ਅਦਬਾਂ ਦੇ ਵਿਹੜੇ

ਲੋਕ-ਮਨਾਂ ਵਿੱਚ ਵਸਿਆ, “ਕਵੀਸ਼ਰ ਬਲਵੰਤ ਸਿੰਘ ਪਮਾਲ”

ਕਵੀਸ਼ਰ ਬਲਵੰਤ ਸਿੰਘ ਪਮਾਲ ” ਜੀ ਨੂੰ ਯਾਦ ਕਰਦਿਆਂ”

ਲੋਕ-ਮਨਾਂ ਵਿੱਚ ਵਸਿਆ, “ਕਵੀਸ਼ਰ ਬਲਵੰਤ ਸਿੰਘ ਪਮਾਲ”

ਫੌਜ ’ਚੋਂ ਡਿਸਚਾਰਜ ਹੋ ਕੇ ਜਬਲਪੁਰੋਂ ਗੱਡੀ ਚੱੜ੍ਹ, ਮੈਂ 3 ਮਾਰਚ 1967 ਦੀ ਸੁਭਾ ਚਾਰ ਕੁ ਵੱਜੇ ਲੁੱਧਿਆਣੇ ਰੇਲਵੇ ਸਟੇਸ਼ਨ ’ਤੇ ਅੱਪੜ ਗਿਆ। ਅੱਗਿਓਂ, ਓਹਨੀਂ ਦਿਨੀਂ ਸਵੇਰੇ ਪੰਜ ਕੁ ਵੱਜੇ ਜਗਰਾਵਾਂ ਨੂੰ ਚੱਲਦੇ ਦੋ-ਡੱਬਿਆਂ ਵਾਲ਼ੇ ਅੱਧੀਏ ’ਚ ਬੈਠ ਗਿਆ।

ਡਾ: ਰਛਪਾਲ ਗਿੱਲ, ਟੋਰਾਂਟੋ ਫੋਨ:- 416-669-3434

ਚਿੱਟੇ ਕੁੜਤੇ-ਮਜਾਮਿਆਂ ਦੇ ਉੱਤੋਂ ਦੀ ਕਾਲ਼ੀਆਂ ਨਹਿਰੂ-ਜੈਕਟਾਂ ਪਾਈ, ਲਸੂੜੀ-ਰੰਗੀਆਂ ਪੋਚਵੀਆਂ ਪੱਗਾਂ, ਅਤੇ ਦਾੜ੍ਹੀਆਂ ਉਪਰ ਫਿੱਕੇ ਜਿਹੇ ਨੀਲੇ-ਰੰਗ ਦੀਆਂ ਠਾਠੀਆਂ ਬੰਨ੍ਹੀ, ਬੱਦੋਵਾਲ ਸਟੇਸ਼ਨ ਤੋਂ ਤਿੰਨ ਅੱਧ-ਖੜ ਉਮਰ ਦੇ ਪੁਰਸ਼ ਮੇਰੇ ਵਾਲ਼ੇ ਡੱਬੇ ’ਚ ਆ ਚੜ੍ਹੇ। ਉਹਨਾਂ ’ਚੋਂ ਦੋ ਮੇਰੇ ਸਾਹਮਣੇ ਵਾਲੀ ਸੀਟ ’ਤੇ ਅਤੇ ਇੱਕ ਬਿਲਕੁਲ ਮੇਰੇ ਨਾਲ਼ ਆ ਬੈਠਾ। ਇੰਹਨਾਂ ਮੁਸਾਫਰਾਂ ਨੂੰ ਮੈਂ ਪਹਿਚਾਣ ਲਿਆ। ਮੇਰੇ ਕੋਲ਼ ਬੈਠੇ ਉਸ ਸੱਜਣ ਨੇ ਨਿੱਕੀ ਜਿਹੀ ਡਾਇਰੀ ਕੱਢ ਕੇ ਕੁੱਝ ਲਿਖਣਾ ਸ਼ੁਰੂ ਕੀਤਾ। ਮੈਂ ਝੱਟ ਦੇਣੇ ਕਿਹਾ, “ਬਾਈ ਜੀ ਛੰਦ ਲਿਖ ਰਹੇ ਹੋ?” ਉਹ ਹੈਰਾਨ ਜਿਹਾ ਹੋ ਕੇ ਮੁਸਕਰਾਇਆ ਤੇ ਬੋਲਿਆ, “ਫੌਜੀਆ ਤੂੰ ਕਿਵੇਂ ਬੁੱਝ ਲਿਆ!” ਮੇਰੇ ਫੌਜੀ ਵਰਦੀ ਪਾਈ ਹੋਣ ਕਰਕੇ ਉਹਨੇ ਨਿਰਾਲੀ ਜਿਹੀ-ਤਵੱਜੋ ਦਿੰਦਿਆਂ, ਮੇਰੇ ਨਾਲ਼ ਮੋਹ-ਭਰੀ ਸਾਂਝ ਵੱਧਾਅ ਲਈ। ਮੈਂ ਆਪਣਾ ਤੁਅਰਫ਼ ਕਰਵਾਇਆ। “ਬਾਪੂ ਪਾਰਸ ਜੀ” ਦਾ ਨਾਮ ਸੁਣਦਿਆਂ ਹੀ ਉਹਨੇ ਮੋਢਿਆਂ ਉੱਤੇ ਬਾਂਹ ਸੁੱਟ ਕੇ ਮੈਂਨੂੰ ਲਾਡ ਨਾਲ਼ ਘੁੱਟ ਲਿਆ, ਤੇ ਆਪਣੇ ਨਾਲ਼ ਦਿਆਂ ਨੂੰ ਕਿਹਾ,” ਲਉ ਬਈ ਆਹ ਮੁੰਡਾ ਤਾਂ ਆਪਣੇ ਘਰ ਦਾ ਹੀ ਨਿਕਲ਼ ਆਇਆ।” ਮੁੱਲਾਂਪੁਰ ਤੱਕ ਅੱਪੜਦਿਆਂ ਅਸੀਂ ਚਾਰੇ “ਅਜਨਬੀਆਂ” ਤੋਂ ਆਪਣੇ ਬਣ ਗਏ। ਉਹਨਾਂ ਅੱਗੇ ਫਰੀਦਕੋਟ ਵੱਲੀਂ ਕਿਤੇ ਪ੍ਰੋਗਰਾਮ ’ਤੇ ਜਾਣਾ ਸੀ। ਜਗਰਾਵੀਂ ਉੱਤਰਕੇ ਉਹ ਮੋਗੇ ਨੂੰ ਜਾਣ ਵਾਲ਼ੀ ਪਹਿਲੀ ਬੱਸ ਜਾ ਚੜ੍ਹੇ। ਮੇਰੇ ਕੋਲ਼ ਫੌਜੀ ਟਿੱਕਟ ਹੋਣ ਕਰਕੇ, ਮੋਗੇ ਨੂੰ ਜਾਣ ਲਈ ਪਿੱਛਿਓਂ ਦੂਜੀ ਗੱਡੀ ਦੀ ਇੰਤਜ਼ਾਰ ’ਚ ਮੈਂ ਪਲੇਟਫਾਰਮ ’ਤੇ ਬੈਠਾ ਰਿਹਾ।

