ਧਰਮ-ਕਰਮ ਦੀ ਗੱਲ

ਸ੍ਰੀ ਗੁਰੂ ਨਾਨਕ ਦੇਵ ਜੀ – ਬਾਬਰ ਬਾਣੀ ਤੋਂ ਸਬਕ ਲੈਂਦਿਆਂ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ

ਸ੍ਰੀ ਗੁਰੂ ਨਾਨਕ ਦੇਵ ਜੀ – ਬਾਬਰ ਬਾਣੀ ਤੋਂ ਸਬਕ ਲੈਂਦਿਆਂ

ਮੇਰਾ ਜਨਮ ਹਿੰਦੂ ਪਰਿਵਾਰ ਵਿੱਚ ਹੋਇਆ। ਮੇਰੇ ਪੁਰਖੇ ਆਪਣੇ ਧਰਮ ਵਿੱਚ ਪਰਪੱਕ ਸਨ। ਜਿਸ ਸਾਲ ਮੇਰਾ ਜਨਮ ਹੋਇਆ ਉਹ ਸਾਲ ਗੁਰੂ ਨਾਨਕ ਦੇਵ ਜੀ ਦੇ ਜਨਮ ਦਾ 500ਵਾਂ ਵਰ੍ਹਾ ਸੀ। ਪੰਜਾਬ ਭਰ ਵਿੱਚ ਗੁਰੂ ਜੀ ਦੇ ਨਾਮ ‘ਤੇ ਸਕੂਲ – ਕਾਲਜ ਖੁੱਲ੍ਹ ਰਹੇ ਸਨ ਤੇ ਅੰਮ੍ਰਿਤਸਰ ਵਿੱਚ ਇਕ ਯੁਨਿਵਰਸਿਟੀ ਉਹਨਾਂ ਦੇ ਨਾਮ ਹੇਠ ਬਣਾਏ ਜਾਣ ਦੀ ਚਰਚਾ ਸੀ ਜਿਸ ਦਾ ਵਿਰੋਧ ਜਨਸੰਘ ਵੱਲੋਂ ਕੀਤਾ ਜਾ ਰਿਹਾ ਸੀ। ਜਨਸੰਘ ਉਸ ਵੇਲੇ ਪੰਜਾਬ ਦੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਦੀ ਭਾਈਵਾਲ ਵੀ ਸੀ। ਜਨਸੰਘ ਦਾ ਕਹਿਣਾ ਸੀ ਕਿ ਗੁਰੂ ਨਾਨਕ ਦੇਵ ਯੁਨਿਵਰਸਿਟੀ ਦੇ ਪ੍ਰਬੰਧ ਹੇਠ ਆਰੀਆ ਸਮਾਜੀ ਡੀਏਵੀ ਕਾਲਜ ਨਹੀਂ ਆਉਣ ਦੇਣੇ ਚਾਹੀਦੇ ਤੇ ਉਹਨਾਂ ਨੇ ਇਸ ਦਾ ਵਿਰੋਧ ਕਰਦਿਆਂ ਸਰਕਾਰ ਨਾਲੋਂ ਤੋੜ ਵਿਛੋੜਾ ਕਰ ਲਿਆ ਸੀ। ਖੈਰ! ਇਹ ਰਾਜਨੀਤੀ ਦਾ ਗੰਧਲਾਪਣ ਸੀ। ਮੇਰੇ ਪਿਤਾ ਬਹੁਤ ਹੀ ਕਮਾਲ ਦੇ ਇਨਸਾਨ ਸਨ। ਉਹਨਾਂ ਦੀ ਪਕੜ ਜਿੰਨੀ ਹਿੰਦੂ ਧਾਰਮਿਕ ਗ੍ਰੰਥਾਂ ਉੱਪਰ ਸੀ, ਉੰਨਾ ਹੀ ਸਮਰਪਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਵੱਲ ਵੀ ਸੀ। ਜ਼ਿਲ੍ਹਾ ਜਲੰਧਰ ਦੇ ਸਾਡੇ ਪਿੰਡ ਵਿਚਲੇ ਘਰ ਦੇ ਨੇੜੇ ਹੀ ਇਕ ਗੁਰਦੁਆਰਾ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਪਿੰਡ ਵਿੱਚ ਇਸ ਤੋਂ ਇਲਾਵਾ ਪੰਜਵੇਂ, ਛੇਵੇਂ, ਨੌਵੇਂ ਅਤੇ ਦਸਵੇਂ ਗੁਰੂ ਨੂੰ ਸਮਰਪਿਤ ਗੁਰਦੁਆਰਿਆਂ ਦੇ ਨਾਲ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਕ ਗੁਰਦੁਆਰਾ ਵੱਖਰੇ ਰੂਪ ਵਿੱਚ ਵੀ ਸਥਾਪਿਤ ਹੈ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਘਰ ਵਿੱਚ ਰੱਖ ਕੇ ਮੇਰੇ ਪਿਤਾ ਨੇ ਕਈ ਵਰ੍ਹੇ ਅਧਿਐਨ ਕੀਤਾ ਤੇ ਮੈਂ ਉਹਨਾਂ ਦੀ ਮਦਦ ਲਿਖਣ ਵਿੱਚ ਕਰਦਾ ਸੀ। ਉਹ ਬੋਲਦੇ ਜਾਂਦੇ ਤੇ ਮੈਂ ਲਿਖੀ ਜਾਂਦਾ। ਇਸ ਤਰ੍ਹਾਂ ਮੇਰਾ ਝੁਕਾਅ ਵੀ ਗੁਰੂ-ਬਾਣੀ ਵੱਲ ਹੋਇਆ। ਸਕੂਲੀ ਸਮੇਂ ਦੌਰਾਨ ਹੀ ਮੈਨੂੰ ਜਪੁਜੀ ਜ਼ੁਬਾਨੀ ਯਾਦ ਸੀ। ਮੇਰੇ ਘਰ ਦੇ  ਨੇੜੇ ਵਾਲੇ ਗੁਰਦੁਆਰੇ ਦੇ ਉਸ ਵੇਲੇ ਦੇ ਗ੍ਰੰਥੀ ਭਾਈ ਭਗਵਾਨ ਸਿੰਘ ਹੁਰਾਂ ਨੇ ਮੇਰੇ ਬਚਪਨ ਦੇ ਲਗਪਗ ਦੋ ਦਰਜਨ ਸਾਥੀਆਂ ਨੂੰ ਰਹਿਰਾਸ ਦਾ ਪਾਠ ਕਰਨਾ ਸਿਖਾਇਆ ਸੀ। ਉਹਨਾਂ ਦੋ ਦਰਜਨ ‘ਨਿਆਣਿਆਂ’ਵਿੱਚ ਹਿੰਦੂ ਵੀ ਸਨ, ਸਿੱਖ ਵੀ ਤੇ ਦਲਿਤ ਵੀ, ਸੁਨਿਆਰ, ਘੁਮਿਆਰ, ਤਰਖਾਣ ਤੇ ਆਦਿ ਧਰਮੀ ਵੀ। ਪਰ ਉਸ ਸਮੇਂ ਤੱਕ ਸਾਨੂੰ ਕਿਸੇ ਇਹ ਗਿਆਨ ਨਹੀਂ ਸੀ ਕਿ ਕੌਣ, ਕੀ ਹੈ ਤੇ ਕਿਉਂ ਹੈ। ਮੈਂ ਆਪਣੇ ਪਿਤਾ ਨਾਲ ਪਿੰਡ ਦੇ ਘਰਾਂ ਵਿੱਚ ਹੋਣ ਵਾਲੇ ਅਖੰਡ ਪਾਠਾਂ ਦੀਆਂ ‘ਰੌਲਾਂ’ ਵੀ ਲਾਉਣ ਚਲਿਆ ਜਾਂਦਾ ਸੀ। ਇਹ ਸਿਲਸਿਲਾ ਕਾਫੀ ਸਾਲਾਂ ਤੱਕ ਜਾਰੀ ਰਿਹਾ ਪਰ ਫਿਰ ਪੰਜਾਬ ਨੂੰ ਚੰਦਰੀ ਜਿਹੀ ਨਜ਼ਰ ਲੱਗ ਗਈ। ਅਸੀਂ ਹਿੰਦੂ ਹੋਣ ਕਰਕੇ ‘ਮੋਨੇ’ ਸਾਂ ਤੇ ਗੁਰੂ ਗ੍ਰੰਥ ਸਾਹਿਬ ਪੜ੍ਹਣ ਵਾਸਤੇ ਕਈ ਕਾਇਦੇ-ਕਾਨੂੰਨ ਲਾਗੂ ਕਰ ਦਿੱਤੇ ਗਏ ਤੇ ਸਾਡਾ ਪਾਠਾਂ ‘ਤੇ ਜਾਣਾ ਪਹਿਲਾਂ ਘਟ ਗਿਆ ਤੇ ਫਿਰ ਬੰਦ ਹੀ ਹੋ ਗਿਆ। ਸਿੱਖੀ ਮੇਰੇ ਰੋਜ਼ਮੱਰਾ ਜੀਵਨ ਦਾ ਹਿੱਸਾ ਰਹੀ ਹੈ। ਉਸ ਨਾਲ ਮੇਰਾ ਅਥਾਹ ਮੋਹ ਵੀ ਹੈ, ਭਾਵੇਂ ਉਸ ਦੀ ਰਹਿਣੀ ਉੱਤੇ ਅਮਲ ਕਰਨ ਪੱਖੋਂ ਮੈਂ ਪਹਿਲਾਂ ਵੀ ਸਿੱਖ ਨਹੀਂ ਸੀ ਅਤੇ ਅੱਜ ਵੀ ਨਹੀਂ ਹਾਂ। ਇਕ ਗੱਲ ਹੋਰ, ਮੇਰੇ ਮਾਤਾ ਅਤੇ ਪਿਤਾ ਦਾ ਅੰਤਮ ਸਸਕਾਰ ਸਿੱਖ ਰੀਤੀ ਰਿਵਾਜ਼ਾਂ ਮੁਤਾਬਕ ਹੀ ਹੋਇਆ ਸੀ, ਇਹ ਵੀ ਕਾਰਨ ਹੈ ਕਿ ਸਾਡਾ ਪਰਿਵਾਰ ਸਿੱਖੀ ਦੇ ਕਾਫੀ ਨੇੜੇ ਰਿਹਾ। ਸਿੱਖੀ ਨੂੰ ਇੱਕ ਸਮੁੱਚੀ ਜੀਵਨ-ਦ੍ਰਿਸ਼ਟੀ ਵਜੋਂ ਸਮਝਣਾ ਚਾਹੁੰਦਾ ਹੋਇਆ ਮੈਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵੱਲ ਬਹੁਤ ਜ਼ਿਆਦਾ ਖਿੱਚ੍ਹਿਆ ਗਿਆ ਸੀ ਤੇ ਇਸ ਦੇ ਪ੍ਰੇਰਣਾ ਸਰੋਤ ਮੇਰੇ ਪਿਤਾ ਹੀ ਸਨ।

