ਪੰਜਾਬੀ ਸੱਭਿਆਚਾਰ ਦਾ ਅਨਮੋਲ ਵਿਰਸਾ – ਪਿਆਰੀ ਸਖੀ ਸੁਰਿੰਦਰ ਕੌਰ

ਜਨਮ ਦੀ ਛਿਆਨਵੀਂ ਵਰ੍ਹੇਗੰਢ `ਤੇ ਵਿਸ਼ੇਸ਼
ਪੰਜਾਬੀ ਸੱਭਿਆਚਾਰ ਦਾ ਅਨਮੋਲ ਵਿਰਸਾ – ਪਿਆਰੀ ਸਖੀ ਸੁਰਿੰਦਰ ਕੌਰ ਡਾ. ਰਾਜਵੰਤ ਕੌਰ ਪ੍ਰੀਤ ਮਾਨ
ਨਵੰਬਰ 25, 1929 ਨੂੰ ਸਾਂਝੇ ਪੰਜਾਬ ਦੇ ਪ੍ਰਸਿੱਧ ਸ਼ਹਿਰ ਲਾਹੌਰ ਵਿੱਚ ਜਨਮੀ ਸੁਰਿੰਦਰ ਕੌਰ ਆਪਣੀ ਵੱਡੀ ਭੈਣ ਪ੍ਰਕਾਸ਼ ਕੌਰ ਵਾਂਗ ਪੰਜਾਬੀ ਸੱਭਿਆਚਾਰ ਦਾ ਚਮਕਦਾ ਤਾਰਾ ਬਣ ਗਈ। ਦੋਵੇਂ ਭੈਣਾਂ ਪੰਜਾਬੀਅਤ ਦਾ ਅਨਮੋਲ ਵਿਰਸਾ ਸਨ।

ਯਾਦ ਆ ਰਿਹਾ ਹੈ ਉਹ ਸਮਾਂ ਜਦ ਪੰਜਾਬ ਦੀ ਕੋਇਲ, ਸੁਰਿੰਦਰ ਕੌਰ ਦਾ ਪੰਝੱਤਰਵਾਂ ਜਨਮ ਦਿਨ ਸੰਨ 2004 ਨੂੰ ਚੰਡੀਗੜ੍ਹ ਵਿਖੇ ਵੱਡੇ ਪੱਧਰ `ਤੇ ਮਨਾਇਆ ਗਿਆ ਸੀ। ਸੁਰਿੰਦਰ ਕੌਰ ਦੀ ਪਿਆਰੀ ਬੇਟੀ ਡੌਲੀ ਗੁਲੇਰੀਆ, ਪੰਜਾਬ ਦੀ ਪ੍ਰਸਿੱਧ ਗਾਇਕਾ, ਜੋ ਆਪਣੀ ਮਾਂ ਦੀ ਵਿਰਾਸਤ ਨੂੰ ਸਾਂਭੀ ਬੈਠੀ ਏ, ਨੇ ਆਪਣੀ ਮਾਂ ਦਾ ਜਨਮਦਿਨ ਪੀ.ਟੀ.ਸੀ. ਟੀਵੀ ਚੈਨਲ ਦੇ ਸਹਿਯੋਗ ਨਾਲ ਉਚੇਚੇ ਤੌਰ `ਤੇ ਧੂਮ-ਧਾਮ ਨਾਲ਼ ਮਨਾਇਆ ਸੀ। ਪੰਜਾਬੀ ਸੰਗੀਤ ਜਗਤ ਦੇ ਨਾਮੀ ਕਲਾਕਾਰ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਇੰਗਲੈਂਡ ਤੋਂ ਮਲਕੀਤ ਸਿੰਘ ਅਤੇ ਬਹੁਤ ਸਾਰੇ ਲੋਕਲ ਕਲਾਕਾਰਾਂ ਨੇ ਬੜੀ ਰੌਣਕ ਲਾਈ ਤੇ ਸੰਗੀਤਕਾਰਾਂ ਦੀ ਚਹੇਤੀ ਮਾਂ ਸੁਰਿੰਦਰ ਕੌਰ ਨੂੰ ਅੰਤਾਂ ਦਾ ਮਾਣ ਦਿੱਤਾ। ਡੌਲੀ ਦੀਆਂ ਛੋਟੀਆਂ ਭੈਣਾਂ ਨੰਦੀ ਤੇ ਪੈਮੀ ਅਮਰੀਕਾ ਤੋਂ ਆਈਆਂ। ਹੋਰ ਰਿਸ਼ਤੇਦਾਰ, ਸਕੇ ਸੰਬੰਧੀ ਤੇ ਦੋਸਤ ਮਿੱਤਰ ਦੂਰੋਂ-ਦੂਰੋਂ ਆਏ। ਅਸੀਂ, ਪ੍ਰੋ. ਨਿਰੰਜਣ ਸਿੰਘ ਮਾਨ ਅਤੇ ਮੈਂ, ਪ੍ਰੋ. ਰਾਜਪਾਲ ਦੇ ਨਾਲ਼ ਪਟਿਆਲ਼ੇ ਤੋਂ ਪਹੁੰਚੇ। ਕਲਾਕਾਰਾਂ ਦੀ ਮਾਂ ਅਤੇ ਸਾਡੀ ਪਿਆਰੀ ਸਖੀ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਸਾਨੂੰ ਇੰਝ ਮਿਲੀ ਜਿਵੇਂ ਚਿਰਾਂ ਤੋਂ ਵਿਛੜੇ ਮਿਲਦੇ ਹਨ। ਉਸ ਨੂੰ ਅਚੰਭਾ ਹੋਇਆ ਕਿ ਅਸੀਂ ਐਨੀ ਜਲਦੀ ਕੈਨੇਡਾ ਤੋਂ ਫੇਰ ਆ ਗਏ ਹਾਂ।
ਸੁਰਿੰਦਰ ਕੌਰ ਭਾਵੇਂ ਸਾਥੋਂ ਉੱਨੀ ਸਾਲ ਪਹਿਲਾਂ ਵਿਛੜ ਗਈ ਹੈ ਪਰ ਪੰਜਾਹੀ ਲੋਕ ਗੀਤਾਂ ਦੀ ਰਾਣੀ ਨੇ ਸਦਾ ਹੀ ਪੰਜਾਬੀਆਂ ਦੇ ਦਿਲਾਂ`ਤੇ ਰਾਜ ਕੀਤਾ ਹੈ ਤੇ ਕਰਦੀ ਰਹੇਗੀ। ਆਪਣੇ ਸਿੱਧੇ-ਸਾਦੇ, ਨਿਰਛਲ ਸੁਭਾਅ, ਪਿਆਰ-ਭਿੱਜੀ ਰੂਹ ਅਤੇ ਡੁੱਲ੍ਹ-ਡੁੱਲ੍ਹ ਪੈਂਦੇ ਹਾਸੇ ਕਾਰਨ ਸਾਡੇ ਦਿਲਾਂ ਵਿੱਚ ਵਸੀ ਹੋਈ ਹੈ। ਅੱਜ ਮੈਂ ਉਸ ਦਾ ਗੀਤ ਗੁਣਗੁਣਾ ਰਹੀ ਹਾਂ —
ਵਿਛੜੇ ਚਿਰਾਂ ਤੋਂ ਉਹ ਮੈਨੂੰ ਸੁਪਨੇ `ਚ ਮਿਲ ਗਏ
ਆਈ ਉਨ੍ਹਾਂ ਦੀ ਯਾਦ ਤਾਂ ਅੱਥਰੂ ਨਿਕਲ ਗਏ।
ਕਿੰਨੇ ਦਰਦ ਨਾਲ਼ ਗਾਉਂਦੀ ਸੀ ਇਹ ਗੀਤ। ਸਰੋਤਿਆਂ ਦੇ ਵੀ ਹੰਝੂ ਵਗ ਤੁਰਦੇ ਸਨ।
ਮੈਂ ਮਨ ਹੀ ਮਨ ਵਿੱਚ ਸੁਰਿੰਦਰ ਕੌਰ ਨਾਲ਼ 1952 ਤੋਂ ਜੁੜੀਆਂ ਮਿੱਠੀਆਂ ਯਾਦਾਂ ਦੇ ਸਰੂਰ ਵਿੱਚ ਵਿੱਚਰ ਰਹੀ ਹਾਂ। ਜਦ ਅਸੀਂ `ਇਪਟਾ` ਤੇ ਅਮਨ-ਲਹਿਰ ਦੀਆਂ ਸਟੇਜਾਂ `ਤੇ ਸਾਰੇ ਇਕੱਠੇ ਹੋ ਕੇ ਗੀਤਾਂ ਤੇ ਉਪੇਰਿਆਂ ਵਿੱਚ ਭਾਗ ਲੈਂਦੇ ਸਾਂ, ਕਦੇ ਅੰਮ੍ਰਿਤਸਰ, ਕਦੇ ਬਠਿੰਡੇ, ਕਦੇ ਲੁਧਿਆਣੇ ਤੇ ਕਦੇ ਜਲੰਧਰ ਦੇ ਪਿੰਡਾਂ ਵਿੱਚ। ਇਹ 1950 ਤੋਂ 1960 ਤੱਕ ਦਾ ਇੱਕ ਦਹਾਕੇ ਦਾ ਸਮਾਂ ਸੀ। ਉਸ ਤੋਂ ਬਾਅਦ ਵੀ ਸਾਡਾ ਸਾਥ ਸਦਾ ਹੀ ਬਣਿਆ ਰਿਹਾ। ਸੁਰਿੰਦਰ ਕੌਰ ਦੇ ਪਤੀ ਪ੍ਰੋ. ਜੋਗਿੰਦਰ ਸਿੰਘ ਸੋਢੀ ਨਿਰੰਜਣ ਸਿੰਘ ਮਾਨ ਦੇ ਗੂਹੜੇ ਮਿੱਤਰ ਬਣ ਗਏ ਸਨ। ਅਸੀਂ ਅਕਸਰ ਦਿੱਲੀ ਉਨ੍ਹਾਂ ਨੂੰ ਲੈਣ ਜਾਂਦੇ ਅਤੇ ਉਨ੍ਹਾਂ ਕੋਲ਼ ਰਹਿੰਦੇ ਸੀ। ਸੁਰਿੰਦਰ ਕੌਰ ਜਦੋਂ ਵੀ ਪੰਜਾਬ ਕਿਸੇ ਪ੍ਰੋਗਰਾਮ `ਤੇ ਆਉਂਦੀ ਤਾਂ ਅਸੀਂ ਵੀ ਉੱਥੇ ਪਹੁੰਚ ਜਾਂਦੇ। ਉਹ ਸੰਨ 1960 ਵਿੱਚ ਮਲੇਰਕੋਟਲੇ ਇੱਕ ਪ੍ਰੋਗਰਾਮ `ਤੇ ਸੋਢੀ ਸਾਹਿਬ ਨਾਲ਼ ਆਈ ਤਾਂ ਉਹ ਸਾਡੇ ਕੋਲ਼ ਹੀ ਰਹੇ। ਜਦੋਂ ਵੀ ਨਾਭੇ ਜਾਂ ਪਟਿਆਲੇ ਕੋਈ ਪ੍ਰੋਗਰਾਮ ਹੁੰਦਾ ਤਾਂ ਅਸੀਂ ਜ਼ਰੂਰ ਪਹੁੰਚ ਜਾਂਦੇ ਸੀ।
ਸੋਢੀ ਸਾਹਿਬ ਦੇ ਵਿਛੋੜੇ ਤੋਂ ਬਾਅਦ ਸੁਰਿੰਦਰ ਕੌਰ ਬਹੁਤ ਟੁੱਟ ਚੁੱਕੀ ਸੀ। ਜੀਵਨ ਤਾਂ ਚਲਦਾ ਹੀ ਰਹਿੰਦਾ ਹੈ ਤੇ ਹਿੰਮਤ ਨਾਲ਼ ਚਲਾਉਣਾ ਵੀ ਪੈਂਦਾ ਹੈ। ਉਸ ਨੇ ਫੇਰ ਆਪਣੇ ਆਪ ਨੂੰ ਤਕੜਾ ਕੀਤਾ। ਸਗੋਂ ਹੋਰ ਮਿਹਨਤ ਤੇ ਲਗਨ ਨਾਲ਼ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦੀ ਰਹੀ ਤੇ ਸੰਗੀਤ ਦੇ ਖੇਤਰ ਵਿੱਚ ਆਪਣੇ ਆਪ ਨੂੰ ਵਧੀਆ ਸਥਾਪਿਤ ਕੀਤਾ।
