ਓਹ ਵੇਲ਼ਾ ਯਾਦ ਕਰ

ਮਰਦ ਨੇ ਔਰਤ ਨਾਲ ਬਸ ਸੌਣਾ ਹੀ ਸਿੱਖਿਆ ਹੈ, ਜਾਗਣਾ ਨਹੀ-

ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ।
ਚੇਤੇ ਆਗੇ ਅੱਜ ਉਨ੍ਹਾਂ ਦੇ ਪੈਰ ਬਿਆਈਆਂ ਪਾਟੇ
। ( ਗੁਰਭਜਨ ਗਿੱਲ)
ਜੱਗੋਂ ਗਏ ਬਾਪੂ ਦੀ ਦੇਹੀ ਨੇੜਤਾ ਚਿਤਵਦਿਆਂ ਮੈਨੂੰ ਕੈਨੇਡਾ ਵਿੱਚ ਨਵੇਂ ਜੰਮੇ ਬੱਚੇ ਦੀ ਦਾਸਤਾਂ ਵੀ ਯਾਦ ਆਈ, ਜਿਸ ਨੂੰ ਜਨਮ ਲੈਣ ਸਾਰ ਨਰਸ ਨੇ ਰੋਂਦੇ ਨੂੰ ਨੰਗੇ ਪਿੰਡੇ ਮਾਂ ਦੇ ਢਿੱਡ ਤੇ ਜਾ ਪਾਇਆ। ਤੇ ਉਹ ਰੋਣਾ ਬੰਦ ਕਰ ਕੇ ਟਿਕ ਕੇ ਸੌਂ ਗਿਆ। ਮੇਰੇ ਪੁੱਛਣ ਤੇ ਨਰਸ ਨੇ ਦੱਸਿਆ ਕਿ ਬੱਚਾ ਜਿਸ ਦੇਹੀ ਤੋਂ ਵੱਖ ਹੋਇਆ ਹੈ ਵਾਪਸ ਉਸੇ ਨਾਲ ਮਿਲਣਾ ਚਾਹੁੰਦਾ ਹੈ। ਕਈ ਵਰ੍ਹੇ ਹੋਏ ਦੇਹੀ ਦੀ ਅਜਿਹੀ ਨੇੜਤਾ ਬਾਰੇ ਇੱਕ ਬਜ਼ੁਰਗ ਮਾਂ ਤੋਂ ਸੁਣਿਆ ਸੀ ਸਕੂਲੋਂ ਆ ਕੇ ਬਸਤਾ ਸੁੱਟ ਉਸ ਦਾ ਪੁੱਤ ਉਸੇ ਦਾ ਦੁੱਧ ਪੀਂਦਾ ਸੀ। ਮੈਂ ਉਸ ਵੇਲ਼ੇ ਮਜ਼ਾਕ ਵਿੱਚ ਰੋਲ਼ ਦਿੱਤਾ ਸੀ। ਪਰ ਬਜ਼ੁਰਗ ਮਾਂ ਦਾ ਤਰਕ ਸੀ ਮੇਰੀ ਦੇਹੀ ਦਾ ਜਿੰਨਾਂ ਅੰਸ਼ ਮੇਰੇ ਪੁੱਤਰ ਅੰਦਰ ਜਾਏਗਾ, ਉਤਨਾ ਹੀ ਇਹ ਮੇਰੇ ਵੱਲ ਅਹੁਲ਼ਦਾ ਰਹੇਗਾ। ਮੈਨੂੰ ਉਸ ਸਮੇਂ ਇਸ ਭਾਵੁਕ ਸਾਂਝ ਦੀ ਸਮਝ ਨਹੀਂ ਲੱਗੀ ਸੀ ਪਰ ਅੱਜ ਇਹ ਦਰੁਸਤ ਲੱਗਦੀ ਹੈ। ਕਾਸ਼। ਅਸੀਂ ਦੇਹੀ ਦੀ ਇਸ ਭਾਵੁਕ ਸਾਂਝ ਨੂੰ ਸਾਂਭੀ ਰਖਦੇ। ਅੱਜ ਸਾਡੀ ਤਰਜ਼ੇ-ਜ਼ਿੰਦਗੀ ਦੀ ਬਦਲੀ ਤੋਰ ਨੇ ਔਰਤ-ਮਰਦ ਸੰਬੰਧਾਂ ਪਿਛਲੀ ਭਾਵੁਕ ਸਾਂਝ ਨੂੰ ਬੱਸ ਦੇਹੀ ਤੱਕ ਹੀ ਸਮੇਟ ਧਰਿਆ ਹੈ। ਡਾ। ਹਰਿਭਜਨ ਸਿੰਘ ਦੀ ਇਹ ਸਤਰ ਇਸ ਭਾਵੁਕਤਾ ਦੀ ਮਿਸਾਲੀ ਗਵਾਹ ਹੈ –
ਮੈਂ ਭਰੀ ਸੁਗੰਧੀਆਂ ਪੌਣ ਸੱਜਣ ਤੇਰੇ ਬੂਹੇ ਤੇ।
ਤੂੰ ਇਕ ਵਾਰੀ ਤੱਕ ਲੈ ਕੌਣ ਸੱਜਣ ਤੇਰੇ ਬੂਹੇ ਤੇ।