ੴ॥ ਮੈਂ ਪੜ੍ਹਿਆ ਕਿ ਓਮ, ਓੰਕਾਰ, ਓਮਕਾਰ – ਸਮੁੱਚੇ ਬ੍ਰਹਿਮੰਡ ਦੀ ਰਹਿਨੁਮਾਈ ਕਰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਇਸ ਦੇ ਅੱਗੇ ‘ਇੱਕ’ ਦਾ ਅੰਕ ਜੋੜ ਦਿੱਤਾ। ਕੁਝ ਲੋਕ ਇਸ ਨੂੰ – ਰੱਬ ਇਕ ਹੈ – ਦਾ ਅਰਥ ਮੰਨਦੇ ਹਨ ਤੇ ਕੁਝ ਇਸ ਨੂੰ ਕੁੱਲ ਬ੍ਰਹਿਮੰਡ ਇਕ ਹੈ – ਦਾ ਅਰਥ ਮੰਨਦੇ ਹਨ। ਅੱਠਵੀਂ ਸਦੀ ਤੋਂ ਸ਼ੁਰੂ ਹੋ ਕੇ ਸੋਲ੍ਹਵੀਂ ਸਦੀ ਤੱਕ ਚੱਲੀ ਭਗਤੀ ਲਹਿਰ ਦਵੈਤ, ਅਦਵੈਤ, ਨਿਰਗੁਣ, ਸਗੁਣ (ਸਰਗੁਣ) ਦੇ ਰੂਪ ਲੈਂਦੀ ਹੋਈ ਭਾਰਤੀ ਉਪ-ਮਹਾਦੀਪ ਦੇ ਲੋਕ ਮਨਾਂ ‘ਤੇ ਛਾਈ ਰਹੀ। ਇਸੇ ਸਮੇਂ ਗੁਰੂ ਨਾਨਕ ਦੇਵ ਜੀ ਨੇ ਅਦਵੈਤ ਦਾ ਫਲਸਫਾ ਦਿੰਦਿਆਂ ‘ੴ’ ਦਾ ਰੂਪ ਸਾਹਮਣੇ ਲਿਆ ਖੜ੍ਹਾ ਕੀਤਾ। ਇਸ ਤੋਂ ਪਹਿਲਾਂ ਵੀ ਅਦਵੈਤ ਦੀ ਗੱਲ ਆ ਚੁੱਕੀ ਸੀ। ਆਤਮਾ-ਪਰਮਾਤਮਾ ਦੇ ਦਵੈਤ ਤੋਂ ‘ਸੋਹੰ’ ਜਾਂ ‘ਅਹੰ ਬ੍ਰਹਮ ਅਸਮਿ’ ਜਾਂ ‘ਸ਼ਿਵੋਹਮ’ ਦੇ ਅਦਵੈਤ ਦੀ ਅਧਿਆਤਮ ਯਾਤਰਾ ਵਿੱਚ ਗੁਰੂ ਨਾਨਕ ਦੇਵ ਜੀ ਨੇ ‘ੴ’ ਦਾ ਮੀਲ ਪੱਥਰ ਗੱਡ ਦਿੱਤਾ ਸੀ।

ਜੋ ਸਾਨੂੰ ਨਜ਼ਰ ਆਉਂਦਾ ਹੈ – ਪੌਦੇ, ਦਰਖ਼ਤ, ਹਵਾ, ਪਾਣੀ, ਅੱਗ, ਹਨੇਰੀ, ਤੂਫਾਨ, ਬੱਦਲ, ਮੀਂਹ, ਝੱਖੜ, ਆਸਮਾਨੀ ਬਿਜਲੀ, ਸੂਰਜ, ਚੰਦ, ਤਾਰੇ, ਮਨੁੱਖ, ਜਲ-ਚਰ (ਪਾਣੀ ਵਾਲੇ ਜੀਵ), ਥਲ-ਚਰ (ਜ਼ਮੀਨ ‘ਤੇ ਚੱਲਣ ਵਾਲੇ ਜੀਵ), ਨਭ-ਚਰ (ਆਕਾਸ਼ ਵਿੱਚ ਉੱਡਣ ਵਾਲੇ ਜੀਵ), ਉਤਭੁਜ, ਸੇਤਜ, ਅੰਡਜ, ਜੇਰਜ, ਜ਼ਮੀਨ, ਅਸਮਾਨ, ਸਮੁੰਦਰ ਆਦਿ – ਸਭ ਓਂਕਾਰ ਹੈ, ਸਗੋਂ ‘ਇਕ ਓਂਕਾਰ’ ਹੈ – ੴ। ਸਾਰੀ ਕਾਇਨਾਤ ਇਕ ਹੈ। ਕੋਈ ਵਖਰੇਵਾਂ ਨਹੀਂ। ਕੋਈ ਦਵੈਤ ਨਹੀਂ। ਸਭ ਅਦਵੈਤ ਹੈ। ਦੀਵੇ ਵੱਖਰੇ ਹੋ ਸਕਦੇ ਹਨ, ਰੋਸ਼ਨੀ ਇਕ ਹੈ। ਕਿਤਾਬਾਂ ਅਨੇਕ ਹੋ ਸਕਦੀਆਂ ਹਨ, ਸਬਕ ਇਕ ਹੈ। ਸ਼ਕਲਾਂ-ਰੰਗ-ਰੂਪ ਅਨੇਕ ਹੋ ਸਕਦੇ ਹਨ, ਮਨੁੱਖ ਇਕ ਹੈ। ਦੇਸ਼ ਅਲੱਗ ਅਲੱਗ ਹੋ ਸਕਦੇ ਹਨ, ਧਰਤੀ ਇਕ ਹੈ। ਇਕ, ਭਾਵ ਅਦਵੈਤ!     

ਇਤਿਹਾਸ ਲਿਖਣ ਦੀਆਂ ਆਪਣੀਆਂ ਸੀਮਾਵਾਂ ਹਨ। ਇਤਿਹਾਸਕਾਰ ਬੀਤਿਆ ਸਮਾਂ ਅੱਖੀਂ ਨਹੀਂ ਵੇਖ ਸਕਦਾ। ਚਸ਼ਮਦੀਦ ਗਵਾਹ ਦੀ ਨਜ਼ਰ ਵੀ ਆਪਣੇ ਸਮੇਂ ਅਤੇ ਆਲੇ-ਦੁਆਲੇ ਤੱਕ ਸੀਮਤ ਹੈ। ਮਨੁੱਖੀ ਪੱਖਪਾਤ ਦੀ ਗੁੰਜਾਇਸ਼ ਸਦਾ ਰਹਿੰਦੀ ਹੈ। ਮੁਗ਼ਲ ਦੌਰ ਬਾਰੇ ਸਾਡੀ ਬਹਿਸ ਸ਼ਾਇਦ ਇਸੇ ਲਈ ਇੰਨੀ ਕੁੜੱਤਣ ਭਰੀ ਹੋ ਜਾਂਦੀ ਹੈ ਕਿ ਅਸੀਂ ਉਸ ਨੂੰ ਕੁਝ ਹਾਕਮਾਂ ਦੇ ਚਰਿੱਤਰ ਅਤੇ ਘਟਨਾਵਾਂ ਤੱਕ ਸੀਮਤ ਕਰ ਦਿੰਦੇ ਹਾਂ। ਸਾਡੇ ਅੰਦਰ ਪੱਖਪਾਤ ਦੀ ਗੁੰਜਾਇਸ਼ ਮੌਜੂਦ ਹੀ ਰਹਿੰਦੀ ਹੈ ਤੇ ਇਹ ਸੁਭਾਵਿਕ ਵੀ ਹੈ।

ਸਾਡੇ ਰੋਜ਼ਾਨਾ ਜੀਵਨ ਦੀਆਂ ਬਹਿਸਾਂ ਵਿੱਚੋਂ ਇਕ ਵਿਵਾਦਿਤ ਬਹਿਸ ਮੁਗ਼ਲ ਦੌਰ ਦੀ ਹੈ। ਇਹ ਬਹਿਸ ਇੰਨੀ ਤਿੱਖੀ ਅਤੇ ਕਈ ਵਾਰ ਇੰਨੀ ਕੁੜੱਤਣ ਭਰੀ ਹੋ ਜਾਂਦੀ ਹੈ ਕਿ ਲੱਗਦਾ ਹੈ ਇਹ ਸਾਨੂੰ ਵੰਡ ਰਹੀ ਹੈ।

ਬਹੁਤੇ ਲੋਕ ਜਾਣਦੇ ਹਨ ਕਿ ਗੁਰੂ ਨਾਨਕ ਦੇਵ ਜੀ ਮੁਗ਼ਲ ਬਾਦਸ਼ਾਹ ਬਾਬਰ ਦੇ ਸਮਕਾਲੀ ਸਨ। ਲੋਕ ਇਹ ਵੀ ਜਾਣਦੇ ਹੋਣਗੇ ਕਿ ਉਨ੍ਹਾਂ ਨੇ ਬਾਬਰ ਦੇ ਹਮਲਿਆਂ ਨਾਲ ਹੋਈ ਤਬਾਹੀ ਆਪਣੀਆਂ ਅੱਖਾਂ ਨਾਲ ਵੇਖੀ ਸੀ। ਬਾਬਰ-ਬਾਣੀ ਵਜੋਂ ਜਾਣੀ ਜਾਂਦੀ ਅਤੇ ਦਿਲ ਨੂੰ ਹਿਲਾ ਦੇਣ ਵਾਲੀ ਆਪਣੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਪਰਮਾਤਮਾ ਨੂੰ ਸੰਬੋਧਨ ਹੁੰਦੇ ਹਨ ।

ਉਹ ਪੁੱਛਦੇ ਹਨ ਕਿ ਹੇ ਸਰਬ-ਸ਼ਕਤੀਮਾਨ, ਤੂੰ ਮੌਤ ਦੇ ਦੂਤ ਬਣ ਕੇ ਆਏ ਮੁਗ਼ਲ ਨੂੰ ਖੁਰਾਸਾਨ (ਅਫ਼ਗਾਨਿਸਤਾਨ) ਅਤੇ ਹਿੰਦੁਸਤਾਨ ਉਜਾੜਨ ਕਿਵੇਂ ਦਿੱਤਾ?

ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ
॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ
॥

ਇੱਕ ਤਾਕਤਵਰ ਮਨੁੱਖ ਆਪਣੇ ਆਲੇ-ਦੁਆਲੇ ਦੇ ਕਮਜ਼ੋਰ ਲੋਕਾਂ ਨੂੰ ਆਪਣੀ ਮਰਜ਼ੀ ਨਾਲ ਤਬਾਹ ਕਰ ਦੇਵੇ ਅਤੇ ਦੁਨੀਆ ਦਾ ਮਾਲਕ ਉਨ੍ਹਾਂ ਦੀ ਰੱਖਿਆ ਲਈ ਕੁਝ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ? ਬਾਬਰਵਾਣੀ ਪਰਮਾਤਮਾ ਨੂੰ ਦਿੱਤਾ ਉਲਾਂਭਾ ਹੈ।

