ਧਰਮ-ਕਰਮ ਦੀ ਗੱਲ

ਗੁਰੂ ਘਰ ਦਾ ਅਨਿੰਨ ਭਗਤ, ਅੱਲਾ ਯਾਰ ਖਾਨ ਯੋਗੀ।


ਹਿੰਦੂਆਂ ਤੇ ਸਿੱਖਾਂ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਵੀ ਗੁਰੂ ਘਰ ਦੇ ਸੱਚੇ ਪ੍ਰੇਮੀ ਹੋਏ ਹਨ। ਇਨ੍ਹਾਂ ਵਿੱਚ ਭਾਈ ਰਾਏ ਬੁਲਾਰ ਭੱਟੀ, ਮਰਦਾਨਾ, ਸਾਈਂ ਮੀਆਂ ਮੀਰ, ਬੀਬੀ ਕੌਲਾਂ, ਪੀਰ ਬੁੱਧੂ ਸ਼ਾਹ, ਨਿਹੰਗ ਖਾਨ, ਬੀਬੀ ਮੁਮਤਾਜ਼, ਨਬੀ ਖਾਨ, ਗਨੀ ਖਾਨ ਅਤੇ ਰਾਏ ਕੱਲ੍ਹਾ ਆਦਿ ਵਿਸ਼ੇਸ਼ ਤੌਰ ‘ਤੇ ਪ੍ਰਸਿੱਧ ਹਨ। ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ ਮੇਲਾ ਇਸ ਸਾਲ 28 ਦਸੰਬਰ ਨੂੰ ਮਨਾਇਆ ਜਾਣਾ ਹੈ। ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਪ੍ਰਸੰਸਕ ਅਤੇ ਕਵੀ ਅੱਲਾ ਯਾਰ ਖਾਨ ਯੋਗੀ ਨੂੰ ਯਾਦ ਕਰਨਾ ਬਣਦਾ ਹੈ।
ਬਸ ਇੱਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ,
ਕਟਾਏ ਬਾਪ ਨੇ ਬੇਟੇ ਯਹਾਂ ਖੁਦਾ ਕੇ ਲੀਏ।
ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੀ ਮਹਾਨਤਾ ਦਾ ਵਰਨਣ ਕਰਨ ਲੱਗਿਆਂ ਆਮ ਤੌਰ ‘ਤੇ ਸਿੱਖ ਵਿਦਵਾਨ, ਇਤਿਹਾਸਕਾਰ ਅਤੇ ਰਾਗੀ-ਢਾਡੀ ਵੀ ਅੱਲ੍ਹਾ ਯਾਰ ਖਾਨ ਯੋਗੀ ਦੇ ਦੋਹਿਆਂ ਦਾ ਸਹਾਰਾ ਲੈਂਦੇ ਹਨ। ਇਹਨਾਂ ਦਰਦ ਭਰੇ ਦੋਹਿਆਂ ਦੇ ਰਚੇਤਾ ਅੱਲ੍ਹਾ ਖਾਨ ਯੋਗੀ ਦਾ ਨਾਮ ਸਿੱਖ ਇਤਿਹਾਸ ਵਿੱਚ ਅਮਰ ਹੋ ਚੁੱਕਾ ਹੈ। ਹੋਰ ਕੋਈ ਕਵੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸਵੇਂ ਪਾਤਸ਼ਾਹ ਦੇ ਜ਼ਿਗਰੇ ਬਾਰੇ ਏਨੇ ਕਰੁਣਾ ਰਸ ਅਤੇ ਵੇਦਨਾਮਈ ਲੈਅ ਵਿੱਚ ਕਵਿਤਾ ਨਹੀਂ ਲਿਖ ਸਕਿਆ। ਯੋਗੀ ਅੱਲ੍ਹਾ ਯਾਰ ਖਾਨ ਦਾ ਨਾਮ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਪੱਕੇ ਤੌਰ ਤੇ ਜੁੜ ਚੁੱਕਾ ਹੈ। ਉਸ ਦੇ ਜਨਮ ਦੀ ਪੱਕੀ ਤਾਰੀਖ ਮੁਹੱਈਆ ਨਹੀਂ ਹੈ। ਮੰਨਿਆਂ ਜਾਂਦਾ ਹੈ ਕਿ ਉਸਦਾ ਜਨਮ 19ਵੀਂ ਸਦੀ ਦੇ ਪਿਛਲੇ ਅੱਧ ਵਿੱਚ ਹੋਇਆ ਤੇ ਉਸ ਨੇ 20ਵੀਂ ਸਦੀ ਦੇ ਅੱਧ ਤੱਕ ਉਮਰ ਭੋਗੀ। ਉਸ ਨੇ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਉਰਦੂ ਵਿੱਚ ਦੋ ਮਰਸੀਏ (ਆਪਣੇ ਪਿਆਰਿਆਂ ਦੀ ਮੌਤ ‘ਤੇ ਬੋਲੀ ਜਾਣ ਵਾਲੀ ਕਵਿਤਾ) ਲਿਖੇ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਲਿਖੇ ‘ਗੰਜ-ਏ-ਸ਼ਹੀਦਾਂ’ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਲਿਖੇ ‘ਸ਼ਹੀਦਾਂ-ਏ-ਵਫਾ’ ਨਾਮਕ ਮਰਸੀਆਂ ਨੇ ਉਸ ਦਾ ਨਾਮ ਹਮੇਸ਼ਾਂ ਲਈ ਸਿੱਖ ਪੰਥ ਵਿੱਚ ਅਮਰ ਕਰ ਦਿੱਤਾ ਹੈ। ਜਦੋਂ ਵੀ ਕੋਈ ਲਿਖਾਰੀ ਸਾਕਾ ਸਰਹੰਦ ਜਾਂ ਸਾਕਾ ਚਮਕੌਰ ਬਾਰੇ ਲਿਖਦਾ ਹੈ ਤਾਂ ਯੋਗੀ ਅੱਲ੍ਹਾ ਖਾਨ ਦੇ ਦੋਹਿਆਂ ਦਾ ਹਵਾਲਾ ਦਿੱਤੇ ਬਗੈਰ ਰਚਨਾਂ ਅਧੂਰੀ ਲੱਗਦੀ ਹੈ। ਸ਼ਾਇਦ ਉਹ ਇਕੱਲਾ ਮੁਸਲਮਾਨ ਕਵੀ ਹੈ ਜਿਸ ਨੂੰ ਇਹ ਮਾਣ ਹਾਸਲ ਹੈ ਕਿ ਉਸ ਦੇ ਦੋਹੇ ਨੂੰ ਕਿਸੇ ਗੁਰਦਵਾਰੇ ਦੀ ਇਮਾਰਤ ਵਿੱਚ ਜਗ੍ਹਾ ਮਿਲੀ ਹੋਵੇ। ਉਸ ਦਾ ਹੇਠ ਲਿਿਖਆ ਦੋਹਾ ਗੁਰਦਵਾਰਾ ਕਤਲਗੜ੍ਹ ਸਾਹਿਬ, ਚਮਕੌਰ ਸਾਹਿਬ ਦੇ ਬਰਾਮਦੇ ਵਿੱਚ ਦਰਜ਼ ਹੈ;
“ਭਟਕਤੇ ਫਿਰਤੇ ਹੈ ਕਿਉਂ? ਹਜ਼ ਕਰੇਂ ਯਹਾਂ ਆ ਕਰ,
ਯੇ ਕਾਅਬਾ ਪਾਸ ਹੈ, ਹਰ ਏਕ ਖਾਲਸਾ ਕੇ ਲੀਏ”