ਪਰ ਇਸ ਸੁੱਚੀ ਭਾਵਨਾ ਨੂੰ ਜਵਾਨ ਪੀੜ੍ਹੀ ਦੀਆਂ ਕਿਲਕਾਰੀਆਂ, ਲੂਹਰੀਆਂ, ਬੜ੍ਹਕਾਂ, ਚੀਕਾਂ ਤੇ ਕਚੀਚੀਆਂ ਨੇ ਰੋਲ਼ ਕੇ ਇਉਂ ਢਾਲ਼ ਲਿਆ ਹੈ – ਤੈਨੂੰ ਦੇਖਿਆਂ ਸਬਰ ਨਾ ਆਵੇ ਯਾਰਾ ਤੇਰਾ ਘੁੱਟ ਭਰ ਲਾਂ।
ਇਸ ਉਮਰ ਦੀਆਂ ਅਪਹੁਦਰੀਆਂ, ਬੇ-ਲਿਹਾਜ਼ ਅਤੇ ਬੇ-ਕਿਰਕ ਆਵਾਜ਼ਾਂ ਗਵਾਹ ਹਨ ਕਿ ਔਰਤ-ਮਰਦ ਸੰਬੰਧ ਵੀ ਹੋਰਨਾਂ ਵਸਤਾਂ ਵਾਂਗ ਵਰਤੋ- ਤੇ -ਸੁੱਟੋ ਵਾਂਗ ਹੀ ਨਿਭਾਏ ਜਾ ਸਕਦੇ ਹਨ। ਇਹ ਤਾਂ ਬੱਸ ਮਘਦੇ ਸਾਹਾਂ ਸਮੇਂ ਦੇਹੀ ਖੇਡ, ਚੰਮ ਖ਼ੁਸ਼ੀਆਂ ਜਾਂ ਥੋੜ ਚਿਰੀ ਲਾਲਸਾ ਨੂੰ ਹੀ ਬਹੁਚਰਚਿਤ ਕਰਦੇ ਸੁੱਚੀਆਂ ਤਰੰਗਾਂ ਨੂੰ ਠੇਸ ਲਾ ਰਹੇ ਹਨ। ਪਿਛਲੇ ਕੁੱਝ ਅਰਸੇ ਤੋਂ ਕਾਮ ਤ੍ਰਿਪਤੀ ਹੀ ਵਿਸ਼ੇਸ਼ ਲੋੜ ਵਜੋਂ ਉੱਭਰੀ ਜਾਂ ਉਭਾਰੀ ਜਾ ਰਹੀ ਹੈ। ਖ਼ਬਰਾਂ ਦੀਆਂ ਵੱਧ ਸੁਰਖੀਆਂ ਦੁਨੀਆਂ ਵਿੱਚ ਨਿਭਦੇ ਗੁਨਾਹਾਂ ਦੀ ਮੁੱਖ ਸੁਰ ਸੰਬੰਧਾਂ ਦੇ ਇਸ ਪੇਤਲੇ, ਛਿੱਦੇ ਜਾਂ ਵਕਤੀ ਝਰਨਾਹਟ ਦੀ ਹਵਸ਼ ਦੇ ਲੇਖੇ ਹੀ ਲਗਦੀਆਂ ਹਨ। ਇਨ੍ਹਾਂ ਨੇ ਹਰ ਰਿਸ਼ਤੇ ਦੀ ਪਾਕੀਜ਼ਗੀ ਹੂੰਝ ਕੇ ਅੱਖ ਵਿੱਚ ਪਲ਼ਦੀ ਮੈਲ ਨੂੰ ਹੀ ਪਸਾਰਿਆ ਹੈ। ਮੰਡੀਕਰਣ ਦੀ ਹਰ ਵਸਤ ਵਾਂਗ ਔਰਤ ਵੀ ਇਸ਼ਤਿਹਾਰ ਵਿੱਚ ਵੇਖਣਯੋਗ ਸ਼ੈਅ ਹੋ ਨਿਬੜੀ ਹੈ। ਇੱਥੋਂ ਤੱਕ ਕਿ ਮਾਂ ਦੀ ਕੁੱਖ ਵੀ ਵਿਕਾਊ ਹੋ ਗਈ ਹੈ। ਇਸ਼ਤਿਹਾਰ ਦੀ ਦੁਨੀਆਂ ਤਾਂ ਟਿਕੀ ਹੀ ਨਾਰੀ ਦੇਹੀ ਤੇ ਹੈ।

