ਸ਼ਿਵ ਕੁਮਾਰ ਬਟਾਲਵੀ ਦੀ ਸ਼ਾਇਰੀ


ਤੈਨੂੰ ਦਿਆਂ ਹੰਝੂਆਂ ਦਾ ਭਾੜਾ ਨੀ ‘ਪੀੜਾਂ ਦਾ ਪਰਾਗਾ’ (1960) ਭੁੰਨ ਦੇ ਭੱਠੀ ਵਾਲੀਏ, ‘ਲਾਜਵੰਤੀ’ (1961) ਜਿਸ ਵਿਚ ਸ਼ੀਸ਼ੋ ਨਾਂ ਦੀ ਇੱਕ ਗਰੀਬ ਕੁੜੀ ਦੇ ਹਾਲਾਤ, ਮਜਬੂਰੀ ਅਤੇ ਸ਼ੋਸ਼ਣ ਬਾਰੇ ਲੰਮੀ ਕਵਿਤਾ ਹੈ – ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਜੰਗੀਆਂ ਦੇ ਓਹਲੇ, ਸ਼ੀਸ਼ੋ ਤੁਰੀ ਜਾਏ ਸੰਗ ਸਖੀਆਂ ਪੈਰ ਧਰੇਂਦੀ ਪੋਲੇ, ‘ਆਟੇ ਦੀਆਂ ਚਿੜੀਆਂ’ (1962) ਜਿਸ ਵਾਸਤੇ ਸ਼ਿਵ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ, ਇਸ ਵਿਚ ਸ਼ਿਕਰਾ, ਹਿਜ਼ਰ ਅਤੇ ਜ਼ਖ਼ਮ ਵਰਗੀਆਂ ਰਚਨਾਵਾਂ ਹਨ, ‘ਮੈਨੂੰ ਵਿਦਾ ਕਰੋ’ (1963) ਵਿਚ ਵਿਛੋੜਾ, ਸੋਗ ਅਤੇ ਮੌਤ ਪ੍ਰਤੀਬਿੰਬਤ ਕੀਤੇ ਗਏ ਹਨ, ‘ਧਰਮੀ ਬਾਬਲਾ’ ਜਿਸ ਦੀ ਮਸ਼ਹੂਰ ਕਵਿਤਾ ਹੈ: ਜਦ ਪੈਣ ਕਪਾਹੀਂ ਫੁੱਲ ਵੇ ਧਰਮੀ ਬਾਬਲਾ, ਸਾਨੂੰ ਉਹ ਰੁੱਤ ਲੈ ਦੇਈਂ ਮੁੱਲ ਵੇ ਧਰਮੀ ਬਾਬਲਾ, ‘ਦਰਦ ਮੰਦਾਂ ਦੀਆਂ ਆਹੀਂ’ (1964) ਆਦਿ ਰਚਨਾਵਾਂ ਲਿਖਣ ਵਾਲਾ ਸ਼ਿਵ ਕੁਮਾਰ, ਕੀ ਸਰਬੰਸ ਦਾਨੀ, ਸੂਰਬੀਰ ਯੋਧੇ, ਸੰਤ ਸਿਪਾਹੀ ਅਤੇ ਮਹਾਨ ਕਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਵੀ ਕੁਝ ਲਿਖ ਸਕਦਾ ਹੈ ?