ਪਟਿਆਲੇ ਵਿੱਚ ਤਾਂ ਪ੍ਰੋ. ਰਾਜਪਾਲ ਉਸ ਦੇ ਪ੍ਰੋਗਰਾਮ ਕਰਵਾਉਂਦੇ ਹੀ ਰਹਿੰਦੇ ਸਨ। ਪ੍ਰੋ. ਰਾਜਪਾਲ ਤੇ ਉਸ ਦੀ ਪਤਨੀ ਪ੍ਰੋ. ਕੁਲਦੀਪ ਟਿਵਾਣਾ ਸਾਡੇ ਵਾਂਗ ਹੀ ਉਨ੍ਹਾਂ ਦੇ ਪਰਿਵਾਰ ਦੇ ਦੋਸਤ ਹਨ। ਉਨ੍ਹਾਂ ਦਾ ਘਰ ਪਟਿਆਲਾ ਰੇਲਵੇ ਸਟੇਸ਼ਨ ਅਤੇ ਬਸ ਸਟੈਂਡ ਦੇ ਨੇੜੇ ਹੋਣ ਕਰ ਕੇ ਸੁਰਿੰਦਰ ਕੌਰ ਪਹਿਲਾਂ ਉੱਥੇ ਪਹੁੰਚ ਜਾਂਦੀ। ਅਸੀਂ ਸਾਰੇ ਇਕੱਠੇ ਹੋ ਜਾਂਦੇ। ਕਈ ਵਾਰ ਸਾਡੇ ਘਰ ਆ ਜਾਂਦੀ। ਉਹ ਕੁਲਦੀਪ ਟਿਵਾਣਾ ਦੇ ਹੱਥਾਂ ਦਾ ਬਣਿਆ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਬੜੀ ਖ਼ੁਸ਼ ਹੁੰਦੀ। ਉਸ ਦਾ ਇੰਝ ਸਾਦਗੀ ਵਿੱਚ ਆਉਣਾ ਅਤੇ ਸਾਡੇ ਨਾਲ਼ ਰਹਿਣਾ ਬਹੁਤ ਚੰਗਾ ਲੱਗਦਾ ਸੀ।

ਜਦੋਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੂੰ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੋਂ ਸਟੇਟ ਐਵਾਰਡ ਮਿਲਿਆ ਤਾਂ ਪ੍ਰੋਗਰਾਮ ਸੈਂਟਰਲ ਲਾਇਬ੍ਰੇਰੀ, ਪਟਿਆਲਾ ਵਿੱਚ ਹੋਇਆ ਸੀ। ਸਟੇਜ `ਤੇ ਸੁਰਿੰਦਰ ਕੌਰ ਨਾਲ਼ ਪ੍ਰਕਾਸ਼ ਕੌਰ ਦਾ ਜਲਾਉ ਤੇ ਗਾਉਣ ਦਾ ਅੰਦਾਜ਼ ਮੈਂ ਨਿੱਜੀ ਤੌਰ `ਤੇ ਉਸ ਦਿਨ ਦੇਖਿਆ ਸੀ। ਮੈਂ ਤਾਂ ਉਸ ਦੀ ਦੀਵਾਨੀ ਹੋ ਗਈ ਸੀ। ਪ੍ਰਕਾਸ਼ ਕੌਰ ਨਾਲ਼ ਇਹ ਆਖ਼ਰੀ ਮਿਲਣੀ ਸੀ। ਉਸ ਤੋਂ ਜਲਦੀ ਹੀ ਬਾਅਦ ਉਹ ਚਲਾਣਾ ਕਰ ਗਈ ਪਰ ਆਪਣੇ ਗਾਏ ਗੀਤਾਂ ਵਿੱਚ ਸਦਾ ਲਈ ਅਮਰ ਹੈ। ਉਸ ਦਿਨ ਦੋਹਾਂ ਭੈਣਾਂ ਨੇ ਉਹ ਸਾਂਝੇ ਗੀਤ ਗਾਏ ਜੋ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿੱਚ ਵੱਸੇ ਰਹਿਣਗੇ।

– ਬਾਜਰੇ ਦਾ ਸਿੱਟਾ ਮੈਂ ਤਲ਼ੀ `ਤੇ ਮਰੋੜਿਆ
– ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ
– ਅੜੀ ਵੇ ਅੜੀ ਲੱਗੀ ਸੌਣ ਦੀ ਝੜੀ
– ਚੰਨ ਵੇ ਕਿ ਸ਼ੌਕਣ ਮੇਲੇ ਦੀ
– ਮਾਵਾਂ ਤੇ ਧੀਆਂ ਰਲ਼ ਬੈਠੀਆਂ ਨੀ ਮਾਏ
– ਡਾਚੀ ਵਾਲਿਆ ਮੋੜ ਮੁਹਾਰ ਵੇ, ਆਦਿ।
ਸੰਨ 1992 ਤੋਂ 2003 ਤੱਕ ਤਕਰੀਬਨ ਹਰ ਸਾਲ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੀ.ਆਈ. ਐਸ. (Progressive Indo-Canadian Society) ਵੱਲੋਂ ਮਾਵਾਂ ਧੀਆਂ ਦਾ ਮੇਲਾ ਆਯੋਜਿਤ ਕੀਤਾ ਜਾਂਦਾ ਰਿਹਾ ਸੀ। ਇਸ ਸੋਸਾਇਟੀ ਦੇ ਨਿਰਮਾਤਾ ਚਰਨ ਸਿੰਘ ਇਸ ਮੇਲੇ `ਤੇ ਸੁਰਿੰਦਰ ਕੌਰ ਨੂੰ ਸੱਦਦੇ ਸਨ। ਦੋ ਵਾਰ ਡੌਲੀ ਵੀ ਨਾਲ਼ ਸੀ। ਇੱਕ ਵਾਰ ਡੌਲੀ ਨਾਲ਼ ਸੁਨੈਨੀ ਤੇ ਉਸ ਦੀ ਨਿੱਕੀ ਜਿਹੀ ਬੱਚੀ ਰੀਆ, ਸੁਰਿੰਦਰ ਕੌਰ ਦੀਆਂ ਤਿੰਨ ਪੀੜ੍ਹੀਆਂ ਸਟੇਜ `ਤੇ ਇਕੱਠੀਆਂ ਵੇਖਣ ਆਈਆਂ। ਉਸ ਮੇਲੇ ਵਿੱਚ ਅੰਤਾਂ ਦੀ ਭੀੜ ਜੁੜ ਗਈ ਸੀ। ਉਹ ਜਦ ਵੀ ਸਰੀ ਆਉਂਦੇ, ਸਾਡੇ ਬੇਟੇ ਰਵੀ ਮਾਨ ਦੇ ਘਰ ਰਹਿੰਦੇ ਸਨ। ਇੱਕ ਵਾਰ ਡੌਲੀ ਨਾ ਆ ਸਕੀ ਤਾਂ ਉਹ ਛੋਟੀ ਬੇਟੀ ਪੰਮੀ ਬੇਬੀ ਨੂੰ ਨਾਲ਼ ਲੈ ਕੇ ਆਈ, ਉਸ ਨੇ ਵੀ ਮਾਂ ਨਾਲ਼ ਰਲ਼ ਕੇ ਬਹੁਤ ਚੰਗਾ ਗਾਇਆ। ਮਾਂ ਤੋਂ ਤਿੰਨਾਂ ਭੈਣਾਂ ਨੂੰ ਸੰਗੀਤ ਦੀ ਗੁੜ੍ਹਤੀ ਮਿਲਣੀ ਤਾਂ ਕੁਦਰਤੀ ਸੀ। ਇਹ ਅਗਸਤ, 1999 ਦੀ ਗੱਲ ਹੈ। ਸਾਡੇ ਬੇਟੇ ਰਵੀ ਮਾਨ ਦੇ ਘਰ ਬੇਟਾ ਪੈਦਾ ਹੋਇਆ ਸੀ। ਸੁਰਿੰਦਰ ਕੌਰ ਅਤੇ ਪੰਮੀ ਨੂੰ ਅਸੀਂ ਦੋ ਹਫ਼ਤੇ ਹੋਰ ਰੱਖ ਲਿਆ ਕਿਉਂਕਿ ਸਾਡੇ ਪੁੱਤ-ਨੂੰਹ, ਰਵੀ-ਦਵਿੰਦਰ ਨੇ 27 ਅਗਸਤ ਨੂੰ ਬੇਟੇ ਦੀ ਖ਼ੁਸ਼ੀ ਵਿੱਚ ਪਾਰਟੀ ਰੱਖੀ ਹੋਈ ਸੀ। ਇਹ ਇੱਕ ਯਾਦਗਾਰੀ ਪਾਰਟੀ ਬਣ ਗਈ। ਇੱਕ ਯਾਦਗਾਰੀ ਫੋਟੋ ਵਿੱਚ ਸੁਰਿੰਦਰ ਕੌਰ ਸਾਡੇ ਪੋਤੇ ਨੂੰ ਗੋਦੀ ਵਿੱਚ ਲੈ ਕੇ ਅਸੀਸਾਂ ਦੇ ਰਹੀ ਹੈ, ਨਾਲ਼ ਪੰਮੀ ਤੇ ਪ੍ਰੋ. ਮਾਨ ਬੈਠੇ ਹਨ, ਮੈਂ ਕੋਲ਼ ਖੜ੍ਹੀ ਕੁੱਝ ਕਹਿ ਰਹੀ ਹਾਂ। ਉਨ੍ਹਾਂ ਦੀਆਂ ਕੈਨੇਡਾ ਫੇਰੀਆਂ ਸਮੇਂ ਦੀਆਂ ਬਹੁਤ ਯਾਦਾਂ ਤੇ ਫੋਟੋਆਂ ਉੱਥੇ ਸਾਂਭੀਆਂ ਹੋਈਆਂ ਹਨ।

ਸੁਰਿੰਦਰ ਕੌਰ ਦੇ ਅੰਤਿਮ ਵਿਛੋੜੇ ਤੋਂ ਜਲਦੀ ਬਾਅਦ ਉਸ ਦੀਆਂ ਯਾਦਾਂ ਦੋ ਕਿਸ਼ਤਾਂ ਵਿੱਚ ਉੱਥੋਂ ਦੇ ਅਖ਼ਬਾਰ `ਇੰਡੋ ਕਨੇਡੀਅਨ ਟਾਈਮਜ਼` ਵਿੱਚ ਛਪਵਾਈਆਂ ਸੀ। ਇੱਕ ਵਾਰ ਸੁਰਿੰਦਰ ਕੌਰ ਨੇ ਸਰੀ ਦੇ ਗਰੌਸਕਰੀ ਮੋਟਲ ਵਿੱਚੋਂ ਫੋਨ ਕੀਤਾ ਕਿ ਮੈਂ ਤੇ ਡੌਲੀ ਮਾਵਾਂ ਧੀਆਂ ਦੇ ਮੇਲੇ `ਤੇ ਪਹੁੰਚ ਗਈਆਂ ਹਾਂ। ਉਸ ਦੀ ਮੋਹ-ਭਿੱਜੀ ਆਵਾਜ਼ ਨੇ ਮੇਰੇ ਦਿਲ ਦੀਆਂ ਸਭੇ ਤਾਰਾਂ ਟੁਣਕਾ ਦਿੱਤੀਆਂ। ਖ਼ੁਸ਼ੀ ਵਿੱਚ ਮੈਂ ਕਾਗਜ਼ ਪੈੱਨ ਚੁੱਕ ਕੇ ਕੁੱਝ ਲਿਖਣ ਲੱਗ ਪਈ। ਉਹ ਲਿਖਤ ਮੇਰੀ ਕਿਤਾਬ `ਯਾਦਾਂ ਬਹੁਰੰਗੀਆਂ` ਵਿੱਚ ਸਾਂਭੀ ਪਈ ਹੈ। ਜੀਵਨ-ਸਫ਼ਰ ਦੇ ਈ ਪਾਂਧੀ ਤੁਹਾਡੇ ਜੀਵਨ ਦੇ ਅਤੀ ਨੇੜੇ ਦੇ ਅੰਗ ਬਣ ਜਾਂਦੇ ਹਨ, ਜਿਨ੍ਹਾਂ ਨੂੰ ਮਿਲ ਕੇ ਤੁਹਾਨੂੰ ਆਪਣੀ ਭੁੱਲੀ ਵਿਸਰੀ `ਮੈਂ` ਦਾ ਚੇਤਾ ਆ ਜਾਂਦਾ ਹੈ ਤੇ ਬੁਢਾਪਾ ਵੀ ਝਿਜਕਣ ਲੱਗ ਪੈਂਦਾ ਹੈ। ਸੁਰਿੰਦਰ ਕੌਰ ਮੇਰੇ ਜੀਵਨ ਸਫ਼ਰ ਦੇ ਪਾਧੀਆਂ ਵਿਚੋਂ ਇੱਕ ਅਜਿਹੀ ਹੈ ਜਿਸ ਨੂੰ ਭੈਣ ਕਹਾਂ, ਮਾਂ ਕਹਾਂ ਜਾਂ ਸਹੇਲੀ। ਉਹ ਆਪਣਾ ਪਿਆਰ ਤੇ ਅਪਣੱਤ ਇਸ ਤਰ੍ਹਾਂ ਨਿਛਾਵਰ ਕਰਦੀ ਸੀ ਕਿ ਮਮਤਾ ਦੀ ਮੂਰਤ ਦਿਲਾਂ ਵਿੱਚ ਵਸ ਜਾਂਦੀ ਸੀ। ਗੀਤਾਂ ਦੇ ਸੁਰਾਂ ਵਿਚੋਂ ਦਿਲ ਦੀ ਚੰਗਿਆਈ ਤੇ ਬਿਰਹੋਂ ਦੀਆਂ ਛੱਲਾਂ ਦੇ ਝਰਨੇ ਫੁੱਟਦੇ ਹਨ। ਉਸ ਨੇ ਸਾਰਾ ਜੀਵਨ ਪੰਜਾਬੀ ਲੋਕ-ਗੀਤਾਂ ਨੂੰ ਅਰਪਨ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਕੀਤੀ ਕਿ ਆਪਣੀ ਬੇਟੀ ਡੌਲੀ ਨੂੰ ਉਂਗਲ ਫੜ ਕੇ ਆਪਣੇ ਰਾਹਾਂ`ਤੇ ਤੋਰਿਆ ਤੇ ਅੱਜ ਉਹ ਮਾਂ ਦੀ ਸੰਗੀਤ ਵਿਰਾਸਤ ਨੂੰ ਚੰਗੀ ਤਰ੍ਹਾਂ ਸਾਭਣਯੋਗ ਹੋ ਗਈ ਹੈ।

ਸੁਰਿੰਦਰ ਕੌਰ ਦਿੱਲੀ ਤੋਂ ਪੰਚਕੂਲੇ ਆ ਕੇ ਉਦਾਸ ਜਿਹੀ ਰਹਿੰਦੀ ਸੀ। ਸਿਹਤ ਦੀਆਂ ਤਕਲੀਫ਼ਾਂ ਵੀ ਦਿਨੋ-ਦਿਨ ਵਧ ਰਹੀਆਂ ਸਨ। ਗ਼ਮ ਜਿੰਨਾਂ ਡੂੰਘਾ ਹੋਵੇ ਉਨਾਂ ਹੀ ਬੇ-ਜ਼ੁਬਾਨ ਹੁੰਦਾ ਹੈ, ਜ਼ਖ਼ਮ ਰਿਸਦੇ ਰਹਿੰਦੇ ਹਨ। ਥੱਕੀ ਹਾਰੀ ਰੂਹ ਸ਼ਾਂਤੀ ਲੋਚਦੀ ਹੈ। ਪਤੀ ਦਾ ਵਿਛੋੜਾ ਸਹਿ ਕੇ ਜ਼ਿੰਮੇਵਾਰੀਆਂ ਨਿਪਟਾਉਂਦੀ ਹੋਈ ਜੀਵਨ ਰਵਾਨੀ ਨੂੰ ਅੱਗੇ ਤੋਰਦੀ ਰਹੀ ਤੇ ਗਾਉਂਦੀ ਰਹੀ –
– ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ
– ਲੋਕੀਂ ਪੂਜਣ ਰੱਬ ਮੈਂ ਤੇਰਾ ਬਿਰਹੜਾ
ਗਾ-ਗਾ ਕੇ ਦਿਲ ਦੇ ਦੁੱਖ ਦਰਦ ਨਿਵਾਰਦੀ ਰਹੀ। ਖ਼ਰਾਬ ਸਿਹਤ ਕਾਰਨ ਗਾਉਣਾ ਵੀ ਘਟ ਗਿਆ। ਡੌਲੀ ਦੇ ਪਰਿਵਾਰ ਵੱਲੋਂ ਪੂਰਾ ਧਿਆਨ ਤੇ ਪਿਆਰ ਮਿਲਦਾ ਸੀ ਪਰ ਸਿਹਤ ਦਿਨੋ-ਦਿਨ ਖ਼ਰਾਬ ਹੁੰਦੀ ਗਈ।