ਇਸੇ ਪ੍ਰਾਪਤੀ ਦੇ ਟੀਚੇ ਨਾਲ ਜਵਾਨ ਪੀੜ੍ਹੀ ਦੀ ਉਮਰ ਦੇ ਹੋਰ ਸਭ ਪੜਾਅ ਮਨਫ਼ੀ ਹੀ ਕਰ ਧਰੇ ਹਨ। ਮਾਪੇ ਵੀ ਛੋਟੇ ਮਾਸੂਮ ਬੱਚੇ ਤੋਂ ਪਤਲੀ ਕਮਰ ਗਾਣਾ ਸੁਣਦੇ ਖੀਵੇ ਹੁੰਦੇ ਹਨ। ਬਿਨਾ ਸ਼ੱਕ ਦੁਨੀਆਂ ਦੀ ਬੁਨਿਆਦ ਔਰਤ-ਮਰਦ ਦੇ ਜਿਸਮ ਦੀ ਇਹ ਨੇੜਤਾ ਜਿੱਥੇ ਅਧਾਰ ਬਣੀ ਹੈ ਉੱਥੇ ਹੋਰ ਕਈ ਪਵਿੱਤਰ ਭਾਵੁਕ ਪਹੁੰਚ ਪਾਲਣ ਦੀ ਤਾਕੀਦ ਕੀਤੀ ਗਈ ਹੈ। ਕਈ ਵੱਖ ਵੱਖ ਪਵਿੱਤਰ ਛੋਹਾਂ ਨੂੰ ਵਿਸਾਰਿਆ ਜਾ ਰਿਹਾ ਹੈ। ਔਰਤ ਤੱਕ ਵੰਡਣ ਲਈ ਮਰਦ ਕੋਲ ਮਾਂ ਲਈ ਸਤਿਕਾਰ, ਭੈਣ-ਪਿਆਰ, ਪਤਨੀ ਦਾ ਇਸ਼ਕ ਅਤੇ ਧੀ ਦਾ ਮੋਹ ਕਿੰਨੇ ਹੀ ਸ਼ੇਡ ਹਨ ਜੋ ਪਾਲ਼ੇ, ਨਿਭਾਏ ਤੇ ਹੰਢਾਏ ਜਾ ਸਕਦੇ ਸਕੂਨ ਬਖ਼ਸ਼ਦੇ ਹਨ। ਪਰ ਸੰਸਾਰ ਪੱਧਰ ਤੱਕ ਹੀ ਸਾਰੇ ਸ਼ੇਡ ਇਸੇ ਸਰੀਰਕ ਖਿੱਚ ਨੇ ਸਾਵੇਂ ਨਹੀਂ ਰਹਿਣ ਦਿੱਤੇ। ਦਲੀਪ ਕੌਰ ਟਿਵਾਣਾ ਦਾ ਕਹਿਣਾ ਹੈ ਕਿ ਮਰਦ ਨੇ ਔਰਤ ਨਾਲ ਬਸ ਸੌਣਾ ਹੀ ਸਿੱਖਿਆ ਹੈ, ਜਾਗਣਾ ਨਹੀਂ। ਇਸ ਹਵਸ਼, ਲਾਲਸਾ ਜਾਂ ਦੇਹੀ ਖਿੱਚ ਵੱਲ ਉਲਰਦਿਆਂ ਅਸੀਂ ਭੁੱਲ ਜਾਂਦੇ ਹਾਂ ਕਿ ਮੋਢਾ ਪਲੋਸ ਕੇ, ਪੈਰੀਂ ਹੱਥ ਲਾ ਕੇ, ਹਿੱਕ ਨਾਲ ਲਾ ਕੇ ਬੁੱਕਲ਼ ਵਿੱਚ ਲੈ ਕੇ, ਕਲਾਵਾ ਭਰ ਕੇ, ਗਲਵੱਕੜੀ ਪਾ ਕੇ, ਵਾਲ਼ਾਂਚ ਹੱਥ ਫੇਰ ਸਿਰ ਪਲੋਸ ਕੇ, ਦੋ ਹੱਥਾਂ ਵਿੱਚ ਹੱਥ ਫੜ ਕੇ, ਮੱਥਾ ਚੁੰਮ ਕੇ ਇਹ ਸਭ ਅਸੀਸਾਂ ਨਾਲ ਲਬਰੇਜ਼ ਦੇਹੀ-ਅਦਾਵਾਂ ਹਨ ਜਿੱਥੇ ਅਣਕਿਆਸੀਆਂ ਤਰੰਗਾਂ ਫਿਰ ਜਾਂਦੀਆਂ ਨੇ। ਜਿਸ ਨੇ ਬਚਪਨ ਵਿੱਚ ਬਜ਼ੁਰਗਾਂ ਦੀ ਸੰਗਤ ਨਹੀਂ ਮਾਣੀ, ਬਜ਼ੁਰਗ ਸੀਨੇ ਅਨੂਭਵ ਦੀ ਭੱਠੀ ਦਾ ਸੇਕ ਨਹੀਂ ਮਾਣਿਆ, ਉਸ ਦੇ ਵਿਵਹਾਰ ਵਿੱਚ ਸਾਫ ਊਣ ਝਲਕਦੀ ਹੈ।