ਹਕੀਮ ਅੱਲ੍ਹਾ ਖਾਨ ਯੋਗੀ ਅਨਾਰਕਲੀ (ਲਾਹੌਰ) ਦਾ ਰਹਿਣ ਵਾਲਾ ਸੀ। ਉਸ ਦੇ ਪੁਰਖੇ ਦੱਖਣ ਭਾਰਤ ਦੇ ਬਾਸ਼ਿੰਦੇ ਸਨ। ਪਰ ਯੋਗੀ ਨੂੰ ਲਾਹੌਰ ਐਨਾ ਪਸੰਦ ਆਇਆ ਕਿ ਉਹ ਪੱਕੇ ਤੌਰ ਤੇ ਇਥੇ ਹੀ ਵੱਸ ਗਿਆ। ਸਮਕਾਲੀ ਵੇਰਵਿਆਂ ਮੁਤਾਬਿਕ ਉਹ ਸ਼ਾਹੀ ਅਚਕਨ ਪਹਿਨਦਾ ਸੀ, ਲੰਬਾ ਅਤੇ ਮਜ਼ਬੂਤ ਸਰੀਰ ਵਾਲਾ ਸੀ, ਛੋਟੀਆਂ ਮੁੱਛਾਂ ਤੇ ਦਾੜ੍ਹੀ ਰੱਖਦਾ ਸੀ। ਬੋਲ ਚਾਲ ਤੇ ਪਹਿਰਾਵੇ ਤੋਂ ਉਹ ਇਰਾਨੀ ਮੂਲ ਦਾ ਲੱਗਦਾ ਸੀ। ਉਸ ਦੇ ਮਰਸੀਏ ਚਮਕੌਰ ਤੇ ਸਰਹਿੰਦ ਦੇ ਦਰਦਨਾਕ ਸਾਕਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਛੋਟਾ ਜਿਹਾ ਪਰ ਗੰਭੀਰ ਯਤਨ ਹਨ। ਉਰਦੂ ‘ਤੇ ਉਸ ਦੀ ਪਕੜ ਬਹੁਤ ਮਜ਼ਬੂਤ ਹੈ ਤੇ ਉਸ ਦੀ ਸ਼ੈਲੀ ਏਨੀ ਦਰਦ ਭਰੀ ਹੈ ਕਿ ਕਵਿਤਾ ਪੜ੍ਹ ਕੇ ਬਦੋਬਦੀ ਅੱਖਾਂ ਵਿੱਚ ਵਿੱਚ ਪਾਣੀ ਆ ਜਾਂਦਾ ਹੈ। ਉਸ ਨੇ ਪਹਿਲਾ ਮਰਸੀਆ ਗੰਜ-ਏ-ਸ਼ਹੀਦਾਂ 1913 ਅਤੇ ਸ਼ਹੀਦਾਂ-ਏ-ਵਫਾ 1915 ਈ. ਦੇ ਕਰੀਬ ਲਿਿਖਆ ਸੀ। ਛੋਟੀ ਉਮਰ ਦੇ ਸਾਹਿਬਜ਼ਾਦਿਆਂ ਵੱਲੋਂ ਦਿਖਾਈ ਗਈ ਅਸਧਾਰਨ ਵੀਰਤਾ ਨੂੰ ਇਸ ਕਵਿਤਾ ਰਾਹੀਂ ਬੜੇ ਦਰਦਮਈ ਅਤੇ ਵੀਰ ਰਸ ਨਾਲ ਭਰਪੂਰ ਤਰੀਕੇ ਦੁਆਰਾ ਦਰਸਾਇਆ ਗਿਆ ਹੈ। ਜਿਸ ਕਰੂਰਤਾ ਨਾਲ ਉਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਤੇ ਜਿਸ ਬਹਾਦਰੀ ਨਾਲ ਉਹਨਾਂ ਨੇ ਆਪਣੇ ਧਰਮ ਦੀ ਖਾਤਰ ਕੁਰਬਾਨੀ ਦਿੱਤੀ, ਇਨ੍ਹਾਂ ਕਵਿਤਾਵਾਂ ਦਾ ਮੂਲ ਹੈ। ਇਹ ਕਵਿਤਾ ਸਿੱਧੀ ਇਨਸਾਨ ਦੇ ਦਿਲ ‘ਤੇ ਅਸਰ ਕਰਦੀ ਹੈ। ਅੱਲ੍ਹਾ ਯਾਰ ਖਾਨ ਯੋਗੀ 1920ਵਿਆਂ ਤੇ 30ਵਿਆਂ ਵਿੱਚ ਸਿੱਖ ਸਟੇਜਾਂ ਤੋਂ ਇਹ ਕਵਿਤਾਵਾਂ ਬੜੇ ਤਰੰੁਨਮ ਨਾਲ ਪੜ੍ਹਿਆ ਕਰਦਾ ਸੀ। ਉਹ ਆਪਣੇ ਜੀਵਨ ਕਾਲ ਵਿੱਚ ਹੀ ਬਹੁਤ ਮਸ਼ਹੂਰ ਹੋ ਗਿਆ ਸੀ। ਯੋਗੀ ਦਾ ਗੁਰੂ ਸਾਹਿਬ ਨਾਲ ਪਿਆਰ ਤੇ ਉਨ੍ਹਾਂ ਦੇ ਸਤਿਕਾਰ ਵਿੱਚ ਲਿਖੀਆਂ ਕਵਿਤਾਵਾਂ ਕੱਟੜ ਮੁਸਲਮਾਨਾਂ ਨੂੰ ਇਸਲਾਮ ਦੇ ਖਿਲਾਫ ਲਗਦੀਆਂ ਸਨ ਤੇ ਉਹ ਇਸ ਨੂੰ ਗੈਰ ਇਸਲਾਮੀ ਸਮਝਦੇ ਸਨ। ਉਨ੍ਹਾਂ ਨੇ ਯੋਗੀ ਨੂੰ ਕਾਫਰ ਘੋਸ਼ਿਤ ਕਰ ਦਿੱਤਾ ਤੇ 30 ਸਾਲ ਤੱਕ ਕਿਸੇ ਮਸੀਤ ਵਿੱਚ ਨਹੀਂ ਵੜਨ ਦਿੱਤਾ।