ਜੀ ਹਾਂ ਆਪਣੀ ਰਚਨਾ ‘ਆਰਤੀ’ ਵਿਚ ਬਟਾਲਵੀ ਨੇ ਆਪਣੇ ਹੀ ਢੰਗ ਨਾਲ, ਉਸੇ ਨਿਰਾਸ਼ਾ ਵਾਲੇ ਲਹਿਜ਼ੇ ਵਿਚ, ਦਸਮ ਪਿਤਾ ਨੂੰ ਸੰਬੋਧਨ ਕਰਕੇ ਲਿਖਿਆ ਹੈ ਕਿ ਮੈਂ ਕਿਹੜੇ ਅੱਥਰੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਕਰਾਂ, ਮੇਰਾ ਕੋਈ ਵੀ ਗੀਤ ਤੇਰੇ ਮੇਚ ਦਾ ਨਹੀਂ ਹੋ ਸਕਦਾ:
ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ, ਤੇਰੀ ਆਰਤੀ ਗਾਵਾਂ
ਮੈਂ ਕਿਹੜੇ ਸ਼ਬਦ ਦੇ ਬੂਹੇ ‘ਤੇ ਮੰਗਣ ਗੀਤ ਅੱਜ ਜਾਵਾਂ
ਜੋ ਤੈਨੂੰ ਕਰਨ ਲਈ ਭੇਟਾ, ਮੈਂ ਤੇਰੇ ਦੁਆਰ ‘ਤੇ ਆਵਾਂ।
ਮੇਰਾ ਕੋਈ ਗੀਤ ਨਹੀਂ ਐਸਾ, ਜੋ ਤੇਰੇ ਮੇਚ ਆ ਜਾਵੇ ।
ਖਾਲਸਾ ਪੰਥ ਤੇ ਪੰਜ ਪਿਆਰੇ ਸਾਜਣ, ਛੋਟੇ ਸਾਹਿਬਜ਼ਾਦਿਆਂ – ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਦੇ ਨੀਹਾਂ ਵਿਚ ਚਿਣੇ ਜਾਣ ਅਤੇ ਵੱਡੇ ਸਾਹਿਬਜ਼ਦਿਆਂ – ਅਜੀਤ ਸਿੰਘ ਤੇ ਜੁਝਾਰ ਸਿੰਘ ਦੀ ਚਮਕੌਰ ਸਾਹਿਬ ਵਿਚ ਸ਼ਹੀਦੀ ਅਤੇ ਫੇਰ ਗੁਰੂ ਜੀ ਦਵਾਰਾ ਮਾਛੀਵਾੜੇ ਦੇ ਜੰਗਲਾਂ ਵਿਚ ‘ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ’ ਦ੍ਰਿਸ਼ਾਂ ਨੂੰ ਸਾਹਵੇਂ ਰੱਖ ਕੇ, ਸ਼ਿਵ ਬਟਾਲਵੀ ਆਪਣੇ ਆਪ ਨੂੰ ਤੇ ਆਪਣੇ ਗੀਤਾਂ ਨੂੰ ਬੇਹੱਦ ਨੀਵਾਂ ਦੱਸਦਾ ਹੋਇਆ ਲਿਖਦਾ ਹੈ
ਮੈਂ ਕਿਹੜੇ ਸ਼ਬਦ ਦੇ ਬੂਹੇ ‘ਤੇ ਮੰਗਣ ਗੀਤ ਅੱਜ ਜਾਵਾਂ,
ਭਰੇ ਬਾਜ਼ਾਰ ਵਿਚ ਜਾ ਕੇ, ਜੋ ਆਪਣਾ ਸਿਰ ਕਟਾ ਆਵੇ ।
