ਨਵੀਂ ਕਲਮ ਦੀ ਡਾਇਰੀ/ ਖਾਲੀ ਕਾਗਜ਼ ਨਹੀਂ

ਬਚਪਨ ਤੋਂ ਜਵਾਨੀ ਦੀ ਦਹਿਲੀਜ਼ ‘ਤੇ ਕਦਮ ਰੱਖਦਿਆਂ ਜਦੋਂ ਇਨਸਾਨ ਆਪਣੇ ਅੰਦਰ ਝਾਕਣਾ ਸ਼ੁਰੂ ਕਰਦਾ ਹੈ, ਤਦੋਂ ਕਈ ਅਣਕਹੀਆਂ ਭਾਵਨਾਵਾਂ ਜਨਮ ਲੈਂਦੀਆਂ ਹਨ। ਮੇਰੇ ਨਾਲ ਵੀ ਕੁਝ ਏਦਾਂ ਹੀ ਹੋਇਆ। ਇੱਕ ਦਿਨ ਅਚਾਨਕ ਮਨ ਹੋਇਆ ਕਿ ਆਪਣੇ ਅੰਦਰ ਦੀਆਂ ਗੱਲਾਂ ਕਿਸੇ ਨਾਲ ਸਾਂਝੀਆਂ ਕਰਾਂ, ਪਰ ਸ਼ਬਦ ਕਿਸੇ ਇਨਸਾਨ ਨੂੰ ਨਹੀਂ, ਇੱਕ ਖਾਲੀ ਕਾਗਜ਼ ਨੂੰ ਮਿਲ ਗਏ।
ਉਸ ਦਿਨ ਤੋਂ ਬਾਅਦ ਜ਼ਿੰਦਗੀ ਪਹਿਲਾਂ ਵਰਗੀ ਨਹੀਂ ਰਹੀ। ਲੱਗਦਾ ਸੀ ਜਿਵੇਂ ਮੇਰੇ ਅੰਦਰ ਕੋਈ ਖਾਮੋਸ਼ ਦਰਿਆ ਵਹਿਣ ਲੱਗ ਪਿਆ ਹੋਵੇ। ਮੈਂ ਪਹਿਲਾਂ ਵੀ ਉਹੀ ਇਨਸਾਨ ਸੀ, ਉਹੀ ਰਾਹਾਂ ‘ਤੇ ਤੁਰਦਾ ਸੀ, ਉਹੀ ਲੋਕ ਮੇਰੇ ਆਲੇ- ਦੁਆਲੇ ਸਨ ਪਰ ਅੰਦਰ ਕੁਝ ਬਦਲ ਗਿਆ ਸੀ।
ਇਹ ਸੱਚ ਹੈ ਕਿ ਮੇਰੇ ਮਨ ਅੰਦਰ ਇੱਕ ਅਜਿਹੀ ਆਵਾਜ਼ ਜਾਗ ਪਈ ਸੀ ਜੋ ਪਹਿਲਾਂ ਕਦੇ ਸੁਣੀ ਹੀ ਨਹੀਂ ਸੀ ਮੈਂ। ਇਹ ਆਵਾਜ ਆਪਣੇ ਆਪ ਵਿੱਚ ਅਲੋਕਾਰੀ ਸੀ। ਮਨ ਨੂੰ ਸੁਰ ਵਿੱਚ ਕਰਨ ਵਾਲੀ ਆਵਾਜ।
ਮੈਂ ਕਲਮ ਹੱਥ ਵਿੱਚ ਫੜੀ ਅਤੇ ਬਿਨਾਂ ਸੋਚੇ ਸਮਝੇ ਲਿਖਣਾ ਸ਼ੁਰੂ ਕਰ ਦਿੱਤਾ। ਉਹ ਸ਼ਬਦ ਨਾ ਤਾਂ ਕਿਸੇ ਕਿਤਾਬ ਤੋਂ ਪੜੇ ਹੋਏ ਸੀ ਅਤੇ ਨਾ ਹੀ ਕਿਸੇ ਨੇ ਮੈਨੂੰ ਸਿਖਾਏ ਸਨ, ਜਾਂ ਸੁਣਾਏ ਸਨ। ਉਹ ਸ਼ਬਦ ਤਾਂ ਮੇਰੇ ਅੰਦਰੋਂ ਆਪਣੇ ਆਪਣੇ ਆਪ ਨਿਕਲ ਰਹੇ ਸਨ। ਲਗਣ ਲੱਗਿਆ ਕਿ ਜਿਵੇਂ ਰੱਬ ਨੇ ਮੇਰੇ ਮਨ ਮਸਤਕ ਅੰਦਰ ਕੋਈ ਰੋਸ਼ਨੀ ਭਰ ਦਿੱਤੀ ਹੋਵੇ। ਮੈਨੂੰ ਮਹਿਸੂਸ ਹੋਣ ਲੱਗਿਆ ਕਿ ਸ਼ਾਇਦ ਇਹ ਸਿਰਫ਼ ਲਿਖਣਾ ਨਹੀਂ, ਇਹ ਉਸ ਕਾਦਰ ਤੇ ਕੁਦਰਤ ਦੀ ਮੇਹਰ ਹੋਈ ਹੈ, ਜਿਸ ਨੇ ਮੇਰੇ ਅੰਦਰ ਇੱਕ ਸ਼ਾਇਰ ਨੂੰ ਜਨਮ ਦਿੱਤਾ ਹੈ।