30 ਜੁਲਾਈ, 1930 ਨੂੰ ਪਿੰਡ ਪਮਾਲ (ਲੁਧਿਆਣਾ) ਵਿਖੇ, ਪਿਤਾ ਸ: ਬਚਨ ਸਿੰਘ, ਅਤੇ ਮਾਤਾ ਸੰਤ ਕੌਰ ਦੇ ਘਰ ਜਨਮਿਆਂ ਬਾਲ-ਬਲਵੰਤ, ਬਚਪਨ ਤੋਂ ਹੀ ਪਿੰਡ ਦੇ ਛੋਟੇ-ਛੋਟੇ ਕੱਚੇ ਉਘੜ-ਦੁੱਗੜੇ ਘਰਾਂ, ਕੋਠਿਆਂ, ਭੀੜੀਆਂ-ਗਲ਼ੀਆਂ, ਵਿੰਗ-ਤੜਿੰਗੇ ਰਾਹਾਂ, ਖੇਤਾਂ, ਬੱਨਿੰਆਂ, ਆੜਾਂ, ਖਾਲ਼ਿਆ, ਕੱਸੀਆਂ, ਅਤੇ ਸੂਇਆਂ ਦੇ ਰਮਣੀਕ ਦ੍ਰਿਸ਼ਾਂ ਨਾਲ਼ ਖਹਿੰਦੀ ਫਿਜ਼ਾ ਦੀਆਂ ਕਲੀਆਂ ’ਚੋਂ, ਕਲਾਕਾਰੀ-ਭੌਰਾ ਬਣਕੇ “ਸਰਸਵਤੀ-ਮਾਂ” ਦੀਆਂ ਅਦਬੀ-ਲਹਿਰਾਂ ਦੀ ਮਹਿਕ ਤਾਲਾਸ਼ ਕਰਦਾ ਰਹਿੰਦਾ। ਉਸ ਦੀ ਸ਼ਾਦੀ ਪਿੰਡ ਫਲੇਵਾਲ, ਸ: ਬੰਤਾ ਸਿੰਘ ਦੀ ਬੇਟੀ ਬੀਬੀ ਮਹਿੰਦਰ ਕੌਰ ਨਾਲ਼ ਹੋਈ। ਉਹ ਇੱਕ ਲੜਕੇ ਅਤੇ ਚਾਰ ਲੜਕੀਆਂ ਦਾ ਪਿਤਾ ਬਣਿਆ। 

ਬਲਵੰਤ ਸਿੰਘ ਦੀ ਸ਼ਖ਼ਸੀਅਤ ਨੂੰ ਉਭਾਰਨ ਅਤੇ ਨਿਖਾਰਨ ਵਿਚ ਜਿੱਥੇ ਮਾਂ-ਬਾਪ ਦੀ ਯੋਗ ਪਾਲਣਾ-ਪੋਸਣਾ, ਉਹਨਾਂ ਵੱਲੋਂ ਮਿਲਿਆ ਉਤਸ਼ਾਹ, ਅਤੇ ਲਾਡ-ਲਡਿੱਕੇ ਸਨ, ਉੱਥੇ ਪਿਉ-ਦਾਦੇ ਦੇ ਗਾਇਕੀ ਪ੍ਰਤੀ “ਸ਼ੌਕੀਆ-ਮਾਹੌਲ” ਦੀਆਂ ਖਿੰਡਰਦੀਆਂ ਕਿਰਨਾਂ ਦੀ ਅਸ਼ੀਰਵਾਦੀ-ਚਮਕ, ਜੋ ਉਸ ਦੇ ਭੀੜੇ ਜਿਹੇ ਵਿਹੜੇ ’ਚ ਅਕਸਰ ਹੀ ਝੁਰਮਟ ਪਾਉਂਦੀ ਰਹਿੰਦੀ, ਉਹ ਵੀ ਉਸ ਦੇ ਸ਼ਰੀਰ ਵਿੱਚ ਕੁੱਦਦੇ ਸਾਹਿਤਕ-ਵਲਵਲਿਆਂ ਨੂੰ ਹੱਲਾ-ਸ਼ੇਰੀ ਦਾ ਮੱਠਾ-ਮੱਠਾ ਹਲੂਣਾ ਦੇਣ ’ਚ ਸਹਾਇਕ ਬਣੀ। ਮੁੱਢ ਤੋਂ ਹੀ ਮਾਤਾ ਸੰਤ ਕੌਰ ਰਾਤ ਵੇਲ਼ੇ ਸੌਂਣ ਲੱਗਿਆਂ ਉਸ ਨੂੰ ਗੋਦੀ ’ਚ ਬਿਠਾ, ਰਵਾਇਤੀ ਚੰਦ-ਮਾਮਾ ਅਤੇ ਇੱਕ ਸੀ ਰਾਜਾ ਤੇ ਇੱਕ ਸੀ ਰਾਣੀ ਦੀਆਂ ਬਾਤਾਂ ਸੁਨਾਉਣ ਦੀ ਥਾਂ, ਧਾਰਮਿਕ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ, ਸੂਰਮਿਆਂ ਦੀ ਸੂਰਮਗਤੀ ਤੇ ਅੱਣਖੀ-ਯੋਧਿਆਂ ਦੀ ਬਹਾਦਰੀ ਦੇ ਬੋਲ ਸੁਣਾ-ਸੁਣਾ ਕੇ ਲੋਰੀਆਂ ਦਿੰਦੀ! ਸੁਭਾਵਿਕ ਤੌਰ ’ਤੇ ਟੱਬਰ ਵੱਲੋਂ ਇਸ ਤਰਾਂ ਦੇ ਸਿਰਜੇ ਜਾ ਰਹੇ ਵਚਿੱਤਰ-ਵਾਤਾਵਰਨ ਦੀ ਮਤਵਾਲੀ-ਪਿਊਂਦ, ਬਾਲਕ-ਬਲਵੰਤ ਦੇ ਜ਼ਹਿਨ ਵਿੱਚ ਕਲਾ ਦੀਆਂ ਘਾਗ-ਘੁੰਮਰਾਂ ਪਾਉਣ ’ਚ ਚੋਖੀ-ਮਦਦਗੀਰ ਸਾਬਿਤ ਹੋਈ। ਕਵਿਤਾ ਲਿਖਣ ਅਤੇ ਕਵੀਸ਼ਰੀ ਗਾਉਣ ਦੀ ਗੁੱੜ੍ਹਤੀ ਉਸ ਨੂੰ ਘਰ ਦੇ ਕਲਾਕਾਰੀ-ਚੁਗਿਰਦੇ ’ਚੋਂ ਮਿਲ਼ੀ।