ਜੋ ਆਪਣੇ ਸੋਹਲ ਸ਼ਿੰਦੇ ਬੋਲ, ਨੀਹਾਂ ਵਿਚ ਚਿਣਾ ਆਵੇ ।
ਤਿਹਾਏ ਸ਼ਬਦ ਨੂੰ ਤਲਵਾਰ ਦਾ, ਪਾਣੀ ਪਿਆ ਆਵੇ ।
ਜੋ ਲੁੱਟ ਜਾਵੇ ਤੇ ਮੁੜ ਵੀ, ਵਾੜੇ ਦੇ ਸੱਥਰੀਂ ਗਾਵੇ ।
‘ਸਵਾ ਲਾਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਚਿੜੀਆਂ ਸੇ ਮੈਂ ਬਾਜ ਤੁੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ’ ਵਾਲੀ ਸ਼ਖਸੀਅਤ ਦੇ ਮਾਲਕ ਦਸਮ ਪਿਤਾ ਦੇ ਸਾਹਮਣੇ ਸ਼ਿਵ ਬਟਾਲਵੀ ਕਬੂਲਦਾ ਹੈ ਕਿ ਮੇਰੇ ਗੀਤ ਬੁਜ਼ਦਿਲ ਹਨ :
ਚਿੜੀ ਦੇ ਖੰਭ ਦੀ ਲਲਕਾਰ, ਸੌ ਬਾਜ਼ਾਂ ਨੂੰ ਖਾ ਜਾਵੇ
ਮੈਂ ਕਿੰਜ ਤਲਵਾਰ ਦੀ ਗਾਨੀ, ਅੱਜ ਆਪਣੇ ਗੀਤ ਗਲ ਪਾਵਾਂ
ਮੇਰਾ ਹਰ ਗੀਤ ਬੁਜ਼ਦਿਲ ਹੈ, ਮੈਂ ਕਿਹੜਾ ਗੀਤ ਅੱਜ ਗਾਵਾਂ
ਮੈਂ ਕਿਹੜੇ ਬੋਲ ਦੀ ਭੇਟਾ, ਲੈ ਤੇਰੇ ਦੁਆਰ ਤੇ ਆਵਾਂ

ਉਂਜ ਸ਼ਿਵ ਕੁਮਾਰ ਆਪਣੀ ਸ਼ਾਇਰੀ ਵਿਚ ਪੰਜਾਬੀ ਧੁਨਾਂ, ਸੁਗੰਧੀਆਂ, ਰੁੱਖਾਂ ਅਤੇ ਪੰਛੀਆਂ ਦੀ ਉਭਾਰੂ ਬਿੰਬਾਵਲੀ, ਜੜ੍ਹਾਂ ਅਤੇ ਗੌਰਵ ਦਾ ਅਨੁਭਵ ਦੇ ਕੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣਦਾ ਹੋਇਆ, ਸੱਤਾਂ ਸਮੁੰਦਰਾਂ ਵਿਚ ਭੌਂਦਾ ਹੈ, ਪੰਜਾਬ ਦੀਆਂ ਸੁਗੰਧੀਆਂ, ਖੁਸ਼ਬੋਈਆਂ ਤੇ ਮਹਿਕਾਂ ਦੇ ਬਿੰਬ ਉਜਾਗਰ ਕਰਦਾ ਹੈ ਜਿਨ੍ਹਾਂ ਵਿਚ ਸਾਹ ਲੈਣ ਨਾਲ ਬੰਦਾ ਬੇ-ਖੁਦੀ ਦੀ ਅਵਸਥਾ ਵਿਚ ਪੁੱਜ ਜਾਂਦਾ ਹੈ, ਪਰ ਆਪਣੀ ਔਲਾਦ ਵਰਗੇ, ਉਦਾਸ, ਨਿਰਾਸ਼ਾ-ਵਾਦੀ, ਬਿਰਹਾ ਵਾਲੇ, ਕੌੜੇ-ਕਸੈਲੇ ਗੀਤਾਂ ਦੀ ਮਹਿਫਿਲ ‘ਚੋਂ ਉਸ ਨੂੰ ਕੋਈ ਇਕ ਵੀ ਗੀਤ ਨਹੀਂ ਲੱਭਦਾ ਜੋ ਬਲਵਾਨ, ਨਿਧੜਕ, ਨਿਡਰ, ਕੁਰਬਾਨੀ ਕਰਨ ਵਾਲਾ ਤੇ ਬੁਲੰਦ ਹੌਸਲੇ ਵਾਲਾ ਹੋਵੇ ਜੋ ਲੋੜ ਪੈਣ ‘ਤੇ ਆਪਣਾ ਸੀਸ ਤਲੀ ‘ਤੇ ਰੱਖ ਸਕੇ :
ਮੇਰੇ ਗੀਤਾਂ ਦੀ ਮਹਿਫਿਲ ‘ਚੋਂ, ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸੀਸ ਮੰਗਣ ‘ਤੇ, ਤੇਰੇ ਸਾਹਵੇਂ ਖੜਾ ਹੋਵੇ
ਜੋ ਮੈਲੇ ਹੋ ਚੁੱਕੇ ਲੋਹੇ ਨੂੰ, ਆਪਣੇ ਖ਼ੂਨ ਵਿਚ ਧੋਵੇ
ਕਿ ਜਿਸ ਦੀ ਮੌਤ ਪਿੱਛੋਂ, ਉਸ ਨੂੰ ਕੋਈ ਸ਼ਬਦ ਨਾ ਰੋਵੇ
ਕਿ ਜਿਸ ਨੂੰ ਪੀੜ ਤਾਂ ਕੀ, ਪੀੜ ਦਾ ਅਹਿਸਾਸ ਨਾ ਛੋਹਵੇ
ਜੋ ਲੋਹਾ ਪੀ ਸਕੇ ਉਹ ਗੀਤ, ਕਿੱਥੋਂ ਲੈ ਕੇ ਮੈਂ ਆਵਾਂ
ਮੈਂ ਆਪਣੀ ਪੀੜ ਦੇ ਅਹਿਸਾਸ ਕੋਲੋਂ, ਦੂਰ ਕਿੰਜ ਜਾਵਾਂ ।
ਜਿਵੇਂ ਕਿ ਬਟਾਲਵੀ ਦੀ ਸ਼ਾਇਰੀ ਵਿਚ ਇਹ ਜੁਗਤ ਹੈ ਕਿ ਉਹ ਆਪਣੇ ਗੀਤਾਂ ਨੂੰ ਮਨੁੱਖ ਬਣਾ ਦਿੰਦਾ ਹੈ “ਮਾਏ ਨੀ ਮਾਏ ਮੇਰੇ ਗੀਤਾਂ ਦੇ ਨੈਣਾਂ ਵਿਚ ਬਿਰਹੋ ਦੀ ਰੜਕ ਪਵੇ” ਉਹ ਮਹਿਸੂਸ ਕਰਦਾ ਹੈ ਕਿ ਦਸਵੇਂ ਪਾਤਿਸ਼ਾਹ ਦੀ ਉਸਤਤ ਲਈ ਕੋਈ ਐਸਾ ਗੀਤ ਹੋਣਾ ਚਾਹੀਦਾ ਹੈ ਜਿਸ ਗੀਤ ਦੇ ਹੱਥ ਵਿਚ ਸੱਚ ਦੀ ਤੇਗ਼ ਹੋਵੇ, ਜਿਸ ਗੀਤ ਦੇ ਨੈਣਾਂ ਵਿਚ ਬਹਾਦਰੀ ਵਾਲਾ ਗੁੱਸਾ ਤੇ ਦੇਸ਼ ਕੌਮ ਦੀ ਮਿੱਟੀ ਵਾਸਤੇ ਮੋਹ-ਪਿਆਰ ਹੋਵੇ । ਉਹ ਮੰਨਦਾ ਹੈ ਮੇਰੇ ਤਾਂ ਗੀਤ ਹੀ ਬੁਜ਼ਦਿਲ ਨੇ, ਤੇ ਕਹਿੰਦਾ ਹੈ ਕਿ ਇਹ ਗੀਤ ਲੈ ਕੇ ਮੈਂ, ਦਸਮ ਪਿਤਾ ਦੇ ਦੁਆਰ ਤੇ ਕਿਵੇਂ ਜਾਵਾਂ ?
