ਏਹਿ ਹਮਾਰਾ ਜੀਵਣਾ

ਜਦੋਂ ਵਕਤ ਨੇ ਕਵਿਤਾ ਦੇ ਪੈਰਾਂ ‘ਚ ਬੇੜੀਆਂ ਪਾ ਦਿੱਤੀਆਂ

ਜਤਿੰਦਰ ਪਾਲ ਸਿੰਘ

ਪਿਛਲੇ ਲਗਭੱਗ ਛੇ- ਦਹਾਕਿਆਂ ਤੋਂ ਪੰਜਾਬ ਦੇ ਮੇਲਿਆਂ ਵਿੱਚ ਧਨੀ ਰਾਮ ਚਾਤ੍ਰਿਕ ਵਾਲਾ ਉਹ ‘ਜੱਟ’ ਕਿਧਰੇ ਗੁਆਚ ਗਿਆ ਹੈ ਜੋ ‘ਮਾਰਦਾ ਦਮਾਮੇ’ ਆਉਂਦਾ ਸੀ। ਅੱਜ ਜਦੋਂ ਵਿਸਾਖੀ ਦੀ ਦਸਤਕ ਹੁੰਦੀ ਹੈ, ਤਾਂ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਕਣਕਾਂ ਅਜੇ ਵਾਢੀ ਨੂੰ ਉਡੀਕਦੀਆਂ ਹੁੰਦੀਆਂ ਹਨ। ਕਿਸਾਨ ਮੇਲੇ ਵਿੱਚ ਢੋਲ ਵਜਾਉਣ ਦੀ ਬਜਾਏ, ਖੇਤਾਂ ਦੀ ਵੱਟ ‘ਤੇ ਖੜ੍ਹ ਕੇ ਅਸਮਾਨੀ ਬੱਦਲਾਂ ਨਾਲ ਮੱਥਾ ਲਾ ਰਿਹਾ ਹੁੰਦਾ ਹੈ ਅਤੇ ਖੇਤ ਸੁੱਕਣ ਦੀ ਉਡੀਕ ਕਰਦਾ ਹੈ।

ਚਾਤ੍ਰਿਕ ਦਾ ਸੁਪਨਾ ਅਤੇ ਸਾਡੀ ਹਕੀਕਤ

ਲਾਲਾ ਧਨੀ ਰਾਮ ਚਾਤ੍ਰਿਕ 1876 ਦੀ ਪੈਦਾਇਸ਼ ਸਨ। ਉਹਨਾਂ ਨੇ ਉਹ ਪੰਜਾਬ ਵੇਖਿਆ ਜਿੱਥੇ ਦਾਤਰੀਆਂ, ਬਲਦਾਂ ਅਤੇ ਘਰਾਂ ਦੀ ਸਾਂਝੀ ਮਿਹਨਤ ਦਾ ਰਾਜ ਸੀ। ਉਹਨਾਂ ਦੀ ਮਸ਼ਹੂਰ ਕਵਿਤਾ “ਮਾਰਦਾ ਦਮਾਮੇ ਜੱਟ ਮੇਲੇ ਆ ਗਿਆ” ਸਿਰਫ਼ ਸ਼ਬਦ ਨਹੀਂ, ਸਗੋਂ ਉਸ ਵੇਲੇ ਦੀ ਰੂਹ ਸੀ। ਉਸ ਵਿੱਚ ਕਿਸਾਨ ਕਰਜ਼ੇ ਲਾਹ ਕੇ, ਕਣਕ ਵੱਢ ਕੇ ਅਤੇ ਤੂੜੀ ਸਾਂਭ ਕੇ ਬੇਫ਼ਿਕਰ ਹੋ ਕੇ ਮੇਲੇ ਨਿਕਲਦਾ ਸੀ। ਉਹ ‘ਦੇਸੀ’ ਕਣਕਾਂ ਦੇ ਦਿਨ ਸਨ ਜੋ ਅਕਤੂਬਰ-ਨਵੰਬਰ ਵਿੱਚ ਬੀਜੀਆਂ ਜਾਂਦੀਆਂ ਤੇ ਮਾਰਚ ਦੇ ਅੰਤ ਤੱਕ ਸੁਨਹਿਰੀ ਹੋ ਕੇ ਝੁਕ ਜਾਂਦੀਆਂ ਸਨ।

