦੇ ਨੂੰ ਮਸਵਾਨੀਆਂ ਅਤੇ ਸੈਦਖਾਨੀਆਂ ਨੇ ਪਹਾੜੀ ਤੋਂ ਉਤਰ ਕੇ ਬੰਦੂਕਾਂ, ਤਲਵਾਰਾਂ ਅਤੇ ਪੱਥਰਾਂ ਨਾਲ ਸਿੱਖ ਡੇਰੇ ‘ਤੇ ਹੱਲਾ ਕਰ ਦਿੱਤਾ… ਸਿੱਖ ਫੌਜ ਇਸ ਚਾਣਚੱਕ ਹੱਲੇ ਅਤੇ ਗੁਸਤਾਖ਼ ਦਲੇਰੀ ਲਈ ਤਿਆਰ ਨਹੀਂ ਸੀ… ਜਦੋਂ ਹਰੀ ਸਿੰਘ, ਮਹਾਂ ਸਿੰਘ (ਜਿਸ ਦੇ ਨਾਂ ਤੇ ਮਾਨਸਹਿਰਾ ਜ਼ਿਲ੍ਹੇ ਦਾ ਨਾਂ ਰੱਖਿਆ ਗਿਆ ਹੈ) ਅਤੇ ਅਹੁਦੇਦਾਰ ਆਪਣੇ ਢਾਰਿਆਂ ਚੋਂ ਬਾਹਰ ਨਿੱਕਲੇ ਤਾਂ ਪਸ਼ਤੂਨਾ ਨੇ ਉਨ੍ਹਾਂ ‘ਤੇ ਤਲਵਾਰਾਂ ਅਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ…ਇਸ ਹੱਲੇ ਵਿੱਚ ਮਹਾਂ ਸਿੰਘ ਦੇ ਭਰਾ ਕਿਸ਼ਨ ਸਿੰਘ ਸ਼ਹੀਦ ਹੋ ਗਏ ਅਤੇ ਇੱਕ ਪੱਥਰ ਹਰੀ ਸਿੰਘ ਦੇ ਆਣ ਵੱਸਿਆ ਜਿਸ ਨਾਲ਼ ਉਹ ਹੇਠਾਂ ਖੱਡ ਵਿੱਚ ਜਾ ਡਿੱਗਿਆ ਜਿੱਥੇ ਉਹ ਕਿੰਨਾ ਚਿਰ ਬੇਸੁੱਧ ਪਿਆ ਰਿਹਾ… ਜਦੋਂ ਉਸਨੂੰ ਸੁਰਤ ਆਈ ਤਾਂ ਉਹ ਕਿਸ਼ਨਗੜ੍ਹ ਕਿਲ੍ਹੇ (ਹਰੀਪੁਰ ਸ਼ਹਿਰ ਦੇ ਅੰਦਰ ਸਥਿਤ) ਵਿੱਚ ਵਾਪਸ ਪਹੁੰਚਣ ਵਿੱਚ ਸਫਲ ਹੋ ਗਿਆ…ਇਸ ਝੜਪ ਵਿੱਚ ਖਾਲਸਾ ਫੌਜ ਦਾ 500 ਤੋਂ ਵੱਧ ਬੰਦੇ ਨੁਕਸਾਨੇ ਗਏ ਅਤੇ ਵੱਡੀ ਮਾਤਰਾ ਵਿਚ ਹਥਿਆਰ ਅਤੇ ਕੈਂਪ ਦਾ ਸਮਾਨ ਉੱਥੇ ਹੀ ਛੱਡ ਦਿੱਤਾ ਗਿਆ…

ਇਸ ਤਬਾਹੀ ਦੀ ਖਬਰ ਪੂਰੇ ਹਜ਼ਾਰਾ ਤੱਕ ਪਹੁੰਚ ਗਈ ਅਤੇ ਅਫਵਾਹ ਫੈਲ ਗਈ ਕਿ ਹਰੀ ਸਿੰਘ ਮਾਰਿਆ ਗਿਆ ਹੈ…ਇਸ ਤੋਂ ਬਾਅਦ ਆਪਣੇ ਜ਼ਖ਼ਮ ਰਾਜ਼ੀ ਕਰਨ ਲਈ ਹਰੀ ਸਿੰਘ ਨੂੰ ਕਿਸ਼ਨਗੜ੍ਹ ਕਿਲੇ ਵਿੱਚ ਕਈ ਹਫ਼ਤੇ ਇਲਾਜ਼ ਕਰਵਾਉਣਾ ਪਿਆ… ਉਸਨੇ ਆਪਣੀ ਮੌਤ ਦੀ ਅਫਵਾਹ ਦੂਰ ਕਰਨ ਲਈ ਉਸਨੇ ਦੁਬਾਰਾ ਫੇਰ ਚੜ੍ਹਾਈ ਕੀਤੀ ਅਤੇ ਤੜਕਸਾਰ ਬਾਗੜਾ ਪਿੰਡ (ਹਰੀਪੁਰ ਸ਼ਹਿਰ ਤੋਂ ਲਗਭਗ ਅੱਠ ਮੀਲ ਦੀ ਦੂਰੀ ‘ਤੇ ਸਥਿਤ) ‘ਤੇ ਅਚਨਚੇਤ ਹੱਲਾ ਬੋਲ਼ ਦਿੱਤਾ ਅਤੇ ਸਾਹਮਣੇ ਆਏ ਹਰ ਹਥਿਆਰਬੰਦ ਪਸ਼ਤੂਨ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ…

