ਕਲਮੀ ਸੱਥ

ਅਹਿਸਾਨ ਅੱਬਾਸ ਵਡਾਲੀਆਂ ਦਾ ਸਿੰਗਲ ਟਰੈਕ ‘ਚਾਨਣ’

ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਅਹਿਸਾਨ ਅੱਬਾਸ ਵਡਾਲੀਆਂ ਦਾ ਸਿੰਗਲ ਟਰੈਕ ‘ਚਾਨਣ’ ਰਲੀਜ਼
ਬੀਤੇ ਦਿਨੀਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਪ੍ਰਿਤਪਾਲ ਸਿੰਘ ਟਿਵਾਣਾ ਦੀ ਪ੍ਰਧਾਨਗੀ ਹੇਠ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਗੋਲਡਨ ਕਰੀ ਰੈਸਟੋਰੈਂਟ ਕੈਂਟ ਵਿਖੇ ‘ਚਾਨਣ’ ਗੀਤ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਬਿੱਲਾ ਤੱਖਰ ਅਤੇ ਗੁਰਨਾਮ ਥਾਂਦੀ ਸ਼ਾਮਸ ਹੋਏ। ਜਿਨ੍ਹਾਂ ਨੇ ਢੱਡ-ਸਾਰੰਗੀ ਨਾਲ ਕਵਿਤਾਵਾਂ/ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤ ਲਿਆ। ਸ਼ਾਹ ਨਿਵਾਜ਼ ਜੀ ਨੇ ਪ੍ਰੋਜੈਕਟਰ ‘ਚਾਨਣ’ ਗੀਤ ਚਲਾ ਕੇ ਗੀਤ ਰਲੀਜ਼ ਕਰਨ ਦੀ ਰਸਮ ਨਿਭਾਈ ਤਾਂ ਹਾਜ਼ਰੀਨ ਨੇ ਭਰਪੂਰ ਤਾੜੀਆਂ ਨਾਲ ਸਵਾਗਤ ਕੀਤਾ। ਇਸ ਦੇ ਨਾਲ ਹੀ ਤਾੜੀਆਂ ਦੀ ਗੂੰਜ ਵਿੱਚ ਸਾਧੂ ਸਿੰਘ ਝੱਜ ਦੀ ਪੁਸਤਕ ‘ਸੱਚ ਛੁਪਦਾ ਨਹੀਂ ਹੈ’ ਵੀ ਲੋਕ ਅਰਪਣ ਕੀਤੀ ਗਈ। ਪਿਛਲੇ ਕੁੱਝ ਸਮੇਂ ਤੋਂ ਉਸਾਰੂ ਅਤੇ ਸਾਹਿਤਕ ਗੀਤਾਂ ਦੀ ਆਮਦ ਹੋਣ ਲੱਗੀ ਹੈ। ‘ਚਾਨਣ’ ਵੀ ਏਸੇ ਲੜੀ ਦਾ ਹੀ ਮੋਤੀ ਹੈ। ਲਗਦੈ ਹਲਕੇ,ਹਥਿਆਰਾਂ ਵਾਲੇ ਅਤੇ ਨਸ਼ਿਆਂ ਵੱਲ ਪ੍ਰੇਰਿਤ ਕਰਨ ਵਾਲੇ ਗੀਤਾਂ ਵੱਲੋਂ ਹਟ ਕੇ ਉਸਾਰੂ ਅਤੇ ਰੂਹਦਾਰੀ ਵਾਲੇ ਗੀਤ-ਸੰਗੀਤ ਦਾ ਦੌਰ ਫਿਰ ਸ਼ੁਰੂ ਹੋ ਗਿਆ ਹੈ। ਸੰਗੀਤਕ ਖੇਤਰ ਦੀ, ਖਾਸ ਕਰਕੇ ਪੰਜਾਬੀ ਸੰਗੀਤ ਖੇਤਰ ਵਿੱਚ ਇਹ ਧਾਰਨਾ ਬਣੀ ਹੋਈ ਹੈ ਕਿ ਪਾਕਿਸਤਾਨੀ ਫ਼ਨਕਾਰ ਬਹੁਤ ਮਿਹਨਤ ਕਰਕੇ ਅੱਗੇ ਆਉਂਦੇ ਹਨ ਅਤੇ ਧੁਰ ਰੂਹ ਤੋਂ ਗਾਉਂਦੇ ਹਨ। ਪਾਕਿਸਤਾਨ ਦਾ ਅਜਿਹਾ ਹੀ ਇੱਕ ਉੱਭਰ ਚੁੱਕਾ ਫਨਕਾਰ ਅਹਿਸਾਨ ਅੱਬਾਸ ਵਡਾਲੀਆਂ ਹੈ। ਜਿਸ ਦੀ ਰਗ-ਰਗ ਵਿੱਚ ਸੰਗੀਤ ਰਚਿਆ ਪਿਆ ਹੈ। ਉਹ ਜਿਆਦਾਤਰ ਸੂਫ਼ੀ,ਉਦਾਸ ਗੀਤ ਅਤੇ ਕਲਾਸੀਕਲ ਹੀ ਗਾਉਂਦਾ ਹੈ। ਉਸ ਦੇ ਬਹੁਤ ਪਸੰਦ ਕੀਤੇ ਜਾਣ ਵਾਲੇ,ਆਜਾ ਨੀ ਆਜਾ,ਹਾਸੇ ਖੋਹ ਲਏ ਨੇ ਤੇਰੀਆਂ ਯਾਦਾਂ ਨੇ,ਜੱਗ ਤੇ ਮੌਲਾ ਹੁਸੈਨ ਆ ਗਿਆ, ਗੀਤਾਂ ਦਾ ਜ਼ਿਕਰ ਕਰਨਾ ਜਰੂਰੀ ਹੈ। ‘ਚਾਨਣ’ ਗੀਤ ਨੂੰ ਵੀ ਸੂਫੀਆਨਾ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਗਈ ਹੈ। ਗੀਤ ਸੁਣ ਕੇ ਮਨ ਅਤੇ ਰੂਹ ਨੂੰ ਤਸੱਲੀ ਜਿਹੀ ਹੋ ਜਾਂਦੀ ਹੈ। ਰਚਨਾ ਨੂੰ ਸੰਗੀਤਿਕ ਰੰਗ ਵਿੱਚ ਰੰਗਣ ਲਈ ਅਵਾਜ਼ ਤੋਂ ਬਿਨਾਂ AI ਤਕਨੀਕ ਦਾ ਸੁਯੋਗ ਉਪਯੋਗ ਕੀਤਾ ਗਿਆ ਹੈ।


