ਅੰਬਰੋਂ ਟੁੱਟੇ ਤਾਰਿਆਂ ਦੀ ਗੱਲ

ਪਰਵਿੰਦਰ ਝੋਟੇ ਦਾ ਕਤਲ ਅਤੇ ਚਣੌਤੀ

 ਮਾਨਸਾ ਵਿਖੇ ਮੈਡੀਕਲ ਸਟੋਰ ਵਾਲੇ ਵਿਅਕਤੀ ਵਲੋਂ ਸਮਾਜਕ ਕਾਰਕੁਨ ਅਤੇ ਨਸ਼ਾ ਵਿਰੋਧੀ ਸਖ਼ਸ਼ ਪਰਵਿੰਦਰ ਸਿੰਘ ਝੋਟਾ ਨੂੰ ਕੁਝ ਤਕਰਾਰ ਮਗਰੋਂ ਗੋਲੀ ਮਾਰ ਦਿੱਤੀ ਗਈ।ਬੇਸ਼ਕ ਇਸ ਘਟਨਾ ਨੂੰ ਆਪਸੀ ਰੰਜਿਸ਼ ਨਾਲ ਜੋੜਿਆ ਜਾਵੇ ਕਿ ਉਸ ਮੈਡੀਕਲ ਵਾਲੇ ਨਾਲ ਝੋਟੇ ਦਾ ਕਥਿਤ ਨਸ਼ਿਆਂ ਦੀ ਵਿਕਰੀ ਰੋਕਣ  ਕਾਰਨ ਪਹਿਲਾਂ ਵੀ ਪੰਗਾ ਪਿਆ ਸੀ ਅਤੇ ਕਮਿਸਟ ਦਾ ਜਲੂਸ ਕੱਢਣ  ਕਾਰਨ ਝੋਟੇ ਨੂੰ ਜੇਲ੍ਹ ਜਾਣਾ ਪਿਆ ਸੀ। ਡੀ ਆਈ ਜੀ ਹਰਜੀਤ ਸਿੰਘ ਨੇ ਸਤਕਾਰਤ ਭਾਸ਼ਾ ਵਿਚ ਘਟਨਾ ਦੀ ਜਾਣਕਾਰੀ ਦੇਕੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ ਹੈ।

ਪਰਵਿੰਦਰ ਸਿੰਘ ਝੋਟਾ

    ਗੱਲ ਇਹ ਹੈ ਕਿ ਕੈਪਟਨ ਸਰਕਾਰ ਵਲੋ ਗੁਟਕਾ ਸਾਹਿਬ ਦੀ ਸੌਂਹ ਚੁੱਕਣ ਤੋਂ ਬਾਅਦ ਅਤੇ  ਭਗਵੰਤ ਮਾਨ ਸਰਕਾਰ ਵੱਲੋਂ ਵੀ ਨਸ਼ਿਆਂ ਦਾ ਮੁੱਦਾ ਲੈਕੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ। ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੀ ਇਸ ਮੁੱਦੇ ਨਾਲ ਸਰਗਰਮ ਹੈ।

ਸਰਕਾਰ ਦੇ ਦਾਅਵਿਆਂ ,ਵਿਖਾਵਿਆਂ ਦੇ ਬਾਵਜੂਦ ਨਸ਼ਾ ਬੰਦ ਨਹੀਂ ਹੋਇਆ। ਚਿੱਟਾ ਫੜਿਆ ਵੀ ਜਾ ਰਿਹਾ ਹੈ ਅਤੇ ਫਿਰ ਉਵੇਂ ਮਿਲਣ ਦੀਆਂ ਚਰਚਾਵਾਂ ਰਹਿੰਦੀਆਂ ਹਨ।

ਚਰਸ, ਗਾਂਜਾ, ਭੁੱਕੀ, ਅਫ਼ੀਮ ਹੀ ਨਹੀਂ  ਅੱਜਕਲ ਤਾਂ ਗੰਭੀਰ ਤੇ ਜਾਨ ਲੇਵਾ ਚਿੱਟੇ ਦਾ ਜੋਰ ਹੈ ਅਤੇ ਜੋਂਬੀ ਵਰਗੀਆਂ ਡਰੱਗ ਵੀ ਆ ਰਹੀਆਂ ਹਨ।

ਜਿਆਦਾਤਰ ਕਿਰਤੀ ,ਮਜਦੂਰ,ਮਿਹਨਤੀ  ਵਰਗ ਦੇ ਨੌਜਵਾਨ  ਵੀ ਇਸ ਦੀ ਗ੍ਰਿਫ਼ਤ ਵਿਚ ਹਨ। ਸੂਬੇ ਵਿਚ ਉਹ ਕਿਹੜੀ ਥਾਂ ਜਿੱਥੇ ਚਿੱਟਾ ਨਹੀਂ ਵਰਤਿਆ ਜਾਂਦਾ। ਪੁਲਿਸ ਕਿਉਂ ਨਹੀਂ ਕਾਬੂ ਕਰ ਸਕੀ। ਕਿਉਂਕਿ ਇਹ ਅੰਤਰਰਾਸ਼ਟਰੀ ਨਸ਼ਾ ਹੈ ਜਿਹੜਾ ਪੰਜਾਬ ਦੇ ਰਾਹ ਹੀ ਅੱਗੇ ਦੇਸ਼ ਵਿਦੇਸ਼ ਚ ਪੁੱਜਦਾ ਹੈ,ਵੱਡੇ ਮੱਛਾਂ ਦੀ ਸਾਂਝ ਭਿਆਲੀ ਕਾਰਨ ਚੱਲ ਰਿਹਾ ਹੈ।

 ਵੱਡੇ ਬਾਦਲ ਦੀ ਸਰਕਾਰ ਵੇਲੇ ਤੋਂ ਨਸ਼ੇ ਦੀ ਰਫ਼ਤਾਰ ਮਨਫੀ ਨਹੀਂ ਹੋਈ।ਮਜੀਠੀਆ ਦਾ ਨਾਂ ਗੂੰਜਦਾ ਰਿਹਾ। ਕੈਪਟਨ ਤੋਂ ਬਾਅਦ ਹੁਣ ਹੋਰ ਸਪੀਡ ਫੜ ਗਿਆ ਹੈ। ਜੋਕਿ ਰੁਕਣ ਦਾ ਨਾਂ ਨਹੀਂ ਲੈਰਹੀ। ਸਪਸ਼ਟ ਹੈ ਕਿ ਨਸ਼ਾ ਮੁਕਤੀ ਸੂਬਾ ਸਰਕਾਰਾਂ ਦੇ ਵੱਸੋਂ ਬਾਹਰੀ ਗੱਲ ਹੈ। 