ਜਦੋਂ ਰਣਜੀਤ ਸਿੰਘ ਨੂੰ ਨਾਰਾ ਵਿਖੇ ਹਰੀ ਸਿੰਘ ਨਲਵਾ ਦੀ ਨਮੋਸ਼ੀਜਨਕ ਹਾਰ ਦੀ ਸੂਚਨਾ ਮਿਲੀ, ਤਾਂ ਉਹ ਆਪਣੇ ਜਰਨੈਲ ਦੀ ਅਸਫਲਤਾ ਕਾਰਨ ਪੈਦਾ ਹੋਈ ਗੜਬੜ ਨੂੰ ਦੂਰ ਕਰਨ ਲਈ ਇੱਕ ਵੱਡੀ ਫ਼ੌਜ ਲੈ ਕੇ ਹਜ਼ਾਰਾ ਵੱਲ ਵਧਿਆ… ਉਸਨੇ ਸ੍ਰੀਕੋਟ ਪਿੰਡ ਨੂੰ ਤਬਾਹ ਕਰ ਦਿੱਤਾ ਅਤੇ ਉੱਥੇ ਇੱਕ ਕਿਲਾ ਬਣਾਇਆ ਜਿਸ ਵਿੱਚ 500 ਆਦਮੀ ਤੈਨਾਤ ਕੀਤੇ… ਉਸਨੇ ਸਿੰਧ ਦਰਿਆ ਦੇ ਦੂਜੇ ਪਾਸੇ ਵੀ ਛਾਪਾ ਮਾਰਿਆ… ਫਿਰ ਉਹ ਲਾਹੌਰ ਚਲਾ ਗਿਆ…ਮਹਾਰਾਜੇ ਨੂੰ ਮੁੜਨ ਦੀ ਦੇਰ ਸੀ ਕਿ ਮਸਵਾਨੀਆਂ ਨੇ ਉੱਠ ਕੇ ਸ੍ਰੀਕੋਟ ਦੇ ਕਿਲੇ ਨੂੰ ਘੇਰਾ ਪਾ ਲਿਆ… ਨਾਰਾ ਵਿਖੇ ਪਿਛਲੀ ਹਾਰ ਦੇ ਕਾਰਨ, ਹਰੀ ਸਿੰਘ ਮਸ਼ਵਾਨੀਆਂ ‘ਤੇ ਹਮਲਾ ਕਰਨ ਤੋਂ ਝਿਜਕ ਰਿਹਾ ਸੀ ਇਸ ਲਈ ਰਣਜੀਤ ਸਿੰਘ ਨੇ ਉਸਦੀ ਮਦਦ ਲਈ ਜਨਰਲ ਜੀਨ-ਬੈਪਟਿਸਟ ਵੈਨਤੂਰਾ ਨੂੰ ਭੇਜਿਆ… ਮਸਵਾਨੀਆਂ ਦੀ ਹਾਰ ਹੋਈ। ਹਰੀ ਸਿੰਘ ਨਲਵਾ ਨੇ ਮੁੜ ਬਗਾਵਤ ਰੋਕਣ ਲਈ ਤਿੰਨ ਮਸ਼ਵਾਨੀ ਸਰਦਾਰਾਂ ਨੂੰ ਤੋਪਾਂ ਨਾਲ਼ ਉਡਾ ਦਿੱਤਾ ਅਤੇ ਮਸਵਾਨੀ ਕਬੀਲੇ ਨੂੰ ਸ੍ਰੀਕੋਟ ਪਿੰਡ ਤੋਂ ਬੇਦਖਲ ਕਰ ਦਿੱਤਾ…1830 ਤੱਕ ਮਸ਼ਵਾਨੀ ਸਿੰਧ ਦਰਿਆ ਤੋਂ ਪਾਰ ਜਲਾਵਤਨੀ ਵਿੱਚ ਹੰਢਾਉਣ ਲਈ ਮਜਬੂਰ ਹੋਏ…

