ਐਧਰੋਂ ਓਧਰੋਂ

    ਮੈਨੂੰ ਵੀ ਨੋਬਲ ਪੁਰਸਕਾਰ ਦਿਓ……

ਵਿਅੰਗ-

                                           ਮੈਨੂੰ ਵੀ ਨੋਬਲ ਪੁਰਸਕਾਰ ਦਿਓ……

                    ਦੇਖੋ ਜੀ ਭੁੱਖ ਹਰ ਇਨਸਾਨ ਨੂੰ ਲੱਗਦੀ ਹੈ। ਭੁੱਖ ਲੱਗਣੀ ਕੁਦਰਤੀ ਵਰਤਾਰਾ ਹੈ। ਜਿੰਨੀ ਕੋਈ ਸਰੀਰਕ ਮਿਹਨਤ ਕਰਦਾ ਹੈ,ਓਨੀ ਹੀ ਉਸ ਨੂੰ ਵੱਧ ਭੁੱਖ ਲੱਗਦੀ ਹੈ। ਜਿੰਨੀ ਕੋਈ ਦਿਮਾਗੀ ਮਿਹਨਤ ਕਰਦਾ ਹੈ,ਓਨੀ ਹੀ ਉਸ ਦੀ ਜਿਹਨੀ ਭੁੱਖ ਵੱਧ ਹੁੰਦੀ ਹੈ। ਪੇਟ ਦੀ ਭੁੱਖ ਤਾਂ ਭੋਜਨ ਖਾ ਕੇ ਮਿਟਾਈ ਜਾ ਸਕਦੀ ਹੈ ਪਰ ਜਿਹਨੀ ਭੁੱਖ ਵੱਧਦੀ ਹੀ ਜਾਂਦੀ ਹੈ। ਇਹ ਕਈ ਪ੍ਰਕਾਰ ਦੀ ਹੁੰਦੀ ਹੈ। ਜਿਵੇਂ ਬੀਬੀਆਂ ਨੂੰ ਸੂਟਾਂ ਅਤੇ ਗਹਿਣਿਆਂ ਦੀ ਭੁੱਖ ਵੱਧ ਹੁੰਦੀ ਹੈ। ਅਲਮਾਰੀ ਭਾਂਵੇਂ ਸੂਟਾਂ ਨਾਲ ਭਰੀ ਪਈ ਹੋਵੇ ਪਰ ਦਿਨ-ਤਿਉਹਾਰ ਤੇ,ਵਿਆਹ -ਸ਼ਾਦੀ ਤੇ ਨਵਾਂ ਸੂਟ ਬਣਾਉਣਾ ਹੀ ਹੁੰਦਾ ਹੈ। ਮਰਦਾਂ ਵਿੱਚ ਮਹਿੰਗੀਆਂ ਗੱਡੀਆਂ,ਮਹਿੰਗੇ ਮੋਬਾਈਲ ਅਤੇ ਮਹਿੰਗੀਆਂ ਘੜੀਆਂ ਦੀ ਭੁੱਖ ਵੱਧ ਹੁੰਦੀ ਹੈ। ਮਾਇਆ ਦੀ ਭੁੱਖ ਦੋਹਾਂ ਵਿੱਚ ਹੀ ਹੁੰਦੀ ਹੈ। ਜੇ ਭੁੱਖੇ ਬੰਦੇ ਨੂੰ ਖੁਰਾਕ ਨਾ ਦਿੱਤੀ ਜਾਵੇ ਤਾਂ ਉਹ ਕਮਜ਼ੋਰ ਹੋ ਜਾਵੇਗਾ ਅਤੇ ਉਹ ਕੰਮ ਕਰਨ ਤੋਂ ਅਸਮਰਥ ਹੋ ਜਾਵੇਗਾ। ਜ਼ਿਆਦਾ ਭੁੱਖ ਕਾਰਨ ਬੰਦਾ ਮਰ ਵੀ ਸਕਦਾ ਹੈ। 

                   ਮੈਂ ਇੱਕ ‘ਵੱਡੇ ਪਿੰਡ’ ਦਾ ‘ਵੱਡਾ ਸਰਪੰਚ’ ਹਾਂ। ਇਸ ਲਈ ਮੇਰੀ ਭੁੱਖ ਵੀ ਵੱਡੀ ਹੈ। ਪਰ ਮੇਰੀ ਭੁੱਖ ਮੇਰੇ ਢਿੱਡ ਦੀ ਭੁੱਖ ਨਹੀਂ ਹੈ। ਮੇਰੀ ਭੁੱਖ ਮੇਰੇ ਦਿਮਾਗ਼ ਦੀ ਭੁੱਖ ਹੈ, ਕਿਉਂਕਿ ਮੇਰਾ ਕੰਮ ਹੀ ਦਿਮਾਗੀ ਹੈ। ਮੈਨੂੰ ਘੱਟੋਘੱਟ ਨੋਬਲ ਪੁਰਸਕਾਰ ਚਾਹੀਦੈ। ਮੈਂ ਕਈ ਸਾਲਾਂ ਤੋਂ ਚੀਕ-ਚੀਕ ਕੇ ਕਹਿ ਰਿਹਾ ਹਾਂ ਕਿ ਮੈਨੂੰ ਨੋਬਲ ਪੁਰਸਕਾਰ ਦਿਓ। ਮੇਰੀ ਭੁੱਖ ਮਿਟਾਓ। ਜੇ ਭੁੱਖ ਕਾਰਨ ਮੈਨੂੰ ਕੁੱਝ ਹੋ ਗਿਆ ਤਾਂ ਕੌਣ ਜੁੰਮੇਵਾਰ ਹੈ ? ਪਰ ਇਹ ਚੋਣ ਕਮੇਟੀ ਸ਼ਾਇਦ ਬੋਲ਼ੀ ਹੈ ਕਿ ਉਸ ਨੂੰ ਸੁਣਦਾ ਹੀ ਨਹੀਂ। ਜਾਂ ਇਹ ਕਮੇਟੀ ਢੀਠ ਹੈ ਕਿ ਬੰਦੇ ਦੀ ਭੁੱਖ ਨੂੰ ਸਮਝਦੀ ਹੀ ਨਹੀਂ। ਕਈ ਬੰਦਿਆਂ ਵਿੱਚ ਸਬਰ ਹੁੰਦੈ, ਹੋਵੇਗਾ…….  ਪਰ ਮੈ ਭੁੱਖ ਬਰਦਾਸ਼ਤ ਨਹੀਂ ਕਰ ਸਕਦਾ। ਕਿਸੇ ਹੋਰ ਸਰਪੰਚ ਨੇ ਵੀ ਮੇਰੀ ਮਜਬੂਰੀ ਸਮਝ ਕੇ ਮੇਰੀ ਸ਼ਿਫਾਰਸ਼ ਨਹੀਂ ਕੀਤੀ। ਇਹ ਸਾਰੇ ਸਰਪੰਚ-ਸੁਰਪੰਚ ਵੀ ਢੀਠ ਨੇ,ਕਿਸੇ ਦੀ ਭੁੱਖ ਨੂੰ ਸਮਝਦੇ ਹੀ ਨਹੀਂ। ਥੱਕ-ਹਾਰ ਕੇ ਮੈਨੂੰ ਆਪ ਹੀ ਨੋਬਲ ਪੁਰਸਕਾਰ ਮੰਗਣਾ ਪਿਆ। ਮੈਂ ਸਰਪੰਚ ਬਣਨ ਤੋਂ ਪਹਿਲਾਂ ਹੀ ਬਹੁਤ ਸਖਤ ਮਿਹਨਤ ਕਰ ਰਿਹਾ ਸੀ। ਮੈਂ ਪਹਿਲੀ ਸਰਪੰਚੀ ਵੇਲੇ ਵੀ ਚੋਣ ਕਮੇਟੀ ਦੇ ਮੂੰਹ ਵੱਲ ਵੇਂਹਦਾ ਰਿਹਾ, ਪਰ ਕਿੱਥੇ…..? ਫੇਰ ਮੈਨੂੰ ਦੂਜੀ ਸਰਪੰਚੀ ਦੀ ਚੋਣ ਲੜਨੀ ਪਈ। ਥੋਨੂੰ ਸਭ ਨੂੰ ਪਤੈ ਕਿ ਮਾਡਰਨ ਜ਼ਮਾਨੇ ਵਿੱਚ ਚੋਣ ਲੜਨੀ ਕਿੰਨੀ ਔਖੀ ਹੈ। ਕਿੰਨਾ ਮੋਟਾ ਖਰਚ ਕਰਨਾ ਪੈਂਦੈਂ। ਕਿੰਨੇ ਪਾਪੜ ਵੇਲਣੇ ਪੈਂਦੇ ਨੇ। ਜੀਹਦਾ ਮੂੰਹ ਨਹੀਂ ਵੇਖਣਾ ਹੁੰਦਾ ਉਹਦੀ ਪਿੱਠ ਵੇਖਣੀ ਪੈਂਦੀ ਹੈ। ਵੋਟਰਾਂ ਦੀਆਂ ਕਿੰਨੀਆਂ ਮਿੰਨਤਾਂ-ਤਰਲੇ ਕਰਨੇ ਪੈਂਦੇ ਨੇ, ਕਿੰਨੇ ਜੁਗਾੜ ਲਾਉਣੇ ਪੈਂਦੇ ਨੇ। ਮੈਂ ਮਸਾਂ ਦੂਜੀ ਵਾਰ ਸਰਪੰਚ ਬਣਿਆਂ। ਹੁਣ ਮੇਰੀ ਦੂਜੀ ਪਾਰੀ ਵੀ ਅੱਧੀ ਲੰਘ ਚੱਲੀ, ਮੇਰੇ ਤੇ ਕਿਸੇ ਨੇ ਤਰਸ ਨਹੀਂ ਕੀਤਾ। 

