ਪੰਜਾਬ ਦੇ ਹੀਰਿਆਂ ਦੀ ਗੱਲ

ਅਮਰੀਕਾ ਪਹੁੰਚ ਕੇ ਵੀ ਜੜਾਂ ਨਾਲ ਜੁੜਿਆ ਹੈ ਗੁਰਪ੍ਰੀਤ ਸਿੰਘ ਚੰਦਬਾਜਾ


ਆਖਰੀ ਦਮ ਤੱਕ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਦਾ ਰਹਾਂਗਾ- ਚੰਦਬਾਜਾ

           ਕਹਿੰਦੇ ਨੇ ਕਦੇ ਵੀ ਕਿਸੇ ਚੀਜ਼ ਦਾ ਬੀਜ਼ ਨਾਸ ਨਹੀਂ ਹੁੰਦਾ। ਅੱਜ ਕੱਲ ਜਦੋਂ ਚਾਰ-ਚੁਫੇਰੇ ਲੁੱਟ-ਘਸੁੱਟ, ਹੇਰਾ-ਫੇਰੀ, ਠੱਗੀ-ਠੋਰੀ ਦਾ ਬੋਲਬਾਲਾ ਹੈ। ਬਜ਼ੁਰਗ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਭੈਣਾਂ ਭਰਾਵਾਂ ਦੇ ਕਚਹਿਰੀਆਂ ਵਿੱਚ ਕੇਸ ਚੱਲ ਰਹੇ ਹਨ ਤਾਂ ਇਸ ਭੱਜ ਦੌੜ ਦੀ  ਜ਼ਿੰਦਗੀ ਦੇ ਦੌਰ ਵਿਚ ਕੁੱਝ ਵਿਅਕਤੀ ਵਿਸ਼ੇਸ਼, ਕੁੱਝ ਸੰਸਥਾਵਾਂ ਮਨੁੱਖਤਾ ਦੇ ਭਲੇ ਲਈ ਕੰਮ ਕਰ ਰਹੀਆਂ ਹਨ। ਜਿਨ੍ਹਾਂ  ਵਿੱਚ ਪਿਛਲੇ ਡੇਢ ਦੁਹਾਕੇ ਤੋਂ ਗੁਰਪ੍ਰੀਤ ਸਿੰਘ ਚੰਦਬਾਜਾ ਦਾ ਨਾਂ ਇੱਕ ਸਮਾਜਸੇਵੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਹੈ। 1972 ਨੂੰ ਪਿਤਾ ਸ: ਦਿਲਾਵਰ ਸਿੰਘ ਬਰਾੜ ਅਤੇ ਸਵ.  ਮਾਤਾ ਕਰਨੈਲ ਕੌਰ ਦੇ ਘਰ ਪਿੰਡ ਚੰਦਬਾਜਾ ( ਫਰੀਦਕੋਟ) ਵਿੱਚ ਜਨਮੇ ਸਲੱਗ ਪੁੱਤ ਗੁਰਪ੍ਰੀਤ ਸਿੰਘ ਚੰਦਬਾਜਾ ਨੂੰ ਸਮਾਜਸੇਵਾ ਦੀ ਲਾਗ ਛੋਟੀ ਉਮਰੇ ਹੀ ਲੱਗੀ ।2007 ਵਿੱਚ ਉਸ ਦੇ ਪਿੰਡ ਵਿੱਚ ਹੀ ਦੋ ਕਿਰਤੀ ਪ੍ਰੀਵਾਰਾਂ  ਦੇ ਮੈਂਬਰਾਂ  ਨੂੰ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਆ ਘੇਰਿਆ।

ਗੁਰਪ੍ਰੀਤ ਸਿੰਘ ਚੰਦਬਾਜਾ

ਉਹਨਾਂ ਦੀ ਮਦਦ ਲਈ  ਸਰਕਾਰੇ ਦਰਬਾਰੇ ਕਾਫ਼ੀ ਚਾਰਾਜੋਈ ਕੀਤੀ ਪਰ ਉਸ ਦੇ ਬਾਵਜੂਦ ਕੋਈ ਮਦਦ ਨਸੀਬ ਨਾ ਹੋਈ। ਗੁਰਪ੍ਰੀਤ ਸਿੰਘ ਚੰਦਬਾਜਾ ਦਾ ਪੀੜ੍ਹਤ  ਪ੍ਰੀਵਾਰਾਂ  ਦੀ ਤਰਸਯੋਗ ਹਾਲਤ ਦੇਖ ਕੇ ਦਿਲ ਪਸੀਚ ਗਿਆ। ਉਸ ਸਮੇਂ ਲੋਕ ਕੈਂਸਰ ਦਾ ਨਾਮ ਲੈਣ ਤੋਂ ਵੀ ਲੋਕ ਡਰਦੇ ਸਨ , ਉਹਨਾਂ ਸੋਚਿਆ ਕਿ ਪੰਜਾਬ ਦੇ ਕਿੰਨੇ ਹੋਰ ਲੋਕ ਆਰਥਿਕ ਤੰਗੀਆਂ ਕਰਕੇ ਕੈਂਸਰ ਦੀ ਬੀਮਾਰੀ ਦਾ ਇਲਾਜ ਨਹੀਂ ਕਰਵਾ ਸਕਦੇ ਹੋਣਗੇ । ਕਿਉਂ  ਨਾ ਇਹਨਾਂ ਦੇ ਇਲਾਜ ਦੀ ਅਵਾਜ਼ ਉਠਾਈ ਜਾਵੇ । ਉਸ ਦਿਨ ਤੋਂ ਹੀ ਚੰਦਬਾਜਾ ਨੇ  ਕੈਂਸਰ ਵਿਰੁੱਧ ਜੰਗ ਲੜਨ ਦੀ ਠਾਣ ਲਈ। ਉਸ ਨੇ ਆਪਣੇ ਪਿੰਡ ਵਿੱਚ  ‘ਭਾਈ ਘਨ੍ਹੱਈਆ  ਸੇਵਾ ਸੁਸਾਇਟੀ’ ਬਣਾ ਕੇ ਕੈਂਸਰ ਵਿਰੁੱਧ  ਜੰਗ ਛੇੜਨ ਦਾ ਮੁੱਢ ਬੰਨ ਲਿਆ। ਕੈਂਸਰ ਵਿਰੁੱਧ ਪਹਿਲਾ ਕਦਮ ਉਨਾਂ  ਕੈਂਸਰ ਦੀ ਬੀਮਾਰੀ ਤੋਂ ਪੀੜ੍ਹਤ ਮਰੀਜ਼ਾਂ ਦੇ ਮੁਫ਼ਤ ਇਲਾਜ / ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਕੈਂਸਰ ਦਾ ਇਲਾਜ ਸ਼ੁਰੂ ਕਰਨ ਦੀ ਮੰਗ ਉਠਾਉਣੀ ਸ਼ੁਰੂ ਕੀਤੀ ,  ਉਸ ਸਮੇਂ ਪੰਜਾਬ ਦੇ ਕੈਸਰ ਪੀੜ੍ਹਤ ਮਰੀਜ਼ਾਂ ਨੂੰ ਚੰੜੀਗ੍ਹੜ ਦਿੱਲੀ ਜਾਂ ਬੀਕਾਨੇਰ ਇਲਾਜ ਕਰਵਾਉਣ ਲਈ ਜਾਣਾ ਪੈਂਦਾ ਸੀ, ਉਸ ਸਮੇਂ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਟਰੇਨ ਦਾ ਨਾਮ ਕੈਂਸਰ ਟਰੇਨ ਪੈ ਗਿਆ ਸੀ,ਇਸ ਸਬੰਧੀ ਉਹਨਾ ਨੇ ਵਿਧਾਇਕਾਂ, ਮੰਤਰੀਆਂ, ਸਿਹਤ ਮੰਤਰੀ/ਮੁੱਖ ਮੰਤਰੀ ਪੰਜਾਬ , ਰਾਜਪਾਲ ਪੰਜਾਬ, ਐਮ਼ ਪੀ਼ , ਕੇਂਦਰੀ ਸਿਹਤ ਮੰਤਰੀ, ਪ੍ਰਧਾਨ ਮੰਤਰੀ, ਰਾਸ਼ਟਰਪਤੀ ਨੂੰ ਤੱਥਾਂ ਸਮੇਤ ਚਿੱਠੀ ਪੱਤਰ 2007 ਵਿੱਚ ਭੇਜਣੇ ਸ਼ੁਰੂ ਕੀਤੇ ਸਨ। ਉਹਨਾਂ ਤੇ ਅਮਲ 2009 ਵਿੱਚ ਸ਼ੁਰੂ ਹੋਇਆ ਜਦੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਕੈਂਸਰ ਦਾ ਇਲਾਜ ਸ਼ੁਰੂ ਹੋਇਆ,  ਸੋ ਅੱਜ ਪੰਜਾਬ ਹੀ ਨਹੀਂ  ਗੁਆਂਢੀ ਰਾਜਾਂ ਤੋ ਰੋਜ਼ਾਨਾ 200-250 ਮਰੀਜ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਇਲਾਜ ਕਰਵਾਉਣ ਆ ਰਹੇ ਹਨ।


