ਕਲਮੀ ਸੱਥ

ਬਲਵਿੰਦਰ ਭੁੱਲਰ ਦੀ ਪੁਸਤਕ ‘ਧਰਤ ਪਰਾਈ ਆਪਣੇ ਲੋਕ’ ਰਿਲੀਜ਼

 ਮਾਤਭਾਸ਼ਾ ਦਿਵਸ ਨੂੰ ਸਮਰਪਿਤ ਪੁਸਤਕ ਰਿਲੀਜ਼ ਤੇ ਭਾਸ਼ਾ ਸੈਮੀਨਾਰ ਕਰਵਾਇਆ

                                 ਬਲਵਿੰਦਰ ਭੁੱਲਰ ਦੀ ਪੁਸਤਕ ‘ਧਰਤ ਪਰਾਈ ਆਪਣੇ ਲੋਕ’ ਰਿਲੀਜ਼

              ਬਠਿੰਡਾ ( ਪੰਜਾਬੀ ਅਖ਼ਬਾਰ ਬਿਊਰੋ)

ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਸਥਾਨਕ ਟੀਚਰਜ ਹੋਮ ਵਿਖੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਪੁਸਤਕ ਰਿਲੀਜ਼ ਤੇ ਭਾਸ਼ਾ ਸੈਮੀਨਾਰ ਕਰਵਾਇਆ ਗਿਆ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਸ੍ਰਪਰਸਤ ਗੁਰਦੇਵ ਖੋਖਰ, ਪ੍ਰਧਾਨ ਜਸਪਾਲ ਮਾਨਖੇੜਾ, ਪ੍ਰਸਿੱਧ ਕਹਾਣੀਕਾਰ ਅਤਰਜੀਤ, ਅਦਾਕਾਰਾ ਮਨਜੀਤ ਮਨੀ, ਕਲਾਕਾਰ ਸਾਹਿਤਕ ਦੇ ਸੰਪਾਦਕ ਕੰਵਰਜੀਤ ਸਿੰਘ ਭੱਠਲ, ਭਾਸ਼ਾ ਅਫ਼ਸਰ ਬਠਿੰਡਾ ਕੀਰਤੀ ਕਿਰਪਾਲ ਅਤੇ ਲੇਖਕ ਬਲਵਿੰਦਰ ਸਿੰਘ ਭੁੱਲਰ ਮੌਜੂਦ ਸਨ।  ਸੁਰੂਆਤ ਵਿੱਚ ਉੱਘੇ ਕਹਾਣੀਕਾਰ ਸ੍ਰੀ ਸੁਖਜੀਤ ਅਤੇ ਕਿਸਾਨ ਸੰਘਰਸ਼ ਦੌਰਾਨ ਸਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਨੂੰ ਸਰਧਾਂਜਲੀ ਭੇਂਟ ਕੀਤੀ ਗਈ।

                ਸਮਾਗਮ ਦਾ ਅਰੰਭ ਕਰਦਿਆਂ ਸਭਾ ਦੇ ਪ੍ਰਧਾਨ ਸ੍ਰੀ ਜਸਪਾਲ ਮਾਨਖੇੜਾ ਨੇ ਮਹਿਮਾਨਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਿਹਾ ਅਤੇ ਮਾਤ ਭਾਸ਼ਾ ਦਿਵਸ ਸਬੰਧੀ ਜਾਣਕਾਰੀ ਦਿੱਤੀ। ਇਸ ਉਪਰੰਤ ਸ੍ਰੀ ਬਲਵਿੰਦਰ ਸਿੰਘ ਭੁੱਲਰ ਦੀ ਪੁਸਤਕ ਆਸਟ੍ਰੇਲੀਆਈ ਸਫ਼ਰਨਾਮਾ ‘ਧਰਮ ਪਰਾਈ ਆਪਣੇ ਲੋਕ’ ਨੂੰ ਲੋਕ ਅਰਪਣ ਕੀਤਾ ਗਿਆ। ਇਸਤੋਂ ਬਾਅਦ ਉੱਘੇ ਕਹਾਣੀਕਾਰ ਸ੍ਰੀ ਭੁਪਿੰਦਰ ਸਿੰਘ ਮਾਨ ਨੇ ਪੁਸਤਕ ਬਾਰੇ ਚਾਣਨਾ ਪਾਉਂਦਿਆਂ ਕਿਹਾ ਕਿ ਸਫ਼ਰਨਾਮਾ ਵੀ ਸਾਹਿਤ ਦੀ ਇੱਕ ਸਫ਼ਲ ਵਿਧਾ ਹੈ। ਸਫ਼ਰਨਾਮਾ ਕਿਸੇ ਦੇਸ਼ ਦੇ ਸੱਭਿਆਚਾਰ ਬਾਰੇ ਜਾਣਕਾਰੀ ਹੀ ਨਹੀਂ ਦਿੰਦਾ ਸਗੋਂ ਦੋ ਦੇਸ਼ਾਂ ਦੀ ਵਿਲੱਖਣਤਾ ਨੂੰ ਵੀ ਪੇਸ਼ ਕਰਦਾ ਹੈ। ਹਰ ਲੇਖਕ ਨੂੰ ਸਫ਼ਰ ਕਰਨਾ ਬਹੁਤ ਜਰੂਰੀ ਹੁੰਦਾ ਹੈ ਤਾਂ ਜੋ ਲਿਖਤਾਂ ਵਿੱਚ ਦੁਹਰਾਓ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਲੇਖਕ ਸਾਹਿਤਕਾਰ ਦੇ ਨਾਲ ਨਾਲ ਪੱਤਰਕਾਰ ਹੋਣ ਸਦਕਾ ਉਸਦੀ ਕਿਸੇ ਵਰਤਾਰੇ ਨੂੰ ਦੇਖਣ ਦੀ ਘੋਖਵੀਂ ਨਜ਼ਰ ਹੈ, ਇਸ ਪੁਸਤਕ ਵਿੱਚ ਉਸਨੇ ਆਸਟ੍ਰੇਲੀਆ ਦਾ ਪਿਛੋਕੜ, ਪਿੰਡਾਂ ਤੇ ਸਹਿਰਾਂ ਦਾ ਦ੍ਰਿਸ਼ ਚਿਤਰਣ ਕਮਾਲ ਦਾ ਕੀਤਾ ਹੈ, ਜੋ ਪਾਠਕਾਂ ਨੂੰ ਨਾਲ ਜੋੜ ਕੇ ਰਖਦਾ ਹੈ। ਬੱਚਿਆਂ ਦੇ ਪਰਵਾਸ ਅਤੇ ਮਜਬੂਰੀ ’ਚ ਅੰਤਰਦੇਸ਼ੀ ਵਿਆਹ ਬਾਰੇ ਵੀ ਜ਼ਿਕਰ ਮਿਲਦਾ ਹੈ, ਪਰ ਕਿਤੇ ਨਾ ਕਿਤੇ ਸ਼ਬਦਾਂ ਦੀ ਸਹੀ ਚੋਣ ਵਿੱਚ ਘਾਟ ਰੜਕਦੀ ਹੈ। ਸ੍ਰੀ ਬਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਹਰ ਲੇਖਕ ਵਾਂਗ ਇਸ ਪੁਸਤਕ ਨੂੰ ਲਿਖਣ ਵਿੱਚ ਪੂਰਾ ਤਾਣ ਲਗਾਇਆ ਗਿਆ ਹੈ। ਆਸਟ੍ਰੇਲੀਆਂ ਦੇ ਭੂਗੋਲਿਕ, ਸਮਾਜਿਕ, ਆਰਥਿਕ, ਸੱਭਿਆਚਾਰ ਸਮੇਤ ਮੂਲ ਨਿਵਾਸੀਆਂ ਦੇ ਜੀਵਨ ਤੇ ਪੰਜਾਬੀਆਂ ਦੀ ਸਥਿਤੀ ਬਾਰੇ ਸਪਸ਼ਟਤਾ ਪੇਸ਼ ਕੀਤੀ ਗਈ ਹੈ।

