ਸਾਡੇ ਪੁਰਖਿਆਂ ਨੇ ਕਦੇ ਵੀ ਭੂਮੀ ਦਾ ਸਮਰਪਣ ਨਹੀਂ ਕੀਤਾ – ਨੋਏਲਾ ਵੈਲਜ਼

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ)ਪਿਛਲੇ ਦਿਨੀਂ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਸੱਤਵੀਂ ਸੰਧੀ (Treaty Seven) ਦੀ 148ਵੀਂ ਵਰ੍ਹੇਗੰਢ ਦੇ ਸੰਬੰਧ ਵਿੱਚ ਪੈਨਲ-ਵਿਚਾਰ ਚਰਚਾ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਨੇਟਿਵ ਮੂਲ ਦੇ ਮਾਹਿਰਾਂ ਨੇ ਵਿਚਾਰ ਰੱਖੇ। ਇਸ ਦਾ ਸੰਚਾਲਨ ਇੰਡੀਜਨਸ ਐਂਗੇਜਮੈਂਟ ਦਫ਼ਤਰ ਦੇ ਜਿਰਾਲਡ ਰੈਟ ਨੇ ਕੀਤਾ। ਜਿਰਾਲਡ ਵੁੱਡਲੈਂਡ ਕਰੀ ਨੇਸ਼ਨ

ਤੋ ਰਿਹਾਇਸ਼ੀ ਸਕੂਲ (Residential School System) ਦੇ ਪੀੜਤ ਮਾਪਿਆਂ ਦਾ ਪੁੱਤਰ ਹੈ। ਉਹ ਯੂਨੀਵਰਸਿਟੀ ਵਿੱਚ ਬਤੌਰ ਮਾਹਿਰ ਅਧਿਆਪਕਾਂ, ਵਿਦਿਆਰਥੀਆਂ ਅਤੇ ਸਟਾਫ ਦਰਮਿਆਨ ਨੇਟਿਵ ਕਾਰਜਾਂ ਹਿਤ ਸੁਲਾਹ-ਸਫਾਈ (Reconciliation) ਪ੍ਰਤੀ ਸਮਰਪਿਤ ਹੈ। ਮੁੱਖ ਪ੍ਰਵਕਤਾ ਨੋਏਲਾ ਵੈਲਜ਼ ਤੋਂ ਇਲਾਵਾ ਜੋਨਾਥਨ ਬਰੇਵਰ, ਓਨਿਕਸ ਸ਼ੈਲਟਨ ਨੇ ਸੰਧੀ ਦੇ ਕਈ ਪਹਿਲੂਆਂ ਬਾਰੇ ਜਾਣਕਾਰੀ ਦਿੱਤੀ। ਨੋਏਲਾ ਬੋਅ ਵੈਲੀ ਕਾਲਜ ਦੇ ਪੇਂਟਿਡ ਬੱਫਲੋ ਲੌਜ ਸੈਂਟਰ ਦੀ ਡਾਇਰੈਕਟਰ ਰਹੀ ਹੈ। ਉਹ ਨੇਟਿਵ-ਗਿਆਨ ਦੇ ਖੋਜ- ਪ੍ਰਾਜੈਕਟਾਂ ਵਿੱਚ ਸਹਾਇਤਾ ਕਰਦੀ ਰਹੀ ਹੈ। ਜੋਨਾਥਨ ਬਰੇਵਰ ਯੂਨੀਵਰਸਿਟੀ ਆਫ ਕੈਲਗਰੀ ਵਿੱਚ ਮੂਲਨਿਵਾਸੀਆਂ ਬਾਰੇ ਖੋਜ, ਅਧਿਆਪਨ ਅਤੇ ਰਿਸ਼ਤਿਆਂ ਦੀ ਮਜ਼ਬੂਤੀ ਬਾਰੇ ਮਹੱਤਵਪੂਰਨ ਕੰਮ ਕਰ ਰਿਹਾ ਹੈ। ਓਨਿਕਸ ਸ਼ੈਲਟਨ ਕਹਾਣੀਵੇਤਾ ਅਤੇ ਸਮਾਜ ਸੇਵੀ ਸਖ਼ਸ਼ ਹੈ ਜੋ ਯੂਨੀਵਰਸਿਟੀ ਦੇ ਮੂਲਨਿਵਾਸੀ ਸਭਿਆਚਾਰਕ ਪ੍ਰੋਗਰਾਮਾਂ ਲਈ ਸੰਯੋਜਕ ਦਾ ਕੰਮ ਕਰਦਾ ਹੈ।

ਨੋਏਲਾ ਨੇ 22 ਸਤੰਬਰ, 1877 ਨੂੰ ਬਲੈਕਫੁੱਟ ਕਰਾਸਿੰਗ ਦੇ ਸਥਾਨ `ਤੇ ਹੋਈ ਸੰਧੀ -7 ਬਾਰੇ ਵਿਸਥਾਰ ਵਿੱਚ ਦੱਸਿਆ। ਉਸ ਨੇ ਕਿਹਾ ਕਿ ਗੱਲਬਾਤ (Negotiations) ਦੌਰਾਨ ਸਰਕਾਰੀ ਕਮਿਸ਼ਨਰਾਂ – ਜੇਮਜ਼ ਬਰਡ ਤੇ ਮੈਕਲਾਇਡ ਨੇ ਸਿਕਸਿਕਾ, ਕਇਨਾਇ, ਪੀਕਾਨੀ, ਸੂ-ਤੀਨਾ(ਸਾਰਸੀ-ਡੈਨੇ) ਅਤੇ ਸਟੋਨੀ ਨਕੋਡਾ ਦੇ ਆਗੂਆਂ (Chiefs) ਨੂੰ ਇਹ ਨਹੀਂ ਦੱਸਿਆ ਸੀ ਕਿ ਉਨ੍ਹਾਂ ਦੀ ਭੂਮੀ (Territory) ਦੇ ਸਾਰੇ ਹੱਕ ਕਬਜ਼ੇ ਸਮੇਤ (Cede / surrender / release / yield) ਸਰਕਾਰ ਨੂੰ ਦਿੱਤੇ ਜਾ ਰਹੇ ਹਨ। ਇਹ ਚੀਫ਼ ਆਪਣੀ ਭੂਮੀ ਕਿਸੇ ਵੀ ਕੀਮਤ `ਤੇ ਸਮਰਪਣ ਜਾਂ ਸਪੁਰਦ ਕਰਨ ਲਈ ਤਿਆਰ ਨਹੀਂ ਸਨ। ਉਹ ਤਾਂ ਸਗੋਂ ਆਪਣੀ ਮਾਂ-ਭੂਮੀ ਦੀ ਰੱਖਿਆ ਕਰਨ, ਆਪਣੀ ਜੀਵਨ-ਜਾਚ ਨੂੰ ਸੁਰੱਖਿਅਤ ਕਰਨ, ਆਬਾਦਕਾਰਾਂ ਨਾਲ ਖੇਤੀ ਕਾਰਜਾਂ ਲਈ ਜ਼ਮੀਨ ਸਾਂਝੀ ਕਰ ਕੇ ਸ਼ਾਂਤੀ ਤੇ ਮਿੱਤਰਤਾ ਕਾਇਮ ਕਰਨ ਲਈ ਗੱਲਬਾਤ ਵਾਸਤੇ ਤਿਆਰ ਹੋਏ ਸਨ। ਜੇਮਜ਼ ਬਰਡ ਨੇ ਇਹੀ ਕਿਹਾ ਸੀ ਕਿ ਕਣਕ ਬੀਜਣ ਲਈ ਜ਼ਮੀਨ ਚਾਹੀਦੀ ਹੈ। ਚੀਫ਼ ਰੈੱਡ ਕਰੋਅ ਨੇ ਕਿਹਾ ਸੀ ਕਿ ਜ਼ਮੀਨ ਦੀ ਉਪਰਲੀ ਸਤਹਿ ਦੋ ਫੁੱਟ ਡੂੰਘਾਈ ਤੱਕ ਵਰਤ ਸਕਦੇ ਹੋ ਪਰ ਉਸ ਤੋਂ ਹੇਠਲੀ ਜ਼ਮੀਨ ਸਾਡੀ ਰਹੇਗੀ। ਇਹ ਮੰਨਿਆਂ ਗਿਆ ਕਿ ਲਈ ਗਈ ਖਾਲੀ ਜ਼ਮੀਨ ਉਪਰ ਮੂਲਨਿਵਾਸੀਆਂ ਨੂੰ ਸ਼ਿਕਾਰ ਕਰਨ ਦੇ ਹੱਕ ਉਵੇਂ ਰਹਿਣਗੇ। ਇਸ ਭੂਮੀ-ਗ੍ਰਹਿਣ ਦੇ ਬਦਲੇ ਫ਼ਸਟ ਨੇਸ਼ਨ ਦੇ ਲੋਕਾਂ ਨੂੰ ਸੱਤ ਇਲਾਕੇ (ਰਿਜ਼ਰਵ) ਦੇਣੇ, ਕੁੱਝ ਸਾਲਾਨਾ ਰਾਸ਼ੀ ਦੇਣੀ, ਅਸਲਾ, ਸੰਦ, ਔਜ਼ਾਰ, ਚੀਫ਼ਾਂ ਨੂੰ ਕੱਪੜੇ , ਬੀਜ, ਗਊਆਂ, ਬਲਦ ਆਦਿ ਦੇਣੇ ਮੰਨ ਲਏ ਗਏ। ਨੋਏਲਾ ਨੇ ਦੱਸਿਆ ਕਿ ਚੀਫ਼ਾਂ ਦੀਆਂ ਮੰਗਾਂ ਜੋ ਮੰਨੀਆ ਗਈਆਂ ਉਹ ਲਿਖਤੀ ਦੀ ਬਜਾਏ ਮੌਖਿਕ ਹੀ ਰਹੀਆਂ ਪਰ ਜ਼ਮੀਨ ਹੜੱਪਣ ਵਰਗੀਆਂ ਸ਼ਰਤਾਂ ਨੂੰ ਕਾਨੂੰਨੀ ਸ਼ਬਦਾਵਲੀ ਰਾਹੀਂ ਲਿਖਤੀ ਦਰਜਾ ਦਿੱਤਾ ਗਿਆ ਜਿਸ ਬਾਰੇ ਗੱਲਬਾਤ ਹੋਈ ਹੀ ਨਹੀਂ ਸੀ।ਮਗਰੋਂ ਸਰਕਾਰ ਵਾਅਦਿਆਂ ਨੂੰ ਅਣਗੌਲ਼ਿਆਂ ਕਰਦੀ ਰਹੀ ਹੈ। ਰਿਜ਼ਰਵ ਬਹੁਤ ਛੋਟੇ ਆਕਾਰ ਦੇ ਦਿੱਤੇ ਗਏ ਜਿੰਨ੍ਹਾਂ ਵਿੱਚੋਂ ਆਹਨੀਂ-ਬਹਾਨੀਂ ਟੁਕੜੇ ਆਬਾਦਕਾਰਾਂ ਨੂੰ ਦਿੱਤੇ ਜਾਂਦੇ ਰਹੇ। ਅਖੀਰ ਵਿੱਚ ਨੋਏਲਾ ਵੈਲਜ਼ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਨੂੰ ਸੰਧੀ ਦੀਆਂ ਧਾਰਾਵਾਂ ਅਨੁਸਾਰ ਮੂਲਨਿਵਾਸੀਆਂ ਦੇ ਬਣਦੇ ਹੱਕ ਦੇਣੇ ਚਾਹੀਦੇ ਹਨ ਜਦੋਂ ਕਿ ਮੂਲਨਿਵਾਸੀ ਪੂਰੀ ਇਮਾਨਦਾਰੀ ਨਾਲ਼ ਸਾਰੀਆਂ ਧਾਰਾਵਾਂ ਦੀ ਪਾਲਣਾ ਕਰਦੇ ਆਏ ਹਨ ਤਾਂ ਜੋ ਸਾਰੇ ਮਿਲ ਕੇ ਅਮਨ-ਸ਼ਾਂਤੀ ਨਾਲ਼ ਅੱਗੇ ਵਧੀਏ।