ਬਾਬਰ-ਬਾਣੀ ਦੇ ਅਰਥਾਂ ਉੱਤੇ ਵਿਚਾਰ ਕਰਨਾ ਸਾਨੂੰ ਇਤਿਹਾਸ ਦੇ ਸਭ ਤੋਂ ਹਨੇਰੇ ਅਤੇ ਔਖੇ ਦੌਰਾਂ ਨੂੰ ਸਮਝਣ ਦਾ ਰਾਹ ਦਿਖਾਉਂਦਾ ਹੈ। ਧਰਮ-ਚਿੰਤਨ ਦੀ ਭਾਸ਼ਾ ਵਿੱਚ ਇਤਿਹਾਸ ਨੂੰ ਚਲਾਉਣ ਵਾਲੀ ਤਾਕਤ ਪਰਮਾਤਮਾ ਦੀ ਰਜ਼ਾ, ਅਰਥਾਤ ਹੁਕਮ, ਹੈ। ਇਸ ਲਈ ਇਤਿਹਾਸ ਵਿੱਚ ਜੋ ਕੁਝ ਵਾਪਰਦਾ ਹੈ, ਉਹ ਰੱਬੀ ਰਜ਼ਾ ਦਾ ਪ੍ਰਗਟਾਵਾ ਹੈ।

ਕੋਈ ਹਮਲਾ ਲਗਭਗ ਕੁਦਰਤ ਦੀ ਕਿਸੇ ਤਾਕਤ ਵਾਂਗ ਹੈ। ਇਸ ਲਈ ਤੁਸੀਂ ਦੋਸ਼ ਕਿਸ ਨੂੰ ਦਿਓਗੇ? ਲੀਓ ਟੌਲਸਟੌਇ ਵੀ ਯੂਰਪ ਭਰ ਵਿੱਚ ਨੈਪੋਲੀਅਨ ਦੇ ਹਮਲਿਆਂ ਬਾਰੇ ਕੁਝ ਅਜਿਹੇ ਹੀ ਸਿੱਟੇ ਉੱਤੇ ਪਹੁੰਚਿਆ ਸੀ। ਜਰਮਨ ਫਿਲੌਸਫ਼ਰ ਗਿਓਰਗ ਡਬਲਿਊ. ਹੇਗਲ, ਨੈਪੋਲੀਅਨ ਨੂੰ ਇਤਿਹਾਸ ਘੜਨ ਵਾਲੀ ਮਹਾਨ ਹਸਤੀ ਮੰਨਦਾ ਸੀ। ਟੌਲਸਟੌਇ ਦੀ ਨਜ਼ਰ ਵਿੱਚ ਉਸ ਨੂੰ ਅਗਲੀ ਕਤਾਰ ਵਿੱਚ ਲਿਆਉਣ ਵਾਲੀ ਤਾਕਤ ਉਸ ਯੁੱਗ ਦੇ ਲੋਕਾਂ ਅੰਦਰੋਂ ਉੱਠੀ ਸੀ।

ਮੌਤ ਅਤੇ ਤਬਾਹੀ ਕਿਉਂ ਵਾਪਰਦੀਆਂ ਹਨ? ਬਾਬਰਵਾਣੀ ਦੇ ਸ਼ਬਦਾਂ ਵਿੱਚ ਇਹ ਇੱਕ ‘ਵਿਛੋੜਾ’ ਹੈ ਜੋ ਨਵੇਂ ‘ਮਿਲਾਪ’ ਨੂੰ ਸੰਭਵ ਬਣਾਉਂਦਾ ਹੈ।

ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥

ਇੱਥੇ ਵੀ ਧਿਆਨ ਲੋਕਾਂ ਅੰਦਰੋਂ ਉੱਠ ਰਹੀਆਂ ਤਾਕਤਾਂ ਵੱਲ ਜਾਂਦਾ ਹੈ। ਮੁਗ਼ਲ ਦੌਰ ਵਿੱਚੋਂ ਉੱਭਰੇ ਮਿਲਾਪ ਦਾ ਸਭ ਤੋਂ ਵੱਡਾ ਪ੍ਰਤੀਕ ਗੁਰੂ ਨਾਨਕ ਦੇਵ ਸਾਹਿਬ ਆਪ ਸਨ। ਭਗਤੀ ਅਤੇ ਸੂਫ਼ੀ ਪਰੰਪਰਾਵਾਂ ਨੇ ਭਾਰਤੀ ਸਮਾਜ ਵਿੱਚ ਜੋ ਹਲਚਲ ਪੈਦਾ ਕੀਤੀ ਸੀ, ਉਹ ਗੁਰੂ ਜੀ ਰਾਹੀਂ ਆਪਣੀ ਸਿਖਰ ਉੱਤੇ ਪਹੁੰਚੀ। ਇੱਕ ਨਵਾਂ ਰਾਹ ਉੱਭਰਿਆ ਜਿਸ ਨੂੰ ਸਾਧਾਰਨ ਤੋਂ ਸਾਧਾਰਨ ਮਨੁੱਖ ਵੀ ਸਮਝ ਸਕਦਾ ਸੀ। ਇਹ ਰਾਹ ਬਿਲਕੁਲ ਨਵਾਂ ਸੀ, ਨਿਸ਼ਚਿਤ ਹੀ ਇਨਕਲਾਬੀ ਵੀ ਸੀ।

ਪ੍ਰਾਚੀਨ ਭਾਰਤੀ ਚਿੰਤਨ ਅਤੇ ਇਸਲਾਮ ਦੀ ਅਧਿਆਤਮਿਕ ਪਰੰਪਰਾ ਦੇ ਦੋ ‘ਸਮੁੰਦਰ’ ਮੁਗ਼ਲ ਸਾਮਰਾਜ ਦੌਰਾਨ ਆਪਸ ਵਿੱਚ ਮਿਲ ਰਹੇ ਸਨ। ਅਸਲ ਵਿੱਚ ਤਾਂ ਉਸ ਸਮੇਂ ਉੱਥੇ ਸੈਂਕੜੇ ਸਮੁੰਦਰ ਸਨ। ਸੈਂਕੜੇ ਪਰੰਪਰਾਵਾਂ ਆਪਸ ਵਿੱਚ ਰਲਣ ਲੱਗੀਆਂ ਅਤੇ ਉਨ੍ਹਾਂ ਵਿੱਚੋਂ ਨਵੇਂ ਦਰਸ਼ਨ ਜਾਂ ਫਲਸਫੇ, ਸੱਭਿਆਚਾਰ ਅਤੇ ਪਛਾਣਾਂ ਬਣਨ ਲੱਗੀਆਂ। ਇਨ੍ਹਾਂ ਉਥਲ-ਪੁਥਲ ਕਰਦੇ ਪਾਣੀਆਂ ਵਿੱਚ ਗੁਰੂ ਨਾਨਕ ਸਾਹਿਬ ਦਾ ਦਰਸ਼ਨ ‘ਨਾਨਕ ਨਾਮ ਜਹਾਜ਼’ ਵਾਂਗ ਸਾਹਮਣੇ ਆਇਆ। ਇਸ ਨੇ ਆਮ ਮਨੁੱਖ ਨੂੰ ਮਾਇਆ ਤੋਂ ਪਾਰ ਪਰਮਾਤਮਾ ਵੱਲ ਜਾਣ ਦਾ ਰਾਹ ਦਿਖਾਇਆ। ਇਹ ਇੱਕ ਨਵਾਂ ਰਾਹ ਸੀ, ਇੱਕ ਅਜਿਹਾ ਪੰਥ ਜਾਂ ਮਾਰਗ, ਜਿਸ ਨੇ ਮਾਇਆ ਦੇ ਪਾਣੀਆਂ ਤੋਂ ਪਾਰਲੇ ਕੰਢੇ, ਪਰਮਾਤਮਾ ਤੱਕ ਪਹੁੰਚਣ ਦਾ ਵੱਖਰਾ ਰਸਤਾ ਦਿਖਾਇਆ।