                ਭਾਸ਼ਾ ਅਫ਼ਸਰ ਸ੍ਰੀ ਕੀਰਤੀ ਕਿਰਪਾਲ ਨੇ ਅੰਤਰਰਾਸ਼ਟਰੀ ਭਾਸਾ ਦਿਵਸ ਦੇ ਪਿਛੋਕੜ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਪੰਜਾਬੀ ਦੇ ਖਾਤਮੇ ਵਿੱਚ ਜਾਣ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਦੁਨੀਆਂ ਭਰ ’ਚ ਅਨੇਕਾਂ ਭਾਸ਼ਾਵਾਂ ਖਾਤਮੇ ਤੇ ਕੰਢੇ ਤੇ ਹਨ, ਜਿਹਨਾਂ ਵਿੱਚ ਪੰਜਾਬੀ ਵੀ ਸ਼ਾਮਲ ਹੈ। ਉਹਨਾਂ ਕਿਹਾ ਕਿ ਹਰ ਪੰਜਾਬੀ ਆਪਣੀ ਮਾਤ ਭਾਸ਼ਾ ਨੂੰ ਬਚਾਉਣ ਲਈ ਸਮਰੱਥਾ ਅਨੁਸਾਰ ਯਤਨ ਕਰੇ। ਸਮਾਗਮ ਦੀ ਮੁੱਖ ਮਹਿਮਾਨ ਬੀਬੀ ਮਨਜੀਤ ਮਨੀ ਨੇ ਕਿਹਾ ਕਿ ਮਾਤਾ ਭਾਸ਼ਾ ਲਈ ਜਿਨਾਂ ਵੀ ਕੰਮ ਕੀਤਾ ਜਾਵੇ ਘੱਟ ਹੈ। ਮੈਗਜੀਨ ਚਰਚਾ ਦੇ ਸੰਪਾਦਕ ਸ੍ਰੀ ਦਰਸ਼ਨ ਸਿੰਘ ਢਿੱਲੋਂ ਨੇ ਸਭਾ ਦੇ ਉੱਦਮ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਗਮ ਸੀਮਤ ਵਿਸ਼ਿਆਂ ਤੇ ਆਧਾਰਤ ਰੱਖਣੇ ਚਾਹੀਦੇ ਹਨ ਤਾਂ ਹੀ ਸਫ਼ਲ ਹੋ ਸਕਦੇ ਹਨ। ਸਫ਼ਰਨਾਮਾ ਜਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਇਹ ਸਪਸ਼ਟ ਤੇ ਰੌਚਿਕ ਹੋਣਾ ਚਾਹੀਦਾ ਹੈ। ਤਰਕਸ਼ੀਲ ਆਗੂ ਸ੍ਰੀ ਰਾਜਪਾਲ ਨੇ ਬੁੱਧੀਜੀਵੀਆਂ ਵਿਰੁੱਧ ਕਾਨੂੰਨ ਦੀ ਦੁਰਵਰਤੋਂ ਕਰਨ ਤੇ ਚਿੰਤਾ ਪ੍ਰਗਟ ਕਰਦਿਆਂ ਲੇਖਕਾਂ ਨੂੰ ਸਰਕਾਰੀ ਧੱਕੇਸ਼ਾਹੀ ਵਿਰੁੱਧ ਕਲਮ ਚਲਾਉਣ ਦੀ ਅਪੀਲ ਕੀਤੀ।

                ਸ੍ਰੀ ਗੁਰਦੇਵ ਖੋਖਰ ਨੇ ਕਿਹਾ ਕਿ ਦੁਨੀਆਂ ਦੇ ਇੱਕ ਹੋ ਜਾਣ ਸਦਕਾ ਭਾਵੇ ਧਰਤ ਪਰਾਈ ਨਹੀਂ ਰਹੀ ਪਰ ਕਿਸੇ ਵਿਸ਼ੇਸ਼ ਖਿੱਤੇ ਨੂੰ ਜਾਣਨ ਲਈ ਸਫ਼ਰਨਾਮੇ ਦੀ ਬਹੁਤ ਅਹਿਮੀਅਤ ਹੁੰਦੀ ਹੈ। ਉਹਨਾਂ ਭਾਸ਼ਾ ਅਤੇ ਲਿੱਪੀ ਦੇ ਅੰਤਰ ਦਾ ਵਿਸਥਾਰ ਕਰਦਿਆਂ ਭਾਸ਼ਾ ਦੇ ਵਿਕਾਸ ਦੀ ਲੋੜ ਤੇ ਜੋਰ ਦਿੱਤਾ। ਕਹਾਣੀਕਾਰ ਸ੍ਰੀ ਅਤਰਜੀਤ ਨੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਬੋਲੀ ਮਨੁੱਖ ਦੇ ਇਤਿਹਾਸ ਤੇ ਕਿਰਤ ਨਾਲ ਜੁੜ ਕੇ ਵਿਕਸਿਤ ਹੋਈ ਹੈ। ਮਾਂ ਬੋਲੀ ਦੇ ਮੁਕੰਮਲ ਗਿਆਨ ਹੋਣ ਨਾਲ ਦੂਜੀ ਕੋਈ ਵੀ ਭਾਸ਼ਾ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ। ਇਸ ਮੌਕੇ ਹਰਵਿੰਦਰ ਸਿੰਘ ਰੋਡੇ ਵਾਲਿਆਂ ਦੇ ਜਥੇ ਨੇ ਕਵੀਸ਼ਰੀ ਰਾਹੀਂ ਖੂਬ ਰੰਗ ਬੰਨਿ੍ਹਆ। ਅੰਤ ਵਿੱਚ ਸਭਾ ਦੇ ਪ੍ਰੈਸ ਸਕੱਤਰ ਅਮਨ ਦਾਤੇਵਾਸੀਆ ਨੇ ਸਭਨਾ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਗੌਰਵ ਨੇ ਨਿਭਾਈ।

Show More

Related Articles

Leave a Reply

Your email address will not be published. Required fields are marked *

Back to top button
Translate »