ਪੰਜਾਬੀ ਭਾਈਚਾਰੇ ਤੋਂ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ ਜਗਦੇਵ ਸਿੱਧੂ ਜੋ ਅਕਸਰ ਹੀ ਮੂਲ ਨਿਵਾਸੀ ਭਾਈਚਰਿਆਂ ਦੇ ਹਰ ਪਰੋਗਰਾਮ ਵਿੱਚ ਸਾਮਿਲ ਹੁੰਦੇ ਰਹਿੰਦੇ ਹਨ, ਨੇ ਨੋਏਲਾ ਦੇ ਵਿਚਾਰਾਂ ਦੀ ਤਾਈਦ ਕੀਤੀ ਅਤੇ ਪੁਸਤਕਾਂ ਦੇ ਹਵਾਲਿਆਂ ਨਾਲ਼ ਸੰਧੀ ਦੇ ਅਸਲੀ ਸੱਚ ਨੂੰ ਉਜਾਗਰ ਕੀਤਾ। ਉਸ ਮੁਤਾਬਕ ਦੁਭਾਸ਼ੀਏ ਸਰਕਾਰੀ ਸਨ, ਤਿੰਨੇ ਨੇਟਿਵ ਭਾਸ਼ਾਵਾਂ ਤੋਂ ਅਨਜਾਣ ਸਨ, ਇਨ੍ਹਾਂ ਵਿੱਚੋਂ ਜੇਮਜ਼ ਬਰਡ ਤਾਂ ਦ੍ਰਿਸ਼ਟੀਹੀਣ ਸੀ, ਲਿਖੇ ਹੇਏ ਦਸਤਾਵੇਜ਼ ਵਿੱਚ 80 ਤੋਂ ਵੱਧ ਗ਼ਲਤੀਆਂ ਸਨ, ਕਈ ਚੀਫ਼ਾਂ ਦੇ ਨਾਂ ਵੀ ਗ਼ਲਤ ਲਿਖੇ ਹੋਏ ਸਨ। ਉਸ ਨੇ ਇਹ ਵੀ ਦੱਸਿਆ ਕਿ ਚੀਫ਼ ਅਨਪੜ੍ਹ ਹੋਣ ਕਰ ਕੇ ਪੜ੍ਹ-ਲਿਖ ਨਹੀਂ ਸਕਦੇ ਸਨ। ਉਨ੍ਹਾਂ ਦੇ ਹੱਥ ਕਲਮ ਨੂੰ ਲਵਾ ਕੇ ਉਨ੍ਹਾਂ ਦੇ ਨਾਂ ਅੱਗੇ ਐਕਸ (X) ਦਾ ਨਿਸ਼ਾਨ ਲਾ ਦਿੱਤਾ ਗਿਆ। ਪੈਨਲਿਸਟ ਮਾਹਿਰਾਂ ਨੇ ਪ੍ਰੋਗਰਾਮ ਵਿੱਚ ਹਾਜ਼ਰ ਵਿਦਿਆਰਥੀਆ, ਫੈਕਲਟੀ ਮੈਂਬਰਾਂ ਅਤੇ ਸ਼ਹਿਰ ਤੋਂ ਆਏ ਸੂਝਵਾਨ ਵਿਅਕਤੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਅਖੀਰ ਵਿੱਚ ਜਿਰਾਲਡ ਰੈਟ ਨੇ ਸਭ ਦਾ ਧੰਨਵਾਦ ਕੀਤਾ।