ਮੈਂ ਤੇਰੀ ਉਸਤਤੀ ਦਾ ਗੀਤ, ਚਾਹੁੰਦਾ ਹਾਂ ਕਿ ਉਹ ਹੋਵੇ
ਜਿਹਦੇ ਹੱਥ ਸੱਚ ਦੀ ਤਲਵਾਰ, ਤੇ ਨੈਣਾਂ ‘ਚ ਰੋਹ ਹੋਵੇ
ਜਿਹਦੇ ਵਿਚ ਵਤਨ ਦੀ ਮਿੱਟੀ ਲਈ, ਅੰਤਾਂ ਦਾ ਮੋਹ ਹੋਵੇ
ਜਿਹਦੇ ਵਿਚ ਲਹੂ ਤੇਰੇ ਦੀ, ਰਲੀ ਲਾਲੀ ਤੇ ਲੋਅ ਹੋਵੇ
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ, ਟਿੱਕਾ ਕਿਵੇਂ ਲਾਵਾਂ
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ, ਤੇਰੇ ਦੁਆਰ ਤੇ ਆਵਾਂ ।
ਦਸਮੇਸ਼ ਪਿਤਾ ਦੀ ਸ਼ਖ਼ਸੀਅਤ ਦੇ ਸਾਹਮਣੇ ਆਪਣੇ ਆਪ ਨੂੰ ਤੇ ਆਪਣੇ ਗੀਤਾਂ ਨੂੰ ਨਿਗੁਣਾ ਤੇ ਮੈਲਾ ਦੱਸਦਾ ਹੋਇਆ ਸ਼ਿਵ, ਗੁਰੂ ਜੀ ਨੂੰ ਕਹਿੰਦਾ ਹੈ ਕਿ ਤੇਰੀ ਆਰਤੀ ਗਾਉਣ ਤੋਂ ਪਹਿਲਾਂ ਮੈਂ ਆਪਣੇ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ‘ਤੇ ਸੁਕਣੇ ਪਾ ਆਵਾਂ ਅਤੇ ਆਪਣੇ ਗੀਤਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪੀਣ ਦੀ ਆਦਤ ਪਾ ਲਵਾਂ, ਇਹ ਕਰਨ ਤੋਂ ਬਾਅਦ ਸ਼ਾਇਦ, ਮੈਂ ਤੈਨੂੰ ਕੁਝ ਭੇਟ ਕਰਨ ਦੇ ਕਾਬਲ ਹੋ ਸਕਾਂ, ਸ਼ਾਇਦ ਤੇਰੀ ਆਰਤੀ ਗਾ ਸਕਾਂ, ਅਜੇ ਤਾਂ ਮੇਰਾ ਹਰ ਗੀਤ ਬੁਜ਼ਦਿਲ ਹੈ।
ਮੈਂ ਚਾਹੁੰਦਾ ਏਸ ਤੋਂ ਪਹਿਲਾਂ, ਕਿ ਤੇਰੀ ਆਰਤੀ ਗਾਵਾਂ
ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ, ਕਿੱਲੀ ‘ਤੇ ਪਾ ਆਵਾਂ
ਤੇ ਮੈਲੇ ਸ਼ਬਦ ਸੁੱਕਣ ਤਕ, ਤੇਰੀ ਹਰ ਪੈੜ ਚੁੰਮ ਆਵਾਂ
ਤੇਰੀ ਹਰ ਪੈੜ ‘ਤੇ ਹੰਝੂ ਦਾ ਇਕ, ਸੂਰਜ ਜਗਾ ਆਵਾਂ
ਮੈਂ ਲੋਹਾ ਪੀਣ ਦੀ ਆਦਤ, ਜ਼ਰਾ ਗੀਤਾਂ ਨੂੰ ਪਾ ਆਵਾਂ
ਮੈਂ ਸ਼ਾਇਦ ਫੇਰ ਕੁਝ ਭੇਟਾ, ਕਰਨ ਦੇ ਯੋਗ ਹੋ ਜਾਵਾਂ।
ਡਾ. ਮਨਜੀਤ ਸਿੰਘ ਬੱਲ 9872843491