ਇੱਥੋਂ ਸਾਨੂੰ ਇਤਿਹਾਸ ਨੂੰ ਸਮਝਣ ਦਾ ਇੱਕ ਨਜ਼ਰੀਆ ਮਿਲ ਸਕਦਾ ਹੈ। ਧਰਮ-ਚਿੰਤਨ ਦੇ ਉਸ ਪੁਰਾਣੇ ਸਵਾਲ ਨੂੰ ਵੀ ਇੱਥੋਂ ਸਮਝਿਆ ਜਾ ਸਕਦਾ ਹੈ ਕਿ ਚੰਗੇ ਲੋਕਾਂ ਨਾਲ ਮਾੜਾ ਕਿਉਂ ਵਾਪਰਦਾ ਹੈ ਅਤੇ ਅਸੀਂ ਇਸ ਬਾਰੇ ਕੀ ਕਰ ਸਕਦੇ ਹਾਂ।

ਗੁਰੂ ਨਾਨਕ ਸਾਹਿਬ ਦੀ ਇਹ ਸਾਦੀ ਜਿਹੀ ਗੱਲ ਉਹ ਨੀਂਹ ਬਣਦੀ ਹੈ ਜਿਸ ਉੱਤੇ ਅੱਗੇ ਚੱਲ ਕੇ ਸਿੱਖ ਸਮਾਜ, ਅਰਥਾਤ ਸੰਗਤ, ਅਤੇ ਸਿੱਖ ਰਾਜਨੀਤਕ ਵਿਵਸਥਾ ਦਾ ਵਿਚਾਰ, ਭਾਵ ਖ਼ਾਲਸਾ, ਵਿਕਸਿਤ ਹੁੰਦੇ ਹਨ।

ਜਦੋਂ ਇਤਿਹਾਸ ਦਾ ਕੋਈ ਬੇਰਹਿਮ ਦੌਰ ਅੱਖਾਂ ਸਾਹਮਣੇ ਵਾਪਰ ਰਿਹਾ ਹੋਵੇ, ਤਾਂ ਇੱਕ ਆਮ, ਬੇਵੱਸ ਮਨੁੱਖ ਕੀ ਕਰ ਸਕਦਾ ਹੈ? ਪਰਮਾਤਮਾ ‘ਨਿਰਵੈਰ’ ਹੈ। ਉਹ ਮਨੁੱਖੀ ਮੁੱਲਾਂ ਦੀਆਂ ਹੱਦਾਂ ਤੋਂ ਪਰੇ ਹੈ ਅਤੇ ਕਿਸੇ ਦਾ ਪੱਖ ਨਹੀਂ ਲੈਂਦਾ। ‘ਨਿਰਭਉ’ ਹੈ ਉਹ। ਇਥੇ ਮੇਰੀ ਤੁੱਛ ਬੁੱਧੀ ‘ਨਿਰਭਉ’ ਨੂੰ ‘ਨਿਰਭੈਅ’ ਨਹੀਂ, ਸਗੋਂ ‘ਨਿਰ-ਭਵ’ ਜਾਂ ‘ਨਿਰ-ਭਾਵ’ ਮੰਨਦੀ ਹੈ; ਨਿਰਭਉ – ਭਾਵ, ਨਿਰ ਭਾਵ, ਭਾਵ ਰਹਿਤ, ਪੱਖਪਾਤ ਰਹਿਤ। ਮੇਰੀ ਨਜ਼ਰ ਵਿੱਚ ‘ਨਿਰਭਉ ਨਿਰਵੈਰੁ’ ਦਾ ਮਤਲਬ ਪਰਮਾਤਮਾ ‘ਪੱਖਪਾਤ ਰਹਿਤ ਅਤੇ ਵੈਰ ਰਹਿਤ’ ਹੈ।

ਹਿੰਦੂ ਧਰਮ ਦੇ ਪ੍ਰਮੁੱਖ ਗ੍ਰੰਥ ‘ਸ੍ਰੀ ਮਦ ਭਗਵਤ ਗੀਤਾ’ ਵਿੱਚ ਭਗਵਾਨ ਸ੍ਰੀ ਕ੍ਰਿਸ਼ਨ, ਅਰਜੁਨ ਨੂੰ ਉਦੇਸ਼ ਦਿੰਦੇ ਹੋਏ ਫੁਰਮਾਉਂਦੇ ਹਨ ; ਜਦੋਂ ਜਦੋਂ ਧਰਮ ਦਾ ਨੁਕਸਾਨ ਹੋਣ ਲੱਗਦਾ ਹੈ, ਸਮਾਜ ਵਿੱਚ ਕੁਰੀਤੀਆਂ ਫੈਲਣ ਲੱਗਦੀਆਂ ਹਨ ਤਾਂ ਉਸ ਸਮੇਂ ਧਰਮ ਦੇ ਉੱਥਾਨ ਲਈ, ਨੇਕ ਲੋਕਾਂ ਨੂੰ ਬਚਾਉਣ ਅਤੇ ਦੁਸ਼ਟਾਂ ਦੇ ਨਾਸ਼ ਲਈ ਹਰ ਯੁਗ ਵਿੱਚ ਮੈਂ (ਭਾਵ, ਭਗਵਾਨ) ਆਪਣੇ ਰੂਪ ਨੂੰ ਪ੍ਰਗਟ ਕਰਦਾ ਹਾਂ।

ਸਮਾਜ ਵਿੱਚ ਆਈ ਉਸ ਸਮੇਂ ਦੀ ਗਿਰਾਵਟ ਨੂੰ ਦੂਰ ਕਰਨ ਲਈ ਪਰਮਾਤਮਾ ਦੇ ਅੰਸ਼ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਗਟ ਹੋਣਾ ਇਕ ਵੱਡੀ ਘਟਨਾ ਹੈ।

ਗੁਰੂ ਨਾਨਕ ਸਾਹਿਬ ਵੱਲੋਂ ਪਰਮਾਤਮਾ ਦੇ ਇਸ ਸਰੂਪ ਨੂੰ ਬਿਆਨ ਕਰਨਾ ਆਪਣੇ ਆਪ ਵਿੱਚ ਇੱਕ ਇਲਾਹੀ ਪ੍ਰਗਟਾਵਾ ਹੈ। ਇਸ ਦੇ ਦੋ ਸਿੱਟੇ ਨਿਕਲਦੇ ਹਨ। ਪਹਿਲਾ, ਸਾਨੂੰ ਕਿਸੇ ਵੱਲੋਂ ਆ ਕੇ ਸਾਨੂੰ ਬਚਾਉਣ ਦੀ ਉਡੀਕ ਨਹੀਂ ਕਰਨੀ ਚਾਹੀਦੀ। ਦੂਜਾ, ਸਾਨੂੰ ਆਪਣਾ ਬਚਾਅ ਆਪ ਕਰਨਾ ਪਵੇਗਾ। ਇਸ ਉਥਲ-ਪੁਥਲ ਵਿੱਚੋਂ ਲੰਘਣ ਦਾ ਰਾਹ ਤਾਂ ਹੀ ਦਿਸੇਗਾ ਜੇ ਸਾਨੂੰ ਪਤਾ ਹੋਵੇ ਕਿ ਰਾਹ ਕਿਸ ਤੋਂ ਪੁੱਛਣਾ ਹੈ। ਜਵਾਬ ਸਪਸ਼ਟ ਹੈ – ਗੁਰੂ ਤੋਂ।