ਅਸੀਂ 18 ਅਪ੍ਰੈਲ, 2006 ਨੂੰ ਆਪਣੇ ਬੱਚਿਆਂ ਸਮੇਤ ਕੈਨੇਡਾ ਤੋਂ ਜਾ ਕੇ ਪੰਚਕੂਲੇ ਮਿਲਣ ਗਏ। ਪ੍ਰੋ. ਰਾਜਪਾਲ ਤੇ ਪ੍ਰੋ. ਕੁਲਦੀਪ ਵੀ ਨਾਲ਼ ਸਨ। ਅਮਰੀਕਾ ਤੋਂ ਦੋਵੇਂ ਬੇਟੀਆਂ ਆਈਆਂ ਹੋਈਆਂ ਸਨ। ਸਾਨੂੰ ਪਤਾ ਲੱਗਿਆ ਕਿ ਉਹ ਬੇਟੀਆਂ ਨਾਲ਼ ਅਮਰੀਕਾ ਜਾਣ ਲਈ ਤਿਆਰ ਹੈ। ਅਸੀਂ ਸਭ ਨੇ ਰੋਕਣ ਦੀ ਕੋਸ਼ਿਸ਼ ਕੀਤੀ ਕਿ ਖ਼ਰਾਬ ਸਿਹਤ ਕਰ ਕੇ ਲੰਮੇ ਸਫ਼ਰ `ਤੇ ਜਾਣਾ ਠੀਕ ਨਹੀਂ, ਪਰ ਬੇਟੀਆਂ ਚਾਹੁੰਦੀਆਂ ਸਨ ਕਿ ਮਾਂ ਨੂੰ ਅਮਰੀਕਾ ਦੇ ਵਧੀਆ ਇਲਾਜ ਨਾਲ਼ ਰਾਜ਼ੀ ਕਰ ਲਵਾਂਗੀਆਂ। ਉਹ 3 ਮਈ, 2006 ਨੂੰ ਬੇਟੀਆਂ ਨਾਲ਼ ਅਮਰੀਕਾ ਚਲੀ ਗਈ। ਅਸੀਂ ਕੈਨੇਡਾ ਵਾਪਸ ਆ ਗਏ। ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਉਹ ਵਤਨੋਂ ਦੂਰ, ਅਮਰੀਕਾ ਵਿੱਚ, ਨਿਊਜਰਸੀ ਦੇ ਹਸਪਤਾਲ ਵਿੱਚ 16 ਜੂਨ, 2006 ਨੂੰ ਸਦੀਵੀ ਵਿਛੋੜਾ ਦੇ ਗਈ। ਦੁਨੀਆਂ ਦ ਕੋਨੇ-ਕੋਨੇ ਵਿੱਚ ਵਸਦੇ ਉਸ ਦੇ ਪ੍ਰਸ਼ੰਸਕ ਸੋਗ ਵਿੱਚ ਡੁੱਬ ਗਏ। ਉਸ ਦੇ ਵਿਛੋੜੇ ਨਾਲ਼ ਨਾ ਸਿਰਫ਼ ਦੋਹਾਂ ਪੰਜਾਬਾਂ ਨੂੰ ਸਗੋਂ ਸਾਰੀ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਅਤੇ ਸੰਗੀਤ ਪ੍ਰੇਮੀਆਂ ਲਈ ਕਦੇ ਨਾ ਪੂਰਾ ਹੋਣ ਵਾਲ਼ਾ ਘਾਟਾ ਪਿਆ ਹੈ।
ਅੱਜ ਉਸ ਨਾਲ਼ ਜੁੜੀਆਂ ਅਭੁੱਲ ਯਾਦਾਂ ਦੀਆਂ ਲੰਮੀਆਂ ਲੜੀਆਂ ਮਨ ਵਿੱਚ ਝੁਰਮਟ ਪਾ ਰਹੀਆਂ ਹਨ।