ਉਸ ਤੋ ਬਾਅਦ 2009 ਵਿੱਚ ਚੰਦਬਾਜਾ ਨੇ ਕੈਂਸਰ ਮਰੀਜ਼ਾਂ ਦੇ  ਮੁਫ਼ਤ ਇਲਾਜ ਲਈ 200 ਦੇ ਲੱਗਭਗ ਫਰੀਦਕੋਟ , ਮੋਗਾ, ਬਠਿੰਡਾ , ਫ਼ਿਰੋਜ਼ਪੁਰ ਅਤੇ ਸ਼੍ਰੀ ਮੁਕਤਸਰ ਸਾਹਿਬ ਦੀਆਂ ਗ੍ਰਾਮ ਪੰਚਾਇਤਾਂ ਅਤੇ ਕਲੱਬਾਂ ਵੱਲੋ ਮਤੇ ਪਵਾ ਕੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਸਮੇਂ ਸਮੇਂ ਭੇਜੇ ਗਏ ,ਉਸ ਸਮੇਂ ਕੇਂਦਰ ਅਤੇ ਪੰਜਾਬ ਸਰਕਾਰ ਦੀ ‘ਪੰਜਾਬ ਨਿਰੋਗੀ ਯੋਜਨਾ’ ਚੱਲਦੀ ਸੀ। ਜਿਸ ਅਧੀਨ ਡੇਢ ਲੱਖ ਰੁਪਏ ਤੱਕ ਇਲਾਜ ਲਈ ਸਹਾਇਤਾ ਸਿਰਫ਼ ਬੀ.ਪੀ.ਐਲ  ਕਾਰਡ ਧਾਰਕ ਨੂੰ ਮਿਲਦੀ ਸੀ ,ਚੰਦਬਾਜਾ ਨੇ ਮਤਿਆਂ ਵਿੱਚ ਲਿਖਿਆ ਕਿ ਕੈਂਸਰ ਦੀ ਬੀਮਾਰੀ ਬੀ. ਪੀ. ਐਲ. ਕਾਰਡ ਦੇਖ ਕੇ ਨਹੀਂ ਆਉਂਦੀ। ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਲਈ ਇਸ ਬੀਮਾਰੀ ਦਾ ਇਲਾਜ ਕਰਵਾਉਣਾ ਬਹੁਤ ਔਖਾ ਹੈ , ਬੀਮਾਰ ਲੋਕਾਂ ਦੇ ਘਰ ਜ਼ਮੀਨਾਂ ਵਿਕ ਰਹੇ ਹਨ ਅਤੇ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਛੁੱਟ ਰਹੀ ਹੈ । ਇਸ ਲਈ ਸਾਰੇ ਮਰੀਜ਼ਾਂ ਨੂੰ ਇਹ ਸਹੂਲਤ ਦਿੱਤੀ ਜਾਵੇ । ਇਸ ਬੇਨਤੀ ਪੱਤਰ ਨੂੰ ਪਰਵਾਨ ਕਰਦਿਆਂ 2011 ਵਿੱਚ ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਕੈਂਸਰ ਰਾਹਤ ਫੰਡ’ ਯੋਜਨਾ ਤਹਿਤ ਹਰ ਮਰੀਜ਼ ਨੂੰ ਡੇਢ ਲੱਖ ਰੁਪਏ ਇਲਾਜ ਲਈ ਦੇਣੇ ਪ੍ਰਵਾਨ ਕਰ ਲਏ। ਜੋ ਅੱਜ ਵੀ ਮਿਲ ਰਹੇ ਹਨ ।