ਜਦੋਂ ਯੋਗੀ ਬਜ਼ੁਰਗ ਹੋ ਗਿਆ ਤਾਂ ਉਸ ਦਾ ਅੰਤ ਨਜ਼ਦੀਕ ਜਾਣ ਕੇ ਇੱਕ ਕਾਜ਼ੀ ਨੇ ਉਸ ਦੇ ਘਰ ਜਾ ਕੇ ਉਸ ਨੂੰ ਪ੍ਰੇਰਣ ਦੀ ਕੋਸ਼ਿਸ਼ ਕੀਤੀ, “ਯੋਗੀਆ, ਮੇਰੇ ਨਾਲ ਮਸੀਤ ਚੱਲ ਤੇ ਅੱਲ੍ਹਾ ਤੋਂ ਮਾਫੀ ਮੰਗ ਲੈ। ਤੂੰ ਸਾਰੀ ਉਮਰ ਕਾਫਰ ਬਣ ਕੇ ਕੱਢ ਦਿੱਤੀ ਏ, ਮਰਨ ਤੋਂ ਪਹਿਲਾਂ ਤਾਂ ਮੋਮਨ ਬਣ ਜਾ।” ਗੁਰੂ ਸਾਹਿਬ ਦੇ ਰੰਗ ਵਿੱਚ ਰੰਗੇ ਅੱਲ੍ਹਾ ਯਾਰ ਖਾਨ ਨੇ ਜਵਾਬ ਦਿੱਤਾ, “ਮੈਂ ਕੁਝ ਵੀ ਗਲਤ ਨਹੀਂ ਕੀਤਾ। ਮੈਂ ਤੇਰੇ ਵਰਗਿਆਂ ਵਾਸਤੇ ਕਾਫਰ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਨਹੀਂ। ਮੈਂ ਜੋ ਵੀ ਗੁਰੂ ਸਾਹਿਬ ਅਤੇ ਸਾਹਿਬਜ਼ਾਦਿਆਂ ਬਾਰੇ ਲਿਿਖਆ ਹੈ, ਉਹ ਬਿਲਕੁਲ ਸੱਚ ਹੈ। ਮੈਂ ਸੱਚਾਈ ਤੋਂ ਮੂੰਹ ਨਹੀਂ ਮੋੜ ਸਕਦਾ।” ਇਹ ਸੁਣ ਕੇ ਕਾਜ਼ੀ ਗੁੱਸੇ ਵਿੱਚ ਆ ਗਿਆ ਤੇ ਬੋਲਿਆ, “ਜਾ, ਤੰੂ ਕਾਫਰ ਹੀ ਮਰੇਂਗਾ ਤੇ ਜਹੱਨੁੰਮ ਵਿੱਚ ਜਾਵੇਂਗਾ।” ਯੋਗੀ ਨੇ ਹੱਸ ਕੇ ਜਵਾਬ ਦਿੱਤਾ, “ਮੈਨੂੰ ਤੇਰੇ ਬਹਿਸ਼ਤ ਦੀ ਜਰੂਰਤ ਨਹੀਂ ਹੈ। ਔਹ ਵੇਖ ਗੁਰੂ ਸਾਹਿਬ ਬਹਿਸ਼ਤਾਂ ਵਿੱਚ ਬੈਠੇ ਮੈਨੂੰ ਆਪਣੇ ਵੱਲ ਬੁਲਾ ਰਹੇ ਹਨ। ਮੈਨੂੰ ਗੁਰੂ ਸਾਹਿਬ ਦਾ ਪਿਆਰ ਚਾਹੀਦਾ ਹੈ ਤੇ ਮੈਂ ਉਨ੍ਹਾਂ ਦੇ ਸੇਵਕ ਵਜੋਂ ਹੀ ਮਰਨਾ ਚਾਹੁੰਦਾ ਹਾਂ।” ਕਾਜ਼ੀ ਅੰਟ ਸ਼ੰਟ ਬੋਲਦਾ ਆਪਣੇ ਰਾਹ ਪੈ ਗਿਆ ਤੇ ਯੋਗੀ ਨਾਸ਼ਵਾਨ ਸਰੀਰ ਤਿਆਗ ਕੇ ਆਪਣੇ ਪੀਰ- ਉ- ਮੁਰਸ਼ਦ ਦੇ ਚਰਨਾਂ ਵਿੱਚ ਜਾ ਸੱਜਿਆ।

ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ.)
ਪੰਡੋਰੀ ਸਿੱਧਵਾਂ 9501100062
Show More

Related Articles

Leave a Reply

Your email address will not be published. Required fields are marked *

Back to top button
Translate »