ਮੁੱਛ-ਫੁਟ ਬਲਵੰਤ, ਪਿੰਡ ਦੇ ਆਸ-ਪਾਸ ਜਿੱਥੇ ਵੀ ਗਵੰਤਰੀ ਅਖਾੜਾ ਲਾਉਣ ਆਉਂਦੇ, ਉਹਨਾਂ ਦਾ ਗਾਉਣ ਸੁਣਨ ਲਈ ਝੱਟ ਉੱਥੇ ਅੱਪੜ ਜਾਂਦਾ। ਗੁਆਂਡੀ ਪਿੰਡ ਬਦੋਵਾਲ ਦੇ ਅਜਾਇਬ ਸਿੰਘ ਦੀ ਕਵੀਸ਼ਰੀ ਸੁਣ-ਸੁਣ ਉਹਦੀਆਂ ਸੋਚਾਂ ਦੇ ਗ਼ਲਿਆਰਿਆਂ ਵਿੱਚੋਂ ਕਲਾ ਦੇ ਫੁਰਨੇ ਤੇ ਝੱਰਨੇਂ ਤੇਜ਼ੀ ਨਾਲ਼ ਫੁੱਟਣ ਲੱਗੇ, ਤੇ ਕੁੱਝ ਚਿਰ ਬਾਅਦ ਹੀ ਉਸ ਨੇ ਅਜਾਇਬ ਸਿੰਘ ਨੂੰ ਆਪਣਾ ਉਸਤਾਦ ਧਾਰ ਲਿਆ। ਫਿਰ, ਕਾਵਿਕ-ਸ਼ੌਕ ਦੇ ਸੋਮਿਆਂ ਦਾ ਵਹਾਅ ਏਨਾਂ ਪ੍ਰਬਲ ਹੋ ਕੇ ਵਹਿ ਤੁਰਿਆ ਕਿ ਉਸ ਨੇ ਆਪਣੇ ਹੀ ਪਿੰਡ ਦੇ ਦੋ ਗੱਭਰੂਆਂ ਨਾਲ਼ ਮਿਲ਼ ਕੇ ਆਪਣਾ ਖੁਦ ਦਾ ਕਵੀਸ਼ਰੀ-ਜੱਥਾ ਬਣਾ ਲਿਆ।