ਮਾਂ ਦੀ ਚੁੰਮਣ ਵੈਕਸੀਨ ਤੇ ਮਾਂ ਦੀ ਬੁੱਕਲ਼ ਲੋਈ,
ਮਾਂ ਦੀਆਂ ਦੁਆਵਾਂ ਨਾਲੋਂ ਵੱਡਾ ਵੈਦ ਨਾ ਕੋਈ।

ਗੋਡੇ ਲੱਗੀ ਸੱਟਤੇ ਮਾਂ ਦੀ ਮਾਰੀ ਫੂਕ ਵੱਡਾ ਧਰਵਾਸ ਰਹੀ ਹੈ। ਪਿਤਾ ਦੀਆਂ ਪੁੱਤਰ ਦੁਆਲੇ ਵਲ਼ੀਆਂ ਕਿਲੇ ਜਿਹੀਆਂ ਬਾਹਾਂ, ਮੋਢੇ ਬਹਿ ਕੇ ਦੇਖਿਆ ਮੇਲਾ ਹਰ ਸਵਾਰੀ ਤੋਂ ਵੱਖਰਾ ਸੀ। ਇੱਕ ਬੱਚੀ ਲੁਗ ਲੁਗ ਕਰਦੀ ਬਾਂਹ ਪਿਓ ਦੇ ਗਲ਼ ਪਾ ਕੇ ਕੁੱਝ ਵੀ ਮੰਨਵਾ ਲੈਂਦੀ ਹੈ, ਭੈਣ-ਭਰਾ ਗਲ਼ੇ ਮਿਲ ਕੇ ਵੈਰਾਗ ਪੂਰਦੇ ਨੇ, ਦੋਸਤ ਗਲ਼ੇ ਲੱਗ ਕੇ ਥਕੇਮਾਂ ਲਾਹੁੰਦੇ ਨੇ, ਮਾਵਾਂ-ਧੀਆਂ ਸੀਨੇ ਲੱਗ ਹਰ ਦੁੱਖ-ਸੁੱਖ ਕਰ ਲੈਂਦੀਆਂ ਨੇ। ਕਿਹਾ ਜਾਂਦਾ ਹੈ ਪੁੱਤ ਦੇ ਮੋਢੇ ਹੱਥ ਰੱਖ ਪਿਤਾ ਪੁੱਛੇ -ਸਭ ਤੋਂ ਤਾਕਤ ਵਾਲਾ ਕੌਣ, ਪੁੱਤ ਕਹੇ-ਮੈਂ। ਫੇਰ ਪਿਓ ਨੇ ਦੂਰ ਜਾ ਕੇ ਪੁੱਛਿਆ ਸੋਚ ਕੇ ਦੱਸ ਕੌਣ ਹੈ, ਪੁੱਤ ਨੇ ਕਿਹਾ – ਤੁਸੀਂ। ਪਿਤਾ ਦੇ ਕਾਰਨ ਪੁੱਛਣ ਤੇ ਪੁੱਤਰ ਨੇ ਕਿਹਾ – ਪਹਿਲਾਂ ਤੁਹਾਡਾ ਹੱਥ ਮੇਰੇ ਮੋਢੇ ਤੇ ਸੀ। ਸੰਬੰਧਾਂ ਦੀਆਂ ਕੁੱਝ ਪੌੜੀਆਂ ਹਨ ਦੇਖਣਾ, ਮੋਹਿਆ ਜਾਣਾ, ਭਾ ਜਾਣਾ ਤੇ ਪਾ ਲੈਣਾ ਪਰ ਸਭ ਤੋਂ ਔਖਾ ਹੈ ਨਿਭਾ ਜਾਣਾ। ਹੁਣ ਵਿਚਾਰਨਾ ਪਏਗਾ ਅਸੀਂ ਕਿਹੜੀ ਪੌੜੀ ਤੱਕ ਅੱਪੜੇ ਹਾਂ। ਭਾਈ ਵੀਰ ਸਿੰਘ ਦੇ ਸ਼ਬਦ ਇਸ ਦਿਸਦੇ ਅਤੇ ਅਣਦਿਸਦੇ ਸੰਸਾਰ ਦੀ ਸਾਂਝ ਇਮਾਨਦਾਰੀ ਨਾਲ ਨਿਭਾ ਰਹੇ ਲੱਗਦੇ ਹਨ –
ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ, ਅਸਾਂ ਧਾਅ ਗਲਵੱਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ।

Show More

Related Articles

Leave a Reply

Your email address will not be published. Required fields are marked *

Back to top button
Translate »