ਹਰੀ ਕ੍ਰਾਂਤੀ ਤੇ ਬਦਲਦੇ ਮੌਸਮ ਦਾ ਗੇੜ

60ਵਿਆਂ ਦੀ ‘ਹਰੀ ਕ੍ਰਾਂਤੀ’ ਨੇ ਅੰਨ ਦੇ ਭੰਡਾਰ ਤਾਂ ਭਰ ਦਿੱਤੇ, ਪਰ ਸਾਡੀ ਫ਼ਸਲ ਦਾ ਕੁਦਰਤੀ ਚੱਕਰ ਬਦਲ ਦਿੱਤਾ। ਝੋਨੇ ਦੀ ਫ਼ਸਲ ਦੇਰੀ ਨਾਲ ਸਾਂਭਣ ਕਰਕੇ ਕਣਕ ਦੀ ਬਿਜਾਈ ਨਵੰਬਰ-ਦਸੰਬਰ ਤੱਕ ਪਹੁੰਚ ਗਈ। ਅੱਜ ਕੱਲ੍ਹ ਕੰਬਾਈਨਾਂ ਦਾ ਦੌਰ ਹੈ, ਪਰ ਉਹਨਾਂ ਨੂੰ ਵੀ ਸੁੱਕੀ ਫ਼ਸਲ ਚਾਹੀਦੀ ਹੈ। ਚਾਤ੍ਰਿਕ ਦੇ ਸਮੇਂ ਦੀ ਉਹ ‘ਸਹਿਜ’ ਹੁਣ ਮਸ਼ੀਨੀ ਕਾਹਲ ਤੇ ਮੌਸਮ ਦੀ ਚਿੰਤਾ ਵਿੱਚ ਬਦਲ ਗਈ ਹੈ।

ਅੱਜ ਦੇ ਦੌਰ ਵਿੱਚ ਸਿਰਫ਼ ਫ਼ਸਲ ਦਾ ਕੈਲੰਡਰ ਹੀ ਨਹੀਂ ਬਦਲਿਆ, ਸਗੋਂ ਪਿੰਡ ਦੀ ਆਰਥਿਕਤਾ ਦੀ ਰੂਹ ਵੀ ਬਦਲ ਗਈ ਹੈ। ਚਾਤ੍ਰਿਕ ਦੇ ਸਮੇਂ ਕਿਸਾਨ ਦਾ ਵਾਹ ਪਿੰਡ ਦੇ ਸ਼ਾਹ ਜਾਂ ਲੰਬੜਦਾਰ ਨਾਲ ਹੁੰਦਾ ਸੀ। ਪਰ ਅੱਜ ਉਸ ਦੀ ਜਗ੍ਹਾ ਬੈਂਕਾਂ ਦੀਆਂ ਕੁਰਕੀਆਂ ਅਤੇ ਆੜ੍ਹਤੀਆਂ ਦੇ ਵਿਆਜ ਦੇ ਅਣਮੁੱਕ ਚੱਕਰ ਨੇ ਲੈ ਲਈ ਹੈ। ਜਦੋਂ ਬੇਮੌਸਮੀ ਬਾਰਿਸ਼ ਨਾਲ ਕਣਕ ਦਾ ਦਾਣਾ ਬਦਰੰਗ ਹੋ ਜਾਂਦਾ ਹੈ, ਤਾਂ ਸਰਕਾਰੀ ਏਜੰਸੀਆਂ ‘ਗੁਣਵੱਤਾ’ ਦੇ ਬਹਾਨੇ ਖ਼ਰੀਦ ਤੋਂ ਹੱਥ ਪਿੱਛੇ ਖਿੱਚ ਲੈਂਦੀਆਂ ਹਨ। ਸਟੇਟ, ਜਿਸ ਨੇ ਕਦੇ ਇਸੇ ਫ਼ਸਲ ਲਈ ਕਿਸਾਨ ਨੂੰ ਉਤਸ਼ਾਹਿਤ ਕੀਤਾ ਸੀ, ਅੱਜ ਮੌਸਮ ਦੀ ਮਾਰ ਪਈ ਫ਼ਸਲ ਨੂੰ ‘ਰੱਦ’ ਕਰਕੇ ਉਸ ਦੇ ਜ਼ਖ਼ਮਾਂ ‘ਤੇ ਲੂਣ ਛਿੜਕਦੀ ਹੈ।

ਦੂਜੇ ਪਾਸੇ, ਸੋਸ਼ਲ ਮੀਡੀਆ ਦੀ ਚਮਕ-ਧਮਕ ਨੇ ‘ਸੁਨਹਿਰੀ ਅੰਨ’ ਉੱਤੇ ਜ਼ਹਿਰ ਦਾ ਲੇਬਲ ਚਿਪਕਾ ਦਿੱਤਾ ਹੈ। ਕੀਟਨਾਸ਼ਕਾਂ ਦੇ ਅੰਨ੍ਹੇਵਾਹ ਪ੍ਰਯੋਗ ਨੇ ਸਾਡੀ ‘ਦੇਸੀ’ ਕਣਕ ਦੀ ਸ਼ੁੱਧਤਾ ਖੋਹ ਲਈ ਹੈ। ਜਿਸ ਅੰਨ ਨੂੰ ਕਦੇ ‘ਜੀਵਨ’ ਮੰਨਿਆ ਜਾਂਦਾ ਸੀ, ਅੱਜ ਉਸ ਨੂੰ ਕਈ ਬਿਮਾਰੀਆਂ ਦੀ ਜੜ੍ਹ ਦੱਸ ਕੇ ਬਾਜਰੇ ਅਤੇ ਹੋਰ ਮੋਟੇ ਅਨਾਜਾਂ (ਮਿਲੇਟਸ) ਵੱਲ ਮੁੜਨ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ।