ਵਕ਼ਤ ਨੇ ਬਲਵੰਤ ਸਿੰਘ ਦੀ ਕਿਸਮਤ ਦੇ ਦਰੱਖਤ ਉੱਤੇ ਪਾਈ ਹੁਨਰ ਦੀ ਪੀਂਘ ਨੂੰ ਅਜਿਹਾ ਹੁਲਾਰਾ ਦਿੱਤਾ ਕਿ “ਪਮਾਲ ਵਾਲਾ” ਇਹ ਕਵੀਸ਼ਰੀ-ਜੱਥਾ ਥੋੜੇ ਜਿਹੇ ਅਰਸੇ ’ਚ ਹੀ, ਏਨਾਂ ਜ਼ਿਆਦਾ ਮਕ਼ਬੂਲ ਹੋਇਆ ਕਿ ਇਸ ਦੀ ਗਾਇਕੀ ਦੀਆਂ ਧੁੰਮਾਂ ਨੇ ਪਹਿਲਾਂ ਸਾਰੇ ਮਾਲਵੇ ਅਤੇ ਫਿਰ ਹੌਲ਼ੀ-ਹੌਲ਼ੀ ਮਾਝੇ-ਦੋਆਬੇ ਨੂੰ ਵੀ ਆਪਣੀ ਬੁਕਲ਼ ਵਿੱਚ ਲੈ ਲਿਆ। ਇੰਨ੍ਹਾਂ ਦੀ ਕਵੀਸ਼ਰੀ ਜਲੰਧਰ ਰੇਡਿਓ ਸਟੇਸ਼ਣ ਦੇ ਸ਼ਾਮਾਂ ਦੇ ਦਿਹਾਤੀ ਪ੍ਰੋਗਰਾਮ ਦਾ ਅਜਿਹਾ ਸ਼ਿੰਗਾਰ ਬਣੀ ਕਿ ਇਸ ਲੋਕ-ਵਿਰਸੇ ਦੇ ਅਨੂਠੇ-ਰੰਗ ਨੇ ਟੈਲਿਵਿਯਨ ਦੇ ਪਰਦੇ ਉੱਤੇ ਵੀ ਝਲਕਾਰੇ ਪਾਉਣੇ ਸ਼ੁਰੂ ਕਰ ਦਿੱਤੇ। ਇਸ ਜੱਥੇ ਦੇ ਕੋਲੰਬੀਆ ਰਿਕਾਰਡਿੰਗ ਕੰਪਨੀ ਵਿੱਚ ਕਵੀਸ਼ਰੀ ਦੇ ਕਈ ਦਰਜਨਾਂ ਕਰਵਾਏ ਰਿਕਾਰਡ, ਜੋ ਪੰਜਾਬ ਦੇ ਪਿੰਡਾਂ ਦੇ ਬਨੇਰਿਆਂ ਅਤੇ ਕੋਠਿਆਂ ਦੀਆਂ ਛੱਤਾਂ ’ਤੇ ਦੋ-ਮੰਜਿਆਂ ਦੀਆਂ ਪੁੱਠੀਆਂ-ਕੰਘੀਆਂ ਪਾ ਕੇ, ਖੜੇ ਕਰਕੇ ਉੱਪਰ ਰੱਸੀ ਨਾਲ਼ ਬੰਨ੍ਹੇ ਸਪੀਕਰਾਂ ਵਿਚ ਦੀ ਹੋ ਕੇ, ਲੰਬੇ ਅਰਸੇ ਤੱਕ ਲੋਕਾਂ ਦੇ ਕੰਨਾਂ ’ਚ ਰਸ ਘੋਲ਼ਦੇ ਰਹੇ। ਇੰਹਨਾਂ ਵਿੱਚੋਂ ਪੂਰਨ-ਭਗਤ, ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੁਨੂੰ, ਕੌਲਾਂ-ਭਗਤਣੀ, ਅਤੇ ਕਈ ਹੋਰ ਧਾਰਮਿਕ ਰਿਕਾਰਡ ਬਹੁਤ ਜ਼ਿਆਦਾ ਮਕ਼ਬੂਲ ਹੋਏ। 

ਜਿੱਥੇ, “ਪਮਾਲ ਵਾਲ਼ੇ ਇਸ ਕਵੀਸ਼ਰੀ ਜੱਥੇ” ਦਾ ਇੱਕ ਦਰਮਿਆਨੇ ਜਿਹੇ ਭਰਵੇਂ-ਸਰੀਰ ਵਾਲ਼ਾ ਸਾਥੀ ਸ: ਗੁਰਦੇਵ ਸਿੰਘ ਹਮੇਸ਼ਾ ਗੁਰੂ ਦੀ ਰਜ਼ਾ ’ਚ ਰਹਿਣ ਵਾਲ਼ਾ ਗੁਰਮੁੱਖ ਬਿਰਤੀ ਦਾ ਧਾਰਨੀ ਸੀ, ਅਤੇ ਦੂਜਾ ਸ: ਸਾਧੂ ਸਿੰਘ ਸਾਊ ਤੇ ਸਾਧੂ-ਸੁਭਾਅ ਵਾਲ਼ਾ ਸੰਗਾਊ-ਸੱਜਣ ਸੀ, ਉੱਥੇ ਗੋਰਾ-ਨਿਸ਼ੋਹ ਹੁੰਦਲਹੇੜ “ਬਾਈ ਬਲਬੰਤ ਸਿੰਘ” ਕੁਦਰਤ ਵੱਲੋਂ ਬਖ਼ਸ਼ਿਸ਼ ਕੀਤੀਆਂ ਬਹੁ-ਪੱਖੀ ਕਲਾਵਾਂ ਦਾ ਜ਼ਖੀਰਾ ਸੀ। ਸਟੇਜ ’ਤੇ ਖੜੋਤੀ ਇਹ ਤਿੱਖੜੀ ਜਦੋਂ ਕਵੀਸ਼ਰੀ ਗਾਉਣ ਦੇ ਜੌਹਰ ਦਿਖਾਉਂਦੀ ਤਾਂ ਸਾਹਮਣੇ ਬੈਠੇ ਸਰੋਤਿਆਂ ਦੇ ਮਨਾਂ ਅਤੇ ਦਿਲਾਂ ਦੀਆਂ ਸਾਂਦਲ-ਬਾਰਾਂ, ਵਿਸਮਾਦ ਦੀ ਚਾਸ਼ਣੀ ਨਾਲ਼ ਜ਼ਰਖੇਜ਼ ਹੋ ਜਾਂਦੀਆਂ। ਅਣੋਖੀ ਅਤੇ ਮਾਣ ਵਾਲ਼ੀ ਇਹ ਗੱਲ ਹੈ ਕਿ ਇਸ ਜੱਥੇ ਨੇ ਜਿੰਨਾਂ ਚਿਰ ਗਾਇਆ, ਤਿੰਨਾਂ ਜਾਣਿਆਂ ਇਕੱਠਿਆ ਰਹਿ ਕੇ ਹੀ ਗਾਇਆ। ਤਿੰਨਾਂ ਦੀਆਂ ਉੱਚੀ-ਸੁਰ ਵਾਲ਼ੀਆਂ ਆਵਾਜ਼ਾਂ ਵਿੱਚ ਰਸ, ਮਿਠਾਸ, ਅਤੇ ਸੁਰੀਲਾਪਣ ਹੋਣ ਕਰਕੇ, ਸਰੋਤਿਆਂ ਨੂੰ ਅੰਤਰ-ਮੁਗਧ ਕਰਕੇ ਝੂੰਮਣ ਲਾ ਦਿੰਦੀਆਂ। ਸਾਧੂ ਸਿੰਘ ਬੜੀ ਰਸ-ਦਾਇਕ, ਕੜਕਵੀਂ, ਜੁੰਬਸ਼ ਅਤੇ ਅਸਰ-ਭਰਪੂਰ ਆਵਾਜ਼ ਦਾ ਮਾਲਕ ਸੀ, ਤੇ ਉਹਦੀ ਮਿੱਠੀ-ਗਵਾਇਸ਼ ਸ: ਰਣਜੀਤ ਸਿੰਘ ਸਿੱਧਵਾਂ ਅਤੇ ਕਰਤਾਰ ਸਿੰਘ ਮੰਡੀ ਕਲਾਂ ਨਾਲ਼ ਮੇਲ ਖਾਂਦੀ ਸੀ। 