‘ਚਾਨਣ’ ਰਚਨਾ ਬਹੁਤ ਹੀ ਪਿਆਰੀ ਅਤੇ ਖੂਬਸੂਰਤ ਕਲਮ ਬਲਿਹਾਰ ਲੇਹਲ(ਯੂ.ਐਸ.ਏ.) ਦੀ ਹੈ। ਬਲਿਹਾਰ ਸਿੰਘ ਲੇਹਲ ਨੇ ਆਪਣੀ ਖੂਬਸੂਰਤ ਸ਼ੈਲੀ ਵਿੱਚ, ਦੁਨੀਆਂ ਵਿੱਚ ਫੈਲੇ ਲੋਭ-ਲਾਲਚ,ਸਵਾਰਥ ਅਤੇ ਜ਼ੁਰਮ ਦੇ ਅੰਧਕਾਰ ਨੂੰ ਦੂਰ ਕਰਨ ਲਈ ਆਪਣੇ ਰਹਿਬਰ ਨੂੰ ‘ਲੱਪ ਕੁ ਚਾਨਣ’ ਦੇਣ ਦੀ ਫਰਿਆਦ ਕੀਤੀ ਹੈ।
ਲੱਪ ਕੁ ਚਾਨਣ ਦਿਓ ਉਧਾਰਾ,ਰਹਿਬਰ ਨ੍ਹੇਰੇ ਚੀਰ ਵਿਖਾਵਾਂ।
ਅੰਧਕਾਰ ਵਿੱਚ ਫਸੀ ਲੋਕਾਈ,ਮੈਂ ਖਲਕਤ ਦਾ ਰਾਹ ਰੁਸ਼ਨਾਵਾਂ।
ਅੱਜ ਦੇ ਇਸ ਜ਼ਮਾਨੇ ਵਿੱਚ,ਜਦੋਂ ਨੌਜਵਾਨ ਪੀੜ੍ਹੀ ਗੁੰਮਰਾਹ ਹੋ ਰਹੀ ਹੈ,ਇਹੋ ਜਿਹੀਆਂ ਮੁੱਲਵਾਨ ਰਚਨਾਵਾਂ ਨੂੰ ਸੰਗੀਤ ਦੀ ਚਾਸ਼ਨੀ ਵਿੱਚ ਡਬੋਅ ਕੇ ਨਵੀਂ ਪੀੜ੍ਹੀ ਤੱਕ ਪੁਜਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਸਾਡੇ ਵੱਲੋਂ ਸ਼ਾਇਰ ਬਲਿਹਾਰ ਸਿੰਘ ਲੇਹਲ ਅਤੇ ਫਨਕਾਰ ਅਹਿਸਾਨ ਅੱਬਾਸ ਵਡਾਲੀਆਂ ਨੂੰ ਬਹੁਤ ਬਹੁਤ ਮੁਬਾਰਕਾਂ।
ਜਸਵੀਰ ਸਿੰਘ ਭਲੂਰੀਆ
ਸਰ(ਬੀ.ਸੀ.) ਕੈਨੇਡਾ
+1-236-622-7799

Show More

Related Articles

Leave a Reply

Your email address will not be published. Required fields are marked *

Check Also
Close
Back to top button
Translate »