2026 ਦੀ ਤਸਵੀਰ: ਕਵਿਤਾ ਤੇ ਕੁਦਰਤ ਦੀ ਜੰਗ

ਇਸ ਸਾਲ (2026) ਦੀ ਹੀ ਗੱਲ ਕਰ ਲਓ। ਅਪ੍ਰੈਲ ਦੇ ਸ਼ੁਰੂ ਵਿੱਚ ਪਏ ਮੀਂਹ ਤੇ ਗੜ੍ਹੇਮਾਰੀ ਨੇ ਕਈ ਥਾਂ ਕਣਕਾਂ ਵਿਛਾ ਦਿੱਤੀਆਂ ਹਨ। ਵਾਢੀ ਪੱਛੜ ਗਈ ਹੈ। ਜੇ ਅੱਜ ਚਾਤ੍ਰਿਕ ਜਿਉਂਦੇ ਹੁੰਦੇ, ਤਾਂ ਉਹਨਾਂ ਦੀ ਕਲਮ ਕਿਸਾਨ ਦੀ ਅੱਖ ਵਿੱਚ ਝਾਕ ਕੇ ਕੁਝ ਇੰਝ ਲਿਖਦੀ:

ਖੇਤ ਵਿਛੀ ਹੈ ਸੋਨੇ-ਰੰਗੀ, ਗੜ੍ਹਿਆਂ ਦੀ ਮਾਰ ਹੰਢਾਈ,

ਨਾ ਕੰਬਾਈਨ ਤੋਂ ਚੁੱਕੀ ਜਾਵੇ, ਨਾ ਦਾਤਰੀ ਵਾਲੀ ਲੇਬਰ ਆਈ।

ਬੱਦਲ ਵੇਖ ਕੇ ਸਹਿਮਿਆ ਜੱਟ, ਕਰਜ਼ੇ ਦੀ ਪੰਡ ਹੈ ਭਾਰੀ,

ਵਿਸਾਖੀ ਫੇਰ ਮਨਾਈ ਜਾਊ, ਅਜੇ ਵਾਢੀ ਹੈ ਬਾਕੀ।”

ਨਿਚੋੜ

ਬੇਸ਼ੱਕ ਅੱਜ ਵੀ ਵਿਸਾਖੀ ਦੇ ਮੇਲਿਆਂ ਵਿੱਚ ਚਾਤ੍ਰਿਕ ਦੇ ਗੀਤ ਗੂੰਜਦੇ ਹਨ, ਪਰ ਉਹ ਪੁਰਾਣੀ ‘ਬੇਫ਼ਿਕਰੀ’ ਹੁਣ ਯਾਦਾਂ ਦਾ ਹਿੱਸਾ ਹੈ। ਹਰੀ ਕ੍ਰਾਂਤੀ ਨੇ ਸਾਨੂੰ ਤਰੱਕੀ ਤਾਂ ਦਿੱਤੀ, ਪਰ ਸਾਡੇ ਮੌਸਮਾਂ ਨੂੰ ਸਾਡੀ ਪੁਰਾਣੀ ਕਵਿਤਾ ਨਾਲੋਂ ਜੁਦਾ ਕਰ ਦਿੱਤਾ। ਅੱਜ ਦਾ ਕਿਸਾਨ ਮੇਲੇ ਜ਼ਰੂਰ ਜਾਂਦਾ ਹੈ, ਪਰ ਉਸਦੇ ਦਮਾਮੇ ਦੀ ਗੂੰਜ ਵਿੱਚ ਧਰਤੀ ਦੇ ਡਿੱਗਦੇ ਪਾਣੀ, ਵਧਦੀ ਲਾਗਤ ਅਤੇ ਬਦਲਦੇ ਮਿਜ਼ਾਜ ਦੀ ਚਿੰਤਾ ਵੀ ਸ਼ਾਮਿਲ ਹੈ।

ਚਾਤ੍ਰਿਕ ਦੀ ਕਵਿਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਖੇਤੀ ਸਿਰਫ਼ ਪੈਦਾਵਾਰ ਨਹੀਂ, ਸਗੋਂ ਉਹ ਸਕੂਨ ਹੈ ਜਦੋਂ ਮਿਹਨਤ ਮੁਕੰਮਲ ਹੁੰਦੀ ਹੈ। ਪੰਜਾਬੀ ਕਿਸਾਨ ਅੱਜ ਵੀ ਹਾਰਿਆ ਨਹੀਂ, ਉਹ ਉਡੀਕ ਵਿੱਚ ਹੈ-ਵਾਢੀ ਦੇ ਮੁੱਕਣ ਦੀ ਅਤੇ ਉਸ ਅਸਲੀ ਮੁਸਕਰਾਹਟ ਦੀ, ਜੋ ਕਦੇ ਚਾਤ੍ਰਿਕ ਨੇ ਕਲਮਬੱਧ ਕੀਤੀ ਸੀ।

ਜਤਿੰਦਰ ਪਾਲ ਸਿੰਘ

ਰਿਟਾਇਰਡ ਕਮਾਂਡੈਂਟ, ਸੀ.ਏ.ਪੀ.ਐਫ. (CAPFs)

+91 9102741111

Show More

Related Articles

Leave a Reply

Your email address will not be published. Required fields are marked *

Back to top button
Translate »