ਗੁਰਪ੍ਰੀਤ ਸਿੰਘ ਚੰਦਬਾਜਾ ਦੇ ਇਸ ਮਹਾਨ ਕਾਰਜ ਨੂੰ ਦੇਖਦੇ ਹੋਏ ਮੌਜੂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ: ਕੁਲਤਾਰ ਸਿੰਘ ਸੰਧਵਾਂ, ਮੱਘਰ ਸਿੰਘ, ਡਾ: ਮਨਜੀਤ ਸਿੰਘ ਜੌੜਾ ,ਡਾ: ਹਰਜਿੰਦਰ ਸਿੰਘ ਵਾਲੀਆ (ਪਟਿਆਲ਼ਾ )ਅਤੇ ਹਰਵਿੰਦਰ ਸਿੰਘ ਮਰਵਾਹ ਵਰਗੀਆਂ ਕਈ ਹੋਰ ਸ਼ਖਸ਼ੀਅਤਾ  ਵੀ ਚੰਦਬਾਜਾ ਨਾਲ ਆ ਜੁੜੀਆਂ ਤਾਂ 2011 ਵਿੱਚ ਫਰੀਦਕੋਟ ਵਿਖੇ ‘ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫਰੀਦਕੋਟ (ਪੰਜਾਬ) ਦਾ ਗਠਨ ਕੀਤਾ ਗਿਆ। ਉਪਰੰਤ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਲੋੜਵੰਦ ਮਰੀਜ਼ਾਂ ਨੂੰ ਸਹਾਇਤਾ ਦੇਣ ਦਾ ਕਾਰਜ ਸ਼ੁਰੂ ਕੀਤਾ ਗਿਆ। ਜਿਸ ਤਹਿਤ ਦਾਨੀ ਵੀਰਾਂ ਦੇ ਸਹਿਯੋਗ ਨਾਲ ਹੁਣ ਤੱਕ ਲੱਗਭਗ 2500-3000 ਮਰੀਜ਼ਾਂ ਦੀ ਇਲਾਜ ਲਈ ਸੁਸਾਇਟੀ ਵੱਲੋ ਆਰਥਿਕ ਸਹਾਇਤਾ ਕੀਤੀ ਜਾ ਚੁੱਕੀ ਹੈ। ਕੈਂਸਰ ਦੇ ਮਰੀਜ਼ਾਂ ਨੂੰ ਹੋਰ ਫਾਇਦਾ ਪਹੁੰਚਾਉਣ ਦੇ ਲਈ 2010 ਵਿੱਚ ਉਸ ਸਮੇਂ ਦੇ ਟਰਾਂਸਪੋਰਟ ਮੰਤਰੀ ਮਾਸਟਰ ਮੋਹਨ ਲਾਲ ਨੂੰ ਮਿਲ ਕੇ ਕੈਂਸਰ ਦੇ ਮਰੀਜ਼ ਅਤੇ  ਇੱਕ ਵਾਰਸ ਨੂੰ ਮੁਫਤ ਬੱਸ ਸਫਰ ਦੀ ਸਹੂਲਤ ਦਿਵਾਈ ਗਈ। ਜੋ ਅੱਜ ਵੀ ਜਾਰੀ ਹੈ। ਕੈਂਸਰ ਪੀੜਤਾਂ  ਨੂੰ ਸੁਸਾਇਟੀ ਵੱਲੋ ਇਲਾਜ ਲਈ ਦਿੱਤੀ ਜਾਂਦੀ ਦਵਾਈਆਂ ਦੀ ਸੇਵਾ ਸਮੇਂ  ਦਵਾਈਆਂ ਵਿੱਚ ਐਮ.ਆਰ.ਪੀ ਦੇ ਨਾਮ ਤੇ ਮਰੀਜ਼ਾਂ ਦੀ ਹੁੰਦੀ ਅੰਨ੍ਹੀ ਲੁੱਟ ਬਾਰੇ ਪਤਾ ਲੱਗਿਆ ਤਾਂ ਡਾ: ਮਨਜੀਤ ਸਿੰਘ ਜੌੜਾ (ਕੈਂਸਰ ਰੋਗਾਂ ਦੇ ਮਾਹਿਰ ) ਵੱਲੋਂ ਸੁਝਾਅ ਦਿੱਤਾ ਗਿਆ ਕਿ ਤੁਸੀਂ ਦਾਨੀ ਸੱਜਣਾ ਸਹਿਯੋਗ ਨਾਲ ਕਿੰਨੇ ਕੁ ਮਰੀਜ਼ਾਂ ਦੀ ਮਦਦ ਕਰ ਸਕੋਗੇ ,ਇਨਾਂ ਦਵਾਈਆਂ ਦੀ ਐਮ. ਆਰ. ਪੀ. ਅਤੇ ਖਰੀਦ ਵਿੱਚ ਬਹੁਤ ਵੱਡਾ ਫਰਕ ਹੈ। 1738.94 ਰੁ: ਵਾਲੀ ਦਵਾਈ ਦੀ ਕੀਮਤ 19800 ਰੁ: ਅਤੇ 611 ਰੁ: ਵਾਲੀ ਦਵਾਈ ਦੀ ਕੀਮਤ 7200 ਰੁ: ਆਦਿ ਲਿਖੀ ਹੋਈ ਹੈ। ਇਸ ਲੁੱਟ ਬਾਰੇ ਲੋਕਾਂ ਨੂੰ ਜਾਗਰੂਕ ਕਰੀਏ ਅਤੇ ਕਾਨੂੰਨੀ ਲੜਾਈ ਲੜਈਏ ।ਇਸ ਕਾਰਜ ਲਈ ਸੁਸਾਇਟੀ ਦੀ ਸਹਾਇਤਾ ਕਰਨ ਤੇ ਡਾ. ਸਾਹਿਬ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਕੈਂਸਰ ਦੇ ਮਰੀਜ਼ਾਂ ਦੀ ਹੋ ਰਹੀ ਇਸ ਅੰਨ੍ਹੀ ਲੁੱਟ ਪ੍ਰਤੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਾਣੂ ਕਰਵਾਇਆ ਗਿਆ। ਪਰ ਕਿਸੇ ਸਰਕਾਰ ਨੇ ਕੋਈ ਜਵਾਬ ਨਾ ਦਿੱਤਾ। ਥੱਕ ਹਾਰ ਕੇ ਸੁਸਾਇਟੀ ਨੇ ਮਾਣਯੋਗ ਚੀਫ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲ ਰੁੱਖ ਕੀਤਾ , ਇਕ ਚਿੱਠੀ ਚੰਦਬਾਜਾ ਨੇ ਦਵਾਈਆਂ ਵਿੱਚ ਹੁੰਦੀ ਲੁੱਟ ਬਾਰੇ ਪੂਰੇ ਤੱਥਾਂ ਨਾਲ ਲਿਖੀ ਤਾਂ  ਮਾਣਯੋਗ ਚੀਫ ਜਸਟਿਸ ਸਾਹਿਬ  ਨੇ ਇਸ ਚਿੱਠੀ ਨੂੰ ਜਨਹਿੱਤ- ਪਟੀਸ਼ਨ ਮੰਨ ਕੇ ਕਾਰਵਾਈ ਸ਼ੁਰੂ  ਕੀਤੀ  ਤੇ ਇਸ ਕੇਸ ਵਿੱਚ ਐਚ. ਸੀ. ਅਰੋੜਾ ਸੀਨੀਅਰ ਵਕੀਲ ਪੰਜਾਬ ਅਤੇ ਹਰਿਆਣਾ ਹਾਈ ਦੀਆਂ ਸੇਵਾਵਾਂ ਲਈਆਂ ਗਈਆਂ। ਇਸ ਕੋਸ਼ਿਸ਼ ਦਾ ਸਿੱਟਾ ਇਹ ਨਿਕਲਿਆ ਕਿ 156 ਦਵਾਈਆਂ ਦੀਆਂ ਕੀਮਤਾਂ  ਨਿਰਧਾਰਿਤ ਹੋਈਆ ਅਤੇ ਪੂਰੇ ਭਾਰਤ ਦੇ ਮਰੀਜ਼ਾਂ ਨੂੰ ਰਾਹਤ ਮਿਲੀ। ਇਸੇ ਦੌਰਾਨ ਹੀ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਵਿਖੇ ਕੁੱਝ ਡਾਕਟਰਾਂ ਅਤੇ ਕੈਮਿਸਟਾਂ ਵੱਲੋਂ ਮਰੀਜ਼ਾਂ ਦੀ ਕੀਤਾ ਜਾਂਦੀ ਲੁੱਟ ਤੋਂ ਰਾਹਤ ਦਿਵਾਉਣ ਲਈ ਕੀਤੇ ਜਾਂਦੇ  ਸੰਘਰਸ਼ ਨੂੰ ਦਬਾਉਣ ਲਈ  ਭ੍ਰਿਸ਼ਟ ਡਾਕਟਰਾਂ ਸਮੇਤ ਵਾਇਸ ਚਾਂਸਲਰ (ਬਾਬਾ ਫ਼ਰੀਦ ਹੈਲਥ ਯੂਨੀਵਰਸਿਟੀ ) ਨੇ ਚੰਦਬਾਜਾ ਅਤੇ ਸੰਧਵਾਂ  ਸਮੇਤ ਜਨਤਕ ਜੱਥੇਬੰਦੀਆਂ ਦੇ ਆਗੂਆਂ ਤੇ ਝੂਠਾ ਪਰਚਾ ਦਰਜ ਕਰਵਾਇਆ ਤਾਂ ਜੋ ਲਾਲਚੀ ਡਾਕਟਰ ਅਤੇ ਕੈਮਿਸਟ ਬੱਚ ਜਾਣ ਪਰ ਜੱਥੇਬੰਦੀਆਂ ਨੇ ਸੰਘਰਸ਼  ਹੋਰ ਤੇਜ ਕਰਕੇ ਮਰੀਜ਼ਾਂ ਦੀ ਹਸਪਤਾਲ ਵਿੱਚ ਹੁੰਦੀ ਲੁੱਟ ਬੰਦ ਕਰਵਾਈ ਅਤੇ ਕੈਮਿਸਟ ਨੂੰ ਜੇਲ ਭੇਜਿਆ। ਇਸ ਸ਼ੰਘਰਸ਼ ਵਿੱਚ 30 ਦੇ ਕਰੀਬ ਕਿਸਾਨ, ਮੁਲਾਜ਼ਮ , ਮਜ਼ਦੂਰ ਅਤੇ ਜੁਝਾਰੂ ਸਮਾਜਸੇਵੀ ਜਥੇਬੰਦੀਆਂ ਦਾ ਅਹਿਮ ਯੋਗਦਾਨ ਰਿਹਾ। ਇਸੇ ਦੌਰਾਨ ਪੰਜਾਬ ਵਿਚ ਕੈਂਸਰ ਦੇ ਮਰੀਜ਼ਾਂ ਦੇ ਅੰਕੜੇ ਇਕੱਠੇ ਕਰਨ ਲਈ ਸਰਵੇ ਕਰਵਾਉਣ ਦੀ ਮੰਗ ਕੀਤੀ , ਉਸ ਤੋਂ ਬਾਅਦ ਸਰਕਾਰ ਨੇ ਡੋਰ ਟੀ ਡੋਰ ਸਰਵਾ ਕਰਵਾਇਆ ।