 ਅਹਿਮ ਤੇ ਖਾਸ ਗੱਲ ਇਹ ਹੈ ਪੰਜਾਬ ਦੀ ਜਵਾਨੀ ਵਿਰੋਧੀਆਂ ਦੀ ਅੱਖਾਂ ਚ ਰੜਕਦੀ ਹੈ।ਮਾੜੀ ਸੋਚ ਵਾਲੇ ਸਰਕਾਰੀ ਤੰਤਰ ਨੇ ਪਹਿਲਾਂ ਪੰਜਾਬ ਨੂੰ ਅੱਤਵਾਦ ਚ ਧਕੇਲਿਆ। ਪੰਜਾਬ ਦੇ ਸਿੱਖ ਨੌਜਵਾਨ  ਖਾਸਕਰ 16 ਸਾਲ ਤੋਂ ਪੰਤਾਲੀ ਸਾਲ ਦੀ ਜਵਾਨੀ ਸੰਤਾਲੀਆਂ,ਅਜੀਤ ਸੰਧੂ ਕੇ,ਪੀ ਐੱਸ ਗਿੱਲ  ਤੇ ਨਿੱਜੀ ਰੰਜਸ਼ਾਂ ਦੀ ਭੇਂਟ ਚੜ੍ਹਾਈ ਗਈ।  ਪੰਜਾਬ ਦੇ ਦੁਸ਼ਮਣਾ ਨੇ ਸਿੱਖੀ ਜਵਾਨੀ ਤੇ ਪੰਜਾਬ ਦਾ ਖੋਜ ਖੁਰਾ ਮਿਟਾਉਣ ਲਈ ਨਸ਼ਿਆਂ ਦਾ ਦਰਿਆ ਵਗਾਇਆ।ਇਸ ਉਪਰ ਰਾਜਨੀਤੀ ਕਰਕੇ ਕੁਰਸੀਆਂ ਗੱਦੀਆਂ ਰਾਜਭਾਗ ਜਰੂਰ ਮਿਲੇ ਪ੍ਰੰਤੂ  ਨਸ਼ੇ ਦਾ ਦਰਿਆ ਹੋਰ ਡੂੰਘਾ ਤੇ ਵੱਡਾ ਹੁੰਦਾ ਗਿਆ। ਸਮੇਂ ਸਮੇਂ ਕੈਪਟਨ ਸਰਕਾਰ ਵਲੋਂ ਫੇਰ ਮਾਨ ਸਰਕਾਰ ਵਲੋਂ ਨਸ਼ਾ ਰੋਕੂ ਮੁਹਿੰਮਾਂ ਚਲਾਈਆਂ ਗਈਆਂ। ਪਰ ਪੰਜਾਬ ਦੀ ਜਵਾਨੀ ਦਿਨ ਬ ਦਿਨ ਨਸ਼ਿਆਂ ਚ ਡੁੱਬਦੀ ਗਈ।ਜਿਸ ਵਿੱਚ ਕੁੜੀਆਂ ਵੀ ਗਲਤਾਨ ਹੋ ਰਹੀਆਂ ਹਨ। ਇਹ ਵੀ ਕਹਿਣਾ ਕੁਥਾਂ ਨਹੀਂ ਕਿ ਦੁਸ਼ਮਣ ਦੀ ਚਾਲ ਸਫਲ ਹੋ ਰਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਬੱਚੇ ਪੈਦਾ ਨਹੀਂ ਕਰ ਸਕਣਗੀਆਂ। ਸਾਜਿਸ਼ੀ ਨਸਲਕੁਸ਼ੀ ਹੋ ਰਹੀ ਹੈ ਜਿਹੜੀ ਪੰਜਾਬ ਚ  ਕਾਲੇ ਦਿਨ ਤੇ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਹੋਈ ਸੀ।ਸਾਜਿਸ਼ੀ ਢੰਗ ਨਾਲ ਪ੍ਰਵਾਸੀਆਂ ਦਾ ਸੂਬੇ ਚ ਲਗਾਤਾਰ ਵਸੇਬਾ ਪੰਜਾਬ ਚੋ ਪੰਜਾਬੀਆਂ ਦੇ ਵਿਦੇਸ਼ ਚ ਹੋ ਪਰਵਾਸ  ਤੋਂ ਸਭਿਆਚਾਰ ,ਵਿਰਸੇ ਲਈ ਖਤਰਨਾਕ ਤੇ ਭਵਿੱਖੀ  ਸੰਕਟ ਦਾ ਸੂਚਕ ਹੈ।