ਇੱਥੋਂ ਹੀ ਸਿੱਖ ਸਮਾਜ ਦੇ ਬੁਨਿਆਦੀ ਤੱਤ ਵਿਕਸਿਤ ਹੋਣ ਲੱਗਦੇ ਹਨ। ਇਤਿਹਾਸ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਲਈ ਸਾਨੂੰ ਆਪਣੇ ਅੰਦਰ ਝਾਕਣਾ ਪਵੇਗਾ, ਤਾਂ ਜੋ ਉਹ ਭਰੋਸਾ ਮਿਲੇ ਜਿਸ ਨਾਲ ਅਸੀਂ ਆਪਣੀ ਹਾਲਤ ਸਮਝ ਸਕੀਏ। ਸਾਨੂੰ ਆਪਣੇ ਆਲੇ-ਦੁਆਲੇ ਵੀ ਵੇਖਣਾ ਪਵੇਗਾ, ਉਨ੍ਹਾਂ ਗੁਆਂਢੀਆਂ ਵੱਲ ਜੋ ਸਾਡੇ ਵਾਂਗ ਹੀ ਇਨ੍ਹਾਂ ਹਾਲਾਤ ਦੇ ਨਤੀਜੇ ਭੋਗ ਰਹੇ ਹਨ। ਇਸ ਤਰ੍ਹਾਂ ਵਿਸ਼ਵਾਸ ਅਤੇ ਗੁਆਂਢੀਆਂ ਨਾਲ ਸਾਂਝ ਵਿੱਚੋਂ ਸੰਗਤ ਬਣਨ ਲੱਗਦੀ ਹੈ। ਫਿਰ ਇਤਿਹਾਸ ਦੇ ਕਹਿਰ ਦਾ ਸਾਹਮਣਾ ਕਰਨ ਵਾਲਾ ਮਨੁੱਖ ਇਕੱਲਾ ਨਹੀਂ ਰਹਿੰਦਾ।

ਗੁਰੂ ਜੀ ਫੁਰਮਾਉਂਦੇ ਹਨ:

ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ
॥

ਅਰਥਾਤ, ਗੁਰੂ ਜੀ ਫੁਰਮਾਉਂਦੇ ਹਨ, ਕਿ ਮੈਂ ਮਾਲਕ-ਪ੍ਰਭੂ ਦੇ ਗੁਣ ਗਾਉਂਦਾ ਹਾਂ ਅਤੇ ਲਾਸ਼ਾਂ ਨਾਲ ਭਰੀ ਇਸ ਨਗਰੀ (ਸੈਦਪੁਰ) ਵਿਚ ਇਸ ਮਸਲੇ ਬਾਰੇ ਕਥਨ ਕਰਦਾ ਹਾਂ। ਜਿਸ ਮਾਲਕ-ਪ੍ਰਭੂ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਇਸ ਨੂੰ ਮਾਇਆ-ਮੋਹ ਵਿਚ ਲਾਇਆ ਹੋਇਆ ਹੈ, ਪਰ ਉਹ ਆਪ ਨਿਰਲੇਪ ਹੋ ਕੇ ਇਸ ਨੂੰ ਵੇਖ ਰਿਹਾ ਹੈ।

ਇਕ ਗੱਲ ਹੋਰ:

ਆਵਨਿ ਅਠਤਰੈ  ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
॥

ਇਸ ਤਰ੍ਹਾਂ ਬਾਬਰਵਾਣੀ ਦੀਆਂ ਮੁੱਢਲੀਆਂ ਪੰਕਤੀਆਂ ਦੀ ਪੀੜ ਭਰੀ ਪੁਕਾਰ ਨੂੰ ਅੰਤ ਵਿੱਚ ਹੋਈ ਸੋਝੀ ਵਿੱਚ ਆਪਣਾ ਜਵਾਬ ਮਿਲਦਾ ਹੈ। ਇਤਿਹਾਸ ਇੱਕ ਅਜਿਹੀ ਤਾਕਤ ਹੈ ਜੋ ਸਮਾਜ ਅਤੇ ਉਸ ਦੀ ਵਿਵਸਥਾ ਨੂੰ ਤੋੜ ਸਕਦੀ ਹੈ। ਉਸ ਤਾਕਤ ਨੂੰ ਸਾਧ ਕੇ ਨਵੇਂ ਰੂਪ ਵਾਲਾ ਸਮਾਜ ਅਤੇ ਨਿਆਂਪੂਰਨ ਸਮਾਜਕ ਵਿਵਸਥਾਵਾਂ ਵੀ ਸਿਰਜੀਆਂ ਜਾ ਸਕਦੀਆਂ ਹਨ, ਜਿਨ੍ਹਾਂ ਦੀ ਨੀਂਹ ਧਰਮ ਉੱਤੇ ਹੋਵੇ ਅਤੇ ਜਿਨ੍ਹਾਂ ਨੂੰ ਬਲ ਵੀ ਧਰਮ ਤੋਂ ਮਿਲੇ।

ਸਿੱਖ ਧਰਮ-ਚਿੰਤਨ ਵਿੱਚ ਦਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਤੋਂ ਬਾਅਦ ਆਦਿ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਇੱਕੋ ਇਲਾਹੀ ਜੋਤ ਦੀ ਨਿਰੰਤਰਤਾ ਹਨ। ਆਪਣੇ ਜੀਆਂ ਦੀ ਸੰਭਾਲ ਕਰਨ ਵਾਲੀ ਅਤੇ ਇਤਿਹਾਸ ਦੀਆਂ ਤਾਕਤਾਂ ਦਾ ਸਾਹਮਣਾ ਕਰਨ ਵਾਲੀ ਸੰਗਤ ਦਾ ਇਹ ਵਿਚਾਰ ਸਮੇਂ ਨਾਲ ਖ਼ਾਲਸੇ ਦਾ ਰੂਪ ਧਾਰਦਾ ਹੈ। ਖ਼ਾਲਸੇ ਵਿੱਚ ਤਬਾਹੀ ਦੀਆਂ ਲਹਿਰਾਂ ਤੋਂ ਰੱਖਿਆ ਕਰਨ ਅਤੇ ਉਨ੍ਹਾਂ ਦਾ ਰੁਖ਼ ਮੋੜਨ ਦੀ ਸਮਰੱਥਾ ਹੈ।

ਗੁਰੂ ਜੀ ਦੀਆਂ ਉਪਰੋਕਤ ਪੰਕਤੀਆਂ : ਆਵਨਿ ਅਠਤਰੈ  ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥
ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ
॥

ਮੇਰੀ ਤੁਛ ਨਜ਼ਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦਾ ਸੰਕੇਤ ਗੁਰੂ ਨਾਨਕ ਦੇਵ ਜੀ ਇਹਨਾਂ ਪੰਕਤੀਆਂ ਵਿੱਚ ਦਿੰਦੇ ਜਾਪਦੇ ਹਨ – ਹੋਰੁ ਭੀ ਉਠਸੀ ਮਰਦ ਕਾ ਚੇਲਾ – ਸੱਚ ਕੀ ਬੇਲਾ ਉਹ ਬੇਲਾ ਹੈ ਜਦੋਂ ਖਾਲਸੇ ਦਾ ਜਨਮ ਹੁੰਦਾ ਹੈ ਤੇ ਸੱਚ ਸੁਣਾਇਆ ਜਾਂਦਾ ਹੈ।