ਬਲਵੰਤ ਸਿੰਘ ਆਪਣੇ ਸਮਕਾਲੀ ਢਾਡੀ ਅਤੇ ਕਵੀਸ਼ਰੀ ਜੱਥਿਆਂ ਦਾ ਚਹੇਤਾ-ਸ਼ਾਇਰ ਤੇ ਪ੍ਰਚਾਰਕ ਸੀ। ਉਹ ਬਜ਼ਾਤ-ਏ-ਖੁਦ ਵੀ ਸਾਰਿਆਂ ਨੂੰ ਬਹੁਤ ਹੀ ਸੁਹਿਰਦਤਾ ਅਤੇ ਖ਼ਲੂਸ ਨਾਲ਼ ਮਿਲ਼ਦਾ। ਜਗਿਆਸੂ-ਮਨ ਹੋਣ ਕਾਰਨ ਉਹ ਉਹਨਾਂ ਦੇ ਚੰਗੇ ਵਿਚਾਰਾਂ ਨੂੰ ਹੱਸ ਕੇ ਗ੍ਰਹਿਣ ਕਰਨ ’ਚ ਫੋਰਾ ਨਾ ਲਾਉਂਦਾ। ਭਾਵੇਂ ਕਿ ਸਿਲ਼ਹਾਰ ਨੂੰ ਸਿਲ਼ੇਹਾਰ ਨਹੀਂ ਭਾਉਂਦੀ, ਪਰ ਬਲਵੰਤ ਸਿੰਘ ਪਮਾਲ ਦੀ ਆਪਣੇ ਸਾਰੇ ਸਮਕਾਲੀਆਂ ਨਾਲ਼ ਗੂੜੀ ਮੋਹ ਭਰਪੂਰ-ਮਿੱਤਰਤਾ ਸੀ। ਕਵੀਸ਼ਰ ਦਰਬਾਰਾ ਸਿੰਘ ਮਾਂਗਟ, ਕਵੀਸ਼ਰ ਸ਼ੇਰ ਸਿੰਘ ਤਖਤੂਪੁਰੀਆ, ਮੋਹਨ ਸਿੰਘ ਰੋਡੇ, ਸੋਹਨ ਸਿੰਘ ਸੀਤਲ, ਨਰੈਣ ਸਿੰਘ ਚੰਦਨ, ਅਮਰ ਸਿੰਘ ਸ਼ੌਂਕੀ, ਦੀਦਾਰ ਸਿੰਘ, ਰਾਮ ਸਿੰਘ ਝਾਬੇਵਾਲ਼ੀਆ, ਗਿਆਨੀ ਦਯਾ ਸਿੰਘ ਦਿਲਬਰ, ਪਾਲ ਸਿੰਘ ਪੰਛੀ, ਸੁਦਾਗਰ ਸਿੰਘ ਬੇ-ਪ੍ਰਵਾਹ, ਤੇ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਆਦਿ ਉਹਦੇ ਸਮਕਾਲੀ ਸਨ। ਉਹ ਬਾਪੂ ਪਾਰਸ ਜੀ ਦੀ ਸ਼ੈਲੀ, ਕਵੀਸ਼ਰੀ, ਅਤੇ ਸ਼ਖ਼ਸੀਅਤ ਤੋਂ ਬਹੁਤ ਜ਼ਿਆਦਾ ਮੁਤਾਸਰ, ਅਤੇ ਉਸ ਦਾ ਪਿਆਰਾ-ਮਿੱਤਰ ਵੀ ਸੀ।  

ਲੋਕ-ਮਨਾਂ ਵਿੱਚ ਵਸਿਆ, “ਕਵੀਸ਼ਰ ਬਲਵੰਤ ਸਿੰਘ ਪਮਾਲ”

ਧਾਰਮਿਕ ਦੀਵਾਨਾਂ, ਰਾਜਨੀਤਿਕ ਤੇ ਸਭਿਆਚਾਰਕ-ਸਮਾਗਮਾਂ, ਮੇਲਿਆਂ, ਅਤੇ ਛਿੱਝਾਂ ਉੱਪਰ ਲੋਕ ਉਸ ਦੇ ਜੱਥੇ ਦੇ ਪ੍ਰਸੰਗਾਂ ਨੂੰ ਸੁਣਨ ਲਈ ਸਦਾ ਉਤਾਵਲੇ ਰਹਿੰਦੇ। ਉਹਦੇ ਜੱਥੇ ਨੂੰ ਬੰਬਈ, ਕਲਕੱਤਾ, ਦਿੱਲੀ, ਹੈਦਰਾਬਾਦ, ਗੰਗਾਨਗਰ, ਲਖ਼ਨਊ ਅਤੇ ਭਾਰਤ ਦੇ ਹੋਰ ਬਹੁਤ ਸਾਰੇ ਸੂਬਿਆਂ ’ਚ ਕਵੀਸ਼ੀਰੀ ਦੇ ਪ੍ਰੋਗਰਾਮ ਪੇਸ਼ ਕਰਨ ਦਾ ਮੌਕਾ ਮਿਲ਼ਿਆ।  