ਇਸੇ ਤਰਾਂ ਕਾਲੇ ਪੀਲੀਏ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਆਪਣੀ ਲਪੇਟ ਵਿੱਚ ਲਿਆ  ਇਲਾਜ ਮਹਿੰਗਾ ਹੋਣ ਕਰਕੇ ਗਰੀਬ ਲੋਕ ਇਲਾਜ ਕਰਵਾਉਣ ਤੋਂ ਸਮਰੱਥ ਸਨ , 2014 ਵਿੱਚ ਚੰਦਬਾਜਾ ਨੇ ਮਾਲਵੇ ਦੀਆਂ 350 ਗ੍ਰਾਮ ਪੰਚਾਇਤਾਂ ਅਤੇ ਸਮਾਜਸੇਵੀ ਸੰਸਥਾਵਾਂ ਤੋ ਮਤੇ ਪਵਾਕੇ  ਕਾਲੇ ਪੀਲੀਏ ਦੇ ਮੁਫ਼ਤ ਇਲਾਜ ਦੀ ਮੰਗ ਸ਼ੁਰੂ ਕੀਤੀ ਜੋ ਕਿ  2016 ਵਿੱਚ ਪੰਜਾਬ ਸਰਕਾਰ ਨੇ ਪ੍ਰਵਾਨ ਕੀਤੀ , ਕਾਲੇ ਪੀਲੀਏ ਦਾ ਇਲਾਜ ਮੁਫ਼ਤ ਹੋਣਾ ਸ਼ੁਰੂ ਹੋਇਆ।

ਕੈਂਸਰ ਦੇ ਮਰੀਜ਼ਾਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਤੋਂ ਚਿੰਤਤ ਹੋ ਕੇ ਸੁਸਾਇਟੀ ਨੇ ਇਸ ਬੀਮਾਰੀ ਦੀ ਜੜ੍ਹ ਫੜਨ ਲਈ ਕਾਰਜ ਅਰੰਭੇ ਤਾਂ ਵੱਖ ਵੱਖ ਖੋਜਾਂ  ਵਿੱਚ ਪਾਇਆ ਗਿਆ ਕਿ ਮੁੱਖ ਕਾਰਨ ਪ੍ਰਦੂਸ਼ਿਤ ਵਾਤਾਵਰਨ , ਧਰਤੀ ਹੇਠਲਾ ਨਾ ਪੀਣ ਯੋਗ ਪਾਣੀ, ਬਦਲਿਆ ਮਨੁੱਖੀ ਰਹਿਣ-ਸਹਿਣ, ਕੀਟਨਾ਼ਸ਼ਕ ਦਵਾਈਆਂ ਅਤੇ ਖਾਦਾਂ ਦੀ ਅੰਧਧੁੰਦ ਵਰਤੋਂ ਹੈ ਤਾਂ ਸੁਸਾਇਟੀ ਵੱਲੋਂ ਮਾਹਰਾਂ ਦੀ ਟੀਮ ਨਾਲ ਲੈ ਕੇ ਪਿੰਡਾਂ, ਸ਼ਹਿਰਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਕੈਂਪ, ਸੈਮੀਨਾਰ, ਸਲਾਈਡ ਸ਼ੋਅ,ਡਾਕੂਮੈਟਰੀ ਫਿਲਮਾਂ , ਪੇਂਟਿੰਗ ਮੁਕਾਬਲਿਆ ਰਾਹੀ ਜਾਗਰੂਕਤਾ ਸ਼ੁਰੂ ਕੀਤੀ ਗਈ । ਹਰ ਸਾਲ 50 ਸਕੂਲਾਂ ਵਿੱਚ ਜਾਗਰੂਕਤਾ ਸੈਮੀਨਾਰ ਕੀਤੇ ਜਾਂਦੇ ਹਨ ਤਾਂ ਜੋ ਛੋਟਿਆਂ ਬੱਚਿਆਂ ਨੂੰ ਕੈਂਸਰ ਦੀ ਬਿਮਾਰੀ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾਵੇ । ਸੋ ਸੈਮੀਨਾਰ ਦੌਰਾਨ ਬੱਚਿਆਂ ਨੂੰ ਹਰ ਸਾਲ ਲੱਖਾਂ ਰੁਪਏ ਦੀ ਸ਼ਟੇਸ਼ਨਰੀ  ਮੁਹੱਈਆ ਕਰਵਾਈ ਜਾਂਦੀ ਹੈ। ਜਿਸ ਦੀ ਸੇਵਾ ‘ਕੋਟਕਪੂਰਾ ਗਰੁੱਪ ਆਫ ਫੈਮਲੀਜ਼’ ਬਰੈਂਪਟਨ ਵੱਲੋਂ ਕੀਤੀ ਜਾਂਦੀ ਹੈ। ਜਿਸ ਵਿੱਚ ਕੈਂਸਰ ਦੀ ਬਿਮਾਰੀ ,ਵਾਤਾਵਰਨ ਜਾਗਰੂਕਤਾ ਦੀ ਜਾਣਕਾਰੀ /ਤਸਵੀਰਾਂ ਅਤੇ ਮਾਟੋ ਪ੍ਰਿੰਟ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸੁਸਾਇਟੀ ਵੱਲੋ ਦੁਨੀਆਂ ਤੋ ਰੁਖਸਤ ਹੋ ਗਏ ਕੈਂਸਰ ਪੀੜ੍ਹਤ ਮਰੀਜ਼ਾਂ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ  ਦੋ ਦਰਜਨ ਤੋਂ ਵੱਧ ਬੱਚਿਆਂ ਦੀ +2 ਤੱਕ ਦੀ ਪੜਾਈ ਦੀ ਜ਼ਿੰਮੇਵਾਰੀ  ਵੀ ਸੁਸਾਇਟੀ ਨੇ 2012-13 ਤੋਂ ਚੁੱਕੀ ਹੋਈ ਹੈ ਅਤੇ ਹੋਰ ਬੱਚਿਆਂ ਵੀ ਸਮੇਂ ਸਮੇਂ ਗੋਦ ਲਿਆ ਜਾ ਰਿਹਾ ,ਉੱਚ ਸਿੱਖਿਆ  ਲਈ ਕੁੱਝ ਹੋਰ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ। ਜਿਵੇਂ ਭਾਈ ਜੈਤਾ ਜੀ ਫਾਊਡੇਸ਼ਨ ਅਤੇ ਨਿਸ਼ਕਾਮ ਸਿੱਖ ਵੈਲਫੇਅਰ ਕੌਸਿਲ ਨਵੀਂ ਦਿੱਲੀ । ਇਸ ਤੋਂ ਇਲਾਵਾ ਸੁਸਾਇਟੀ ਵੱਲੋ ਚਲਾਏ ਜਾਂਦੇ ਭਾਈ ਘਨ੍ਹੱਈਆ ਕੰਪਿਊਟਰ ਸੈਂਟਰ ਤੇ ਸੈਂਕੜੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਕੰਪਿਊਟਰ ਸਿੱਖਿਆ ਦਿੱਤੀ ਗਈ ਅਤੇ ਦਰਜਨਾਂ ਲੋੜਵੰਦਾਂ ਅੰਗਹੀਣਾਂ ਨੂੰ ਟਰਾਈ ਸਾਈਕਲ ਦਿੱਤੇ ਅਤੇ ਕੈਂਸਰ ਪੀੜਤ ਪਰਿਵਾਰਾਂ ਨੂੰ ਸਵੈ ਰੁਜ਼ਗਾਰ ਲਈ ਸਲਾਈ ਮਸ਼ੀਨਾਂ ਦਿੱਤੀਆਂ ਗਈਆਂ , ਪਿਛਲੇ ਸਮੇਂ ਦੌਰਾਨ ਹੜ੍ਹ ਪ੍ਰਭਾਵਤ ਇਲਾਕਿਆਂ ਅਤੇ ਕਰੋਨਾ ਸਮੇਂ ਦੌਰਾਨ ਸੇਵਾ ਕਾਰਜਾਂ ਵਿੱਚ ਵੱਧ ਚੜਕੇ ਸੇਵਾ ਕੀਤੀ।
ਕੈਂਸਰ ਮਰੀਜ਼ਾਂ ਲਈ ਸਮੇਂ ਸਮੇਂ ਖੂਨ ਦਾਨ ਕੈਂਪ ਲਗਾਏ ਗਏ।
’ਸਰਬੱਤ ਦਾ ਭਲਾ ਟਰੱਸਟ’ ਦੇ ਬਾਨੀ ਸ: ਐਸ. ਪੀ. ਸਿੰਘ ਉਬਰਾਏ ਨੂੰ ਬੇਨਤੀ ਕਰਕੇ  2014-15 ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਨੂੰ 50 ਬੈੱਡ ਦੇ ਕੈਂਸਰ ਵਾਰਡ  ਚਾਲੂ ਕਰਵਾਉਣ ਵਾਸਤੇ  ਉਬਰਾਏ ਸਾਹਿਬ ਤੋਂ ਵਾਰਡ ਵਾਸਤੇ ਸਾਜੋ ਸਮਾਨ ਮੁਹੱਈਆ ਕਰਵਾ ਕੇ ਵਾਰਡ ਚਾਲੂ ਕਰਵਾਉਣ ਅਤੇ 90 ਬੈੱਡ ਦੀ ਸਰਾਂ (ਰੈਣ ਬਸੇਰਾ)ਬਣਵਾਉਣ ਵਿੱਚ ਵਿਸ਼ੇਸ ਉਪਰਾਲਾ ਕੀਤਾ ।

