ਬਾਂਸਲ ਦੀ ਵੰਝਲੀ

“ਨੀ ਮੈਂ ਤੇਰਾ ਉਹ ਲੱਗਦਾ”

“ਨੀ ਮੈਂ ਤੇਰਾ ਉਹ ਲੱਗਦਾ” ਵਾਲਾ ਗੀਤਕਾਰ ਮਦਨ ਜਲੰਧਰੀ

ਬੜੀ ਦੇਰ ਪਹਿਲਾਂ ਚੰਡੀਗੜ੍ਹ ਵਾਲੇ ਹਰਦੀਪ ਦੀ ਆਵਾਜ਼ ਵਿੱਚ ਇੱਕ ਗੀਤ ਬੜਾ ਮਸ਼ਹੂਰ ਹੋਇਆ ਸੀ

ਕਿਤੇ ਮਰ ਨਾ ਜਾਵੇ ਕੁੱਝ ਖਾਕੇ

ਚੰਡੀਗੜ੍ਹ ਕਰੇ ਆਸ਼ਕੀ

ਮੁੰਡਾ ਜੱਟਾਂ ਦਾ ਜਲੰਧਰੋਂ ਆਕੇ

ਮਦਨ ਜਲੰਧਰੀ ਦਾ ਕੀਤਾ ਕੀ ਤੂੰ ਹਾਲ ਨੀ

ਰਾਂਝਾ ਕੋਈ ਆਖੇ, ਕੋਈ ਆਖੇ ਮਹੀਂਵਾਲ ਨੀ

ਘੋਲ ਕੀ ਪਿਆਇਆ ਯਾਰ ਨੂੰ

ਜਰਾ ਠਹਿਰ ਜਾ ਜਾਈਂ ਸਮਝਾ ਕੇ

ਚੰਡੀਗੜ੍ਹ ਕਰੇ ਆਸ਼ਕੀ

ਮੁੰਡਾ ਜੱਟਾਂ ਦਾ ਜਲੰਧਰੋਂ ਆਕੇ

ਉਸਤੋਂ ਬਾਅਦ ਇਸੇ ਗੀਤ ਨੂੰ ਨਵੇਂ ਸਾਜ਼ਾਂ ਨਾਲ ਜੱਸੀ ਸਿੱਧੂ ਨੇ ਹੱਦਾਂ ਸਰਹੱਦਾਂ ਟਪਾ ਦਿੱਤਾ। ਤੇ ਹੁਣ ਤਾਂ ਚੰਡੀਗੜ੍ਹ ਕਰੇ ਆਸ਼ਕੀ ਫੀਚਰ ਫਿਲਮ ਵੀ ਬਣ ਚੁੱਕੀ ਹੈ

ਇਸੇ ਤਰ੍ਹਾਂ ਜਨਾਬ ਹੰਸ ਰਾਜ ਦੀ ਆਵਾਜ਼ ਵਿੱਚ

ਨੀਵੀਂ ਨਾ ਤੂੰ ਪਾ ਜ਼ਰਾ ਅੱਖੀਆਂ ਮਿਲਾ

ਸਾਡਾ ਐਂਵੇਂ ਨਾਂ ਤੂੰ ਦਿਲ ਤੜਪਾ

ਨੀ ਮੈਂ ਤੇਰਾ ਉਹ ਲੱਗਦਾ

ਤੇਰਾ ਜੀਹਦੇ ਨਾਲ ਹੋਣਾ ਏਂ ਵਿਆਹ

ਗੁੰਦਵਾਂ ਸਰੀਰ ਤੇਰਾ ਰੰਗ ਸੂਹਾ ਲਾਲ ਨੀ

ਹੋ ਗਿਆ ਬੇਹੋਸ਼ ਮੈਨੂੰ ਬਾਹਾਂ ਚ ਸੰਭਾਲ ਨੀ

ਤੇਰਾ ਪੈਣਾਂ ਏ ਜਲੰਧਰੀ ਨਾਲ ਵਾਹ

ਨੀ ਮੈਂ ਤੇਰਾ ਉਹ ਲੱਗਦਾ

ਇਸਤੋਂ ਬਾਅਦ ਉੱਚੀ ਤੇ ਲੰਮੀ ਹੇਕ ਦੇ ਧਨੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ

ਫੁੱਲਾਂ ਵਾਂਗੂੰ ਹਸਦੀਏ ਕੁੜੀਏ

ਤੀਰ ਨਜ਼ਰ ਦੇ ਕਸਦੀਏ ਕੁੜੀਏ

ਸ਼ੀਸ਼ੇ ਵਰਗੇ ਦਿਲ ਤੇ ਲਾਵੀਂ, ਸੋਚਕੇ ਇਸ਼ਕ ਨਿਸ਼ਾਨਾ

ਨੀ ਨਾ ਫੱਟੜ ਕਰਕੇ ਛੱਡਜੀਂ ਪੁੱਤ ਬੇਗਾਨਾ

ਨੀ ਨਾਂ ਜ਼ਖ਼ਮੀ ਕਰਕੇ

ਬੇਵਫਾ ਕੋਈ ਹੂਰ ਜੇ ਬਣਜੇ,

ਦਿਲ ਦੇ ਵਿੱਚ ਨਾਸੂਰ ਜੇ ਬਣਜੇ

ਹੌਕਿਆਂ ਵਿੱਚ ਫੇਰ ਮਦਨ ਜਲੰਧਰੀ ਸੜ ਜਾਂਦਾ ਪ੍ਰਵਾਨਾ

ਨੀ ਨਾ ਜ਼ਖਮੀਂ ਕਰਕੇ

ਇਸੇ ਤਰ੍ਹਾਂ ਇੱਕ ਹੋਰ ਸੁਰੀਲੇ ਗਾਇੱਕ ਕੰਠ ਕਲੇਰ ਦੀ ਆਵਾਜ਼ ਵਿੱਚ

ਇੱਕ ਕੀਤੀ ਬੇਵਫ਼ਾਈ ਤੂੰ, ਮੇਰੇ ਸੁਪਨੇ ਹੋ ਬੇਕਾਰ ਗਏ

ਅਸੀਂ ਦੁਨੀਆਂ ਜਿੱਤਣ ਵਾਲੇ ਸੀ

ਤੇਰੇ ਪਿਆਰ ‘ਚ ਸੱਜਣਾਂ ਹਾਰ ਗਏ

ਸਾਬਰਕੋਟੀ, ਲਵਲੀ ਨਿਰਮਾਣ, ਮੇਜਰ ਰਾਜਸਥਾਨੀ, ਸੋਹਣ ਸਿਕੰਦਰ ਸਮੇਤ ਕਾਫੀ ਗਾਇਕਾਂ ਨੇ ਮਦਨ ਜਲੰਧਰੀ ਦੇ ਗੀਤ ਗਾਏ। ਗੱਲ ਕਰਦੇ ਹਾਂ ਪੰਜਾਬ ਦੇ ਬੜੇ ਨਾਮਵਰ ਗੀਤਕਾਰ ਮਦਨ ਜਲੰਧਰੀ ਦੀ—

8 ਫਰਵਰੀ 1955 ਨੂੰ ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਵਿਖੇ ਪਿਤਾ ਸ਼੍ਰੀ ਸਾਈਂ ਦਾਸ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਮਦਨ ਦਾ ਜਨਮ ਹੋਇਆ। ਉਸਨੇ ਗ੍ਰੇਜੂਏਸ਼ਨ ਡੀ ਏ ਵੀ ਕਾਲਜ ਜਲੰਧਰ ਤੋਂ ਕੀਤੀ। ਸਕੂਲ ਪੜ੍ਹਦੇ ਸਮੇਂ ਈ ਉਹਦਾ ਮੋਹ ਗੀਤਾਂ ਨਾਲ ਪੈ ਗਿਆ ਸੀ ਜੋ ਹੌਲੀ ਹੌਲੀ ਪ੍ਰਫੁੱਲਿਤ ਹੁੰਦਾ ਗਿਆ। ਪੜ੍ਹ ਲਿਖ ਕੇ ਉਹ ਸਰਕਾਰੀ ਅਫਸਰ ਬਣ ਗਿਆ।

ਹੁਣ ਉਹ ਸਹਾਇੱਕ ਮੈਨੇਜਰ IFCI Ltd ਤੋਂ ਰਿਟਾਇਰ ਹੋਕੇ ਜਲੰਧਰ ਵਿਖੇ ਖੁਸ਼ਹਾਲ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ ਆਪਣਾ ਸਾਰਾ ਵਕਤ ਗੀਤਕਾਰੀ ਨੂੰ ਸਮਰਪਿਤ ਕੀਤਾ ਹੋਇਆ ਐ। ਮਦਨ ਜਲੰਧਰੀ ਜਿੱਥੇ ਕਮਾਲ ਦਾ ਗੀਤਕਾਰ ਐ ਉੱਥੇ ਉਹ ਨਿਰਮਾਤਾ ਵੀ ਐ। ਕੰਠ ਕਲੇਰ ਦੀ ਪਹਿਲੀ ਐਲਬਮ ਅਤੇ ਸਾਬਰਕੋਟੀ ਦੀ ਪਹਿਲੀ ਐਲਬਮ ਵੀ ਮਦਨ ਜਲੰਧਰੀ ਨੇ ਪ੍ਰੋਡਿਊਸ ਕੀਤੀ ਸੀ। ਮਦਨ ਦੇ ਗੀਤ ਪੰਜਾਬੀ ਫ਼ਿਲਮਾਂ ਵਿੱਚ ਵੀ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਵਿੱਚ ਤਬਾਹੀ, ਵਲਾਇਤੀ ਜੱਟ, ਧੀ ਜੱਟ ਦੀ

ਭਵਿੱਖ ਵਿੱਚ ਮਦਨ ਜਲੰਧਰੀ ਹੋਰ ਨਵੇਂ ਕਲਾਕਾਰਾਂ ਨੂੰ ਨਵੇਂ ਨਵੇਂ ਗੀਤਾਂ ਨਾਲ ਲੈਕੇ ਆ ਰਿਹਾ ਹੈ ਉਮੀਦ ਐ ਪਹਿਲਾਂ ਵਾਂਗੂੰ ਪੰਜਾਬੀ ਅਵਾਮ ਉਸਦੇ ਗੀਤਾਂ ਨੂੰ ਰੱਜਵਾਂ ਪਿਆਰ ਦੇਵੇਗਾ

ਅਸ਼ੋਕ ਬਾਂਸਲ ਮਾਨਸਾ

Show More

Related Articles

Leave a Reply

Your email address will not be published. Required fields are marked *

Back to top button
Translate »