ਬਲਵੰਤ ਸਿੰਘ ਨੇ ਵੱਖ-ਵੱਖ ਧਰਮਾਂ ਦੇ ਗ੍ਰੰਥ ਅਤੇ ਢੇਰ ਸਾਰੀਆਂ ਕਿਤਾਬਾਂ ਦਾ ਅਧਿਐਨ ਕਰਕੇ ਖੋਜ-ਅਧਾਰਿਤ ਕਵਿਤਾ ਦੀ ਰਚਨਾ ਕੀਤੀ। ਉਹਨੇ ਕਵਿਤਾ ਦੇ ਸਾਰੇ ਰੂਪਾਂ ’ਤੇ ਕ਼ਲਮ-ਅਜ਼ਮਾਈ ਕੀਤੀ ਜਿਵੇਂ ਕਾਫੀ, ਰੁਬਾਈ, ਦੋਹਰੇ, ਬੈਂਤ, ਕਬਿੱਤ, ਕੋਰੜਾ, ਢਾਈਆ, ਔੜਾ, ਝੋਕ, ਦਵੱਯੀਆ , ਦੋਤਾਰਾ, ਕਲੀ, ਆਦਿ। ਉਹਦੇ ਕੋਲ਼ ਸ਼ਬਦਾਂ ਦਾ ਬਹੁਤ ਵਿਸ਼ਾਲ-ਭੰਡਾਰ ਸੀ। ਉਹ ਲਫ਼ਜ਼ਾਂ ਦੀਆਂ ਇੱਟਾਂ ਦੇ ਅਣੋਖੇ-ਰਦੇ ਲਾ ਕੇ “ਛੰਦਾ-ਬੰਦੀ” ਦੀਆਂ ਦੀਵਾਰਾਂ ਉਸਾਰਕੇ, ਅਜਿਹੇ ਅਦਬੀ-ਮੰਦਰ ਦੀ ਤਾਮੀਰ ਕਰਦਾ ਕਿ ਉਸ ਦੀ ਹਰ ਕਵਿਤਾ ਵਿੱਚਲਾ ਸਾਹਿਤਕ-ਤੱਤ, ਕਲਾਤਮਿਕ-ਬੱਦਲ਼ ਬਣਕੇ ਆਪ-ਮੁਹਾਰੇ ਹੀ ਰਸ-ਭਿੰਨਾਂ ਮੇਘ-ਵਰਸਾਉਣ ਲੱਗ ਪੈਂਦਾ। ਉਹ ਸਾਹਿਤਕ-ਚਰਖੇ ਦੇ ਤਕਲ਼ੇ ’ਤੇ ਨਵੇਂ-ਨਵੇਂ ਅਲੰਕਾਰ, ਬਿੰਬ, ਤੇ ਤਸ਼ਵੀਹਾਂ ਦੀਆਂ ਰੇਸ਼ਮੀਂ ਪੂਣੀਆਂ ਦੇ ਅਜਿਹੇ ਤੰਦ ਪਾਉਂਦਾ ਕਿ ਉਹਦੀ ਕਵਿਤਾ ਨੂੰ ਸੁਣਨ ਅਤੇ ਪੜਨ ਵਾਲ਼ਿਆ ਦੇ ਮਨ ਦੇ ਛਿੱਕੂ, ਆਨੰਦ ਦੇ ਅਜ਼ੀਮ ਮਨਮੋਹਕ-ਗਲੋਟਿਆਂ ਨਾਲ਼ ਭਰ ਜਾਂਦੇ।

ਦਰਅਸਲ, ਬਲਵੰਤ ਸਿੰਘ- “ਕਵੀਸ਼ਰੀ ਦਾ ਸੁਮੇਰ-ਪਰਬਤ, ਕਲਾ ਦਾ ਸ਼ਾਂਤ-ਵਹਿੰਦਾ ਵਿਸ਼ਾਲ ਸਮੁੰਦਰ, ਕਾਵਿਕ-ਸ਼ੈਲੀ ਦੀ ਅਦਭੁਤ-ਖਾਣ, ਤੇ ਅਦਬੀ-ਤੱਤਾਂ ਦੇ ਜੁਗਨੂੰਆਂ ਦੀ ਜਗ-ਮਗਾਉਂਦੀ ਜੋਤ ਦੀ ਜੁਆਲਾਮੁੱਖੀ ਤਪਸ਼ ਸੀ।” “ਪਮਾਲ ਵਾਲ਼ੇ ਇਸ ਕਵੀਸ਼ਰ” ਨੇ “ਛੰਦਾ-ਬੰਦੀ” ਕਾਵਿ-ਕ੍ਰਿਤ ਦੀ ਕਾਸ਼ਤ ਕਰਦਿਆਂ, ਕਲਪਨਾਂ ਦੀ ਕਿਆਰੀ ’ਚ, ਕ਼ਲਮ ਦੀ ਕਰੰਡੀ ਦਾ ਅਜਿਹਾ ਕਲਾਤਮਿਕ-ਕੱਟ ਲਾਇਆ ਕਿ ਉਸ ਵਿੱਚੋਂ ਕੇਸਰ ਦੀ ਮਹਿਕ ਵਰਗੇ ਕਲਾਮਾਂ ਦੀਆਂ ਕਰੂੰਬਲ਼ਾਂ ਨੇ ਫੁੱਟ ਕੇ ਕਈ ਕਾਮਯਾਬ-ਕਿੱਸਿਆਂ ਦਾ ਰੂਪ ਧਾਰਨ ਕਰ ਲਿਆ।