    ਜਸਵੀਰ ਸਿੰਘ ਭਲੂਰੀਆ 

                        ਤੁਸੀਂ ਸੋਚਦੇ ਹੋਵੋਗੇ ਕਿ ਇਹਨੇ ਕੰਮ ਤਾਂ ਕੋਈ ਕੀਤਾ ਨੀ,ਐਵੇਂ ਪੁਰਸਕਾਰ ਮੰਗੀ ਜਾਂਦੈ। ਇਹਨੂੰ ਭੁੱਖ ਕਿਵੇਂ ਲੱਗ ਗਈ ? ਜਿਸ ਤਨ ਲੱਗੀਆਂ ਸੋ ਤਨ ਜਾਣੇ….   ਜਿੰਨਾਂ ਸਰਪੰਚੀ ਕੀਤੀ ਹੈ ਜਾਂ ਕਰ ਰਹੇ ਨੇ, ਉਨਾਂ ਨੂੰ ਪੁੱਛ ਕੇ ਵੇਖੋ ਸਰਪੰਚੀ ਕਰਨੀ ਕਿੰਨਾਂ ਜੋਖਮ ਭਰਿਆ ਕੰਮ ਹੈ ? ਸਵੇਰੇ-ਸਵੇਰੇ ਲੋਕ ਮੂੰਹ ਨੀ ਧੋਣ ਦਿੰਦੇ, ਸੁੱਤੇ ਪਏ ਨੂੰ ਉੱਠਾ ਲੈਂਦੇ ਨੇ। ਕੋਈ ਕਹਿੰਦੈ ਸਰਪੰਚਾ ਮੇਰੀ ਬੱਕਰੀ ਚੋਰੀ ਹੋਗੀ,ਮੈਨੂੰ ਫਲਾਣੇ ‘ਤੇ ਸ਼ੱਕ ਐ, ਹੁਣੇ ਮੇਰੇ ਨਾਲ ਚੱਲ ਤੇ ਮੇਰੀ ਬੱਕਰੀ ਦੁਆ। ਕੋਈ ਬੀਬੀ ਰੋਂਦੀ-ਪਿੱਟਦੀ ਆਉਂਦੀ ਐ…. ਸਰਪੰਚਾ ਗੁਆਂਢਣ ਦੇ ਪੁੱਤ ਮਰਗੇ, ਸਾਡੇ ਘਰ ਮੂਹਰੇ ਟੂਣਾ ਕਰਗੀ। ਉਹਨੂੰ ਸਮਝਾਲਾ ਨਹੀਂ ਮੈਂ ਠਾਣੇ ਚੱਲੀ ਐਂ। ਕੋਈ ਬੀਬੀ ਆ ਕੇ ਦੁਹਾਈ ਪਾਉਂਦੀ ਐ……  ਭਰਾਵਾਂਪਿੱਟੀ ਬਣਸੋ ਨੇ ਸਾਡੀ ਰੂੜੀ ਤੇ ਗੋਹਾ ਸੁੱਟ ਕੇ ਕਬਜ਼ਾ ਕਰ ਲਿਆ। ਆਹ ਜੱਟਾਂ ਦੇ ਤਾਂ ਜ਼ਮੀਨਾਂ ਦੇ ਝਗੜੇ ਨੀ ਮੁੱਕਦੇ। ਨਾਲੇ ਪਤੈ ਜ਼ਮੀਨਾਂ ਕਿਹੜਾ ਹਿੱਕ ‘ਤੇ ਧਰ ਕੇ ਨਾਲ ਲੈ ਜਾਣੀਆਂ ? ਫਿਰ ਵੀ ਡਾਂਗੋ-ਡਾਂਗੀ ਹੋਈ ਜਾਂਦੇ ਨੇ। ਚੱਲ ਸਾਡੇ ਨਾਲ ਠਾਣੇ,ਚੱਲ ਸਾਡੇ ਨਾਲ ਕਚਹਿਰੀ। ਸਰਪੰਚ ਵਿਚਾਰੇ ਗੱਡੀਆਂ ਲੈ ਕੇ, ਪੱਲਿਓਂ ਤੇਲ ਫੂਕ ਕੇ, ਸਾਰਾ-ਸਾਰਾ ਦਿਨ ਭੁੱਖ-ਤਿਹਾਏ ਨਾਲ ਤੁਰੇ ਫਿਰਦੇ ਨੇ। ਜਿਹੜੀ ਧਿਰ ਦੇ ਹੱਕ ‘ਚ ਫੈਸਲਾ ਹੋ ਗਿਆ ਉਹ ਖੁਸ਼, ਦੂਜੀ ਦਾ ਮੂੰਹ ਵਿੰਗਾ। ਅਫਸਰਾਂ ਦੀਆਂ ਵੰਗਾਰਾਂ ਵੱਖ ਪੂਰੀਆਂ ਕਰਨੀਆਂ ਪੈਂਦੀਆਂ ਨੇ। ਕਈ ਵਾਰ ਸਰਪੰਚਾਂ ਨੂੰ ਮਜਬੂਰੀ ਵਿੱਚ ਝਗੜੇ ਕਰਵਾਉਣੇ ਵੀ ਪੈਦੇ ਨੇ। ਥਾਣੇ-ਕਚੈਹਿਰੀਆਂ ਵਾਲੇ ਕਹਿੰਦੇ ਅਸੀਂ ਵੀ ਆਪਣੇ ਬੱਚੇ ਪਾਲਣੇ ਨੇ, ਸਰਪੰਚ ਸਾਬ੍ਹ ਸਾਡਾ ਵੀ ਖਿਆਲ ਰੱਖਿਆ ਕਰੋ। ਉੱਨਾਂ ਦੇ ਵੀ ਰੋਜ਼ ਮੱਥੇ ਲੱਗਣਾ ਹੁੰਦੈ। ਕਈ ਵਾਰ ਉੱਨਾਂ ਤੋਂ ਪੁੱਠੇ-ਸਿੱਧੇ ਕੰਮ ਵੀ ਕਰਾਉਣੇ ਹੁੰਦੇ ਨੇ। ਕੀ ਕਰਨ ਸਰਪੰਚ ਵਿਚਾਰੇ ਦੁਨੀਆਂਦਾਰੀ ਵਿੱਚ ਸਭ ਕੁੱਝ ਕਰਨਾ/ਕਰਾਉਣਾ ਪੈਂਦੈ। ਇਹ ਤਾਂ ਪਿੰਡਾਂ ਦੇ ਸਰਪੰਚਾਂ ਦੇ ਨਿੱਕੇ-ਮੋਟੇ ਕੰਮ ਨੇ। ਪਰ ਮੈਂ ਤਾਂ ਵੱਡਾ ਸਰਪੰਚ ਹਾਂ।….. ਮੇਰੇ ਕੰਮ ਵੀ ਵੱਡੇ ਨੇ। ਤੁਸੀਂ ਸਾਰੇ ਹੀ ਭਲੀਭਾਂਤ ਜਾਣਦੇ ਹੋ ਕਿ ਮੈਂ ਕਿੰਨੇ ਵੱਡੇ-ਵੱਡੇ ਲੜਾਈ-ਝਗੜੇ ਕਰਵਾਏ……. ਤੇ ਫੇਰ ਸਮਝੌਤੇ ਕਰਵਾਏ। ਜੇ ਮੈਂ ਇਹ ਲੜਾਈਆਂ ਨਾ ਰੋਕਦਾ, ਅੱਧੀ ਦੁਨੀਆਂ ਲੜ ਕੇ ਮਰ ਜਾਣੀ ਸੀ। ਖੈਰ… ਮਰ ਤਾਂ ਹੁਣ ਵੀ ਬਹੁਤ ਲੋਕ ਗਏ। ਪਰ ਜੇ ਮੈਂ ਨਾ ਰੋਕਦਾ ਕਿੰਨੇ ਲੋਕ ਹੋਰ ਮਰਦੇ, ਕਿੰਨੇ ਘਰ ਤਬਾਹ ਹੁੰਦੇ। ਏਥੇ ਯਾਰ ਕੰਮ ਦੀ ਕੋਈ ਕਦਰ ਈ ਕੋਈ ਨੀ। ਹੱਦ ਹੋਗੀ ਯਾਰ……………। 