ਮੈਨੂੰ ਕਲਾ ਨਾਲ ਨਿਵਾਜਿਆ ਹੈ।
ਉਸ ਦਿਨ ਤੋਂ ਖਾਲੀ ਕਾਗਜ਼ ਮੇਰੇ ਲਈ ਸਿਰਫ਼ ਕਾਗਜ਼ ਨਹੀਂ ਰਹੇ। ਉਹ ਮੇਰੇ ਦਿਲ ਦੇ ਰਾਜ਼ਾਂ ਦੇ ਸਾਥੀ ਬਣ ਗਏ। ਜਦੋਂ ਵੀ ਮਨ ਵਿੱਚ ਅਹਿਸਾਸ ਉਠਦਾ, ਖੁਸ਼ੀ ਦਾ ਹੋਵੇ, ਦਰਦ ਦਾ ਹੋਵੇ, ਜਾਂ ਅਮੁੱਕ ਯਾਦਾਂ ਦਾ, ਉਹ ਮੈਂ ਉਹਨਾਂ ਨੂੰ ਕਾਗਜ਼ ‘ਤੇ ਉਤਾਰ ਦਿੰਦਾ ਹਾਂ। ਹਰ ਲਫ਼ਜ਼ ਨਾਲ ਲੱਗਦਾ ਸੀ ਜਿਵੇਂ ਮੈਂ ਆਪਣੇ ਆਪ ਨੂੰ ਥੋੜ੍ਹਾ ਹੋਰ ਸਮਝਣ ਲੱਗ ਪਿਆ ਹਾਂ।
ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦਾ ਹਾਂ ਤਾਂ ਸਮਝ ਆਉਂਦੀ ਹੈ ਕਿ ਉਹ ਸਿਰਫ਼ ਲਿਖਣ ਦੀ ਸ਼ੁਰੂਆਤ ਨਹੀਂ ਸੀ, ਉਹ ਮੇਰੀ ਰੂਹ ਦੀ ਆਵਾਜ਼ ਸੀ। ਸ਼ਾਇਦ ਹਰ ਇਨਸਾਨ ਦੇ ਅੰਦਰ ਕੋਈ ਨਾ ਕੋਈ ਕਹਾਣੀ ਲੁਕੀ ਹੁੰਦੀ ਹੈ, ਪਰ ਕੁਝ ਖੁਸ਼ਕਿਸਮਤ ਲੋਕਾਂ ਨੂੰ ਕਾਦਰ ਤੇ ਕੁਦਰਤ ਉਹ ਕਹਾਣੀ ਲਫ਼ਜ਼ਾਂ ਵਿੱਚ ਕਹਿਣ ਦੀ ਤਾਕਤ ਦੇ ਦਿੰਦਾ ਹੈ ਅਤੇ ਸ਼ਾਇਦ… ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ । ਮੈਨੂੰ ਹੁਣ ਇਲਮ ਹੋ ਗਿਆ ਹੈ ਕਿ ਸ਼ਬਦ ਦੀ ਤਾਕਤ ਕਿੰਨੀ ਹੈ। ਇਹ ਵੀ ਇਲਮ ਹੋ ਗਿਆ ਹੈ ਕਿ ਕੋਈ ਵੀ ਕਾਗਜ ਖਾਲੀ ਨਹੀਂ ਹੁੰਦਾ।
98781 11627


Bohot khoob likhya vire👌✍🏻
Very nice👌