ਉਹਦੀ ਕਵਿਤਾ ਦੇ ਕੁੱਝ ਕੁ ਨਮੂੰਨੇਂ ਉਪਰੋਕਤ ਵਿਚਾਰਾਂ ਦੀ ਪੁਸ਼ਟੀ ਕਰਦੇ ਹਨ :-

-ਵੈਰੀ ਮਾਪੇ ਤੋੜ ਦੇਣਗੇ ਤੇਰੀ ਮੇਰੀ ਜੋੜੀ

-ਛੱਡ ਦਿਓ ਜਲਾਦੋ ਵੇ ਪੂਰਨ ਭਗਤ ਲਾਡਲਾ ਮੇਰਾ

-ਬੀਜੇ ਦੀ ਤਿਆਗੀ ਕੌਲਾਂ ਫਿਰੇ ਦੁੱਖ ਝੱਲ ਦੀ

-ਭੱਠ ਝੋਕਦੀ ਕੌਲਾਂ ਤੇਰੀ ਕਹਿ ਦਿਓ ਬਾਬਲ ਮੇਰੇ ਨੂੰ

-ਛੱਡ ਰਾਜ ਸੰਘਾਸਣ ਨੂੰ ਯੋਗੀ ਬਣਜਾ ਗੋਪੀ ਚੰਦਾ

-“ਸ਼ੀਲਾ ਨੂੰ ਸਮਝਾਲੂੰ ਆਪੇ ਜੇਕਰ ਝੱਗੜਾ ਪਾਵੇ

ਨੰਗੇ ਪੈਰ ਫਟੇ ਵੇ ਲੀੜੇ ਰਾਹੀ ਤੁਰਿਆ ਜਾਵੇ”

ਨਿਰਸੰਦੇਹ, ਉਸ ਨੇ ਬਹੁਤ ਸਾਰੇ ਵੱਖ-ਵੱਖ ਵਿਸ਼ਿਆ ਉੱਤੇ ਅਣ-ਗਿਣਤ ਉੱਚ-ਪੱਧਰੀ ਪ੍ਰਸੰਗਾਂ ਦੇ ਮਹਿਕਾਂ-ਮਾਰਦੇ ਗ਼ੁਲਦਸਤਿਆਂ ਦੀ ਬਾਗ਼ਵਾਨੀ ਕੀਤੀ। । ਬੀਰ-ਰਸੀ ਸ਼ਾਇਰੀ, ਧਾਰਮਿਕ ਪ੍ਰਸੰਗ, ਸਿੱਖ-ਯੋਧੇ, ਰਵਾਇਤੀ ਲੋਕ-ਗਾਥਾਵਾਂ(ਪੂਰਨ-ਭਗਤ, ਸੱਸੀ-ਪੁਨੂੰ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਂਵਾਲ, ਹੀਰ-ਰਾਂਝਾਂ) ਆਦਿ ਦੇ ਨਾਲ਼-ਨਾਲ਼ ਉਸ ਨੇ ਅਨੇਕਾਂ ਫੁਟਕਲ ਕਵਿਤਾਵਾਂ ਦੀ ਵੀ ਰਚਨਾ ਕੀਤੀ। ਉਸ ਦੀਆਂ ਉਰਦੂ ਲਿੱਪੀ ’ਚ ਅਣ-ਛਪੀਆਂ ਤਕਰੀਬਨ 1200 ਕਵਿਤਾਵਾਂ ਉਸ ਦੇ ਲੜਕੇ ਢਾਡੀ ਰਛਪਾਲ ਸਿੰਘ ਪਮਾਲ ਕੋਲ਼ ਪਈਆਂ ਹਨ। ਬਲਵੰਤ ਸਿੰਘ ਨੇ 15-16 ਸਾਲ ਦੀ ਉਮਰ ਵਿੱਚ ਹੀ ਰਮਾਇਣ ਦੇ ਪ੍ਰਸੰਗ ਦੀ ਖੂਬਸੂਰਤ-ਰਚਨਾ ਕਰਕੇ ਸੱਭ ਨੂੰ ਅਚੰਭਿਤ ਕਰ ਦਿੱਤਾ। ਇੱਸ ਕਿੱਸੇ ’ਚ ਉਹਦੀ ਕਲਾ ਦੀਆਂ ਬਰੀਕੀਆਂ ਅਤੇ ਸਾਹਿਤਕ-ਡੂੰਗਿਆਈਆਂ ਸਿਖ਼ਰਾਂ ਨੂੰ ਛੋਹ ਗਈਆਂ। 

ਬਹੁ-ਪੱਖੀ ਕਲਾਵਾਂ ਨੇ ਬਲਵੰਤ ਸਿੰਘ ਪਮਾਲ ਦੇ ਖਿਆਲਾਂ ’ਚ ਸਾਹਿਤਕ-ਛਾਉਣੀ ਪਾਈ ਹੋਈ ਸੀ। ਉਹ ਆਪ ਕਵਿਤਾ ਲਿਖਦਾ, ਸਾਥੀਆਂ ਨਾਲ਼ ਗਾਉਂਦਾ, ਅਤੇ ਵਿਆਖਿਆ ਵੀ ਕਰਦਾ। ਉਹਦੇ ਲੈਕਚਰ ਕਰਨ ਦੀ ਮੁਹਾਰਤ ਵਿੱਚ ਏਨੀ ਡੂੰਘਿਆਈ, ਸਰਲਤਾ, ਉਤਸੁਕਤਾ ਬਣਾਈ ਰੱਖਣ ਦੀ ਸਮਰੱਥਾ, ਅਤੇ ਗਿਆਨ ਦੀਆਂ ਗੁੱਥੀਆਂ ਸਨ, ਜੋ ਕਿ ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲ ਕੇ ਬਿਠਾਈ ਰੱਖਣ ਦੀ ਵਿਲੱਖਣ-ਭਰਪੂਰ ਚੁੰਬਕੀ-ਸ਼ਕਤੀ ਰੱਖਦੀਆਂ ਸਨ। 