2017 ਵਿੱਚ ਪੰਜਾਬੀ ਮਾਂ ਬੋਲੀ ਨਾਲ ਹੋ ਰਹੇ ਵਿਤਕਰੇ ਵਿਰੁੱਧ ਅਵਾਜ਼ ਉਠਾਈ ਜਦੋਂ ਨੈਸ਼ਨਲ ਹਾਈਵੇ 54 ਉੱਪਰ ਹਰੀਕੇ ਪੱਤਣ ਤੋਂ ਲੈ ਕੇ ਬਠਿੰਡੇ ਤੱਕ ਸਾਈਨ ਬੋਰਡਾਂ ਅਤੇ ਮੀਲ ਪੱਥਰਾਂ ਉੱਪਰ ਪੰਜਾਬੀ ਬੋਲੀ ਨੂੰ ਸਭ ਤੋਂ ਹੇਠਾਂ ਲਿਖਿਆ ਗਿਆ। ਪਹਿਲੇ ਨੰਬਰ ਤੇ ਅੰਗਰੇਜ਼ੀ ਦੂਜੇ ਤੇ ਹਿੰਦੀ ਤੇ ਤੀਜੇ ਨੰਬਰ ਤੇ ਗੁਰਮੁਖੀ ਨੂੰ ਲਿਖਿਆ ਗਿਆ , ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਕੋਈ ਸਾਹਿਤਕ ਸੰਸਥਾਂ ਨਹੀਂ ਪਰ ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਹੋਣ ਨਾਤੇ ਜਦੋਂ ਕੋਈ ਵੱਡੇ ਸਾਹਿਤਕਾਰ ਜਾਂ ਵੱਡੀ ਸਾਹਿਤਕ ਜੱਥੇਬੰਦੀ ਇਸ ਵਿਤਕਰੇ ਖ਼ਿਲਾਫ਼ ਨਾ ਬੋਲੇ ਤਾਂ ਸੁਸਾਇਟੀ ਵੱਲੋ ਵਿਤਕਰੇ ਖ਼ਿਲਾਫ਼ ਅਵਾਜ਼ ਉਠਾਉਣ ਦਾ ਉਪਰਾਲਾ ਕੀਤਾ , ਜਿਸ ਅਧੀਨ ਪਹਿਲਾਂ ਸੁਸਾਇਟੀ ਵੱਲੋਂ ਨੈਸ਼ਨਲ ਹਾਈਵੇਂ ਆਥਰਟੀ ਦੇ ਚੀਫ ਇੰਜੀਨੀਅਰ ਨੂੰ ਵਕੀਲਾਂ ਰਾਹੀਂ ਕਾਨੂੰਨੀ ਨੋਟਿਸ ਭੇਜਿਆ ਕਿ ਤੁਸੀਂ ਰਾਜ ਭਾਸ਼ਾ ਐਕਟ ਦੀ ਉਲ਼ੰਘਣਾ ਕਰਕੇ ਸਾਡੀ ਮਾਤ ਭਾਸ਼ਾ ਨਾਲ ਵਿਤਕਰਾ ਕੀਤਾ , ਇਸ ਦਾ ਜਵਾਬ ਦੇਵੋ। ਦੂਜੇ ਪਾਸੇ ਇਸ ਵਿਤਕਰੇ ਖ਼ਿਲਾਫ਼ ਲੋਕ ਲਾਮਬੰਦੀ ਆਰੰਭ ਕੀਤੀ , ਫਰੀਦਕੋਟ ਵਿਖੇ ਸੁਸਾਇਟੀ ਵੱਲੋ 5 ਨਵੰਬਰ2017  ਨੂੰ ਕਿਸਾਨ।  ਮੁਲਾਜ਼ਮ,ਸਮਾਜਸੇਵੀ ਸੰਸਥਾਵਾਂ ,ਮਾਲਵੇ ਦੇ ਸਾਹਿਤਕਾਰਾਂ ਅਤੇ ਪੰਜਾਬ ਹਿਤਾਇਸ਼ੀਆ ਦਾ ਵੱਡਾ ਇਕੱਠ ਰੱਖਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ , ਜਿਸ ਇਕੱਠ ਵਿੱਚ ਸਵ. ਸ. ਜਸਵੰਤ ਸਿੰਘ ਕੰਵਲ, ਪ੍ਰੋ. ਹਰਪਾਲ ਸਿੰਘ ਪੰਨੂੰ, ਸਤਨਾਮ ਮਾਣਕ ਸੀਨੀਅਰ ਪੱਤਰਕਾਰ, ਡਾ. ਹਰਜਿੰਦਰ ਸਿੰਘ ਵਾਲੀਆਂ , ਪ੍ਰੋ. ਭੀਮਇੰਦਰ ਸਿੰਘ ਸਮੇਤ ਸ਼ੈਕੜੇ ਨਾਮੀ ਸਖਸੀਅਤਾਂ ਪਹੁੰਚੀਆਂ । ਇਸੇ ਦੌਰਾਨ ਲੱਖੇ ਸਿਧਾਣੇ ਨੇ ਬੋਰਡਾਂ ਤੇ  ਕਾਲਖ  ਫੇਰ ਦਿੱਤੀ ਸੀ, ਇਸ ਸੰਘਰਸ਼  ਨੇ ਸਾਰੇ ਬੋਰਡਾਂ ਤੇ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਸਥਾਨ ਦਿਵਾਇਆ ,ਇਸ ਤੋਂ ਇਲਾਵਾ ਹਜ਼ਾਰਾਂ ੳ,ਅ,ੲ ਵਾਲੇ,ਚਾਬੀ ਵਾਲੇ ਛੱਲੇ ਮਾਂ ਬੋਲੀ ਪੁਰਫੁੱਲਤਾ ਵਾਸਤੇ ਵੰਡੇ ਹਨ। ਸਮੇਂ ਸਮੇਂ ਤੇ ਸੁਸਾਇਟੀ ਮਾਂ ਬੋਲੀ ਨਾਲ ਹੁੰਦੇ ਵਿਤਕਰੇ ਖ਼ਿਲਾਫ਼ ਅਵਾਜ਼ ਉਠਾਉਂਦੀ ਰਹਿੰਦੀ ਹੈ


                ਵਾਤਾਵਰਨ ਦੀ ਸ਼ੁੱਧਤਾ ਲਈ ਕੀਤੇ ਉਪਰਾਲੇ ਤਹਿਤ 2016 ਵਿੱਚ ਪਰਾਲੀ ਨਾ ਸਾੜਨ ਵਾਲੇ ਪੰਜਾਬ ਭਰ ਦੇ 50 ਕਿਸਾਨਾਂ ਦਾ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ।ਉਹਨਾਂ ਕਿਸਾਨਾਂ ਤੋਂ ਪ੍ਰੇਰਨਾ ਲੈ ਕੇ  ਪਿਛਲੇ 10 ਸਾਲਾਂ ਤੋਂ ਚੰਦਬਾਜਾ ਨੇ ਆਪਣੇ ਖੇਤ ਵਿੱਚ ਨਾੜ/ਪਰਾਲ਼ੀ ਨੂੰ ਬਿਲਕੁਲ ਅੱਗ ਨਹੀਂ ਲਗਾਈ , ਸੁਸਾਇਟੀ ਦੇ ਇਸ ਉਪਰਾਲੇ ਤੋਂ ਉਤ਼ਾਹਿਤ ਹੁੰਦਿਆਂ 2022 ਵਿੱਚ ਵਾਤਾਵਰਨ ਪ੍ਰੇਮੀ ਕਿਸਾਨਾਂ ਦੀ ਗਿਣਤੀ 2000 ਹੋ ਗਈ।ਕੋਟਕਪੂਰਾ, ਫਰੀਦਕੋਟ, ਬਠਿੰਡਾ, ਲੁਧਿਆਣਾ ਅਤੇ ਖੰਡੂਰ ਸਾਹਿਬ ਵਿਖੇ ਇਨਾਂ ਵਾਤਾਵਰਨ ਪ੍ਰੇਮੀ ਕਿਸਾਨਾਂ ਦਾ ਸਨਮਾਨ ਕੀਤਾ ਗਿਆ।


ਜਿੱਥੇ ਸੁਸਾਇਟੀ ਵੱਲੋ ਨਿੱਜੀ ਥਾਵਾਂ, ਸੜਕਾਂ ਦੁਆਲੇ ਅਤੇ ਸਾਂਝੀਆਂ ਥਾਵਾਂ ਤੇ
ਪਿੰਡਾਂ ਅਤੇ ਖੇਤਾਂ ਵਿੱਚ ਹੁਣ ਤੱਕ ਹਜ਼ਾਰਾਂ ਬੂਟੇ ਲਗਾਏ ਗਏ ਅਤੇ ਉਹਨਾਂ ਦੀ ਸਾਂਭ ਸੰਭਾਲ ਵੀ ਕੀਤੀ ਗਈ, ਉੱਥੇ ਹੀ ਪੁਰਾਣੇ ਰੁੱਖਾ ਨੂੰ ਬਚਾਉਣ ਦਾ ਉਪਰਾਲਾ ਵੀ ਕੀਤਾ ਗਿਆ, ਜਿਕਰਯੋਗ ਹੈ ਕਿ ਬੰਦ ਪਈ ਖੰਡ ਮਿੱਲ ਫਰੀਦਕੋਟ ਵਿੱਚੋਂ 30-35 ਸਾਲ ਪੁਰਾਣੇ ਰੁੱਖ ਪੁੱਟੇ ਜਾ ਰਹੇ ਸਨ ਉਹਨਾਂ ਨੂੰ   ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀਂ ਦਿੱਲੀ ਰਾਹੀਂ ਪਟੀਸ਼ਨ ਪਾ ਕੇ 1100 ਰੁੱਖਾਂ ਨੂੰ ਬਚਾਇਆ ਗਿਆ। ਇੱਥੇ ਇਹ ਵੀ ਜਿਕਰਯੋਗ ਹੈ ਕਿ ਬਠਿੰਡਾ ਤੋਂ ਲੈ ਕੇ ਹਰੀਕੇ ਪੱਤਣ ਤੱਕ ਨਵੀਂ ਬਣੀ ਸ਼ੜਕ ਨੈਸ਼ਨਲ ਹਾਈਵੇ 54 ਤੇ ਕੰਪਨੀ ਵੱਲੋਂ ਐਗਰੀਮੈਂਟ ਅਨੁਸਾਰ ਰੁੱਖ ਲਾਉਣ ਵਿੱਚ ਵੱਡੀ ਕੁਤਾਹੀ ਕੀਤੀ ਗਈ ਅਤੇ ਜੋ ਰੁੱਖ ਲਾਏ ਸਨ ਅਣਗਹਿਲੀ ਕਾਰਨ ਉਨਾਂ ਵਿਚੋਂ ਵੀ ਅੱਧੋਂ ਵੱਧ ਰੁੱਖ ਮਰ ਗਏ ਸਨ। ਸੁਸਾਇਟੀ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ  ਦੀਆਂ ਸੇਵਾਵਾਂ ਨਾਲ ਕੰਪਨੀ ਦਾ ਐਗਰੀਮੈਂਟ ਖਤਮ ਕਰਕੇ ਵਣ ਵਿਭਾਗ ਅਤੇ ਨੈਸ਼ਨਲ ਹਾਈਵੇ ਨੂੰ ਉਸ ਦੀ ਜ਼ਿੰਮੇਵਾਰੀ ਦਿਵਾਈ , ਜਿਸ ਤਹਿਤ ਨਵੇਂ 96000 ਰੁੱਖ ਦੁਬਾਰਾ ਸੜਕ ਤੇ ਲਗਵਾਏ ਗਏ , ਜੋ ਹੁਣ ਜੰਗਲ ਦਾ ਰੂਪ ਧਾਰਨ ਕਰ ਰਹੇ ਹਨ।