ਇਸ ਡੂੰਘੇ ਅਰਥ ਵਿੱਚ ਮਨੁੱਖੀ ਦੁੱਖ ਦੇ ਸਾਹਮਣੇ ਪਰਮਾਤਮਾ ਪੂਰੀ ਤਰ੍ਹਾਂ ਗ਼ੈਰਹਾਜ਼ਰ ਨਹੀਂ ਹੈ। ਦੁੱਖ ਇੱਕ ਭੱਠੀ ਹੈ ਜਿਸ ਵਿੱਚ ਬਾਹਰੋਂ ਮਦਦ ਉਡੀਕਦੇ ‘ਕਮਜ਼ੋਰ’ ਅਤੇ ‘ਬੇਵੱਸ’ ਮਨੁੱਖ ਤਪ ਕੇ ਇੰਨੇ ਮਜ਼ਬੂਤ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਆਪਣੇ ਅੰਦਰੋਂ ਹੀ ਬਲ ਮਿਲਣ ਲੱਗੇ।

ਗੁਰੂ ਨਾਨਕ ਸਾਹਿਬ ਕਲਿਯੁਗ ਦਾ ਚਿੱਤਰ ਇਉਂ ਖਿੱਚਦੇ ਹਨ।

ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥
ਹਉ ਭਾਲਿ ਵਿਕੁੰਨੀ ਹੋਈ ॥
ਆਧੇਰੈ ਰਾਹੁ ਨ ਕੋਈ ॥
ਵਿਚਿ ਹਉਮੈ ਕਰਿ ਦੁਖੁ ਰੋਈ ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥

ਜਦੋਂ ਰਾਜੇ ਕਸਾਈ ਬਣ ਜਾਣ, ਧਰਮ ਉੱਡ ਜਾਵੇ ਅਤੇ ਕੂੜ ਦੀ ਮੱਸਿਆ ਵਿੱਚ ਸੱਚ ਦਾ ਚੰਦ ਨਾ ਦਿਸੇ, ਤਾਂ ਖ਼ਲਾਸੀ ਦਾ ਰਾਹ ਕਿੱਥੋਂ ਲੱਭੇ? ਜਦੋਂ ਹਾਕਮ ਨਿਆਂ ਅਤੇ ਸਹੀ ਆਚਰਨ ਤਿਆਗਦੇ ਹਨ, ਉਨ੍ਹਾਂ ਦੇ ਅਧਰਮ ਦਾ ਦੁੱਖ ਆਮ ਲੋਕ ਭੋਗਦੇ ਹਨ। ਇਹੀ ਲੋਕ ਅਜਿਹਾ ਭਾਈਚਾਰਾ ਸਿਰਜ ਸਕਦੇ ਹਨ ਜਿਸ ਦੀ ਵਫ਼ਾਦਾਰੀ ਸੱਚੇ ਪਾਤਸ਼ਾਹ ਨਾਲ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਨਾਨਕ ਦੀ ਸੰਗਤ ਨੂੰ ਖ਼ਾਲਸੇ ਦੇ ਰੂਪ ਵਿੱਚ ਜਥੇਬੰਦ ਕਰਦੇ ਹਨ ਅਤੇ ਪ੍ਰਭੂਸੱਤਾ ਖ਼ਾਲਸੇ ਵਿੱਚ ਨਿਹਿਤ ਹੁੰਦੀ ਹੈ। ਬਹੁਮਤ ਅਤੇ ਸਹਿਮਤੀ ਨਾਲ ਫ਼ੈਸਲੇ ਕਰਨ ਵਿੱਚ ਗਣਰਾਜੀ ਜਾਂ ਲੋਕਤੰਤਰੀ ਵਿਚਾਰ ਦੀ ਝਲਕ ਵੀ ਵੇਖੀ ਜਾ ਸਕਦੀ ਹੈ।

ਖ਼ਾਲਸਾ ਸਮੂਹ ਵੀ ਹੈ ਤੇ ਵਿਅਕਤੀ ਵੀ। ਗੁਰੂ ਦੀ ਰਹਿਨੁਮਾਈ ਨਾਲ ਬਾਬਰ ਦੇ ਦੌਰ ਦਾ ਬੇਵੱਸ ਮਨੁੱਖ ਆਪਣੇ ਆਚਰਨ, ਕਲਮ, ਤਲਵਾਰ ਜਾਂ ਇਮਾਨਦਾਰ ਵਪਾਰ ਰਾਹੀਂ ਧਰਮ ਉੱਤੇ ਟਿਕੀ ਸੰਗਤ ਉਸਾਰਨ ਦੇ ਸਮਰੱਥ ਬਣਦਾ ਹੈ। ਜਿਵੇਂ ਕੂੜ ਦੀ ਸਰਦਾਰੀ ਵਾਲੇ ਯੁੱਗ ਵਿੱਚ ਬਾਬਰ ਵਰਗੇ ਹਾਕਮ ਉੱਭਰਦੇ ਹਨ, ਤਿਵੇਂ ਸੱਚ ਪ੍ਰਤੀ ਵਫ਼ਾਦਾਰ ਸੰਗਤ ਵਿੱਚੋਂ ਇਨਸਾਫ਼-ਪਸੰਦ ਆਗੂ ਉੱਭਰ ਸਕਦੇ ਹਨ। ਸਾਂਝੀ ਇੱਛਾ ਕਮੀਆਂ ਵਾਲੇ ਵਿਅਕਤੀਆਂ ਨੂੰ ਵੀ ਸਹੀ ਕਰਮ ਕਰਨ ਦੇ ਸਮਰੱਥ ਬਣਾ ਸਕਦੀ ਹੈ।

‘ਗੁਰੂ’ ਨੂੰ ਹਨੇਰੇ ਤੋਂ ਚਾਨਣ ਵੱਲ ਲੈ ਜਾਣ ਵਾਲਾ ਕਿਹਾ ਜਾਂਦਾ ਹੈ। ‘ਤਮਸੋ ਮਾ ਜਯੋਤਿਰਗਮਯ’ ਵਿੱਚ ਵੀ ਇਹੀ ਅਰਦਾਸ ਹੈ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ ॥

ਕਲਿਯੁਗ ਦਾ ਅਸਲ ਅੰਤ ਉਦੋਂ ਹੋਵੇਗਾ ਜਦੋਂ ਵਹਿਮ, ਕਪਟ ਤੇ ਕੂੜ ਦਾ ਹਨੇਰਾ ਅੰਦਰੋਂ ਵੀ ਦੂਰ ਹੋਵੇਗਾ ਅਤੇ ਸਮਾਜਕ-ਰਾਜਨੀਤਕ ਜੀਵਨ ਵਿੱਚੋਂ ਵੀ। ਅਜੇ ਬਹੁਤ ਪੈਂਡਾ ਬਾਕੀ ਹੈ। ਗੁਰੂ ਸਾਹਿਬ ਨੇ ਤੁਰਨ ਲਈ ਰਾਹ ਦਿਖਾ ਦਿੱਤਾ ਹੈ।

ਕਲਿਯੁਗ, ਜਾਂ ਹਨੇਰਾ, ਉਨ੍ਹਾਂ ‘ਝੂਠੇ ਰਾਜਿਆਂ’ ਤੋਂ ਪੈਦਾ ਹੁੰਦਾ ਹੈ ਜੋ ਧਰਮ, ਅਰਥਾਤ ਨਿਆਂ ਅਤੇ ਸਹੀ ਆਚਰਨ, ਦੀ ਪਾਲਣਾ ਕੀਤੇ ਬਿਨਾਂ ਰਾਜ ਕਰਦੇ ਹਨ। ਇਸ ਤਰ੍ਹਾਂ ਅਧਰਮ ਉੱਪਰੋਂ, ਹਾਕਮ ਵੱਲੋਂ, ਹੇਠਾਂ ਵੱਲ ਵਗਦਾ ਹੈ ਅਤੇ ਉਸ ਦਾ ਦੁੱਖ ਆਮ ਲੋਕਾਂ ਦੀ ਜ਼ਿੰਦਗੀ ਤੱਕ ਪਹੁੰਚਦਾ ਹੈ।