“ਬਾਈ ਪਮਾਲ”, ਜਿੱਥੇ ਸੁਭਾਅ ਪੱਖੋਂ ਨਰਮੇਂ ਦੀ ਨਰਮ-ਫੁੱਟੀ ਵਰਗਾ ਕੂਲ਼ਾ-ਕੂਲ਼ਾ ਸੀ, ਉੱਥੇ ਹਮੇਸ਼ਾ ਹੀ ਠਰੰਮੇਂ ਅਤੇ ਜ਼ਬਤ ਦੀ ਬੁੱਕਲ਼ ਮਾਰ ਕੇ ਵਿਚਰਣ ਦਾ ਹੱਦ ਤੋਂ ਵੱਧ ਆਦੀ ਵੀ ਸੀ। ਚੈਂਚਲਤਾ, ਘੋਰੀ ਹੋਣਾ, ਅਤੇ ਦਲਿੱਦਰਤਾ ਉਹਦੀਆਂ ਅੰਤਲੇ ਸੁਆਸਾਂ ਤੱਕ “ਸੱਖੀਆਂ” ਨਾ ਬਣ ਸਕੀਆਂ। ਉਹਦੇ ਕਈ ਦਰਜਨ ਸ਼ਾਗਿਰਦਾਂ ਵਿੱਚੋਂ ਗੁਰਨਾਮ ਸਿੰਘ ਲੁਹਾਰਾ, ਭਗਵੰਤ ਸਿੰਘ ਦੀਵਾਨੇ, ਕਮਲ ਸਿੰਘ ਬੱਦੋਵਾਲ, ਚਰਨ ਸਿੰਘ ਆਲਮਗੀਰ , ਜੀਤ ਸਿੰਘ ਅਤੇ ਗੁਰਪਾਲ ਸਿੰਘ ਨੇ ਉਸ ਦੀ ਕਵੀਸ਼ਰੀ-ਕਲਾ ਦੀ ਪ੍ਰੰਪਰਾ ਨੂੰ ਅੱਗੇ ਵਧਾਇਆ।

ਅਫਸੋਸ! 13 ਦਸੰਬਰ, 1988 ਨੂੰ ਸ਼ਾਮ 8 ਕੁ ਵਜੇ, “ਪਮਾਲ ਪਿੰਡ” ਦੇ ਅਦਬੀ-ਦੀਵੇ ਦੀ ਉਹ ਲੋਅ ਜਿਹੜੀ ਸ਼ੁਰੂ-ਸ਼ੁਰੂ ਵਿੱਚ ਮੋਮਬੱਤੀ ਦੀ ਮੱਧਮ ਜਿਹੀ ਰੋਸ਼ਨੀ ਬਣਕੇ ਉੱਭਰੀ, ਫਿਰ ਉਹੀ ਚਿਰਾਗ਼ ਜੋ ਲਗਾਤਾਰ 58 ਸਾਲ ਦੀ ਉੱਮਰ ਦੇ ਸਫ਼ਰ ਤੱਕ, ਕਲਾ ਦੇ ਵਿਹੜੇ ’ਚ ਸੂਰਜ ਦਾ ਮਹਾਨ-ਉਜਾਲ਼ਾ ਬਣਕੇ, ਸਾਹਿਤਕ-ਸੰਸਾਰ ਦੇ ਖੁੱਲ੍ਹੇ-ਡੁੱਲ੍ਹੇ-ਪੰਡਾਲ ਵਿੱਚ ਚਾਨਣ ਦੇ ਝਲਕਾਰੇ ਦੀਆਂ ਪੈਲਾਂ ਪਾਉਂਦਾ ਰਿਹਾ, ਅੰਤ ਨੂੰ ਉਸੇ ਦੀਵੇ ਵਿੱਚਲੀ ਲੱਟ-ਲੱਟ ਕਰਦੀ ਤੇਜ਼ ਲਾਸਾਨੀ-ਲਾਟ, ਮੋਗੇ ਨਜ਼ਦੀਕ ਪਿੰਡ ਖੋਸਾ-ਪਾਂਡੋ ਵਿਖੇ ਇਕ ਧਾਰਮਿਕ ਦੀਵਾਨ ਦੀ ਸਮਾਪਤੀ ਬਾਅਦ ਰਾਤ ਦੇ ਹਨੇਰੇ ’ਚ ਇੱਕ-ਮਿੱਕ ਹੋ ਕੇ ਸਦਾ ਲਈ ਅਲੋਪ ਹੋ ਗਈ!

ਉਸ ਦੇ ਖਾਨਦਾਨੀ ਕਲਾਤਮਿਕ-ਜੀਨਜ਼ ਅੱਗਿਓਂ ਉਸ ਦੇ ਬੇਟੇ ਦੇ ਹਿੱਸੇ ਆਏ। ਬਲਵੰਤ ਸਿੰਘ ਪਮਾਲ ਦਾ ਹੋਣਹਾਰ ਇੱਕਲੌਤਾ ਬੇਟਾ ਰਛਪਾਲ ਸਿੰਘ ਪਮਾਲ ਪੰਥ ਦਾ ਸਿਰਮੌਰ ਢਾਡੀ ਹੈ। ਦੇਸ਼-ਵਿਦੇਸ਼ਾਂ ਵਿੱਚ ਜਾ ਕੇ ਉਸ ਨੇ ਆਪਣੇ ਪਿਤਾ ਦੇ ਇਸ ਲੋਕ-ਵਿਰਸੇ ਅਤੇ ਵਿਰਾਸਤ ਨੂੰ ਚੰਗੀ ਤਰ੍ਹਾਂ ਸੰਭਾਲ਼ਦਿਆ ਹੋਇਆਂ, ਇਸ ਮਹਾਨ-ਪ੍ਰੰਪਰਾ ਨੂੰ ਅੱਧੀ ਰਾਤ ਵੇਲ਼ੇ ਚੰਦਰਮਾਂ ਦੀ ਖਿੜੀ ਮਿੱਠੀ-ਮਿੱਠੀ ਲੋਅ ਵਰਗਾ ਆਨੰਦ-ਮਈ ਬਣਾਇਆ ਹੋਇਆ ਹੈ। 

ਡਾ: ਰਛਪਾਲ ਗਿੱਲ, ਟੋਰਾਂਟੋ ਫੋਨ:- 416-669-3434

Show More

Related Articles

Leave a Reply

Your email address will not be published. Required fields are marked *

Back to top button
Translate »