                     ਸੁਸਾਇਟੀ ਦਾ ਮੰਨਣਾ ਹੈ ਕਿ ਚੋਰ ਨਾਲ਼ੋਂ ਚੋਰ ਦੀ ਮਾਂ ਨੂੰ ਮਾਰੋ ਤਾਂ ਕਿ ਚੋਰ ਜੰਮੇ ਹੀ ਨਾ। ਇਸ ਸੋਚ ਦੇ ਤਹਿਤ ਹੀ
 ਦਰਿਆਵਾਂ ਅਤੇ ਨਹਿਰਾਂ ਵਿੱਚ ਸੁੱਟੇ ਜਾ ਰਹੇ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਲਈ ਪੰਜਾਬ ਭਰ ਦੀਆਂ ਨਾਮਵਰ ਸ਼ਖਸ਼ੀਅਤਾਂ ਵੱਲੋ ‘ਨਰੋਆ ਪੰਜਾਬ ਮੰਚ’ ਦਾ ਗੰਠਨ ਕੀਤਾ ਗਿਆ,ਜਿਸ ਦੇ ਕਨਵੀਨਰ ਵੀ ਗੁਰਪ੍ਰੀਤ ਸਿੰਘ ਚੰਦਬਾਜਾ ਨੂੰ ਹੀ ਬਣਾਇਆ ਗਿਆ। ਇਸ ਕਮੇਟੀ ਵੱਲੋ ਲੁਧਿਆਣੇ  ਅਤੇ ਜਲੰਧਰ ਦੇ  ਜ਼ਹਿਰੀਲੇ  ਪਾਣੀ ਦਾ ਮੁੱਦਾ ਉਠਾਇਆ ਗਿਆ , ਲੁਧਿਆਣੇ ਦੇ ਬੁੱਢੇ ਨਾਲ਼ੇ ਦੀ ਸਮੱਸਿਆ ਨੂੰ  ਲੈ ਕੇ ਪੰਜਾਬ ਸਰਕਾਰ ਤੋਂ ਇਲਾਵਾ ਕੇਂਦਰੀ ਜਲ ਸਰੋਤ ਮੰਤਰੀ ਸ਼੍ਰੀ ਗਜੇਂਦਰ ਸ਼ੇਖ਼ਾਵਤ ਅਤੇ  ਲੋਕ ਸਭਾ ਦੇ ਸਪੀਕਰ ਸ਼੍ਰੀ ਓਮ ਬਿਰਲਾਂ ਨਾਲ ਦਿੱਲੀ ਵਿਖੇ ਮੀਟਿੰਗਾਂ ਕੀਤੀਆਂ ਗਈਆਂ।ਉਹਨਾਂ ਨੂੰ ਦੱਸਿਆ ਗਿਆ ਕਿ ਇਸ ਜ਼ਹਿਰਲੇ ਪਾਣੀ ਕਾਰਨ ਪੰਜਾਬ ਅਤੇ ਰਾਜਸਥਾਨ ਦੇ ਮਨੁੱਖਾਂ, ਪਸ਼ੂਆਂ , ਜਾਨਵਰਾਂ ਨੂੰ ਬਿਮਾਰੀਆਂ ਨੇ ਆਣ ਘੇਰਿਆ ਹੈ। ਇਸ ਦਾ ਹੱਲ ਕੀਤਾ ਜਾਵੇ। ਪਿਛਲੇ ਸਮੇਂ ਦੌਰਾਨ ਲੱਗਭਗ 750 ਕਰੋੜ ਰੁਪਏ ਟਰੀਟਮੈਟ ਪਲਾਂਟਾਂ ਲਈ  ਕੇਂਦਰ ਨੇ ਜਾਰੀ ਕੀਤੇ। ਜਿਸ ਦਾ ਕੰਮ ਚੱਲ ਰਿਹਾ ਹੈ। ਵੱਡੀ ਆਸ ਹੈ ਕਿ ਆਉਣ ਸਮੇਂ ਵਿੱਚ ਜ਼ਹਿਰਲੇ ਪਾਣੀ ਤੋਂ  ਰਾਹਤ ਮਿਲੇਗੀ ।ਕੁਝ ਟਰੀਟਮੈਟ ਪਲਾਂਟ ਚੱਲ ਪਏ ਹਨ । ਪਿਛਲੇ ਸਮੇਂ ਦੌਰਾਨ  ਵੱਡੇ ਇਕੱਠ ਰੱਖਕੇ ਇਸ ਬਾਰੇ ਲੋਕਾਂ ਲਾਮਬੰਦ ਕੀਤਾ। ਮੱਤੇਵਾੜਾ ਜੰਗਲ ਨੂੰ ਬਚਾਉਣ  ਲਈ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ‘ਨਰੋਆ ਪੰਜਾਬ ਮੰਚ’ ਵਿੱਚ ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ (ਤਖਤ ਸ਼੍ਰੀ ਦਮਦਮਾ ਸਾਹਿਬ ) ਕੁਲਤਾਰ ਸਿੰਘ ਸੰਧਵਾਂ ,
ਸਤਨਾਮ ਸਿੰਘ ਮਾਣਕ ਸੀਨੀਅਰ ਪੱਤਰਕਾਰ,ਇੰਜ: ਜਸਕੀਰਤ ਸਿੰਘ ਲੁਧਿਆਣਾ , ਡਾ. ਪਿਆਰੇ ਲਾਲ ਗਰਗ ,ਸਵ.  ਡਾ. ਅਮਰ ਸਿੰਘ ਅਜ਼ਾਦ , ਡਾ. ਅਮਰਜੀਤ ਸਿੰਘ ਮਾਨ ਸੰਗਰੂਰ, ਓਮੇਂਦਰ ਦੱਤ, ਬਲਤੇਜ ਪੰਨੂ, ਸਵਰਨ ਸਿੰਘ ਦਾਨੇਵਾਲੀਆ ਆਦਿ ਸ਼ਖਸ਼ੀਅਤਾ ਸ਼ਾਮਲ ਸਨ।

ਇਸ ਤੋਂ ਇਲਾਵਾ 2022 ਦੀਆਂ ਚੋਣਾਂ ਦੌਰਾਨ ‘ ਪੰਜਾਬ ਵਾਤਾਵਰਨ ਚੇਤਨਾ ਲਹਿਰ’ ਚਲਾਈ ਗਈ। ਇਸ ਲਹਿਰ ਦੇ ਕੋਆਰਡੀਨੇਟਰ ਵੀ ਗੁਰਪ੍ਰੀਤ ਸਿੰਘ ਚੰਦਬਾਜਾ ਨੂੰ ਹੀ ਥਾਪਿਆ ਗਿਆ। ਜਿਸ ਵਿੱਚ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ), ਬਾਬਾ ਸੇਵਾ ਸਿੰਘ ਖੰਡੂਰ ਸਾਹਿਬ, ਸੰਤ ਬਲਬੀਰ ਸਿੰਘ ਸੀਚੇਵਾਲ, ਡਾ: ਇੰਦਰਜੀਤ ਕੌਰ (ਪਿੰਗਲਾੜਾ ਸ੍ਰੀ ਅੰਮ੍ਰਿਤਸਰ),ਸੰਤ ਗੁਰਮੀਤ ਸਿੰਘ ਖੋਸਿਆਂ ਵਾਲੇ, ਸ: ਕਾਹਨ ਸਿੰਘ ਪੰਨੂੰ (ਸਾਬਕਾ ਆਈ. ਏ. ਐਸ.), ਇੰਜ: ਜਗਜੀਤ ਸਿੰਘ ਲੁਧਿਆਣਾ, ਗੁਰਚਰਨ ਸਿੰਘ ਨੂਰਪੁਰ (ਕਾਲਮ ਨਵੀਸ) ਆਦਿ ਸ਼ਖਸ਼ੀਅਤਾਂ ਸ਼ਾਮਲ ਸਨ। ਇਸ ਲਹਿਰ ਤਹਿਤ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵਾਤਾਵਰਨ ਦਾ ਮੁੱਦਾ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਲਈ ਪੁਰਜ਼ੋਰ ਅਪੀਲ ਕੀਤੀ ਗਈ। ਉੱਥੇ ਹੀ ਚੇਤਨਾ ਲਹਿਰ ਵੱਲੋ ਗਰੀਨ ਮਨੋਰਥ ਪੱਤਰ ਤਿਆਰ ਕਰਕੇ ਰਾਜਨੀਤਿਕ ਪਾਰਟੀਆਂ ਦਿੱਤਾ ਗਿਆ। ਜਿਸ ਵਿੱਚ ਸਤਲੁਜ, ਬਿਆਸ ਤੇ ਘੱਗਰ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਹਨਾਂ ਵਿੱਚ ਪੈਣ ਵਾਲੇ ਬੁੱਢਾ ਨਾਲਾ, ਚਿੱਟੀ ਵੇਈਂ, ਕਾਲਾ ਸੰਘਿਆਂ ਡ੍ਰੇਨ ਆਦਿ ਬਾਰੇ, ਧਰਤੀ ਹੇਠਲਾ ਪਾਣੀ ਬਾਰੇ ਕੇਂਦਰੀ ਭੂਜਲ ਬੋਰਡ ਦੀ 2019 ਦੀ ਰਿਪੋਰਟ ਜੋਕਿ 2013 ਤੋਂ 2017 ਦੇ ਖੋਜ ਅੰਕੜਿਆਂ ਤੇ ਅਧਾਰਿਤ ਹੈ ਮੁਤਾਬਿਕ ਪੰਜਾਬ ਦਾ ਧਰਤੀ ਹੇਠਲਾ ਪਾਣੀ 16 ਕੁ ਸਾਲ ਦਾ ਹੀ ਰਹਿ ਗਿਆ ਉਸ ਬਾਰੇ ਵੀ ਗੱਲ ਕੀਤੀ ਗਈ। ਨਾਲ ਹੀ 33% ਰਕਬਾ ਜੰਗਲਾਂ ਅਧੀਨ ਚਾਹੀਦਾ ਹੈ। ਪੰਜਾਬ ਵਿੱਚ ਇਹ ਘੱਟ ਕੇ ਕੇਵਲ 3.67% ਰਹਿ ਗਿਆ ਹੈ, ਜਲਗਾਹਾਂ,ਹਵਾ ,ਜਲਵਾਯੂ ਪਰਿਵਰਤਨ ਆਦਿ ਬਾਰੇ ਵਿਸਥਾਰ ਨਾਲ ਗਰੀਨ ਮਨੋਰਥ ਪੱਤਰ ਵਿਚ ਦੱਸਿਆ ਗਿਆ , ਆਉਣ ਵਾਲੀਆਂ ਪੀੜ੍ਹੀਆਂ ਦੇ ਤੰਦਰੁਸਤ ਭਵਿੱਖ ਲਈ ਸਰਕਾਰਾਂ ਅਤੇ ਲੋਕਾਂ ਨੂੰ ਇਸ ਤੇ ਗੰਭੀਰਤਾ ਨਾਲ ਕੰਮ ਕਰਨ ਲਈ ਅਪੀਲ ਕੀਤੀ ਗਈ।