ਅਧਰਮ ਦੀ ਇਸ ਚੜ੍ਹਦੀ ਲਹਿਰ ਵਿੱਚ ਆਮ ਲੋਕ ਅਜਿਹੇ ਨਵੇਂ ਭਾਈਚਾਰੇ ਸਿਰਜ ਸਕਦੇ ਹਨ ਜੋ ਅਧਰਮੀ ‘ਝੂਠੇ ਰਾਜਿਆਂ’ ਅੱਗੇ ਸਿਰ ਝੁਕਾਉਣ ਦੀ ਥਾਂ ਧਰਮ ਦੇ ਅਸਲ ਸਰੋਤ, ਪਰਮਾਤਮਾ, ਦਾ ਹੀ ਹੁਕਮ ਮੰਨਣ। ਸਿੱਖੀ ਵਿੱਚ ਪਰਮਾਤਮਾ ਨੂੰ ‘ਸੱਚਾ ਪਾਤਸ਼ਾਹ’ ਵੀ ਕਿਹਾ ਜਾਂਦਾ ਹੈ।

ਖ਼ਾਲਸਾ ਇੱਕ ਸਮੂਹ ਵੀ ਹੈ ਅਤੇ ਇੱਕ ਵਿਅਕਤੀ ਵੀ। ਗੁਰੂ ਸਾਹਿਬਾਨ ਦੀ ਰਹਿਨੁਮਾਈ ਸਦਕਾ ਬਾਬਰ ਦੇ ਦੌਰ ਦਾ ਬੇਵੱਸ ਮਨੁੱਖ ਬਦਲ ਕੇ ਅਜਿਹੀ ਹਸਤੀ ਬਣਦਾ ਹੈ ਜੋ ਆਪਣੇ ਨਿੱਜੀ ਜੀਵਨ ਵਿੱਚ ਧਰਮ ਦੀ ਪਾਲਣਾ ਕਰਦੀ ਹੈ। ਉਹ ਸਹੀ ਕਰਮ, ਕਲਮ, ਤਲਵਾਰ ਜਾਂ ਇਮਾਨਦਾਰ ਵਪਾਰ ਰਾਹੀਂ ਧਰਮ ਉੱਤੇ ਟਿਕੀ ਸੰਗਤ ਉਸਾਰਨ ਦਾ ਯਤਨ ਕਰਦੀ ਹੈ। ਸਮੂਹ ਦਾ ਹਿੱਸਾ ਹੋ ਕੇ ਅਜਿਹਾ ਵਿਅਕਤੀ ਜਿਹੜੇ ਫ਼ੈਸਲੇ ਲੈਂਦਾ ਹੈ, ਉਨ੍ਹਾਂ ਵਿੱਚ ਅੰਤ ਨੂੰ ਯੁੱਗ ਦੀ ਸਾਂਝੀ ਇੱਛਾ ਝਲਕਣੀ ਚਾਹੀਦੀ ਹੈ। ਜਿਵੇਂ ਕੂੜ ਦੀ ਸਰਦਾਰੀ ਵਾਲੇ ਡਿੱਗੇ ਹੋਏ ਸਮੇਂ ਨੇ ਬਾਬਰ ਵਰਗੇ ਝੂਠੇ ਰਾਜੇ ਪੈਦਾ ਕੀਤੇ, ਉਸੇ ਤਰ੍ਹਾਂ ਸੱਚੇ ਪਾਤਸ਼ਾਹ ਪ੍ਰਤੀ ਵਫ਼ਾਦਾਰ ਸੰਗਤ ਵਿੱਚੋਂ ਵਧੇਰੇ ਇਨਸਾਫ਼-ਪਸੰਦ ਆਗੂ ਉੱਭਰਨੇ ਚਾਹੀਦੇ ਹਨ।

ਕਲਿਯੁਗ ਦਾ ਅਸਲ ਅੰਤ ਉਦੋਂ ਹੋਵੇਗਾ ਜਦੋਂ ਅਧਿਆਤਮਿਕ ਅਤੇ ਸਮਾਜਕ-ਰਾਜਨੀਤਕ, ਦੋਵਾਂ ਪੱਧਰਾਂ ਉੱਤੇ ਹਨੇਰਾ ਦੂਰ ਹੋਵੇਗਾ। ਇਸ ਵਿੱਚ ‘ਝੂਠੇ’ ਅਤੇ ਅਧਰਮੀ ਆਗੂਆਂ ਦੇ ਰਾਜ ਦੇ ਨਤੀਜਿਆਂ ਤੋਂ ਛੁਟਕਾਰਾ ਵੀ ਸ਼ਾਮਲ ਹੈ। ਅਜੇ ਸਾਨੂੰ ਬਹੁਤ ਪੈਂਡਾ ਤੈਅ ਕਰਨਾ ਹੈ, ਪਰ ਸਾਡੇ ਸਾਹਮਣੇ ਤੁਰਨ ਲਈ ਰਾਹ ਗੁਰੂ ਸਾਹਿਬ ਨੇ ਦਿਖਾ ਦਿੱਤਾ ਹੈ।

ਮੇਰੀ ਇਹ ਲਿਖਤ ਇੱਕ ਸੰਵਾਦ ਦਾ ਸੱਦਾ ਹੈ। ਬਾਣੀ ਨਾਲ ਲੋਕਾਂ ਦਾ ਡੂੰਘਾ ਮੋਹ ਹੈ ਅਤੇ ਉਸ ਦੀਆਂ ਵੱਖੋ-ਵੱਖ ਪੜ੍ਹਤਾਂ ਹਨ। ਉਸ ਦੇ ਅਰਥਾਂ ਉੱਤੇ ਵਿਚਾਰ ਕਰਨਾ ਸਿੱਖ ਰਹਿਣੀ ਅਤੇ ਦਰਸ਼ਨ ਦਾ ਅਹਿਮ ਅੰਗ ਹੈ। ਜੇ ਇਤਿਹਾਸ ਹੁਕਮ ਦਾ ਪ੍ਰਗਟਾਵਾ ਹੈ, ਤਾਂ ਉਸ ਦੇ ਸ਼ਰਮਨਾਕ ਅਤੇ ਗੌਰਵਮਈ ਪੱਖਾਂ ਨੂੰ ਇਸ ਸਮਝ ਨਾਲ ਵੇਖਣਾ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਤਿਹਾਸ ਦੇ ਅਸਰ ਹੇਠ ਵੀ ਹਾਂ ਅਤੇ ਆਪਣੇ ਕਰਮਾਂ ਨਾਲ ਉਸ ਨੂੰ ਘੜਦੇ ਵੀ ਹਾਂ। ਜਿਸ ਜਗਤ ਵਿੱਚ ਹੁਕਮ ਚੱਲਦਾ ਹੈ, ਉਸ ਵਿੱਚ ਆਪਣੀ ਮਰਜ਼ੀ ਨਾਲ ਚੋਣ ਕਰਨ ਦੀ ਆਜ਼ਾਦੀ ਕਿੱਥੋਂ ਤੱਕ ਹੈ? ਇਹ ਚਰਚਾ ਫਿਰ ਕਦੇ ਸਹੀ।

-ਰਿਸ਼ੀ ਨਾਗਰ, 21 ਨਵੰਬਰ, 2026.

Show More

Related Articles

Leave a Reply

Your email address will not be published. Required fields are marked *

Back to top button
Translate »