ਮੇਜਰ ਐਬੋਟ ਦੁਆਰਾ ਬਾਅਦ ਵਿੱਚ ਬਣਾਇਆ ਗਿਆ ਇੱਕ ਚਿੱਟਾ ਥੰਮ੍ਹ ਹਰੀ ਸਿੰਘ ਨਲਵਾ ਉੱਤੇ ਮਸ਼ਵਾਨੀਆਂ ਅਤੇ ਸੈਦਖਾਨੀਆਂ ਦੀ ਜਿੱਤ ਦੀ ਯਾਦ ਦਿਵਾਉਂਦਾ ਹੈ… ਮਸਵਾਨੀਆਂ ਅਤੇ ਸੈਦਖਾਨੀਆਂ ਦੀ ਗਿਣਤੀ ਕੀੜੀਆਂ ਅਤੇ ਟਿੱਡੀਆਂ ਵਾਂਗ ਨਹੀਂ ਸੀ ਜਿੰਨੀ ਕਿ ਕੁਝ ਆਧੁਨਿਕ ਸਿੱਖ ਲੇਖਕਾਂ ਦੁਆਰਾ ਦੱਸਿਆ ਜਾਂਦਾ ਹੈ… ਸਿੱਖ ਲੇਖਕਾਂ ਅਨੁਸਾਰ ਉਸ ਲੜਾਈ ਵਿੱਚ ਇੱਕ ਸਿੱਖ ਦੇ ਮੁਕਾਬਲੇ ਦਸ-ਦਸ ਪਸ਼ਤੂਨ ਸਨ (ਅਰਥਾਤ 8,000 ਸਿੱਖ ਸੈਨਿਕਾਂ ਦੇ ਮੁਕਾਬਲੇ ਲਗਭਗ 80,000 ਪਸ਼ਤੂਨ ਸਨ)…ਜਦਕਿ 1901 ਦੀ ਮਰਦਮਸ਼ੁਮਾਰੀ ਅਨੁਸਾਰ ਸ੍ਰੀਕੋਟ ਦੇ ਮਸ਼ਵਾਨੀਆਂ ਦੀ ਜਨਸੰਖਿਆ ਸਿਰਫ਼ 3,992 ਸੀ ਅਤੇ ਹਜ਼ਾਰਾ ਜ਼ਿਲ੍ਹੇ ਦੇ ਉਤਮਨਜ਼ੀ (ਜਿਸ ਦੀਆਂ ਤਿੰਨ ਸ਼ਾਖਾਵਾਂ ਵਿੱਚੋਂ ਸੈਦਖਾਨੀ ਇੱਕ ਹੈ) ਦੀ ਜਨਸੰਖਿਆ ਸਿਰਫ਼ 2,564 ਦਰਜ਼ ਕੀਤੀ ਗਈ ਹੈ…ਇਹ ਜਿਸਨੂੰ ਸਿੱਖ ਇਤਿਹਾਸਕਾਰ 80000 ਵਾਲ਼ੀ ਟਿੱਡੀ ਦਲ ਸੈਨਾ ਦਸਦੇ ਹਨ ਅਸਲ ਵਿੱਚ ਪਸ਼ਤੂਨਾਂ ਦਾ ਇੱਕ ਛੋਟਾ ਜਿਹਾ ਲਸ਼ਕਰ ਸੀ, ਜੋ ਕਿ ਕੁਝ ਸੈਂਕੜਿਆਂ ਤੋਂ ਵੱਧ ਨਹੀਂ ਸੀ, ਜਿਸਨੇ ਸਿੱਖ ਰਾਜ ਦੀ 8,000 ਨਫ਼ਰੀ ਵਾਲ਼ੀ ਇੱਕ ਮਜ਼ਬੂਤ, ਨਿਯਮਤ ਅਤੇ ਯੂਰਪੀਅਨ-ਸਿੱਖਿਅਤ ਫੌਜ ਨੂੰ ਭਜਾਉਣ ਵਿੱਚ ਸਫਲ ਹੋ ਗਿਆ…

ਉਪਰੋਕਤ ਬਿਰਤਾਂਤ 1907 ਵਿੱਚ ਪ੍ਰਕਾਸ਼ਿਤ ਹਜ਼ਾਰਾ ਜ਼ਿਲ੍ਹਾ ਗਜ਼ਟੀਅਰ, ਪੰਨਾ-128 ਅਤੇ [2] ਲਾਲਾ ਮਹਿਤਾਬ ਸਿੰਘ (1846 ਵਿੱਚ ਲਿਖਿਆ) ਦੁਆਰਾ “ਤਰੀਖ-ਇ-ਹਜ਼ਾਰਾ” ਤੋਂ ਲਿਆ ਗਿਆ ਹੈ; ਜਿਨ੍ਹਾਂ ਦੇ ਅੰਸ਼ਾਂ ਦਾ ਉਰਦੂ ਵਿੱਚ ਅਨੁਵਾਦ ਸ਼ੇਰ ਬਹਾਦੁਰ ਖਾਨ ਪੰਨੀ ਨੇ ਆਪਣੀ ਕਿਤਾਬ “ਤਰੀਖ-ਏ-ਹਜ਼ਾਰਾ” (ਪੰਨਾ 56-59) ਵਿੱਚ ਕੀਤਾ ਹੈ…

ਅਨੁਵਾਦ:- ਗੁਰਮੇਲ ਬੇਗਾ 🌷🌷🌷

ਸ੍ਰੋਤ:- ਪਸ਼ਤੂਨ ਹਿਸਟਰੀ ਪੇਜ

Read Also 👇🏽

Show More

Related Articles

Leave a Reply

Your email address will not be published. Required fields are marked *

Back to top button
Translate »