ਇਕ ਪਾਸੇ ਸਰਕਾਰ ਤੇ ਪੁਲਿਸ ਲੋਕਾਂ ਤੋਂ ਨਸ਼ਾ ਮੁਕਤ ਪੰਜਾਬ ਲਈ ਸਹਿਯੋਗ ਦੀ ਉਮੀਦ ਕਰਦੀ ਹੈ।ਲੋਕ ਮਿਲਣੀਆਂ ਕੀਤੀਆਂ ਜਾਂਦੀਆਂ ਹਨ ਕਿ ਨਸ਼ਾ ਤਸਕਰਾਂ ਬਾਰੇ ਜਾਣਕਾਰੀ ਦਿਓ, ਪੂਰੀ ਸੂਚਨਾ ਗੁਪਤ ਰੱਖੀ ਜਾਵੇਗੀ।ਜਦੋਂ ਕਿਤੇ ਨਸ਼ੇ ਕਾਰਨ ਖਤਮ ਹੋਏ ਨੌਜਵਾਨ ਦੀ ਅਰਥੀ ਰੱਖ ਕੇ ,ਨਸ਼ੇ ਬੰਦ ਕਰਨ ਲਈ ਰੋਸ ਜਹਿਰ ਕੀਤਾ ਜਾਂਦਾ ਹੈ ਤਾਂ ਪੁਲਿਸ ਅਧਿਕਾਰੀ ਆਖਦੇ ਹਨ ਤੁਹਾਡਾ ਸਮਾਜ ਦਾ  ਵੀ ਫਰਜ਼ ਬਣਦਾ ਹੈ ਸਾਡੀ ਮਦਦ ਕਰੋ। ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਨੱਥ ਪਾਈ ਜਾ ਸਕੇ।

ਰਾਜਵਿੰਦਰ ਰੌਂਤਾ

ਪ੍ਰੰਤੂ  ਪਰਵਿੰਦਰ ਸਿੰਘ ਝੋਟਾ ਜੋਕਿ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਖ਼ਿਲਾਫ਼ ਲੜਾਈ ਲੜਦਾ ਆ ਰਿਹਾ ਹੈ ਨਸ਼ੇ ਵੇਚਣ ਵਾਲੇ ਹੱਥੋਂ ਹੀ ਹਲਾਕ ਹੋ ਗਿਆ। ਇਹ ਕਾਂਡ ਸਿਰਫ ਝੋਟੇ ਦਾ ਕਤਲ ਹੀ ਨਹੀਂ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਲਈ ਚੇਤਾਵਨੀ ਹੈ। ਲੋਕਾਂ ਨੂੰ ਆਰ ਪਾਰ ਦੀ ਲੜਾਈ ਆਪਣੀ ਹਿੱਕ ਦੀ ਜ਼ੋਰ ਤੇ ਲੜਨ ਦਾ ਸੁਨੇਹਾਂ ਹੈ। ਜਿਨ੍ਹਾਂ ਦੇ ਚਿਰਾਗ ਬੁੱਝ ਗਏ ਉਹਨਾਂ ਨੂੰ ਪੁੱਛੋ,,ਲੋਕ ਲੱਜ ਨੂੰ ਹਾਰਟ ਅਟੈਕ ਦਾ ਬਹਾਨਾ ਲਗਾਇਆ ਜਾ ਰਿਹਾ ਹੈ। ਆਪਣੀ ਨਸਲ ਪੰਜਾਬ ਵਿਰਾਸਤ ਤੇ ਮਿੱਟੀ ਬਚਾਉਣ ਲਈ ਪਰਮਿੰਦਰ ਸਿੰਘ ਝੋਟੇ ਵਾਂਗ ਜਾਨ ਹਥੇਲੀ ਰੱਖਣੀ ਪਵੇਗੀ। ਉਮੀਦ ਹੈ ਕਿ ਸਰਕਾਰ ਵੀ ਇਸ ਘਟਨਾ ਨੂੰ ਆਮ ਵਜੋਂ ਨਹੀਂ ਲਵੇਗੀ ਅਤੇ ਪੰਜਾਬ ਦੇ ਬਾਪੂਆਂ ਚਾਚਿਆਂ ਮਾਵਾਂ ਦੀਆਂ ਦੁਆਵਾਂ ਲਵੇਗੀ।

ਰਾਜਵਿੰਦਰ ਰੌਂਤਾ

Show More

Related Articles

Leave a Reply

Your email address will not be published. Required fields are marked *

Back to top button
Translate »