                ਇੱਥੇ ਕਾਬਲੇ ਗ਼ੌਰ ਹੈ ਕਿ ਜਦੋਂ ਕੇਂਦਰ ਸਰਕਾਰ ਨੇ ਕਾਲੇ ਕਾਨੂੰਨਾਂ ਸਬੰਧੀ ਆਰਡੀਨੈਂਸ ਲਿਆਂਦੇ ਤਾਂ ਕੇਂਦਰ ਸਰਕਾਰ ਨੇ ਆਪਣੇ ਪੇਜ ‘ਮਾਈ ਗੌਰਮਿੰਟ ਇੰਡੀਆ’ ਤੇ ਆਰਡੀਨੈਂਸ ਨੂੰ ਕਿਸਾਨ ਪੱਖੀ ਦੱਸਣ ਲਈ ਗੂਗਲ ਤੋ ਚੁੱਕ ਕੇ ਖੇਤ ਵਿੱਚ ਕੰਮ ਕਰਦੇ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਪੋਸਟਰ ਤੇ ਛਾਪ ਦਿੱਤੀ  , ਸਾਰੀਆਂ ਭਾਸ਼ਾਵਾਂ ਵਿੱਚ ਉਹ ਇਸ਼ਤਿਹਾਰ ਛਪਿਆ ਸੀ , ਜਦੋਂ ਚੰਦਬਾਜਾ ਨੂੰ ਉਸ ਬਾਰੇ ਪਤਾ ਲੱਗਿਆ ਤਾਂ ਉਹਨਾਂ ਕੇਂਦਰ ਸਰਕਾਰ ਦੀ ਇਸ ਹਰਕਤ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਮੈਂ ਤਾਂ ਇਸ ਕਾਲੇ ਕਾਨੂੰਨ ਦਾ ਵਿਰੋਧੀ ਹਾਂ, ਮੇਰੀ ਫੋਟੋ ਕਿਸ ਨੂੰ ਪੁੱਛ ਕੇ ਲਗਾਈ ਗਈ , ਨੈਸ਼ਨਲ ਮੀਡੀਏ ਵਿੱਚ ਬਹੁਤ ਚਰਚਾ ਹੋਈ ਤਾਂ ਉਹ ਫੋਟੋ ਕੇਂਦਰ ਦੇ ਪੋਟਲ ਤੋਂ ਲੁਹਾਈ , ਇਸ ਦਲੇਰੀ ਭਰੇ ਫੈਸਲੇ ਤੇ ਕਿਸਾਨ ਜੱਥੇਬੰਦੀਆ ਦੇ ਸਟੇਟ ਆਗੂਆਂ ਵੱਲੋਂ ਚੰਦਬਾਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।

ਅੱਜ ਗੁਰਪ੍ਰੀਤ ਸਿੰਘ ਚੰਦਬਾਜਾ ਭਾਵੇਂ ਅਮਰੀਕਾ ਦੇ ਸ਼ਹਿਰ ਬੇਲਿੰਘਮ (ਨੇੜੇ ਸਿਆਟਲ) ਵਿੱਚ ਪ੍ਰੀਵਾਰ ਸਮੇਤ ਰਹਿ ਰਿਹਾ ਹੈ। ਪਰ ਆਪਣੀ ਜਨਮ ਭੂਮੀ ਨਾਲ ਮੋਹ ਪਹਿਲਾਂ ਦੀ ਤਰਾਂ ਹੀ ਬਰਕਰਾਰ ਹੈ। ਆਪਣੇ ਪੰਜਾਬ ਲਈ ਉਹ ਅੱਜ ਪਹਿਲਾਂ ਨਾਲੋਂ ਵੀ ਫਿਕਰਮੰਦ ਹੈ। ਇਸ ਲਈ ਹੀ ਉਹ ਅੱਜ ਵੀ ਆਪਣੇ ਸਹਿਯੋਗੀਆਂ ਦਾ ਹੁਕਮ ਮੰਨ ਕੇ ਸੁਸਾਇਟੀ ਦੇ ਪ੍ਰਧਾਨ ਦੀ ਸੇਵਾ ਨਿਭਾ ਰਿਹਾ ਹੈ। ਜਿੱਥੇ ਉਸ ਨੇ 2017 ਤੋਂ ਪਰਾਲੀ ਸਾੜਨੀ ਬੰਦ ਕਰ ਦਿੱਤੀ ਸੀ ਉੱਥੇ ਉਸ ਨੇ ਹੁਣ ਆਪਣੇ ਖੇਤ ਵਿੱਚ ਜੰਗਲ ਲਾਉਣ ਦੀ ਯੋਜਨਾ ਬਣਾ ਲਈ ਹੈ ਅਤੇ ਆਪਣੇ ਐਨ.ਆਰ. ਆਈ. ਭਰਾਵਾਂ ਨੂੰ ਆਪਣੇ ਆਪਣੇ ਖੇਤਾਂ ਵਿੱਚ (ਕੁੱਝ ਥਾਂ ਤੇ)ਰਵਾਇਤੀ ਰੁੱਖਾਂ ਦੇ ਜੰਗਲ ਲਾਉਣ ਲਈ ਪੁਰਜੋਰ ਅਪੀਲ ਵੀ ਕੀਤੀ ਹੈ। ਇਸ ਦੇ ਨਾਲ ਨਾਲ ਉਹ ਇੱਕ ਕਿਰਤੀ ਸਫਲ ਕਿਸਾਨ ਵੀ ਹੈ। ਉਸ ਨੇ ਕਣਕ, ਝੋਨੇ ਦੀ ਫ਼ਸਲ ਤੇ ਕਈ ਨਵੇਂ ਤਜਰਬੇ ਵੀ ਕੀਤੇ ਹਨ। ਗੁਰਪ੍ਰੀਤ ਸਿੰਘ ਚੰਦਬਾਜਾ ਦਾ ਕਹਿਣਾ ਹੈ ਕਿ ਉਹ ਆਖਰੀ ਦਮ ਤੱਕ ਪੰਜਾਬ ਅਤੇ ਪੰਜਾਬੀਅਤ ਲਈ ਤਨ ਮਨ ਧਨ ਨਾਲ ਸੇਵਾ ਕਰਦਾ ਰਹੇਗਾ। ਗੁਰਪ੍ਰੀਤ ਚੰਦਬਾਜਾ ਆਪਣੇ ਸਹਿਯੋਗੀ ਸੱਜਣਾਂ ਅਤੇ ਸੰਸਥਾਵਾਂ ਦਾ ਵਾਰ  ਵਾਰ ਧੰਨਵਾਦ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਏਨੇ ਵੱਡੇ ਕਾਰਜ ਕਰਨੇ ਕਿਸੇ ‘ਕੱਲੇ ਕਹਿਰੇ ਇਨਸਾਨ ਦੇ ਵੱਸ ਦੀ ਗੱਲ ਨਹੀਂ। ਅਸੀਂ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਗੁਰਪ੍ਰੀਤ ਸਿੰਘ ਚੰਦਬਾਜਾ ਨੂੰ ਵਤਨ ਦੀ ਸੇਵਾ ਕਰਨ ਲਈ ਹੋਰ ਬੁੱਧੀ ਅਤੇ ਬਲ ਬਖਸ਼ਣ।

  ਜਸਵੀਰ ਸਿੰਘ ਭਲੂਰੀਆ


                ਜਸਵੀਰ ਸਿੰਘ ਭਲੂਰੀਆ
               ਸਰੀ (ਬੀ.ਸੀ.) ਕੈਨੇਡਾ
           +92-99159-95505
           +1-236-888-5456

Show More

Related Articles

Leave a Reply

Your email address will not be published. Required fields are marked *

Back to top button
Translate »