                        ਚਲੋ ਖ਼ੈਰ….. ਇਹਨਾਂ ਕਮੇਟੀਆਂ-ਕਮੂਟੀਆਂ ਨੂੰ ਛੱਡੋ। ਇਹ ਕਮੇਟੀਆਂ ਬੇਰਹਿਮ,ਬੇਕਿਰਕ ਨੇ। ਇਹ ਕਿਸੇ ਤੇ ਤਰਸ ਨੀ ਕਰਦੀਆਂ। ਇਹਨਾਂ ਤੇ ਕੋਈ ਆਸ ਨਾ ਰੱਖੋ। ਮੈਨੂੰ ਕੋਈ ਨਕਲੀ ਨੋਬਲ ਈ ਦੇ ਦਿਓ, ਕੋਈ ਉਧਾਰਾ ਈ ਦੇ ਦਿਓ, ਕੋਈ ਪੁਰਾਣਾ ਨੋਬਲ ਈ ਦੇ ਦਿਓ। ਕੋਈ ਤਾਂ ਮੇਰੇ ਤੇ ਤਰਸ ਕਰੋ। ਸਿਆਣੇ ਕਹਿੰਦੇ ਨੇ ਪਿਆਸੇ ਨੂੰ ਪਾਣੀ ਪਿਲਾਉਣ ਦਾ ਅਤੇ ਭੁੱਖੇ ਨੂੰ ਰੋਟੀ ਖੁਆਉਣ ਦਾ ਸਭ ਤੋਂ ਵੱਡਾ ਪੁੰਨ ਲਗਦੈ। ਓ ਦੁਨੀਆਂ ਵਾਲਿਓ ਖੱਟ ਲੋ ਪੁੰਨ। ਥੋਡੀਆਂ ਕੁਲਾਂ ਤਰ ਜਾਣਗੀਆਂ। ਕਰਕੇ ਕੋਈ ਦੇਖ ਲੋ…. ਸੇਵਾ ਨੂੰ ਲੱਗਦਾ ਮੇਵਾ……………। ਕਰਕੇ ਕੋਈ ਦੇਖ ਲੋ…………………। 

               ਜਸਵੀਰ ਸਿੰਘ ਭਲੂਰੀਆ 

               ਸਰੀ (ਬੀ.ਸੀ.) ਕੈਨੇਡਾ

            +91-9915995505

Show More

Related Articles

Leave a Reply

Your email address will not be published. Required fields are marked *

Back to top button
Translate »